Chapter 4 of 5
Heer — ਭਾਗ 4
Uses your saved EN voice · Narration settings
Narration reads this chapter in responsive sections.
ਤੈਨੂੰ ਆਖਦਾ ਹਾਂ ਹੌਲੀ ਗੱਲ ਕਰੀਏ, ਗੱਲ ਫ਼ਕਰ ਦੀ ਨੂੰ ਨਾਹੀਂ ਹੱਸੀਏ ਨੀ। ਜੋ ਕੁੱਝ ਕਹਿਣ ਫ਼ਕੀਰ ਸੋ ਰੱਬ ਆਖੇ, ਆਖੇ ਫ਼ਕਰ ਦੇ ਥੋਂ ਨਾਹੀਂ ਨੱਸੀਏ ਨੀ। ਹੋਵੇ ਖ਼ੈਰ ਤੇ ਦੇਹੀ ਦਾ ਰੋਗ ਜਾਏ, ਨਿਤ ਪਹਿਨੀਏ ਖਾਈਏ ਵੱਸੀਏ ਨੀ। ਭਲਾ ਬੁਰਾ ਜੋ ਵੇਖੀਏ ਮਸ਼ਟ ਕਰੀਏ, ਭੇਤ ਫ਼ਕਰ ਦਾ ਮੂਲ ਨਾ ਦੱਸੀਏ ਨੀ। ਹੱਥ ਬੰਨ੍ਹ ਫ਼ਕੀਰ ਤੇ ਸਿਦਕ ਕੀਜੇ, ਨਹੀਂ ਸੇਲ੍ਹੀਆਂ ਟੋਪੀਆਂ ਖੱਸੀਏ ਨੀ। ਦੁਖ ਦਰਦ ਤੇਰੇ ਸਭ ਜਾਣ ਕੁੜੀਏ, ਭੇਤ ਜੀਊ ਦਾ ਖੋਲ੍ਹ ਕੇ ਦੱਸੀਏ ਨੀ। ਮੁਖ ਖੋਲ੍ਹ ਵਿਖਾਇ ਜੋ ਹੋਵੇ ਚੰਗੀ, ਅਨੀ ਭੋਲ-ਇਆਣੀਏ ਸੱਸੀਏ ਨੀ। ਰੱਬ ਆਣ ਸਬੱਬ ਜਾਂ ਮੇਲਦਾ ਈ, ਖ਼ੈਰ ਹੋਇ ਜਾਂਦੀ ਨਾਲ ਲੱਸੀਏ ਨੀ। ਸੁਲ੍ਹਾ ਕੀਤਿਆਂ ਫ਼ਤਿਹ ਜੇ ਹੱਥ ਆਵੇ, ਕਮਰ ਜੰਗ ਤੇ ਮੂਲ ਨਾ ਕੱਸੀਏ ਨੀ। ਤੇਰੇ ਦਰਦ ਦਾ ਸਭ ਇਲਾਜ ਮੈਂਥੇ, ਵਾਰਿਸ ਸ਼ਾਹ ਨੂੰ ਵੇਦਨਾ ਦੱਸੀਏ ਨੀ। (ਮਸ਼ਟ ਕਰੀਏ=ਚੁਪ ਕਰੀਏ, ਖੱਸੀਏ=ਖੋਹੀਏ)
382. ਸਹਿਤੀ
ਸਹਿਤੀ ਗੱਜ ਕੇ ਆਖਦੀ ਛੱਡ ਜੱਟਾ, ਖੋਹ ਸਭ ਨਵਾਲੀਆਂ ਸੱਟੀਆਂ ਨੀ। ਹੋਰ ਸਭ ਜ਼ਾਤਾਂ ਠੱਗ ਖਾਂਦੀਆਂ ਨੀ, ਪਰ ਏਸ ਵਿਹੜੇ ਵਿੱਚ ਜੱਟੀਆਂ ਨੀ। ਅਸਾਂ ਏਤਨੀ ਗੱਲ ਮਾਲੂਮ ਕੀਤੀ, ਇਹ ਜੱਟੀਆਂ ਮੁਲਕ ਦੀਆਂ ਫੱਟੀਆਂ ਨੀ। ਡੂਮਾਂ ਰਾਵਲਾਂ ਕਾਉਂ ਤੇ ਜੱਟੀਆਂ ਦੀਆਂ, ਜੀਭਾਂ ਧੁਰੋਂ ਸ਼ੈਤਾਨ ਦੀਆਂ ਚੱਟੀਆਂ ਨੀ। ਪਰ ਅਸਾਂ ਭੀ ਜਿਨ੍ਹਾਂ ਨੂੰ ਹਥ ਲਾਇਆ, ਉਹ ਬੂਟੀਆਂ ਜੜਾਂ ਥੀਂ ਪੱਟੀਆਂ ਨੀ। ਪੋਲੇ ਢਿਡ ਤੇ ਅਕਲ ਦੀ ਮਾਰ ਵਾਰਿਸ, ਛਾਹਾਂ ਪੀਣ ਤਰਬੇਹੀਆਂ ਖੱਟੀਆਂ ਨੀ। (ਪੋਲੇ ਢਿਡ=ਹਾਮਲਾ, ਤਰਬੇਹੀ=ਤਿਬੇਹੀ,ਤਿੰਨਾਂ ਡੰਗਾਂ ਦੀ ਬੇਹੀ, ਛਾਹ=ਲੱਸੀ)
383. ਰਾਂਝਾ
ਹੌਲੀ ਸਹਿਜ ਸੁਭਾਉ ਦੀ ਗੱਲ ਕੀਚੈ, ਨਾਹੀਂ ਕੜਕੀਏ ਬੋਲੀਏ ਗੱਜੀਏ ਨੀ। ਲਖ ਝੁਟ ਤਰਲੇ ਫਿਰੇ ਕੋਈ ਕਰਦਾ, ਦਿੱਤੇ ਰੱਬ ਦੇ ਬਾਝ ਨਾ ਰੱਜੀਏ ਨੀ। ਧਿਆਨ ਰੱਬ ਤੇ ਰੱਖ ਨਾ ਹੋ ਤੱਤੀ, ਲਖ ਔਗੁਣਾਂ ਹੋਣ ਤਾਂ ਕੱਜੀਏ ਨੀ। ਅਸੀਂ ਨਜ਼ਰ ਕਰੀਏ ਤੁਰਤ ਹੋਣ ਚੰਗੇ, ਜਿਨ੍ਹਾਂ ਰੋਗੀਆਂ ਤੇ ਜਾ ਵੱਜੀਏ ਨੀ। ਚੌਦਾਂ ਤਬਕ ਨੌ ਖੰਡ ਦੀ ਖ਼ਬਰ ਸਾਨੂੰ, ਮੂੰਹ ਫ਼ਕਰ ਥੋਂ ਕਾਸ ਨੂੰ ਕੱਜੀਏ ਨੀ। ਜੈਂਦੇ ਹੁਕਮ ਵਿੱਚ ਜਾਨ ਤੇ ਮਾਲ ਆਲਮ, ਓਸ ਰੱਬ ਥੋਂ ਕਾਸ ਨੂੰ ਭੱਜੀਏ ਨੀ। ਸਾਰੀ ਉਮਰ ਈ ਪਲੰਘ ਤੇ ਪਈ ਰਹਿਸੇਂ, ਏਸ ਅਕਲ ਦੇ ਨਾਲ ਕੁਚੱਜੀਏ ਨੀ। ਸ਼ਰਮ ਜੇਠ ਤੇ ਸੌਹਰਿਉਂ ਕਰਨ ਆਈ, ਮੂੰਹ ਫ਼ਕਰ ਥੋਂ ਕਾਸਨੂੰ ਲੱਜੀਏ ਨੀ। ਵਾਰਿਸ ਸ਼ਾਹ ਤਾਂ ਇਸ਼ਕ ਦੀ ਨਬਜ਼ ਦਿਸੇ, ਜਦੋਂ ਆਪਣੀ ਜਾਨ ਨੂੰ ਤੱਜੀਏ ਨੀ। (ਚੌਦਾਂ ਤਬਕ=ਸੱਤ ਅਸਮਾਨ ਅਤੇ ਸੱਤ ਪਤਾਲ, ਨੌਖੰਡ=ਸਾਰੀ ਧਰਤੀ, ਆਲਮ=ਜਹਾਨ)
384. ਸਹਿਤੀ
ਕੇਹੀ ਵੈਦਗੀ ਆਣ ਮਚਾਈਆ ਹੀ, ਕਿਸ ਵੈਦ ਨੇ ਦੱਸ ਪੜ੍ਹਾਇਆ ਹੈਂ। ਵਾਂਗ ਚੌਧਰੀ ਆਣ ਕੇ ਪੈਂਚ ਬਨਿਉਂ, ਕਿਸ ਚਿੱਠੀਆਂ ਘਲ ਸਦਾਇਆ ਹੈਂ। ਸੇਲ੍ਹੀ ਟੋਪੀਆਂ ਪਹਿਨ ਲੰਗੂਰ ਵਾਂਗੂੰ, ਤੂੰ ਤੇ ਸ਼ਾਹ ਭੋਲੂ ਬਣ ਆਇਆ ਹੈ। ਵੱਡੇ ਦਗ਼ੇ ਤੇ ਫੰਧ ਫ਼ਰੇਬ ਪੜ੍ਹਿਉਂ, ਐਵੇਂ ਕੰਨ ਪੜਾ ਗਵਾਇਆ ਹੈਂ। ਨਾ ਤੂੰ ਜਟ ਰਹਿਉਂ ਨਾ ਤੂੰ ਫ਼ਕੀਰ ਹੋਇਉਂ, ਐਵੇਂ ਮੁੰਨ ਕੇ ਘੋਨ ਕਰਾਇਆ ਹੈਂ। ਨਾ ਜੰਮਿਉਂ ਨਾ ਕਿਸੇ ਮਤ ਦਿੱਤੀ, ਮੁੜ ਪੁੱਟ ਕੇ ਕਿਸੇ ਨਾ ਲਾਇਆ ਹੈਂ। ਬੁਰੇ ਦਿਹਾਂ ਦੀਆਂ ਫੇਰੀਆਂ ਏਹ ਹੈ ਨੀ, ਅੱਜ ਰਬ ਨੇ ਠੀਕ ਕੁਟਾਇਆ ਹੈਂ। ਵਾਰਿਸ ਸ਼ਾਹ ਕਰ ਬੰਦਗੀ ਰੱਬ ਦੀ ਤੂੰ, ਜਿਸ ਵਾਸਤੇ ਰੱਬ ਬਣਾਇਆ ਹੈਂ। (ਸ਼ਾਹ ਭੋਲੂ=ਬਾਂਦਰ)
385. ਰਾਂਝਾ
ਤੇਰੀ ਤਬ੍ਹਾ ਚਾਲਾਕ ਛਲ ਛਿੱਦਰੇ ਨੀ, ਚੋਰ ਵਾਂਗ ਕੀ ਸੇਲ੍ਹੀਆਂ ਸਿੱਲੀਆਂ ਨੀ। ਪੈਰੀਂ ਬੱਲੀਆਂ ਹੋਣ ਫਿਰੰਦਿਆਂ ਦੇ, ਤੇਰੀ ਜੀਭ ਹਰਿਆਰੀਏ ਬੱਲੀਆਂ ਨੀ। ਕੇਹਾ ਰੋਗ ਹੈ ਦੱਸ ਇਸ ਵਹੁਟੜੀ ਨੂੰ, ਇੱਕੇ ਮਾਰਦੀ ਫਿਰੇਂ ਟਰਪੱਲੀਆਂ ਨੀ। ਕਿਸੇ ਏਸ ਨੂੰ ਚਾ ਮਸਾਨ ਘੱਤੇ, ਪੜ੍ਹ ਠੋਕੀਆਂ ਸਾਰ ਦੀਆਂ ਕਿੱਲੀਆਂ ਨੀ। ਸਹੰਸ ਵੇਦ ਤੇ ਧੂਪ ਹੋਰ ਫੁਲ ਹਰਮਲ, ਹਰੇ ਸ਼ਰੀਂਹ ਦੀਆਂ ਛਮਕਾਂ ਗਿੱਲੀਆਂ ਨੀ। ਝਬ ਕਰਾਂ ਮੈਂ ਜਤਨ ਝੜ ਜਾਨ ਕਾਮਣ, ਅਨੀ ਕਮਲੀਉ ਹੋਇਉ ਨਾ ਢਿੱਲੀਆਂ ਨੀ। ਹਥ ਫੇਰ ਕੇ ਧੂਪ ਦੇਇ ਕਰਾਂ ਝਾੜਾ, ਫਿਰੇਂ ਮਾਰਦੀ ਨੈਣ ਤੇ ਖਿੱਲੀਆਂ ਨੀ। ਰੱਬ ਵੈਦ ਪੱਕਾ ਘਰ ਘੱਲਿਆ ਜੇ, ਫਿਰੋ ਢੂੰਡਦੀਆਂ ਪੂਰਬਾਂ ਦਿੱਲੀਆਂ ਨੀ। ਵਾਰਿਸ ਸ਼ਾਹ ਪ੍ਰੇਮ ਦੀ ਜੜੀ ਘੱਤੀ, ਨੈਣਾਂ ਹੀਰ ਦੀਆਂ ਕੱਚੀਆਂ ਪਿੱਲੀਆਂ ਨੀ। (ਸਿੱਲੀਆਂ=ਚੋਰਾਂ ਵਾਂਗੂੰ ਤਾੜਣਾ, ਟਰਪੱਲੀਆਂ=ਪਖੰਡੀ ਗੱਲਾਂ, ਸਹੰਸ=ਹਜ਼ਾਰ, ਖਿੱਲੀਆਂ ਮਾਰਨਾ=ਹੱਸਣਾ ਟੱਪਣਾ, ਪੂਰਬਾਂ ਦਿੱਲੀਆਂ=ਦਿੱਲੀ ਦੱਖਣ,ਦੂਰ ਦੂਰ)
386. ਸਹਿਤੀ
ਮੇਰੇ ਨਾਲ ਕੀ ਪਿਆ ਹੈਂ ਵੈਰ ਚਾਕਾ, ਮੱਥਾ ਸੌਕਣਾਂ ਵਾਂਗ ਕੀ ਡਾਹਿਆ ਈ। ਐਵੇਂ ਘੂਰ ਕੇ ਮੁਲਕ ਨੂੰ ਫਿਰੇਂ ਖਾਂਦਾ, ਕਦੀ ਜੋਤਰਾ ਮੂਲ ਨਾ ਵਾਹਿਆ ਈ। ਕਿਸੇ ਜੋਗੀੜੇ ਠਗ ਫ਼ਕੀਰ ਕੀਤੋਂ, ਅਨਜਾਣ ਕਕੋਹੜਾ ਫਾਹਿਆ ਈ। ਮਾਂਉਂ ਬਾਪ ਗੁਰ ਪੀਰ ਘਰ ਬਾਰ ਤਜਿਊ, ਕਿਸੇ ਨਾਲ ਨਾ ਕੌਲ ਨਿਬਾਹਿਆ ਈ। ਬੁੱਢੀ ਮਾਂ ਨੂੰ ਰੋਂਦੜੀ ਛੱਡ ਆਇਉਂ, ਉਸ ਦਾ ਅਰਸ਼ ਦਾ ਕਿੰਗਰਾ ਢਾਹਿਆ ਈ। ਪੇਟ ਰੱਖ ਕੇ ਆਪਣਾ ਪਾਲਿਉ ਈ, ਕਿਤੇ ਰੰਨ ਨੂੰ ਚਾਇ ਤਰਾਹਿਆ ਈ। ਡੱਬੀਪੁਰੇ ਦਿਆ ਝੱਲ ਵਲੱਲਿਆ ਵੇ, ਅਸਾਂ ਨਾਲ ਕੀ ਖਚਰ ਪੌ ਚਾਹਿਆ ਈ। ਸਵਾਹ ਲਾਈਆ ਪਾਣ ਨਾ ਲਥੀਆਈ, ਐਵੇਂ ਕਪੜਾ ਚੀਥੜਾ ਲਾਹਿਆ ਈ। ਵਾਰਿਸ ਆਖਨੀ ਹਾਂ ਟਲ ਜਾਹ ਸਾਥੋਂ, ਗਾਂਡੂ ਸਾਥ ਲੱਧੋ ਹੁੰਡ ਵਧਾਇਆ ਈ। (ਕਕੋਹੜਾ=ਤਿੱਖੀ ਆਵਾਜ਼ ਵਾਲਾ ਪਾਣੀ ਦਾ ਪੰਛੀ, ਤਜਿਆ=ਛਡਿਆ, ਆਪਣਾ ਪੇਟ ਪਾਲਣਾ=ਖੁਦਗ਼ਰਜ਼, ਪਾਣ ਲੱਥਣੀ=ਸੁਭਾ ਬਦਲਣਾ)
387. ਰਾਂਝਾ
ਮਾਨ ਮੱਤੀਏ ਰੂਪ ਗੁਮਾਨ ਭਰੀਏ, ਭੈੜ ਕਾਰੀਏ ਗਰਬ ਗਹੇਲੀਏ ਨੀ। ਐਡੇ ਫ਼ਨ ਫ਼ਰੇਬ ਕਿਉਂ ਖੇਡਨੀ ਹੈਂ, ਕਿਸੇ ਵੱਡੇ ਉਸਤਾਦ ਦੀਏ ਚੇਲੀਏ ਨੀ। ਏਸ ਹੁਸਨ ਦਾ ਨਾ ਗੁਮਾਨ ਕੀਚੈ, ਮਾਨ ਮੱਤੀਏ ਰੂਪ ਰੁਹੇਲੀਏ ਨੀ। ਤੇਰੀ ਭਾਬੀ ਦੀ ਨਹੀਂ ਪਰਵਾਹ ਸਾਨੂੰ, ਵੱਡੀ ਹੀਰ ਦੀ ਅੰਗ ਸਹੇਲੀਏ ਨੀ। ਮਿਲੇ ਸਿਰਾਂ ਨੂੰ ਨਾ ਵਿਛੋੜ ਦੀਚੈ, ਹੱਥੋਂ ਵਿਛੜਿਆਂ ਸਿਰਾਂ ਨੂੰ ਮੇਲੀਏ ਨੀ। ਕੇਹਾ ਵੈਰ ਫ਼ਕੀਰ ਦੇ ਨਾਲ ਚਾਇਉ, ਪਿੱਛਾ ਛੱਡ ਅਨੋਖੀਏ ਲੇਲੀਏ ਨੀ। ਇਹ ਜੱਟੀ ਸੀ ਕੂੰਜ ਤੇ ਜਟ ਉੱਲੂ, ਪਰ ਬੱਧਿਆ ਜੇ ਗੁਲ ਖੇਲੀਏ ਨੀ। ਵਾਰਿਸ ਜਿਨਸ ਦੇ ਨਾਲ ਹਮਜਿਨਸ ਬਣਦੀ ਭੌਰ ਤਾਜ਼ਣਾਂ ਗਧੇ ਨਾਲ ਮੇਲੀਏ ਨੀ। (ਗਰਬ ਗਹੇਲੀ=ਹੰਕਾਰੀ ਹੋਈ, ਰੋਹੇਲੀ=ਗੁਲਾਮ ਕਾਦਰ ਰੋਹੇਲਾ ਦਾ ਸਿਪਾਹੀ, ਖੇਲਾ=ਜਵਾਨ ਸਾਨ੍ਹ ਜਾਂ ਝੋਟਾ, ਹਮ ਜਿਣਸ=ਇੱਕੋ ਜਿਣਸ ਦੇ, ਜਿਵੇਂ ਬਾਜ਼ ਤੇ ਕਬੂਤਰ ਦੋ ਵੱਖਰੀਆਂ ਜਿਣਸਾਂ ਹਨ, ਭੌਰ ਤਾਜ਼ਣ=ਮੁਸ਼ਕੀ ਰੰਗ ਦੀ ਅਰਬੀ ਘੋੜੀ, ਮੇਲਣਾ=ਬੱਚੇ ਲੈਣ ਲਈ ਨਵੀਂ ਕਰਾਉਣਾ)
388. ਹੀਰ ਨੂੰ ਜੋਗੀ ਦੀ ਸੱਚਾਈ ਦਾ ਪਤਾ ਲੱਗਣਾ
ਹੀਰ ਕੰਨ ਧਰਿਆ ਇਹ ਕੌਣ ਆਇਆ, ਕੋਈ ਇਹ ਤਾਂ ਹੈ ਦਰਦ ਖ਼ਾਹ ਮੇਰਾ। ਮੈਨੂੰ ਭੌਰ ਤਾਜ਼ਣ ਜਿਹੜਾ ਆਖਦਾ ਹੈ, ਅਤੇ ਗਧਾ ਬਣਾਇਆ ਸੂ ਚਾ ਖੇੜਾ। ਮਤਾਂ ਚਾਕ ਮੇਰਾ ਕਿਵੇਂ ਆਣ ਭਾਸੇ, ਏਸੇ ਨਾਲ ਮੈਂ ਉਠ ਕੇ ਕਰਾਂ ਝੇੜਾ। ਵਾਰਿਸ ਸ਼ਾਹ ਮਤ ਕੰਨ ਪੜਾਇ ਰਾਂਝਾ, ਘਤ ਮੁੰਦਰਾਂ ਮੰਨਿਆਂ ਹੁਕਮ ਮੇਰਾ। (ਕੰਨ ਧਰਿਆ=ਖ਼ਿਆਲ ਨਾਲ ਸੁਣਿਆ, ਦਰਦ ਖ਼ਾਹ=ਹਮਦਰਦ)
389. ਹੀਰ
ਬੋਲੀ ਹੀਰ ਵੇ ਅੜਿਆ ਜਾਹ ਸਾਥੋਂ, ਕੋਈ ਖ਼ੁਸ਼ੀ ਨਾ ਹੋਵੇ ਤੇ ਹੱਸੀਏ ਕਿਉਂ। ਪਰਦੇਸੀਆਂ ਜੋਗੀਆਂ ਕਮਲਿਆਂ ਨੂੰ, ਵਿੱਚੋਂ ਜੀਊ ਦਾ ਭੇਤ ਚਾਇ ਦੱਸੀਏ ਕਿਉਂ। ਜੇ ਤੂੰ ਅੰਤ ਰੰਨਾ ਵਲ ਵੇਖਣਾ ਸੀ, ਵਾਹੀ ਜੋਤਰੇ ਛੱਡ ਕੇ ਨੱਸੀਏ ਕਿਉਂ। ਜੇ ਤਾਂ ਆਪ ਇਲਾਜ ਨਾ ਜਾਣੀਏ ਵੇ, ਜਿੰਨ ਭੂਤ ਤੇ ਜਾਦੂੜੇ ਦੱਸੀਏ ਕਿਉਂ। ਫ਼ਕੀਰ ਭਾਰੜੇ ਗੋਰੜੇ ਹੋਇ ਰਹੀਏ, ਕੁੜੀ ਚਿੜੀ ਦੇ ਨਾਲ ਖਰਖੱਸੀਏ ਕਿਉਂ। ਜਿਹੜਾ ਕੰਨ ਲਪੇਟ ਕੇ ਨੱਸ ਜਾਏ, ਮਗਰ ਲੱਗ ਕੇ ਓਸ ਨੂੰ ਧੱਸੀਏ ਕਿਉਂ। ਵਾਰਿਸ ਸ਼ਾਹ ਉਜਾੜ ਦੇ ਵਸਦਿਆਂ ਨੂੰ, ਆਪ ਖ਼ੈਰ ਦੇ ਨਾਲ ਫੇਰ ਵੱਸੀਏ ਕਿਉਂ। (ਧੱਸੀਏ=ਵੜੀਏ, ਜਾਦੂੜੇ=ਜਾਦੂ, ਭਾਰੜੇ ਗੋਰੜੇ=ਚੁਪ ਚਾਪ,ਸੰਜੀਦਾ, ਖਰਖੱਸ= ਖਰਮਸਤੀ)
390. ਰਾਂਝਾ
ਘਰੋਂ ਸੱਖਣਾ ਫ਼ਕਰ ਨਾ ਡੂਮ ਜਾਇ, ਅਨੀ ਖੇੜਿਆਂ ਦੀਏ ਗ਼ਮਖ਼ੋਰੀਏ ਨੀ। ਕੋਈ ਵੱਡੀ ਤਕਸੀਰ ਹੈ ਅਸਾਂ ਕੀਤੀ, ਸਦਕਾ ਹੁਸਨ ਦਾ ਬਖਸ਼ ਲੈ ਗੋਰੀਏ ਨੀ। ਘਰੋਂ ਸਰੇ ਸੋ ਫ਼ਕਰ ਨੂੰ ਖੈਰ ਦੀਜੇ, ਨਹੀਂ ਤੁਰਤ ਜਵਾਬ ਦੇ ਟੋਰੀਏ ਨੀ। ਵਾਰਿਸ ਸ਼ਾਹ ਕੁੱਝ ਰੱਬ ਦੇ ਨਾਮ ਦੀਚੈ, ਨਹੀਂ ਆਜਜ਼ਾਂ ਦੀ ਕਾਈ ਜ਼ੋਰੀਏ ਨੀ। (ਸੱਖਣਾ=ਖ਼ਾਲੀ)
391. ਹੀਰ
ਹੀਰ ਆਖਦੀ ਜੋਗੀਆ ਝੂਠ ਆਖੇਂ, ਕੌਣ ਰੁੱਠੜੇ ਯਾਰ ਮਿਲਾਂਵਦਾ ਈ। ਏਹਾ ਕੋਈ ਨਾ ਮਿਲਿਆ ਮੈਂ ਢੂੰਡ ਥੱਕੀ, ਜਿਹੜਾ ਗਿਆਂ ਨੂੰ ਮੋੜ ਲਿਆਂਵਦਾ ਈ। ਸਾਡੇ ਚੰਮ ਦੀਆਂ ਜੁੱਤੀਆਂ ਕਰੇ ਕੋਈ, ਜਿਹੜਾ ਜੀਊ ਦਾ ਰੋਗ ਗਵਾਂਵਦਾ ਈ। ਭਲਾ ਦੱਸ ਖਾਂ ਚਿਰੀਂ ਵਿਛੁੰਨਿਆਂ ਨੂੰ, ਕਦੋਂ ਰੱਬ ਸੱਚਾ ਘਰੀਂ ਲਿਆਂਵਦਾ ਈ। ਭਲਾ ਮੋਏ ਤੇ ਵਿਛੜੇ ਕੌਣ ਮੇਲੇ, ਐਵੇਂ ਜੀਊੜਾ ਲੋਕ ਵਲਾਂਵਦਾ ਈ। ਇੱਕ ਬਾਜ਼ ਥੋਂ ਕਾਉਂ ਨੇ ਕੂੰਜ ਖੋਹੀ, ਵੇਖਾਂ ਚੁੱਪ ਹੈ ਕਿ ਕੁਰਲਾਂਵਦਾ ਈ। ਇਕ ਜੱਟ ਦੇ ਖੇਤ ਨੂੰ ਅੱਗ ਲੱਗੀ, ਵੇਖਾਂ ਆਣ ਕੇ ਕਦੋਂ ਬੁਝਾਂਵਦਾ ਈ। ਦਿਆਂ ਚੂਰੀਆਂ ਘਿਉ ਦੇ ਬਾਲ ਦੀਵੇ, ਵਾਰਿਸ ਸ਼ਾਹ ਜੇ ਸੁਣਾਂ ਮੈਂ ਆਂਵਦਾ ਈ। (ਜੀਊੜਾ ਵਲਾਉਂਦੇ=ਤਸੱਲੀ ਦਿੰਦੇ, ਘਿਉ ਦੇ ਦੀਵੇ ਬਾਲਣੇ=ਖ਼ੁਸ਼ੀਆਂ ਕਰਨੀਆਂ)
392. ਰਾਂਝਾ
ਜਦੋਂ ਤੀਕ ਜ਼ਿਮੀਂ ਅਸਮਾਨ ਕਾਇਮ, ਤਦੋਂ ਤੀਕ ਇਹ ਵਾਹ ਸਭ ਵਹਿਣਗੇ ਨੀ। ਸੱਭਾ ਕਿਬਰ ਹੰਕਾਰ ਗੁਮਾਨ ਲੱਦੇ, ਆਪੋ ਵਿੱਚ ਇਹ ਅੰਤ ਨੂੰ ਢਹਿਣਗੇ ਨੀ। ਇਸਰਾਫ਼ੀਲ ਜਾਂ ਸੂਰ ਕਰਨਾਇ ਫੂਕੇ, ਤਦ ਜ਼ਿਮੀਂ ਅਸਮਾਨ ਸਭ ਢਹਿਣਗੇ ਨੀ। ਕੁਰਸੀ ਅਰਸ਼ੀ ਤੇ ਲੌਹ ਕਲਮ ਜੰਨਤ, ਰੂਹ ਦੋਜ਼ਖਾਂ ਸਤ ਇਹ ਰਹਿਣਗੇ ਨੀ। ਕੁੱਰਾ ਸੁਟ ਕੇ ਪ੍ਰਸ਼ਨ ਮੈਂ ਲਾਂਵਦਾ ਹਾਂ, ਦੱਸਾਂ ਉਹਨਾਂ ਜੋ ਉਠ ਕੇ ਬਹਿਣਗੇ ਨੀ। ਨਾਲੇ ਪੱਤਰੀ ਫੋਲ ਕੇ ਫਾਲ ਘੱਤਾਂ, ਵਾਰਿਸ ਸ਼ਾਹ ਹੋਰੀਂ ਸੱਚ ਕਹਿਣਗੇ ਨੀ। (ਵਾਹ ਵਹਿਣਗੇ=ਦੁਨੀਆਂ ਦਾ ਕਾਰੋਬਾਰ ਚਲਦਾ ਰਹੇਗਾ, ਇਸਰਾਫ਼ੀਲ ਸੂਰ ਕਰਨਾਇ=ਕਿਆਮਤ ਵਾਲੇ ਦਿਨ ਜਦੋਂ ਇਸਰਾਫ਼ੀਲ ਬਿਗਲ ਵਜਾਵੇਗਾ, ਇਹ ਸੱਤ=1. ਕੁਰਸੀ 2. ਅਰਸ਼, 3. ਲੋਹਫੱਟੀ, 4. ਕਲਮ, 5. ਜੰਨਤ, 6. ਦੋਜ਼ਖ, 7. ਰੂਹ, ਕੁੱਰਾ ਸੁਟ= ਜੋਤਿਸ਼ ਨਾਲ ਪਤਾ ਕਰਨਾ, ਫ਼ਾਲ ਘੱਤਾਂ=ਸ਼ਗਨ ਦੱਸਾਂ)
393. ਤਥਾ
ਤੁਸੀਂ ਛੱਤਿਆਂ ਨਾਲ ਉਹ ਮੱਸ ਭਿੰਨਾ, ਤਦੋਂ ਦੋਹਾਂ ਜਾ ਜੀਊ ਰਲ ਗਿਆ ਸੀ ਨੀ। ਓਸ ਵੰਝਲੀ ਨਾਲ ਤੂੰ ਨਾਲ ਲਟਕਾਂ, ਜੀਊ ਦੋਹਾਂ ਦਾ ਦੋਹਾਂ ਨੇ ਲਿਆ ਸੀ ਨੀ। ਉਹ ਇਸ਼ਕ ਦੇ ਹੱਟ ਵਿਕਾਇ ਰਹਿਆ, ਮਹੀਂ ਕਿਸੇ ਦੀਆਂ ਚਾਰਦਾ ਪਿਆ ਸੀ ਨੀ। ਨਾਲ ਸ਼ੌਕ ਮਹੀਂ ਉਹ ਚਾਰਦਾ ਸੀ, ਤੇਰਾ ਵਿਆਹ ਹੋਇਆ ਲੁੜ੍ਹ ਗਿਆ ਸੀ ਨੀ। ਤੁਸੀਂ ਚੜ੍ਹੇ ਡੋਲੀ ਤਾਂ ਉਹ ਹਕ ਮਹੀਂ, ਟਮਕ ਚਾਇਕੇ ਨਾਲ ਲੈ ਗਿਆ ਸੀ ਨੀ। ਹੁਣ ਕੰਨ ਪੜਾ ਫ਼ਕੀਰ ਹੋਇਆ, ਨਾਲ ਜੋਗੀਆਂ ਦੇ ਰਲ ਗਿਆ ਸੀ ਨੀ। ਅੱਜ ਪਿੰਡ ਤੁਸਾਡੜੇ ਆ ਵੜਿਆ, ਅਜੇ ਲੰਘ ਕੇ ਅਗ੍ਹਾਂ ਨਾ ਗਿਆ ਸੀ ਨੀ। ਹੁਣ ਸੰਗਲੀ ਸੁਟ ਕੇ ਸ਼ਗਨ ਬੋਲਾਂ, ਅੱਗੇ ਸਾਂਵਰੀ ਥੇ ਸ਼ਗਨ ਲਿਆ ਸੀ ਨੀ। ਵਾਰਿਸ ਸ਼ਾਹ ਮੈਂ ਪੱਤਰੀ ਭਾਲ ਡਿੱਠੀ, ਕੁੱਰਾ ਇਹ ਨਜ਼ੂਮ ਦਾ ਪਿਆ ਸੀ ਨੀ। (ਛੱਤੀ=ਕੁਆਰੀ, ਮਸ ਭਿੰਨਾਂ=ਮੁਛ ਫੁਟਦੀ, ਲਟਕ=ਸਜਣੀ ਦੀ ਨਖਰੀਲੀ ਚਾਲ, ਲੁੜ੍ਹ ਗਿਆ=ਬਰਬਾਦ ਹੋ ਗਿਆ)
394. ਤਥਾ
ਛੋਟੀ ਉਮਰ ਦੀਆਂ ਯਾਰੀਆਂ ਬਹੁਤ ਮੁਸ਼ਕਲ, ਪੁੱਤਰ ਮਹਿਰਾਂ ਦੇ ਖੋਲੀਆਂ ਚਾਰਦੇ ਨੇ। ਕੰਨ ਪਾੜ ਫ਼ਕੀਰ ਹੋ ਜਾਣ ਰਾਜੇ, ਦਰਦ ਮੰਦ ਫਿਰਨ ਵਿੱਚ ਬਾਰ ਦੇ ਨੇ। ਰੰਨਾਂ ਵਾਸਤੇ ਕੰਨ ਪੜਾਇ ਰਾਜੇ, ਸੱਭਾ ਜ਼ਾਤ ਸਿਫ਼ਾਤ ਨਿਘਾਰਦੇ ਨੇ। ਭਲੇ ਦਿੰਹੁ ਤੇ ਨੇਕ ਨਸੀਬ ਹੋਵਣ, ਸੱਜਨ ਆ ਬਹਿਸਣ ਕੋਲ ਯਾਰ ਦੇ ਨੇ। ਵਾਰਿਸ ਸ਼ਾਹ ਜਾਂ ਜ਼ੌਕ ਦੀ ਲੱਗੇ ਗੱਦੀ, ਜੌਹਰ ਨਿਕਲੇ ਅਸਲ ਤਲਵਾਰ ਦੇ ਨੇ। (ਗਦੀ=ਢਾਲ ਦਾ ਵਿਚਕਾਰਲਾ ਹਿੱਸਾ ਜਿੱਥੇ ਫੜਣ ਵਾਲਾ ਹੱਥ ਪਾਉਂਦਾ ਹੈ)
395. ਤਥਾ
ਜਿਸ ਜੱਟ ਦੇ ਖੇਤ ਨੂੰ ਅੱਗ ਲੱਗੀ, ਉਹ ਰਾਹਕਾਂ ਵੱਢ ਕੇ ਗਾਹ ਲਇਆ। ਲਾਵੇਹਾਰ ਰਾਖੇ ਸਭ ਵਿਦਾ ਹੋਏ, ਨਾਉਮੀਦ ਹੋ ਕੇ ਜੱਟ ਰਾਹ ਪਇਆ। ਜਿਹੜੇ ਬਾਜ਼ ਥੋਂ ਕਾਂਉ ਨੇ ਕੂੰਜ ਖੋਹੀ, ਸਬਰ ਸ਼ੁਕਰ ਕਰ ਬਾਜ਼ ਫ਼ਨਾ ਥਇਆ। ਦੁਨੀਆਂ ਛੱਡ ਉਦਾਸੀਆਂ ਬੰਨ੍ਹ ਲਈਆਂ, ਸੱਯਦ ਵਾਰਿਸੋਂ ਹੁਣ ਵਾਰਿਸ ਸ਼ਾਹ ਭਇਆ। (ਰਾਹਕਾਂ=ਮੁਜਾਰਾ, ਲਾਵੇਹਾਰ=ਫਸਲ ਵੱਢਣ ਵਾਲੇ ਲਾਵੇ, ਫ਼ਨਾ=ਫ਼ਨਾਹ, ਜੀਂਦਾ ਹੀ ਮਰ ਗਿਆ, ਉਦਾਸੀ=ਉਦਾਸੀ ਫ਼ਕੀਰ)
396. ਹੀਰ ਸਮਝ ਗਈ
ਹੀਰ ਉਠ ਬੈਠੀ ਪਤੇ ਠੀਕ ਲੱਗੇ, ਅਤੇ ਠੀਕ ਨਿਸ਼ਾਨੀਆਂ ਸਾਰੀਆਂ ਨੀ। ਇਹ ਤਾਂ ਜੋਗੀੜਾ ਪੰਡਤ ਠੀਕ ਮਿਲਿਆ, ਬਾਤਾਂ ਆਖਦਾ ਖ਼ੂਬ ਕਰਾਰੀਆਂ ਨੀ। ਪਤੇ ਵੰਝਲੀ ਦੇ ਏਸ ਠੀਕ ਦਿੱਤੇ, ਅਤੇ ਮਹੀਂ ਭੀ ਸਾਡੀਆਂ ਚਾਰੀਆਂ ਨੀ। ਵਾਰਿਸ ਸ਼ਾਹ ਇਹ ਇਲਮ ਦਾ ਧਨੀ ਡਾਢਾ, ਖੋਲ੍ਹ ਕਹੇ ਨਿਸ਼ਾਨੀਆਂ ਸਾਰੀਆਂ ਨੀ। (ਇਲਮ ਦਾ ਧਨੀ=ਬਹੁਤ ਇਲਮ ਵਾਲਾ)
397. ਹੀਰ
ਭਲਾ ਦੱਸ ਖਾਂ ਜੋਗੀਆ ਚੋਰ ਸਾਡਾ, ਹੁਣ ਕਿਹੜੀ ਤਰਫ਼ ਨੂੰ ਉੱਠ ਗਿਆ। ਵੇਖਾਂ ਆਪ ਹੁਣ ਕਿਹੜੀ ਤਰਫ਼ ਫਿਰਦਾ, ਅਤੇ ਮੁਝ ਗ਼ਰੀਬ ਨੂੰ ਕੁੱਠ ਗਿਆ। ਰੁਠੇ ਆਦਮੀ ਘਰਾਂ ਵਿੱਚ ਆਣ ਮਿਲਦੇ, ਗੱਲ ਸਮਝ ਜਾਂ ਬੱਧੜੀ ਮੁੱਠ ਗਿਆ। ਘਰੇ ਵਿੱਚ ਪੌਂਦਾ ਗੁਣਾਂ ਸੱਜਣਾਂ ਦਾ, ਯਾਰ ਹੋਰ ਨਾਹੀਂ ਕਿਤੇ ਗੁੱਠ ਗਿਆ। ਘਰ ਯਾਰ ਤੇ ਢੂੰਡਦੀ ਫਿਰੇਂ ਬਾਹਰ, ਕਿਤੇ ਮਹਿਲ ਨਾਲ ਮਾੜੀਆਂ ਉੱਠ ਗਿਆ। ਸਾਨੂੰ ਸਬਰ ਕਰਾਰ ਤੇ ਚੈਨ ਨਾਹੀਂ, ਵਾਰਿਸ ਸ਼ਾਹ ਜਦੋਕਣਾ ਰੁੱਠ ਗਿਆ। (ਕੁੱਠ ਗਿਆ=ਮਾਰ ਗਿਆ, ਗੁੱਠੇ=ਪਾਸੇ, ਜਦੋਕਣਾ=ਜਿਸ ਵੇਲੇ ਦਾ, ਬੱਧੜੀ ਮੁੱਠ=ਚੁਪ ਕਰਕੇ, ਗੁਣਾ ਪੌਣਾ=ਵੰਡ ਕਰਨ ਵੇਲੇ ਕੁਦਰਤ ਤੇ ਛੱਡ ਦੇਣਾ)
398. ਰਾਂਝਾ
ਏਸ ਘੁੰਡ ਵਿੱਚ ਬਹੁਤ ਖ਼ਵਾਰੀਆਂ ਨੇ, ਅੱਗ ਲਾਇਕੇ ਘੁੰਡ ਨੂੰ ਸਾੜੀਏ ਨੀ। ਘੁੰਡ ਹੁਸਨ ਦੀ ਆਬ ਛੁਪਾਇ ਲੈਂਦਾ, ਲੰਮੇ ਘੁੰਡ ਵਾਲੀ ਰੜੇ ਮਾਰੀਏ ਨੀ। ਘੁੰਡ ਆਸ਼ਕਾਂ ਦੇ ਬੇੜੇ ਡੋਬ ਦੇਂਦਾ, ਮੈਨਾ ਤਾੜ ਨਾ ਪਿੰਜਰੇ ਮਾਰੀਏ ਨੀ। ਤਦੋਂ ਇਹ ਜਹਾਨ ਸਭ ਨਜ਼ਰ ਆਵੇ, ਜਦੋਂ ਘੁੰਡ ਨੂੰ ਜ਼ਰਾ ਉਤਾਰੀਏ ਨੀ। ਘੁੰਡ ਅੰਨ੍ਹਿਆਂ ਕਰੇ ਸੁਜਾਖਿਆਂ ਨੂੰ, ਘੁੰਡ ਲਾਹ ਤੂੰ ਮੂੰਹ ਤੋਂ ਲਾੜੀਏ ਨੀ। ਵਾਰਿਸ ਸ਼ਾਹ ਨਾ ਦੱਬੀਏ ਮੋਤੀਆਂ ਨੂੰ, ਫੁੱਲ ਅੱਗ ਦੇ ਵਿੱਚ ਨਾ ਸਾੜੀਏ ਨੀ। (ਤਾੜਣਾ=ਬੰਦ ਕਰਨਾ)
399. ਹੀਰ ਰਾਂਝੇ ਦੀ ਆਪੋ ਵਿੱਚ ਗੱਲ
ਅੱਖੀਂ ਸਾਮ੍ਹਣੇ ਚੋਰ ਜੇ ਆਇ ਫਾਸਣ, ਕਿਉਂ ਦੁੱਖ ਵਿੱਚ ਆਪ ਨੂੰ ਗਾਲੀਏ ਵੇ। ਮੀਆਂ ਜੋਗੀਆ ਝੂਠੀਆਂ ਇਹ ਗੱਲਾਂ, ਘਰ ਹੋਣ ਤਾਂ ਕਾਸ ਨੂੰ ਭਾਲੀਏ ਵੇ। ਅੱਗ ਬੁਝੀ ਨੂੰ ਧੀਰੀਆਂ ਲੱਖ ਦਿੱਚਣ, ਬਿਨਾ ਫੂਕ ਮਾਰੇ ਨਾ ਬਾਲੀਏ ਵੇ। ਹੀਰ ਵੇਖ ਕੇ ਤੁਰਤ ਪਛਾਣ ਲੀਤਾ, ਹੱਸ ਆਖਦੀ ਬਾਤ ਸੰਭਾਲੀਏ ਵੇ। ਸਹਿਤੀ ਪਾਸ ਨਾ ਦੇਵਣਾ ਭੇਤ ਮੂਲੇ, ਸ਼ੇਰ ਪਾਸ ਨਾ ਬੱਕਰੀ ਪਾਲੀਏ ਵੇ। ਵੇਖ ਮਾਲ ਚੁਰਾਇਕੇ ਪਿਆ ਮੁੱਕਰ, ਰਾਹ ਜਾਂਦੜਾ ਕੋਈ ਨਾ ਭਾਲੀਏ ਵੇ। ਵਾਰਿਸ ਸ਼ਾਹ ਮਲਖੱਈਆਂ ਨੂੰ ਮਾਲ ਲੱਧਾ, ਚਲੋ ਕੁੱਜੀਆਂ ਬਦਰ ਪਵਾਲੀਏ ਵੇ। (ਫਾਸਣ=ਆ ਜਾਵਣ, ਧੀਰੀਆਂ ਦੇਣਾ=ਛੇੜਨਾ, ਮਲਖੱਈਆਂ=ਮਾਲ ਦੇ ਮਾਲਕ)
400. ਰਾਂਝਾ
ਕਹੀ ਦੱਸਣੀ ਅਕਲ ਸਿਆਣਿਆਂ ਨੂੰ, ਕਦੀ ਨਫ਼ਰ ਕਦੀਮ ਸੰਭਾਲੀਏ ਨੀ। ਦੌਲਤਮੰਦ ਨੂੰ ਜਾਣਦਾ ਸਭ ਕੋਈ, ਨੇਹੁੰ ਨਾਲ ਗ਼ਰੀਬ ਦੇ ਪਾਲੀਏ ਨੀ। ਗੋਦੀ ਬਾਲ ਢੰਡੋਰੜਾ ਜਗ ਸਾਰੇ, ਜੀਊ ਸਮਝ ਲੈ ਖੇੜਿਆਂ ਵਾਲੀਏ ਨੀ। ਸਾੜ ਘੁੰਡ ਨੂੰ ਖੋਲ ਕੇ ਵੇਖ ਨੈਣਾਂ ਨੀ ਅਨੋਖਿਆਂ ਸਾਲੂ ਵਾਲੀਏ ਨੀ। ਵਾਰਿਸ ਸ਼ਾਹ ਏਹ ਇਸ਼ਕ ਦਾ ਗਾਉ ਤਕੀਆ, ਅਨੀ ਹੁਸਨ ਦੀ ਗਰਮ ਨਿਹਾਲੀਏ ਨੀ। (ਸੁਜਾਖਾ=ਸੂਝ ਅੱਖਾਂ,ਅਕਲਮੰਦ, ਗੋਦੀ ਬਾਲ, ਢੰਡੋਰਾ ਜੱਗ ਵਿੱਚ=ਗੁਆਚੀ ਵਸਤ ਕੋਲ ਹੁੰਦਿਆਂ ਏਧਰ ਓਧਰ ਭਾਵ ਦੂਰ ਪਰੇ ਭਾਲਨਾ, ਗਾਉ ਤਕੀਆ= ਵੱਡਾ ਸਿਰ੍ਹਾਣਾ, ਨਿਹਾਲੀ=ਰਜਾਈ)
401. ਸਹਿਤੀ
ਸਹਿਤੀ ਸਮਝਿਆ ਇਹ ਰਲ ਗਏ ਦੋਵੇਂ, ਲਈਆਂ ਘੁਟ ਫ਼ਕੀਰ ਬਲਾਈਆਂ ਨੀ। ਇਹ ਵੇਖ ਫ਼ਕੀਰ ਨਿਹਾਲ ਹੋਈ, ਜੜੀਆਂ ਏਸ ਨੇ ਘੋਲ ਪਿਵਾਈਆਂ ਨੀ। ਸਹਿਤੀ ਆਖਦੀ ਮਗ਼ਜ਼ ਖਪਾ ਨਾਹੀਂ, ਅਨੀ ਭਾਬੀਏ ਘੋਲ ਘੁਮਾਈਆਂ ਨੀ। ਏਸ ਜੋਗੀੜੇ ਨਾਲ ਤੂੰ ਖੌਝ ਨਾਹੀਂ, ਨੀ ਮੈਂ ਤੇਰੀਆਂ ਲਵਾਂ ਬਲਾਈਆਂ ਨੀ। ਮਤਾਂ ਘੱਤ ਜਗ-ਧੂੜ ਤੇ ਕਰੂ ਕਮਲੀ, ਗੱਲਾਂ ਏਸ ਦੇ ਨਾਲ ਕੀ ਲਾਈਆਂ ਨੀ। ਇਹ ਖ਼ੈਰ ਨਾ ਭਿਛਿਆ ਲਏ ਦਾਣੇ, ਕਿੱਥੋਂ ਕੱਢੀਏ ਦੁਧ ਮਲਾਈਆਂ ਨੀ। ਡਰਨ ਆਂਵਦਾ ਭੂਤਨੇ ਵਾਂਗ ਇਸ ਥੋਂ, ਕਿਸੇ ਥਾਂਉਂ ਦੀਆਂ ਇਹ ਬਲਾਈਆਂ ਨੀ। ਖ਼ੈਰ ਘਿਨ ਕੇ ਜਾ ਫ਼ਰਫ਼ੇਜੀਆ ਵੇ, ਅੱਤਾਂ ਰਾਵਲਾ ਕੇਹੀਆਂ ਚਾਈਆਂ ਨੀ। ਫਿਰੇਂ ਬਹੁਤ ਪਖੰਡ ਖਿਲਾਰਦਾ ਤੂੰ, ਏਥੇ ਕਈ ਵਲੱਲੀਆਂ ਪਾਈਆਂ ਨੀ। ਵਾਰਿਸ ਸ਼ਾਹ ਗ਼ਰੀਬ ਦੀ ਅਕਲ ਘੁੱਥੀ, ਇਹ ਪੱਟੀਆਂ ਇਸ਼ਕ ਪੜ੍ਹਾਈਆਂ ਨੀ। (ਜਗ-ਧੂੜ=ਕਿਸੇ ਨੂੰ ਖ਼ਾਬੂ ਕਰਨ ਦਾ ਤਵੀਤ, ਘੁਥੀ=ਜਾਂਦੀ ਰਹੀ)
402. ਰਾਂਝਾ
ਮੈਂ ਇਕੱਲੜਾ ਗੱਲ ਨਾ ਜਾਣਨਾ ਹਾਂ, ਤੁਸੀਂ ਦੋਵੇਂ ਨਿਨਾਣ ਭਰਜਾਈਆਂ ਨੀ। ਮਾਲਜ਼ਾਦੀਆਂ ਵਾਂਗ ਬਣਾ ਤੇਰੀ, ਪਾਈ ਬੈਠੀ ਹੈਂ ਸੁਰਮ-ਸਲਾਈਆਂ ਨੀ। ਪੈਰ ਪਕੜ ਫ਼ਕੀਰ ਦੇ ਦੇ ਭਿਛਿਆ, ਅੜੀਆਂ ਕੇਹੀਆਂ ਕਵਾਰੀਏ ਲਾਈਆਂ ਨੀ। ਧਿਆਨ ਰੱਬ ਤੇ ਰੱਖ ਨਾ ਹੋ ਤੱਤੀ, ਗ਼ੁੱਸੇ ਹੋਣ ਨਾ ਭਲਿਆਂ ਦੀਆਂ ਜਾਈਆਂ ਨੀ। ਤੈਨੂੰ ਸ਼ੌਕ ਹੈ ਤਿਨ੍ਹਾਂ ਦਾ ਭਾਗਭਰੀਏ, ਜਿਨ੍ਹਾਂ ਡਾਚੀਆਂ ਬਾਰ ਚਰਾਈਆਂ ਨੀ। ਜਿਸ ਰੱਬ ਦੇ ਅਸੀਂ ਫ਼ਕੀਰ ਹੋਏ, ਵੇਖ ਕੁਦਰਤਾਂ ਓਸ ਵਿਖਾਈਆਂ ਨੀ। ਸਾਡੇ ਪੀਰ ਨੂੰ ਜਾਣਦੀ ਗਿਆ ਮੋਇਆ, ਤਾਂਹੀ ਗਾਲ੍ਹੀਆਂ ਦੇਣੀਆਂ ਲਾਈਆਂ ਨੀ। ਵਾਰਿਸ ਸ਼ਾਹ ਉਹ ਸਦਾ ਹੀ ਜਿਉਂਦੇ ਨੇ, ਜਿਨ੍ਹਾਂ ਕੀਤੀਆਂ ਨੇਕ ਕਮਾਈਆਂ ਨੀ। (ਮਾਲਜ਼ਾਦੀ=ਕੰਜਰੀ, ਬਣਾ=ਬਣਤਰ, ਗਿਆ ਮੋਇਆ=ਗਿਆ ਗੁਜ਼ਰਿਆ, ਅੱਤਾਂ=ਅੱਤ ਦਾ ਬਹੁ=ਵਚਨ, ਤੱਤੀ=ਗਰਮ)
403. ਸਹਿਤੀ
ਪਤੇ ਡਾਚੀਆਂ ਦੇ ਪੂਰੇ ਲਾਵਨਾ ਹੈਂ, ਦੇਂਦਾ ਮਿਹਣੇ ਸ਼ਾਮਤਾਂ ਚੌਰੀਆਂ ਵੇ। ਮੱਥਾ ਡਾਹਿਉ ਨਾਲ ਕਵਾਰੀਆਂ ਦੇ, ਤੇਰੀਆਂ ਲੌਂਦੀਆਂ ਜੋਗੀਆ ਮੌਰੀਆਂ ਵੇ। ਤੇਰੀ ਜੀਭ ਮਵੇਸੀਆ ਹੱਥ ਇੱਲਤ, ਤੇਰੇ ਚੁਤੜੀਂ ਲੜਦੀਆਂ ਭੌਰੀਆਂ ਵੇ। ਖ਼ੈਰ ਮਿਲੇ ਸੋ ਲਏਂ ਨਾ ਨਾਲ ਮਸਤੀ, ਮੰਗੇਂ ਦੁੱਧ ਤੇ ਪਾਨ ਗਲੌਰੀਆਂ ਵੇ। ਰੁਗ ਦੇਣ ਆਟਾ ਇੱਕੇ ਟੁਕ ਚੱਪਾ, ਭਰ ਦੇਣ ਨਾ ਜੱਟੀਆਂ ਕੌਰੀਆਂ ਵੇ। ਏਸ ਅੰਨ ਨੂੰ ਢੂੰਡਦੇ ਉਹ ਫਿਰਦੇ, ਚੜ੍ਹਨ ਹਾਥੀਆਂ ਤੇ ਹੋਵਣ ਚੋਰੀਆਂ ਵੇ। ਸੋਟਾ ਵੱਡਾ ਇਲਾਜ ਕੁਪੱਤਿਆਂ ਦਾ, ਤੇਰੀਆਂ ਭੈੜੀਆਂ ਦਿਸਦੀਆਂ ਤੌਰੀਆਂ ਵੇ। ਵੱਡੇ ਕਮਲਿਆਂ ਦੀ ਅਸਾਂ ਭੰਗ ਝਾੜੀ, ਏਥੇ ਕਈ ਫ਼ਕੀਰੀਆਂ ਸੌਰੀਆਂ ਵੇ। ਵਾਰਿਸ ਮਾਰ ਸਵਾਰਦੇ ਭੂਤ ਰਾਕਸ਼, ਜਿਹੜੀਆਂ ਮਹਿਰੀਆਂ ਹੋਣ ਅਪੌੜੀਆਂ ਵੇ। (ਜੀਭ ਮਵੇਸੀਆ=ਜੀਭ ਦੀ ਬਵਾਸੀਰ,ਬੋਲਦਾ ਬਹੁਤ ਹੈ, ਫਲੌਰੀਆਂ=ਪਕੌੜੀਆਂ, ਕੌਰੀ=ਪਾਣੀ ਵਾਲੀ ਘਰੋਟੀ, ਚੌਰੀ=ਚੌਰ ਹੋਣੀ, ਤੌਰੀਆਂ=ਤੌਰ ਤਰੀਕੇ, ਅਪੌੜ= ਉਲਟੀ ਅਕਲ ਵਾਲੀ)
404. ਰਾਂਝਾ
ਬੁਰਾ ਖਹਿਣ ਫ਼ਕੀਰਾਂ ਦੇ ਨਾਲ ਪਈਆਂ, ਅਠਖੇਲ ਬੁਰਿਆਰ ਉਚੱਕੀਆਂ ਨੀ। ਰਾਤਬ ਖਾਇਕੇ ਹੰਜਰਨ ਵਿੱਚ ਤੱਲੇ, ਮਾਰਨ ਲੱਤ ਇਰਾਕੀਆਂ ਬੱਕੀਆਂ ਨੀ। ਇੱਕ ਭੌਂਕਦੀ ਦੂਸਰੀ ਦਏ ਟਿਚਕਰ, ਇਹ ਨਨਾਣ ਭਾਬੀ ਦੋਵੇਂ ਸਕੀਆਂ ਨੀ। ਏਥੇ ਬਹੁਤ ਫ਼ਕੀਰ ਜ਼ਹੀਰ ਕਰਦੇ, ਖ਼ਰ ਦੇਂਦੀਆਂ ਦੇਂਦੀਆਂ ਅੱਕੀਆਂ ਨੀ। ਜਿਨ੍ਹੀਂ ਡੱਬੀਆਂ ਪਾਇਕੇ ਸਿਰੀਂ ਚਾਈਆਂ, ਰੰਨਾਂ ਤਿਨ੍ਹਾਂ ਦੀਆਂ ਨਹੀਉਂ ਸਕੀਆਂ ਨੀ। ਨਾਲੇ ਢਿੱਡ ਖੁਰਕਣ ਨਾਲੇ ਦੁਧ ਰਿੜਕਣ, ਅਤੇ ਚਾਟੀਆਂ ਕੁੱਤਿਆਂ ਲੱਕੀਆਂ ਨੀ। ਝਾਟਾ ਖੁਰਕਦੀਆਂ ਗੁਨ੍ਹਦੀਆਂ ਨੱਕ ਸਿਣਕਣ, ਮਾਰਨ ਵਾਇਕੇ ਚਾੜ੍ਹ ਕੇ ਨੱਕੀਆਂ ਨੀ। ਲੜੋ ਨਹੀਂ ਜੇ ਚੰਗੀਆਂ ਹੋਵਣਾ ਜੇ, ਵਾਰਿਸ ਸ਼ਾਹ ਤੋਂ ਲਉ ਦੋ ਫੱਕੀਆਂ ਨੀ। (ਬੁਰਿਆਰ=ਬੁਰੀਆਂ, ਰਾਤਬ=ਘੋੜੇ ਦਾ ਖਾਣਾ, ਹੰਜਰਨਾ=ਚੰਗਾ ਖਾਣਾ ਪੀਣਾ ਪਰ ਮਾਲਕ ਦੇ ਖ਼ਾਬੂ ਨਾ ਆਉਣਾ,ਹਿਣਕਣਾ, ਇਰਾਕੀ ਬੱਕੀ=ਇਰਾਕ ਦੇਸ਼ ਦੀਆਂ ਘੋੜੀਆਂ, ਡੱਬੀਆਂ ਪਾ ਕੇ=ਡੱਬੀ ਵਿੱਚ ਪਾ ਕੇ, ਕਹਾਣੀ ਦੱਸੀ ਜਾਂਦੀ ਹੈ ਕਿ ਇੱਕ ਸਾਧ ਔਰਤਾਂ ਦੀ ਬੇਵਫ਼ਾਈ ਤੋਂ ਤੰਗ ਆ ਗਿਆ ਸੀ।ਉਹਨੇ ਇੱਕ ਸੁੰਦਰ ਇਸਤਰੀ ਨਾਲ ਸ਼ਾਦੀ ਕੀਤੀ ਅਤੇ ਜਾਦੂ ਦੇ ਜ਼ੋਰ ਨਾਲ ਉਸ ਨੂੰ ਇੱਕ ਡੱਬੀ ਵਿੱਚ ਪਾ ਲਿਆ।ਉਹ ਡੱਬੀ ਨੂੰ ਹਰ ਵੇਲੇ ਆਪਣੇ ਵਾਲਾਂ ਵਿੱਚ ਲੁਕਾਈ ਰਖਦਾ।ਦਿਲ ਪਰਚਾਵੇ ਲਈ ਕਦੇ ਕਦੇ ਉਹਨੂੰ ਬਾਹਰ ਕੱਢਦਾ।ਉਸ ਸੁੰਦਰੀ ਨੇ ਵੀ ਆਪਣਾ ਯਾਰ ਡੱਬੀ ਵਿੱਚ ਪਾਕੇ ਸਿਰ ਵਿੱਚ ਲੁਕਾਇਆ ਸੀ।ਇੱਕ ਦਿਨ ਉਸ ਸਾਧੂ ਨੇ ਨਦੀ ਵਿੱਚ ਨਹਾਉਣ ਵੇਲੇ ਆਪਣੀ ਘਰ ਵਾਲੀ ਨੂੰ ਨਦੀ ਦੇ ਕੰਢੇ ਆਪਣੇ ਕੱਪੜਿਆਂ ਦੀ ਰਾਖੀ ਛੱਡ ਦਿੱਤਾ।ਮੌਕਾ ਤਾੜ ਕੇ ਪਤਨੀ ਆਪਣੇ ਯਾਰ ਨੂੰ ਡੱਬੀ ਵਿੱਚੋਂ ਕੱਢ ਕੇ ਲਾਗੇ ਇੱਕ ਬਿਰਛ ਉਹਲੇ ਉਹਦੇ ਨਾਲ ਮਸਤ ਹੋ ਗਈ।ਨਦੀ ਕੰਢੇ ਬੈਠੇ ਕਿਸੇ ਹੋਰ ਪੁਰਸ਼ ਨੇ ਸਭ ਕੁੱਝ ਦੇਖ ਲਿਆ।ਉਸ ਨੇ ਤਿਕਾਲਾਂ ਨੂੰ ਸਾਧੂ ਨੂੰ ਆਪਣੇ ਘਰ ਪ੍ਰੀਤੀ ਭੋਜਨ ਤੇ ਸੱਦਿਆ।ਖਾਣ ਵੇਲੇ ਉਹਨੇ ਸਾਧੂ ਅੱਗੇ ਤਿੰਨ ਥਾਲੀਆਂ ਪ੍ਰੋਸ ਦਿੱਤੀਆਂ।ਜਦੋਂ ਉਹਨੇ ਪੁੱਛਿਆ ਤਾਂ ਘਰ ਵਾਲੇ ਨੇ ਕਿਹਾ ਕਿ ਇੱਕ ਥਾਲੀ ਤੁਹਾਡੀ ਪਤਨੀ ਲਈ ਹੈ। ਪਰ ਜਦੋਂ ਤੀਜੀ ਥਾਲੀ ਦੀ ਗੱਲ ਪੁੱਛੀ ਤਾਂ ਉਹਨੇ ਦੱਸਿਆ ਕਿ ਇਹ ਉਹਦੀ ਪਤਨੀ ਦੇ ਯਾਰ ਵਾਸਤੇ ਹੈ ਤਾਂ ਕਿ ਉਹ ਭੁੱਖਾ ਨਾ ਰਹੇ ਤਾਂ ਸਾਧੂ ਨੂੰ ਸਾਰਾ ਪਤਾ ਲੱਗਾ, ਕੁਤੇ ਲੱਕੀ=ਢਿਡ ਮੋਟੇ ਲੱਕ ਪਤਲੇ ਵਾਲੀ, ਵਾਇਕੇ=ਸੁੜ੍ਹਕੇ, ਫੱਕੀ=ਪੀਸੀ ਹੋਈ ਦਵਾਈ)
405. ਸਹਿਤੀ
ਅਨੀ ਵੇਖੋ ਨੀ ਵਾਸਤਾ ਰੱਬ ਦਾ ਜੇ, ਵਾਹ ਪੈ ਗਿਆ ਨਾਲ ਕੁਪੱਤਿਆਂ ਦੇ। ਮਗਰ ਹਲਾਂ ਦੇ ਚੋਬਰਾਂ ਲਾਇ ਦੀਚਣ, ਇੱਕੇ ਛੇੜ ਦੀਚਣ ਮਗਰ ਕੱਟਿਆਂ ਦੇ। ਇੱਕੇ ਵਾਢੀਆਂ ਲਾਵੀਆਂ ਕਰਨ ਚੋਬਰ, ਇੱਕੇ ਡਾਹ ਦੀਚਣ ਹੇਠ ਝੱਟਿਆਂ ਦੇ। ਇਹ ਪੁਰਾਣੀਆਂ ਲਾਨ੍ਹਤਾਂ ਹੈਣ ਜੋਗੀ, ਗੱਦੋਂ ਵਾਂਗ ਲੇਟਣ ਵਿੱਚ ਘੱਟਿਆਂ ਦੇ। ਹੀਰ ਆਖਦੀ ਬਹੁਤ ਹੈ ਸ਼ੌਕ ਤੈਨੂੰ, ਭੇੜ ਪਾਇ ਬਹੇਂ ਨਾਲ ਡੱਟਿਆਂ ਦੇ। ਵਾਰਿਸ ਸ਼ਾਹ ਮੀਆਂ ਖਹਿੜੇ ਨਾ ਪਵੀਏ, ਕੰਨ ਪਾਟਿਆਂ ਰਬ ਦਿਆਂ ਪੱਟਿਆਂ ਦੇ। (ਡੱਟਿਆਂ=ਢੱਠਿਆਂ)
406. ਹੀਰ ਨੂੰ ਸਹਿਤੀ
ਭਾਬੀ ਜੋਗੀਆਂ ਦੇ ਵੱਡੇ ਕਾਰਨੇ ਨੀ, ਗੱਲਾਂ ਨਹੀਂ ਸੁਣੀਆਂ ਕੰਨ-ਪਾਟਿਆਂ ਦੀਆਂ। ਰੋਕ ਬੰਨ੍ਹ ਪੱਲੇ ਦੁਧ ਦਹੀਂ ਪੀਵਣ, ਵੱਡੀਆਂ ਚਾਟੀਆਂ ਜੋੜਦੇ ਆਟਿਆਂ ਦੀਆਂ। ਗਿੱਠ ਗਿੱਠ ਵਧਾਇਕੇ ਵਾਲ ਨਾਖ਼ੁਨ, ਰਿਛ ਪਲਮਦੇ ਲਾਂਗੜਾਂ ਪਾਟਿਆਂ ਦੀਆਂ। ਵਾਰਿਸ ਸ਼ਾਹ ਇਹ ਮਸਤ ਕੇ ਪਾਟ ਲੱਥੇ, ਰਗਾਂ ਕਿਰਲੀਆਂ ਵਾਂਗ ਨੇ ਗਾਟਿਆਂ ਦੀਆਂ। (ਰੋਕ=ਨਕਦ, ਲਾਂਗੜ=ਲੰਗੋਟੀ, ਪਾਟ ਲੱਥੇ=ਖਾ ਖਾ ਕੇ ਪਾਟਣੇ ਆਏ ਹਨ)
407. ਰਾਂਝਾ
ਇਹ ਮਿਸਲ ਮਸ਼ਹੂਰ ਜਹਾਨ ਸਾਰੇ, ਜੱਟੀ ਚਾਰੇ ਹੀ ਥੋਕ ਸਵਾਰਦੀ ਹੈ। ਉਨ ਤੁੰਬਦੀ ਮਨ੍ਹੇ 'ਤੇ ਬਾਲ ਲੇੜ੍ਹੇ, ਚਿੜੀਆਂ ਹਾਕਰੇ ਲੇਲੜੇ ਚਾਰਦੀ ਹੈ। ਬੰਨ੍ਹ ਝੇੜੇ ਫ਼ਕੀਰ ਦੇ ਨਾਲ ਲੜਦੀ, ਘਰ ਸਾਂਭਦੀ ਲੋਕਾਂ ਨੂੰ ਮਾਰਦੀ ਹੈ। ਵਾਰਿਸ ਸ਼ਾਹ ਦੋ ਲੜਣ ਮਾਸ਼ੂਕ ਏਥੇ, ਮੇਰੀ ਸੰਗਲੀ ਸ਼ਗਨ ਵਿਚਾਰਦੀ ਹੈ। (ਹਾਕਰੇ=ਉੜਾਵੇ, ਬਾਲ ਲੇੜ੍ਹੇ=ਬਾਲ ਦੁਧ ਚੁੰਘੇ)
408. ਸਹਿਤੀ
ਮੇਰੇ ਹੱਥ ਲੌਂਦੇ ਤੇਰੀ ਲਵੇਂ ਟੋਟਣ, ਕੋਈ ਮਾਰਸੀਗਾ ਨਾਲ ਮੁਹਲਿਆਂ ਦੇ। ਅਸੀਂ ਘੜਾਂਗੇ ਵਾਂਗ ਕਲਬੂਤ ਮੋਚੀ, ਕਰੇਂ ਚਾਵੜਾਂ ਨਾਲ ਤੂੰ ਰੁਹਲਿਆਂ ਦੇ। ਸੁੱਟੂੰ ਮਾਰ ਚਪੇੜ ਤੇ ਦੰਦ ਭੰਨੂੰ, ਸਵਾਦ ਆਵਸੀ ਚੁਹਲਿਆਂ ਮੁਹਲਿਆਂ ਦੇ। ਵਾਰਿਸ ਹੱਡ ਤੇਰੇ ਘਾਟ ਵਾਂਗ ਛੜੀਅਨ, ਨਾਲ ਕੁਤਕਿਆਂ ਪੌਲਿਆਂ ਮੁਹਲਿਆਂ ਦੇ। (ਚਾਵੜਾਂ=ਸ਼ਰਾਰਤਾਂ, ਚੁਹਲ ਮੁਹਲ=ਹਾਸਾ ਮਖੌਲ, ਪੌਲੇ=ਜੁੱਤੀਆਂ)
409. ਰਾਂਝਾ
ਤੇਰੇ ਮੌਰ ਲੌਂਦੇ ਫਾਟ ਖਾਣ ਉੱਤੇ, ਮੇਰੀ ਫਰਕਦੀ ਅੱਜ ਮੁਤਹਿਰ ਹੈ ਨੀ। ਮੇਰਾ ਕੁਤਕਾ ਲਵੇਂ ਤੇ ਤੇਰੇ ਚੁਤੜ, ਅੱਜ ਦੋਹਾਂ ਦੀ ਵੱਡੀ ਕੁਦਹਿੜ ਹੈ ਨੀ। ਚਿੱਭੜ ਵਾਂਗ ਤੇਰੇ ਬੀਉ ਕੱਢ ਸੁੱਟਾਂ, ਮੈਨੂੰ ਆਇਆ ਜੋਸ਼ ਦਾ ਕਹਿਰ ਹੈ ਨੀ। ਏਸ ਭੇਡ ਦੇ ਖ਼ੂਨ ਤੋਂ ਕਿਸੇ ਚਿੜ੍ਹ ਕੇ, ਨਹੀਂ ਮਾਰ ਲੈਣਾ ਕੋਈ ਸ਼ਹਿਰ ਹੈ ਨੀ। ਉਜਾੜੇ-ਖ਼ੋਰ ਗੱਦੋਂ ਵਾਂਗ ਕੁੱਟੀਏਂਗੀ, ਕੇਹੀ ਮਸਤ ਤੈਨੂੰ ਵੱਡੀ ਵਿਹਰ ਹੈ ਨੀ। ਵਾਰਿਸ ਸ਼ਾਹ ਇਹ ਡੁਗਡੁਗੀ ਰੰਨ ਕੁੱਟਾਂ, ਕਿਸ ਛਡਾਵਣੀ ਵਿਹਰ ਤੇ ਕਹਿਰ ਹੈ ਨੀ। (ਫਾਟ=ਭੁੰਨੇ ਹੋਏ ਜੌਂ, ਲੌਂਦੇ=ਚਾਹੁਣ, ਕੁਦਹਿੜ=ਕੁਦਨਾ, ਬਿਉ=ਬੀ ਭਾਵ ਬੀਜ, ਚਿੜ੍ਹ=ਚਿੜ, ਵਿਹਰ ਤੇ ਕਹਿਰ=ਵਿਹਰਨੇ ਵਾਲੇ ਉਤੇ ਕਹਿਰ ਟੁੱਟਦਾ ਹੈ)
410. ਤਥਾ
ਅਸੀਂ ਸਬਰ ਕਰਕੇ ਚੁਪ ਹੋ ਬੈਠੇ, ਬਹੁਤ ਔਖੀਆਂ ਇਹ ਫ਼ਕੀਰੀਆਂ ਨੇ। ਨਜ਼ਰ ਥੱਲੇ ਕਿਉਂ ਲਿਆਵਣੀ ਕੰਨ ਪਾਟੇ, ਜਿਸਦੇ ਹੱਸ ਦੇ ਨਾਲ ਜ਼ੰਜੀਰੀਆਂ ਨੇ। ਜਿਹੜੇ ਦਰਸ਼ਨੀ ਹੁੰਡਵੀ ਵਾਚ ਬੈਠੇ, ਸੱਭੇ ਚਿਠੀਆਂ ਉਹਨਾਂ ਨੇ ਚੀਰੀਆਂ ਨੇ। ਤੁਸੀਂ ਕਰੋ ਹਿਆ ਕਵਾਰੀਉ ਨੀ, ਅਜੇ ਦੁੱਧ ਦੀਆਂ ਦੰਦੀਆਂ ਖੀਰੀਆਂ ਨੇ। ਵਾਂਗ ਬੁਢਿਆਂ ਕਰੇ ਪੱਕਚੰਡ ਗੱਲਾਂ, ਮੱਥੇ ਚੁੰਡੀਆਂ ਕਵਾਰ ਦੀਆਂ ਚੀਰੀਆਂ ਨੇ। ਕੇਹੀ ਚੰਦਰੀ ਲੱਗੀ ਹੈਂ ਆਣ ਮੱਥੇ, ਅਖੀਂ ਭੁਖ ਦੀਆਂ ਭੌਣ ਭੰਬੀਰੀਆਂ ਨੇ। ਮੈਂ ਤਾਂ ਮਾਰ ਤਲੇਟੀਆਂ ਪੁਟ ਸੁੱਟਾਂ, ਮੇਰੀ ਉਂਗਲੀ ਉਂਗਲੀ ਪੀਰੀਆਂ ਨੇ। ਵਾਰਿਸ ਸ਼ਾਹ ਫ਼ੌਜਦਾਰ ਦੇ ਮਾਰਨੇ ਨੂੰ, ਸੈਨਾਂ ਮਾਰੀਆਂ ਵੇਖ ਕਸ਼ਮੀਰੀਆਂ ਨੇ। (ਕੰਨ ਪਾਟੇ=ਕੰਨਾਂ ਵਿੱਚ ਛੇਦ, ਹੁੰਡਵੀ=ਹੁੰਡੀ,ਇਕਰਾਰਨਾਮਾ, ਪੱਕਚੰਡ= ਸਿਆਣਿਆਂ ਵਾਲੀਆਂ ਗੱਲਾਂ, ਤਲੇਟੀ=ਕਿਸੇ ਚੀਜ਼ ਦਾ ਥੱਲੇ ਦਾ ਭਾਗ, ਸੈਨਾਂ=ਸੈਨਤਾਂ)
411. ਹੀਰ ਰਾਂਝੇ ਵੱਲ ਹੋਈ
ਸੈਨੀ ਮਾਰ ਕੇ ਹੀਰ ਨੇ ਜੋਗੀੜੇ ਨੂੰ, ਕਹਿਆ ਚੁਪ ਕਰ ਏਸ ਭਕਾਉਨੀ ਹਾਂ। ਤੇਰੇ ਨਾਲ ਜੇ ਏਸ ਨੇ ਵੈਰ ਚਾਇਆ, ਮੱਥਾ ਏਸ ਦੇ ਨਾਲ ਮੈਂ ਲਾਉਨੀ ਹਾਂ। ਕਰਾਂ ਗਲੋਂ ਗਲਾਇਣ ਨਾਲ ਇਸ ਦੇ, ਗਲ ਏਸਦੇ ਰੇਸ਼ਟਾ ਪਾਉਨੀ ਹਾਂ। ਵਾਰਿਸ ਸ਼ਾਹ ਮੀਆਂ ਰਾਂਝੇ ਯਾਰ ਅੱਗੇ, ਇਹਨੂੰ ਕੰਜਰੀ ਵਾਂਗ ਨਚਾਉਨੀ ਹਾਂ। (ਸੈਨੀ=ਸੈਨਤ,ਇਸ਼ਾਰਾ, ਕਰਾਂ ਗਲੋਂ ਗਲਾਇਨ=ਗੱਲ ਵਧਾ ਲੈਣੀ, ਰੇਸ਼ਟਾ= ਝਗੜਾ)
412. ਹੀਰ ਸਹਿਤੀ ਨੂੰ
ਹੀਰ ਆਖਦੀ ਏਸ ਫ਼ਕੀਰ ਨੂੰ ਨੀ, ਕੇਹਾ ਘਤਿਉ ਗ਼ੈਬ ਦਾ ਵਾਇਦਾ ਈ। ਏਨ੍ਹਾਂ ਆਜਜ਼ਾਂ ਭੌਰ ਨਿਮਾਣਿਆਂ ਨੂੰ, ਪਈ ਮਾਰਨੀ ਹੈਂ ਕੇਹਾ ਫ਼ਾਇਦਾ ਈ। ਅੱਲਾਹ ਵਾਲਿਆਂ ਨਾਲ ਕੀ ਵੈਰ ਪਈਏਂ, ਭਲਾ ਕਵਾਰੀਏ ਏਹ ਕੀ ਕਾਇਦਾ ਈ। ਪੈਰ ਚੁੰਮ ਫ਼ਕੀਰ ਦੀ ਟਹਿਲ ਕੀਚੈ, ਏਸ ਕੰਮ ਵਿੱਚ ਖ਼ੈਰ ਦਾ ਜ਼ਾਇਦਾ ਈ। ਪਿੱਛੋਂ ਫੜੇਂਗੀ ਕੁਤਕਾ ਜੋਗੀੜੇ ਦਾ, ਕੌਣ ਜਾਣਦਾ ਕਿਹੜੀ ਜਾਇ ਦਾ ਈ। ਵਾਰਿਸ ਸ਼ਾਹ ਫ਼ਕੀਰ ਜੇ ਹੋਣ ਗ਼ੁੱਸੇ, ਖ਼ੌਫ਼ ਸ਼ਹਿਰ ਨੂੰ ਕਹਿਤ ਵਬਾਇ ਦਾ ਈ। (ਖ਼ੈਰ=ਭਲਾਈ, ਜ਼ਾਇਦਾ=ਜ਼ਿਆਦਾ, ਕੁਤਕਾ=ਡੰਡਾ, ਵਬਾ=ਬਿਮਾਰੀ, ਕਹਿਤ=ਕਾਲ,ਭੁਖਮਰੀ)
413. ਸਹਿਤੀ ਤੇ ਹੀਰ
ਭਾਬੀ ਇੱਕ ਧਿਰੋਂ ਲੜੇ ਫ਼ਕੀਰ ਸਾਨੂੰ, ਤੂੰ ਭੀ ਜਿੰਦ ਕਢੇਂ ਨਾਲ ਘੂਰੀਆਂ ਦੇ। ਜੇ ਤਾਂ ਹਿੰਗ ਦੇ ਨਿਰਖ ਦੀ ਖ਼ਬਰ ਨਾਹੀਂ, ਕਾਹਿ ਪੁੱਛੀਏ ਭਾ ਕਸਤੂਰੀਆਂ ਦੇ। ਏਨ੍ਹਾਂ ਜੋਗੀਆਂ ਦੇ ਨਾਹੀਂ ਵੱਸ ਕਾਈ, ਕੀਤੇ ਰਿਜ਼ਕ ਨੇ ਵਾਇਦੇ ਦੂਰੀਆਂ ਦੇ। ਜੇ ਤਾਂ ਪੱਟ ਪੜਾਵਣਾ ਨਾ ਹੋਵੇ, ਕਾਹਿ ਖਹਿਣ ਕੀਚੈ ਨਾਲ ਭੂਰੀਆਂ ਦੇ। ਜਾਣ ਸਹਿਤੀਏ ਫ਼ੱਕਰ ਨੀ ਨਾਗ ਕਾਲੇ, ਮਿਲੇ ਹੱਕ ਕਮਾਈਆਂ ਪੂਰੀਆਂ ਦੇ। ਕੋਈ ਦੇ ਬਦ ਦੁਆ ਤੇ ਗਾਲ ਸੁੱਟੇ, ਪਿੱਛੋਂ ਫ਼ਾਇਦੇ ਕੀ ਏਨ੍ਹਾਂ ਝੂਰੀਆਂ ਦੇ। ਲਛੂ ਲਛੂ ਕਰਦੀ ਫਿਰੇਂ ਨਾਲ ਫੱਕਰਾਂ, ਲੁੱਚ ਚਾਲੜੇ ਇਹਨਾਂ ਲੰਗੂਰੀਆਂ ਦੇ। ਵਾਰਿਸ ਸ਼ਾਹ ਫ਼ਕੀਰ ਦੀ ਰੰਨ ਵੈਰਨ, ਜਿਵੇਂ ਵੈਰੀ ਨੇ ਮਿਰਗ ਅੰਗੂਰੀਆਂ ਦੇ। (ਕਾਹਿ=ਕਿਉਂ, ਲਛੂ ਲਛੂ ਕਰਦੀ=ਗੱਲਾਂ ਬਾਤਾਂ ਨਾਲ ਲੜਣ ਦਾ ਸੱਦਾ ਦਿੰਦੀ, ਅੰਗੂਰੀ=ਪੌਦੇ ਦੇ ਤਾਜ਼ੇ ਫੁੱਟੇ ਪੱਤੇ)
414. ਸਹਿਤੀ
ਭਾਬੀ ਕਰੇਂ ਰਿਆਇਤਾਂ ਜੋਗੀਆਂ ਦੀਆਂ, ਹੱਥੀਂ ਸੁੱਚੀਆਂ ਪਾਇ ਹਥੌੜੀਆਂ ਨੀ। ਜਿਹੜੀ ਦੀਦ ਵਿਖਾਇਕੇ ਕਰੇ ਆਕੜ, ਮੈਂ ਤਾਂ ਪਟ ਸੁੱਟਾਂ ਏਹਦੀਆਂ ਚੌੜੀਆਂ ਨੀ। ਗੁਰੂ ਏਸ ਦੇ ਨੂੰ ਨਹੀਂ ਪਹੁੰਚ ਓਥੇ, ਜਿੱਥੇ ਅਕਲਾਂ ਅਸਾਡੀਆਂ ਦੌੜੀਆ ਨੀ। ਮਾਰ ਮੁਹਲੀਆਂ ਸੱਟਾਂ ਸੂ ਭੰਨ ਟੰਗਾਂ, ਫਿਰੇ ਢੂੰਡਦਾ ਕਾਠ ਕਠੌਰੀਆਂ ਨੀ। ਜਿੰਨ ਭੂਤ ਤੇ ਦੇਉ ਦੀ ਅਕਲ ਜਾਵੇ, ਜਦੋਂ ਮਾਰ ਕੇ ਉੱਠੀਆਂ ਛੌੜੀਆਂ ਨੀ। ਵਾਰਿਸ ਸ਼ਾਹ ਫ਼ਕੀਰ ਦੇ ਨਾਲ ਲੜਨਾ, ਕੱਪਣ ਜ਼ਹਿਰ ਦੀਆਂ ਗੰਦਲਾਂ ਕੌੜੀਆਂ ਨੀ। (ਹਥੌੜੀਆਂ=ਹੱਥ ਕੰਙਨ, ਕਾਠ ਕਠੌਰੀਆਂ=ਵਸਾਖੀਆਂ,ਫਹੁੜੀਆਂ)
415. ਹੀਰ
ਹਾਏ ਹਾਏ ਫ਼ਕੀਰ ਨੂੰ ਬੁਰਾ ਬੋਲੇਂ, ਬੁਰੇ ਸਹਿਤੀਏ ਤੇਰੇ ਅਪੌੜ ਹੋਏ। ਜਿਨ੍ਹਾਂ ਨਾਲ ਨਮਾਣਿਆਂ ਵੈਰ ਚਾਇਆ, ਸਣੇ ਜਾਨ ਤੇ ਮਾਲ ਦੇ ਚੌੜ ਹੋਏ। ਕੰਨ ਪਾਟਿਆਂ ਨਾਲ ਜਿਸ ਚਿਹ ਬੱਧੀ, ਪਸ-ਪੇਸ਼ ਥੀਂ ਅੰਤ ਨੂੰ ਰੌੜ ਹੋਏ। ਰਹੇ ਔਤ ਨਖੱਤਰੀ ਰੰਡ ਸੁੰਞੀ, ਜਿਹੜੀ ਨਾਲ ਮਲੰਗਾਂ ਦੇ ਕੌੜ ਹੋਏ। ਇਨ੍ਹਾਂ ਤਿਹਾਂ ਨੂੰ ਛੇੜੀਏ ਨਹੀਂ ਮੋਈਏ, ਜਿਹੜੇ ਆਸ਼ਕ ਫ਼ਕੀਰ ਤੇ ਭੌਰ ਹੋਏ। ਵਾਰਿਸ ਸ਼ਾਹ ਲੜਾਈ ਦਾ ਮੂਲ ਬੋਲਣ, ਵੇਖ ਦੋਹਾਂ ਦੇ ਲੜਨ ਦੇ ਤੌਰ ਹੋਏ। (ਅਪੌੜ=ਪੁਠੇ ਕੰਮ, ਚਿਹ=ਜ਼ਿੱਦ, ਨਖੱਤਰੀ=ਬੇਨਸੀਬ ਔਰਤ, ਚੌੜ=ਬਰਬਾਦ, ਤਿਹਾਂ=ਤਿੰਨਾਂ,ਆਸ਼ਕ,ਫ਼ਕੀਰ,ਭੌਰ)
416. ਸਹਿਤੀ
ਭਾਬੀ ਏਸ ਜੇ ਗਧੇ ਦੀ ਅੜੀ ਬੱਧੀ, ਅਸੀਂ ਰੰਨਾਂ ਭੀ ਚਹਿ ਚਹਾਰੀਆਂ ਹਾਂ। ਇਹ ਮਾਰਿਆ ਏਸ ਜਹਾਨ ਤਾਜ਼ਾ, ਅਸੀਂ ਰੋਜ਼ੇ-ਮੀਸਾਕ ਦੀਆਂ ਮਾਰੀਆਂ ਹਾਂ। ਇਹ ਜ਼ਿਦ ਦੀ ਛੁਰੀ ਜੇ ਹੋ ਬੈਠਾ, ਅਸੀਂ ਚਿਹ ਦੀਆਂ ਤੇਜ਼ ਕਟਾਰੀਆਂ ਹਾਂ। ਜੇ ਇਹ ਗੁੰਡਿਆਂ ਵਿੱਚ ਹੈ ਪੈਰ ਧਰਦਾ, ਅਸੀਂ ਖਚਰੀਆਂ ਬਾਂਕੀਆਂ ਡਾਰੀਆਂ ਹਾਂ। ਮਰਦ ਰੰਗ ਮਹੱਲ ਹਨ ਇਸ਼ਰਤਾਂ ਦੇ, ਅਸੀਂ ਜ਼ੌਕ ਤੇ ਮਜ਼ੇ ਦੀਆਂ ਮਾੜੀਆਂ ਹਾਂ। ਇਹ ਆਪ ਨੂੰ ਮਰਦ ਸਦਾਂਵਦਾ ਹੈ, ਅਸੀਂ ਨਰਾਂ ਦੇ ਨਾਲ ਦੀਆਂ ਨਾਰੀਆਂ ਹਾਂ। ਏਸ ਚਾਕ ਦੀ ਕੌਣ ਮਜਾਲ ਹੈ ਨੀ, ਰਾਜੇ ਭੋਜ ਥੀਂ ਅਸੀਂ ਨਾ ਹਾਰੀਆਂ ਹਾਂ। ਵਾਰਿਸ ਸ਼ਾਹ ਵਿੱਚ ਹੱਕ ਸਫ਼ੈਦ-ਪੋਸ਼ਾਂ, ਅਸੀਂ ਹੋਲੀ ਦੀਆਂ ਰੰਗ ਪਿਚਕਾਰੀਆਂ ਹਾਂ। (ਚਹਿ ਚਹਾਰੀਆਂ=ਜ਼ਿਦ ਦੀਆਂ ਪੱਕੀਆਂ, ਰੋਜ਼-ਏ-ਮੀਸਾਕ=ਰਬ ਨਾਲ ਕੌਲ ਇਕਰਾਰ ਦਾ ਦਿਨ, ਇਸ਼ਰਤ=ਐਸ਼ ਆਰਾਮ, ਮਾੜੀਆਂ=ਮਹਿਲ, ਰਾਜੇ ਭੋਜ= ਰਾਜੇ ਭੋਗ ਦੀ ਬੇਵਫ਼ਾ ਪਤਨੀ ਉਸ ਦੇ ਕਿਸੇ ਛੋਟੀ ਪੱਧਰ ਦੇ ਨੌਕਰ ਨੂੰ ਪਿਆਰ ਕਰਨ ਲੱਗੀ।ਰਾਜੇ ਨੂੰ ਪਤਾ ਲੱਗਣ ਤੇ ਰਾਣੀ ਨੇ ਆਖਿਆ ਕਿ ਉਹ ਉਸ ਪੁਰਸ਼ ਨੂੰ ਕੀ ਆਖੇ ਭਾਵ ਉਹ ਉਹਦੇ ਬਰਾਬਰ ਦਾ ਨਹੀਂ।ਰਾਣੀ ਨੇ ਆਪਣੇ ਯਾਰ ਪਿਆਰੇ ਨੂੰ ਇਹ ਸਾਬਤ ਕਰਨ ਲਈ ਕਿ ਰਾਜਾ ਕੁੱਝ ਕਰਨ ਜੋਗਾ ਨਹੀਂ ਉਹਦੇ ਸਾਮ੍ਹਣੇ ਰਾਜੇ ਉਤੇ ਸਵਾਰੀ ਕਰ ਲਈ, ਹੋਰੀ=ਹੋਲੀ)
417. ਹੀਰ
ਜਿਨ੍ਹਾਂ ਨਾਲ ਫ਼ਕੀਰ ਦੇ ਅੜੀ ਬੱਧੀ, ਹੱਥ ਧੋ ਜਹਾਨ ਥੀਂ ਚੱਲੀਆਂ ਨੀ। ਆ ਟਲੀਂ ਕਵਾਰੀਏ ਡਾਰੀਏ ਨੀ, ਕੋਹੀਆਂ ਚਾਈਓਂ ਭਵਾਂ ਅਵੱਲੀਆਂ ਨੀ। ਹੈਣ ਵੱਸਦੇ ਮੀਂਹ ਭੀ ਹੋ ਨੀਂਵੇਂ, ਧੁੰਮਾਂ ਕਹਿਰ ਦੀਆਂ ਦੇਸ ਤੇ ਘੱਲੀਆਂ ਨੀ। ਕਾਰੇ ਹੱਥੀਆਂ ਕਵਾਰੀਆਂ ਵਿਹੁ-ਭਰੀਆਂ, ਭਲਾ ਕੀਕਰੂੰ ਰਹਿਣ ਨਚੱਲੀਆਂ ਨੀ। ਮੁਣਸ ਮੰਗਦੀਆਂ ਜੋਗੀਆਂ ਨਾਲ ਲੜ ਕੇ, ਰਾਤੀਂ ਔਖੀਆਂ ਹੋਣ ਇਕੱਲੀਆਂ ਨੀ। ਪੱਛੀ ਚਰਖੜਾ ਰੁਲੇ ਹੈ ਸੜਨ ਜੋਗਾ, ਕਦੀ ਚਾਰ ਨਾ ਲਾਹੀਉਂ ਛੱਲੀਆਂ ਨੀ। ਜਿੱਥੇ ਗਭਰੂ ਹੋਣ ਜਾ ਖਹੇਂ ਆਪੇ, ਪਰ੍ਹੇ ਮਾਰ ਕੇ ਬਹੇਂ ਪਥੱਲੀਆਂ ਨੀ। ਟਲ ਜਾ ਫ਼ਕੀਰ ਥੋਂ ਗੁੰਡੀਏ ਨੀ, ਵਾਰਿਸ ਕਵਾਰੀਏ ਰਾਹੀਂ ਕਿਉਂ ਮੱਲੀਆਂ ਨੀ। (ਹੱਥ ਧੋ=ਖ਼ਾਲੀ)
418. ਸਹਿਤੀ
ਭਲਾ ਦੱਸ ਭਾਬੀ ਕੇਹਾ ਵੈਰ ਚਾਇਉ, ਭਈਆਂ ਪਿੱਟਿਆਂ ਨੂੰ ਪਈ ਲੂਹਨੀ ਹੈਂ। ਅਣਹੁੰਦੀਆਂ ਗੱਲਾਂ ਦੇ ਨਾਉਂ ਲੈ ਕੇ, ਘਾ ਅੱਲੜੇ ਪਈ ਖਨੂੰਹਨੀ ਹੈਂ। ਆਪ ਛਾਨਣੀ ਛੇੜਦੀ ਦੀ ਦੋਹਨੀ ਨੂੰ, ਐਵੇਂ ਕੰਡਿਆਂ ਤੋਂ ਪਈ ਧੂਹਨੀ ਹੈਂ। ਸੋਹਨੀ ਹੋਈ ਹੈਂ ਨਹੀਂ ਤੂੰ ਗ਼ੈਬ ਚਾਇਆ, ਖੂਨ ਖ਼ਲਕ ਦਾ ਪਈ ਨਚੂਹਨੀ ਹੈਂ। ਆਪ ਚਾਕ ਹੰਢਾਇਕੇ ਛੱਡ ਆਈਏਂ, ਹੋਰ ਖ਼ਲਕ ਨੂੰ ਪਈ ਵਡੂਹਨੀ ਹੈਂ। ਆਖ ਭਾਈ ਨੂੰ ਹੁਣੇ ਕੁਟਾਇ ਘੱਤੂੰ, ਜੇਹੇ ਅਸਾਂ ਨੂੰ ਮੇਹਣੇ ਲੂਹਨੀ ਹੈਂ। ਆਪ ਕਮਲੀ ਲੋਕਾਂ ਦੇ ਸਾਂਗ ਲਾਏਂ, ਖੱਚਰਵਾਈਆਂ ਦੀ ਵੱਡੀ ਖੂਹਨੀ ਹੈਂ। ਵਾਰਿਸ ਸ਼ਾਹ ਕੇਹੀ ਬਘਿਆੜੀ ਏਂ ਨੀ, ਮੁੰਡੇ ਮੋਹਣੀ ਤੇ ਵੱਡੀ ਸੂਹਣੀ ਹੈਂ। (ਅੱਲੜੇ=ਤਾਜ਼ੇ, ਵਡੂਹਨੀ=ਬਦਨਾਮ ਕਰਦੀ, ਸੂਹਣੀ=ਸੂਹ ਲੈਣ ਵਾਲੀ)
419. ਹੀਰ
ਖ਼ੁਆਰ ਖੱਜਲਾਂ ਰੁਲਦੀਆਂ ਫਿਰਦੀਆ ਸਨ, ਅੱਖੀਂ ਵੇਖਦਿਆਂ ਹੋਰ ਦੀਆਂ ਹੋਰ ਹੋਈਆਂ। ਅਤੇ ਦੁਧ ਦੀਆਂ ਧੋਤੀਆਂ ਨੇਕ ਨੀਤਾਂ, ਆਖੇ ਚੋਰਾਂ ਦੇ ਤੇ ਅਸੀਂ ਚੋਰ ਹੋਈਆਂ। ਚੋਰ ਚੌਧਰੀ ਗੁੰਡੀ ਪਰਧਾਨ ਕੀਤੀ, ਇਹ ਉਲਟ ਅਵੱਲੀਆਂ ਜ਼ੋਰ ਹੋਈਆਂ। ਬਦਜ਼ੇਬ ਤੇ ਕੋਝੀਆਂ ਭੇਡ ਮੂੰਹੀਆਂ, ਆਕੇ ਹੁਸਨੇ ਦੇ ਬਾਗ਼ ਦੀਆਂ ਮੋਰ ਹੋਈਆਂ। ਇਹ ਚੁਗ਼ਲ ਬਲੋਚਾਂ ਦੇ ਨੇਹੁੰ ਮੁੱਠੀ, ਅੰਨ੍ਹੀਂ ਡੌਰ ਘੂਠੀ ਮਨਖੋਰ ਹੋਈਆਂ। ਇਹਦੀ ਬਣਤ ਵੇਖੋ ਨਾਲ ਨਖ਼ਰਿਆਂ ਦੇ, ਮਾਲਜ਼ਾਦੀਆਂ ਵਿੱਚ ਲਹੌਰ ਹੋਈਆਂ। ਭਰਜਾਈਆਂ ਨੂੰ ਬੋਲੀ ਮਾਰਦੀਆਂ ਨੇ, ਫਿਰਨ ਮੰਡੀਆਂ ਵਿੱਚ ਲਲੋਰ ਹੋਈਆਂ। ਵਾਰਿਸ ਸ਼ਾਹ ਝਨ੍ਹਾਉਂ ਤੇ ਧੁਮ ਇਹਦੀ, ਜਿਵੇਂ ਸੱਸੀ ਦੀਆਂ ਸ਼ਹਿਰ ਭੰਬੋਰ ਹੋਈਆਂ। (ਬਦਜ਼ੇਬ=ਕੋਝਾ, ਭੇਡ ਮੂੰਹੀਆਂ=ਭੱਦੀਆਂ, ਘੂਠੀ=ਚੁਪ ਗੁਪ, ਜਿਹੜੀ ਖੁਲ੍ਹ ਕੇ ਦਿਲ ਦੀ ਗੱਲ ਨਾ ਕਰੇ)
420. ਸਹਿਤੀ
ਲੜੇ ਜੱਟ ਤੇ ਕੁੱਟੀਏ ਡੂਮ ਨਾਹੀਂ, ਸਿਰ ਜੋਗੀੜੇ ਦੇ ਗੱਲ ਆਈਆ ਈ। ਆ ਕੱਢੀਏ ਵੱਢੀਏ ਇਹ ਫਸਤਾ, ਜਗਧੂੜ ਕਾਈ ਏਸ ਪਾਈਆ ਈ। ਏਸ ਮਾਰ ਮੰਤਰ ਵੈਰ ਪਾਇ ਦਿੱਤਾ, ਚਾਣਚੱਕ ਦੀ ਪਈ ਲੜਾਈਆ ਈ। ਹੀਰ ਨਹੀਂ ਖ਼ਾਂਦੀ ਮਾਰ ਅਸਾਂ ਕੋਲੋਂ, ਵਾਰਿਸ ਗੱਲ ਫ਼ਕੀਰ ਤੇ ਆਈਆ ਈ। (ਫਸਤਾ ਵੱਢੀਏ=ਝਗੜਾ ਮੁਕਾਈਏ, ਚਾਣਚਕ=ਅਚਾਨਕ)
421. ਸਹਿਤੀ ਨੌਕਰਾਣੀ ਨੂੰ
ਸਹਿਤੀ ਆਖਿਆ ਉਠ ਰਬੇਲ ਬਾਂਦੀ, ਖ਼ੈਰ ਪਾ ਫ਼ਕੀਰ ਨੂੰ ਕੱਢੀਏ ਨੀ। ਆਟਾ ਘੱਤ ਕੇ ਰੁਗ ਕਿ ਬੁਕ ਚੀਣਾਂ, ਵਿੱਚੋਂ ਅਲਖ ਫ਼ਸਾਦ ਦੀ ਵੱਢੀਏ ਨੀ। ਦੇ ਭਿਛਿਆ ਵਿਹੜਿਉਂ ਕਢ ਆਈਏ, ਹੋੜਾ ਵਿੱਚ ਬਰੂੰਹ ਦੇ ਗੱਡੀਏ ਨੀ। ਅੰਮਾਂ ਆਵੇ ਤਾਂ ਭਾਬੀ ਤੋਂ ਵੱਖ ਹੋਈਏ, ਸਾਥ ਉੱਠ ਬਲੇਦੇ ਦਾ ਛੱਡੀਏ ਨੀ। ਆਵੇ ਖੋਹ ਨਵਾਲੀਆਂ ਹੀਰ ਸੁੱਟੀਏ, ਓਹਦੇ ਯਾਰ ਨੂੰ ਕੁਟ ਕੇ ਛੱਡੀਏ ਨੀ। ਵਾਂਗ ਕਿਲਾ ਦੀਪਾਲਪੁਰ ਹੋ ਆਕੀ, ਝੰਡਾ ਵਿੱਚ ਮਵਾਸ ਦੇ ਗੱਡੀਏ ਨੀ। ਵਾਰਿਸ ਸ਼ਾਹ ਦੇ ਨਾਲ ਦੋ ਹੱਥ ਕਰੀਏ, ਅਵੇ ਉੱਠ ਤੂੰ ਸਾਰ ਦੀਏ ਹੱਡੀਏ ਨੀ। (ਰਬੇਲ ਬਾਂਦੀ=ਨੌਕਰਾਣੀ, ਹੋੜਾ ਵਿੱਚ ਬਰੂੰਹ=ਦਰਵਾਜ਼ਾ ਬੰਦ ਕਰੀਏ, ਬਲੇਦਾ=ਬਲਦ, ਆਕੀ=ਬਾਗੀ, ਮਵਾਸ=ਫ਼ਨਾਹ ਘਰ)
422. ਨੌਕਰਾਣੀ ਦਾ ਖ਼ੈਰ ਪਾਉਣਾ ਤੇ ਜੋਗੀ ਦਾ ਹੋਰ ਭੜਕਣਾ
ਬਾਂਦੀ ਹੋ ਗ਼ੁੱਸੇ ਨੱਕ ਚਾੜ੍ਹ ਉਠੀ, ਬੁਕ ਚੀਣੇ ਦਾ ਚਾਇ ਉਲੇਰਿਆ ਸੂ। ਧਰੋਹੀ ਰੱਬ ਦੀ ਖ਼ੈਰ ਲੈ ਜਾ ਸਾਥੋਂ, ਹਾਲ ਹਾਲ ਕਰ ਪੱਲੂੜਾ ਫੇਰਿਆ ਸੂ। ਬਾਂਦੀ ਲਾਡ ਦੇ ਨਾਲ ਚਵਾਇ ਕਰਕੇ, ਧੱਕਾ ਦੇ ਨਾਥ ਨੂੰ ਗੇਰਿਆ ਸੂ। ਲੈ ਕੇ ਖ਼ੈਰ ਤੇ ਖੱਪਰਾ ਜਾ ਸਾਥੋਂ, ਓਸ ਸੁੱਤੜੇ ਨਾਗ ਨੂੰ ਛੇੜਿਆ ਸੂ। ਛਿੱਬੀ ਗੱਲ੍ਹ ਵਿੱਚ ਦੇ ਪਸ਼ਮ ਪੁੱਟੀ, ਹੱਥ ਜੋਗੀ ਦੇ ਮੂੰਹ ਤੇ ਫੇਰਿਆ ਸੂ। ਵਾਰਿਸ ਸ਼ਾਹ ਫਰੰਗ ਦੇ ਬਾਗ਼ ਵੜ ਕੇ, ਵੇਖ ਕਲਾ ਦੇ ਖੂਹ ਨੂੰ ਗੇੜਿਆ ਸੂ। (ਪੱਲੂੜਾ ਫੇਰਨਾ=ਦੂਰ ਖੜ੍ਹੇ ਨੂੰ ਮਦਦ ਦਾ ਇਸ਼ਾਰਾ ਕਰਨਾ, ਪਸ਼ਮ=ਵਾਲ, ਫਰੰਗ=ਅੰਗਰੇਜ਼)
423. ਰਾਂਝਾ
ਰਾਂਝਾ ਵੇਖ ਕੇ ਬਹੁਤ ਹੈਰਾਨ ਹੋਇਆ, ਪਈਆਂ ਦੁੱਧ ਵਿੱਚ ਅੰਬ ਦੀਆਂ ਫਾੜੀਆਂ ਨੀ। ਗ਼ੁੱਸੇ ਨਾਲ ਜਿਉਂ ਹਸ਼ਰ ਨੂੰ ਜ਼ਿਮੀਂ ਤਪੇ, ਜੀਊ ਵਿੱਚ ਕਲੀਲੀਆਂ ਚਾੜ੍ਹੀਆਂ ਨੀ। ਚੀਣਾ ਚੋਗ ਚਮੂਣਿਆ ਆਣ ਪਾਇਉ, ਮੁੰਨ ਚੱਲੀ ਹੈਂ ਗੋਲੀਏ ਦਾੜ੍ਹੀਆਂ ਨੀ। ਜਿਸ ਤੇ ਨਬੀ ਦਾ ਰਵਾ ਦਰੂਦ ਨਾਹੀਂ, ਅੱਖੀਂ ਭਰਨ ਨਾ ਮੂਲ ਉਘਾੜੀਆਂ ਨੀ। ਜਿਸ ਦਾ ਪੱਕੇ ਪਰਾਉਂਠਾ ਨਾ ਮੰਡਾ, ਪੰਡ ਨਾ ਬੱਝੇ ਵਿੱਚ ਸਾੜ੍ਹੀਆਂ ਨੀ। ਡੁੱਬ ਮੋਏ ਨੇ ਕਾਸਬੀ ਵਿੱਚ ਚੀਣੇ, ਵਾਰਿਸ ਸ਼ਾਹ ਨੇ ਬੋਲੀਆਂ ਮਾਰੀਆਂ ਨੀ। ਨੈਣੂੰ ਯੂਸ਼ਬਾ ਬੋਲ ਅਬੋਲ ਕਹਿ ਕੇ, ਡੁੱਬੇ ਆਪਣੇ ਆਪਣੀ ਵਾਰੀਆਂ ਨੀ। ਅਵੋ ਭਿੱਛਿਆ ਘੱਤਿਉ ਆਣ ਚੀਣਾ, ਨਾਲ ਫ਼ਕਰ ਦੇ ਘੋਲੀਉਂ ਯਾਰੀਆਂ ਨੀ। ਔਹ ਲੋਹੜਾ ਵੱਡਾ ਕਹਿਰ ਕੀਤੋ, ਕੰਮ ਡੋਬ ਸੁੱਟਿਆ ਰੰਨਾਂ ਡਾਰੀਆਂ ਨੀ। ਵਾਰਿਸ ਖੱਪਰੀ ਚਾ ਪਲੀਤ ਕੀਤੀ, ਪਈਆਂ ਧੋਣੀਆਂ ਸੇਹਲੀਆਂ ਸਾਰੀਆਂ ਨੀ। (ਦੁਧ ਵਿੱਚ ਅੰਬ ਦੀਆਂ ਫਾੜੀਆਂ=ਕੰਮ ਵਿਗੜ ਜਾਣਾ, ਕਲੀਲੀਆਂ ਚਾੜ੍ਹੀਆਂ=ਗ਼ੁੱਸੇ ਵਿੱਚ ਦੰਦ ਪੀਹਣ ਲੱਗਾ,ਕਚੀਚੀਆਂ ਵੱਟੀਆਂ, ਚਮੂਣੀ= ਛੋਟੀ ਚਿੜੀ, ਦਾੜ੍ਹੀ ਮੁਨਣੀ=ਬੇਇਜ਼ਤੀ ਕਰਨੀ, ਦਰੂਦ ਰਵਾ ਨਹੀਂ= ਫ਼ਾਤਿਹ ਪੜ੍ਹਨਾ ਠੀਕ ਨਹੀਂ, ਅਖੀਂ ਨਹੀਂ ਭਰਦੀਆਂ=ਬਹੁਤ ਬਰੀਕ ਹੈ, ਕਾਸਬੀ=ਜੁਲਾਹਾ)
424. ਸਹਿਤੀ
ਚੀਣਾਂ ਝਾਲ ਝੱਲੇ ਜਟਾ ਧਾਰੀਆਂ ਦੀ, ਮਾਈ ਬਾਪ ਹੈ ਨੰਗਿਆਂ ਭੁੱਖਿਆਂ ਦਾ। ਅੰਨ ਚੀਣੇ ਦਾ ਖਾਵੀਏ ਨਾਲ ਲੱਸੀ, ਸਵਾਦ ਦੁੱਧ ਦਾ ਟੁਕੜਿਆਂ ਰੁੱਖਿਆਂ ਦਾ। ਬਣਨ ਪਿੰਨੀਆਂ ਏਸ ਦੇ ਚਾਉਲਾਂ ਦੀਆਂ, ਖਾਵੇ ਦੇਣ ਮਜ਼ਾ ਚੋਖਾ ਚੁੱਖਿਆਂ ਦਾ। ਵਾਰਿਸ ਸ਼ਾਹ ਮੀਆਂ ਨਵਾਂ ਨਜ਼ਰ ਆਇਆ, ਇਹ ਚਾਲੜਾ ਲੁੱਚਿਆਂ ਭੁੱਖਿਆਂ ਦਾ। (ਚੋਖਾ=ਵੱਧ, ਚੁਖਿਆਂ ਦਾ=ਟੋਟੇ ਕੀਤੀਆਂ)
425. ਰਾਂਝਾ
ਚੀਣਾ ਖ਼ੈਰ ਦੇਣਾ ਬੁਰਾ ਜੋਗੀਆਂ ਨੂੰ, ਮੱਛੀ ਭਾਬੜੇ ਨੂੰ ਮਾਸ ਬਾਹਮਣਾਂ ਨੀ। ਕੈਫ਼ ਭਗਤ ਕਾਜ਼ੀ ਤੇਲ ਖੰਘ ਵਾਲੇ, ਵੱਢ ਸੁੱਟਣਾ ਲੁੰਗ ਪਲਾਹਮਣਾਂ ਨੀ। ਜ਼ਹਿਰ ਜੀਂਵਦੇ ਨੂੰ ਅੰਨ ਸੰਨ੍ਹ ਵਾਲੇ, ਪਾਣੀ ਹਲਕਿਆਂ ਨੂੰ, ਧਰਨ ਸਾਹਮਣਾ ਨੀ। ਵਾਰਿਸ ਸ਼ਾਹ ਜਿਉਂ ਸੰਖੀਆ ਚੂਹਿਆਂ ਨੂੰ, ਸੰਖ ਮੁੱਲਾਂ ਨੂੰ ਬਾਂਗ ਜਿਉਂ ਬਾਹਮਣਾਂ ਨੀ। (ਕੈਫ਼=ਨਸ਼ਾ, ਲੁੰਗ ਪਲਾਹਮਨ=ਕੂੰਬਲਾਂ, ਸੰਨ੍ਹ=ਲਕਵਾ, ਧਰਨ=ਰੱਖਣਾ)
426. ਸਹਿਤੀ
ਕਿਉਂ ਵਿਗੜ ਕੇ ਤਿਗੜ ਕੇ ਪਾਟ ਲੱਥੋਂ, ਅੰਨ ਆਬੇ-ਹਿਆਤ ਹੈ ਭੁੱਖਿਆਂ ਨੂੰ। ਬੁੱਢਾ ਹੋਵਸੇਂ ਲਿੰਗ ਜਾ ਰਹਿਣ ਟੁਰਨੋਂ, ਫਿਰੇਂ ਢੂੰਡਦਾ ਟੁੱਕਰਾਂ ਰੁੱਖਿਆਂ ਨੂੰ। ਕਿਤੇ ਰੰਨ ਘਰ ਬਾਰ ਨਾ ਅੱਡਿਆ ਈ, ਅਜੇ ਫਿਰੇਂ ਚਲਾਉਂਦਾ ਤੁੱਕਿਆਂ ਨੂੰ। ਵਾਰਿਸ ਸ਼ਾਹ ਅੱਜ ਵੇਖ ਜੋ ਚੜ੍ਹੀ ਮਸਤੀ, ਓਹਨਾਂ ਲੁੱਚਿਆਂ ਭੁੱਖਿਆਂ ਸੁੱਕਿਆਂ ਨੂੰ। (ਤੀਰ ਤੁੱਕੇ=ਕਿਸੇ ਪਿੰਡ ਵਿੱਚ ਇੱਕ ਭੋਲਾ ਪੁਰਸ਼ ਰਹਿੰਦਾ ਸੀ।ਉਹਦੇ ਘਰ ਵਾਲੀ ਨੇ ਉਹਨੂੰ ਕਮਾਈ ਕਰਨ ਲਈ ਪਰਦੇਸ ਭੇਜ ਦਿੱਤਾ ਅਤੇ ਪਿੱਛੋਂ ਇਕ ਬਦਚਲਨ ਨਾਲ ਫਸ ਗਈ।ਉਹ ਪੁਰਸ਼ ਕੁੱਝ ਸਮੇ ਪਿੱਛੋਂ ਘਰ ਆਇਆ।ਉਹ ਬਹੁਤਾ ਸਮਾਂ ਘਰ ਹੀ ਰਹਿੰਦਾ ਜਿਸ ਕਰਕੇ ਘਰ ਵਾਲੀ ਬਹੁਤ ਤੰਗ ਸੀ।ਅਖ਼ੀਰ ਘਰਵਾਲੀ ਦੇ ਯਾਰ ਨੇ ਉਹਦੇ ਪਤੀ ਨਾਲ ਦੋਸਤੀ ਜ਼ਾਹਰ ਕੀਤੀ।ਪਤੀ ਨੂੰ ਤੀਰ ਅੰਦਾਜ਼ੀ ਦੀ ਕਲਾ ਸਿੱਖਣ ਲਈ ਮਨਾਇਆ ਅਤੇ ਆਪਣਾ ਸ਼ਗਿਰਦ ਥਾਪਿਆ।ਜਦੋਂ ਘਰਵਾਲੀ ਦਾ ਮਾਲਕ ਤੀਰ (ਤੁੱਕਾ) ਚਲਾਉਂਦਾ ਤਾਂ ਆਸ਼ਕ ਚਕ ਕੇ ਲਿਆਉਂਦਾ ਅਤੇ ਫਿਰ ਦੂਜੀ ਬਾਰੀ ਦਿੰਦਾ।ਆਸ਼ਕ ਦੇ ਤੁੱਕੇ ਦਿਨੋ ਦਿਨ ਦੂਰ ਜਾਣ ਲੱਗੇ।ਕਈ ਵਾਰੀ ਉਹ ਚੁਕ ਕੇ ਲਿਆਉਣ ਨੂੰ 30-40 ਮਿੰਟ ਲੱਗਦੇ।ਓਨੀ ਦੇਰ ਵਿੱਚ ਉਹ ਉਹਦੀ ਘਰ ਵਾਲੀ ਨਾਲ ਮੌਜਾਂ ਕਰਦਾ।ਇੱਕ ਵਾਰ ਘਰ ਵਾਲਾ ਸ਼ੱਕ ਕਾਰਨ ਤੀਰ ਚੁੱਕਣ ਗਿਆ ਰਸਤੇ ਵਿੱਚੋਂ ਦੋ ਚਾਰ ਮਿੰਟ ਵਿੱਚ ਮੁੜ ਆਇਆ ਅਤੇ ਆਪਣੀ ਪਤਨੀ ਅਤੇ ਆਸ਼ਕ ਨੂੰ ਮੌਕੇ ਤੇ ਨੱਪ ਲਿਆ।ਉਸ ਨੇ ਉਹਨੂੰ ਕੁੱਟ ਕੁੱਟ ਕੇ ਪਿੰਡੋਂ ਕੱਢ ਦਿੱਤਾ।ਉਹ ਦੂਰ ਦੇ ਇੱਕ ਪਿੰਡ ਜਾ ਵਸਿਆ।ਇੱਕ ਵਾਰੀ ਇਸਤਰੀ ਦਾ ਮਾਲਕ ਉਸ ਪਿੰਡ ਇੱਕ ਜਨੇਤੇ ਗਿਆ ਉਸ ਬਦਮਾਸ਼ ਨੂੰ ਮਿਲ ਪਿਆ ਅਤੇ ਉਹਨੂੰ ਪੁੱਛਿਆ ਕਿ ਉਹਨੇ ਕਿਤੇ ਘਰ ਬਾਰ ਵਸਾ ਲਿਆ ਹੈ ਜਾਂ ਹਾਲੀਂ ਤੀਰ ਤੁੱਕੇ ਹੀ ਚਲਾਉਂਦਾ ਹੈ, ਅੰਨ=ਰੋਟੀ, ਆਬੇ-ਹਿਆਤ=ਅੰਮ੍ਰਿਤ, ਅੱਡਿਆ=ਵਸਾਇਆ)
427. ਜੋਗੀ ਲੜਣ ਲਈ ਤਿਆਰ
ਜੋਗੀ ਗ਼ਜ਼ਬ ਦੇ ਸਿਰ ਤੇ ਸੱਟ ਖੱਪਰ, ਪਕੜ ਉਠਿਆ ਮਾਰ ਕੇ ਛੌੜਿਆ ਈ। ਲੈ ਕੇ ਫਾਹੁੜੀ ਘੁਲਣ ਨੂੰ ਤਿਆਰ ਹੋਇਆ, ਮਾਰ ਵਿਹੜੇ ਦੇ ਵਿੱਚ ਅਪੌੜਿਆ ਈ। ਸਾੜ ਬਾਲ ਕੇ ਜੀਊ ਨੂੰ ਖ਼ਾਕ ਕੀਤਾ, ਨਾਲ ਕਾਵੜਾਂ ਦੇ ਜਟ ਕੌੜ੍ਹਿਆ ਈ। ਜੇਹਾ ਜ਼ਕਰੀਆ ਖ਼ਾਨ ਮੁਹਿੰਮ ਕਰਕੇ, ਲੈ ਕੇ ਤੋਪ ਪਹਾੜ ਨੂੰ ਦੌੜਿਆ ਈ। ਜੇਹਾ ਮਹਿਰ ਦੀ ਸਥ ਦਾ ਬਾਨ-ਭੁੱਚਰ, ਵਾਰਿਸ ਸ਼ਾਹ ਫ਼ਕੀਰ ਤੇ ਦੌੜਿਆ ਈ। (ਅਪੌੜਿਆ=ਪਿੱਛੇ ਮੁੜਿਆ, ਕੌੜ੍ਹਿਆ=ਕੁੜ੍ਹਿਆ,ਜਲ ਭੁੱਜ ਗਿਆ, ਬਾਨ-ਭੁੱਚਰ=ਮੋਟਾ ਕੁੱਤਾ)
428. ਰਾਂਝਾ ਨੌਕਰਾਣੀ ਨੂੰ
ਹੱਥ ਚਾਇ ਮੁਤਹਿਰੜੀ ਕੜਕਿਆ ਈ, ਤੈਨੂੰ ਆਉਂਦਾ ਜਗ ਸਭ ਸੁੰਞ ਰੰਨੇ। ਚਾਵਲ ਨਿਹਮਤਾਂ ਕਣਕ ਤੂੰ ਆਪ ਖਾਏਂ, ਖ਼ੈਰ ਦੇਣ ਤੇ ਕੀਤਾ ਹੈ ਖੁੰਝ ਰੰਨੇ। ਖੜ ਦਹੇ ਚੀਣਾ ਘਰ ਖ਼ਾਵੰਦਾਂ ਦੇ, ਨਹੀਂ ਮਾਰ ਕੇ ਕਰੂੰਗਾ ਮੁੰਜ ਰੰਨੇ। ਫਿਟ ਚੜ੍ਹਦਿਆਂ ਚੂੜੀਆਂ ਕਢ ਸੁਟਾਂ, ਲਾ ਬਹੀਏਂ ਜੇ ਵੈਰ ਦੀ ਝੁੰਜ ਰੰਨੇ। ਸਿਰ ਫਾਹੁੜੀ ਮਾਰ ਕੇ ਦੰਦ ਝਾੜੂੰ, ਟੰਗਾਂ ਭੰਨ ਕੇ ਕਰੂੰਗਾ ਲੁੰਜ ਰੰਨੇ। ਤੇਰੀ ਵਰੀ-ਸੂਈ ਹੁਣੇ ਫੋਲ ਸੁੱਟਾਂ, ਜਹੀ ਰਹੇਂਗੀ ਉਂਜ ਦੀ ਉਂਜ ਰੰਨੇ। ਵਾਰਿਸ ਸ਼ਾਹ ਸਿਰ ਚਾੜ੍ਹ ਵਿਗਾੜੀਏਂ ਤੂੰ, ਹਾਥੀ ਵਾਂਗ ਮੈਦਾਨ ਵਿੱਚ ਗੁੰਜ ਰੰਨੇ। (ਸੁੰਞ=ਸੁੰਞਾਂ, ਖੁੰਝ=ਗਲਤੀ, ਮੁੰਜ ਕਰਨੀ=ਮੁੰਜ ਵਾਂਗੂ ਕੁੱਟੂੰ, ਚੂੜੀਆਂ ਕੱਢਣਾ= ਬਾਹੋਂ ਫੜ ਕੇ ਝਟਕਾ ਦੇਣਾ, ਵਰੀ ਸੂਈ ਫੋਲ ਸੁੱਟਾਂ=ਵਰੀ ਭਾਵ ਸਹੁਰਿਆਂ ਨੇ ਵਰੀ ਵਿੱਚ ਦਿੱਤਾ ਸਮਾਨ,ਭਾਵ ਤੇਰੇ ਸਾਰੇ ਭੇਦ ਫੋਲ ਦੇਵਾਂਗਾ, ਕੁੰਜ=ਹਾਥੀ ਦਾ ਵਿਖਾਵੇ ਦਾ ਦੰਦ, ਲੁੰਜ=ਲੂਲ੍ਹਾ,ਲੰਗੜਾ)
429. ਸਹਿਤੀ ਨੌਕਰਾਣੀ ਨੂੰ
ਬਾਂਦੀ ਹੋਇਕੇ ਚੁਪ ਖਲੋ ਰਹੀ, ਸਹਿਤੀ ਆਖਦੀ ਖ਼ੈਰ ਨਾ ਪਾਇਉ ਕਿਉਂ। ਇਹ ਤਾਂ ਜੋਗੀੜਾ ਲੀਕ ਕੰਮਜ਼ਾਤ ਕੰਜਰ, ਏਸ ਨਾਲ ਤੂੰ ਭੇੜ ਮਚਾਇਉ ਕਿਉਂ। ਆਪ ਜਾਇ ਕੇ ਦੇ ਜੇ ਹੈ ਲੈਂਦਾ, ਘਰ ਮੌਤ ਦੇ ਘਤ ਫਹਾਇਉ ਕਿਉਂ। ਮੇਰੀ ਪਾਣ ਪੱਤ ਏਸ ਨੇ ਲਾਹ ਸੁੱਟੀ, ਜਾਣ ਬੁੱਝ ਬੇਸ਼ਰਮ ਕਰਾਇਉ ਕਿਉਂ। ਮੈਂ ਤਾਂ ਏਸ ਦੇ ਹੱਥ ਵਿੱਚ ਆਣ ਫਾਥੀ, ਮੂੰਹ ਸ਼ੇਰ ਦੇ ਮਾਸ ਫਹਾਇਉ ਕਿਉਂ। ਵਾਰਿਸ ਸ਼ਾਹ ਮੀਆਂ ਏਸ ਮੋਰਨੀ ਨੇ, ਦਵਾਲੇ ਲਾਹੀਕੇ ਬਾਜ਼ ਛੁਡਾਇਉ ਕਿਉਂ। (ਲੀਕ=ਬਦਨਾਮੀ ਦਾ ਧੱਬਾ, ਦਵਾਲੇ ਲਾਹੀਕੇ=ਬਾਜ਼ ਦੇ ਤਸਮੇ ਖੋਲ੍ਹ ਕੇ)
430. ਰਾਂਝਾ
ਝਾਟਾ ਖੋਹ ਕੇ ਮੀਢੀਆਂ ਪੁੱਟ ਘੱਤੂੰ, ਗੁੱਤੋਂ ਪਕੜ ਕੇ ਦਿਉਂ ਵਿਲਾਵੜਾ ਨੀ। ਜੇ ਤਾਂ ਪਿੰਡ ਦਾ ਖ਼ੌਫ਼ ਵਿਖਾਵਨੀ ਹੈਂ, ਲਿਖਾਂ ਪਸ਼ਮ ਤੇ ਇਹ ਗਿਰਾਂਵੜਾ ਨੀ। ਤੇਰਾ ਅਸਾਂ ਦੇ ਨਾਲ ਮੁਦਪੱੜਾ ਹੈ, ਨਹੀਂ ਹੋਵਣਾ ਸਹਿਜ ਮਿਲਾਵੜਾ ਨੀ। ਲਤ ਮਾਰ ਕੇ ਛੜੂੰਗਾ ਚਾਇ ਗੁੰਬੜ, ਕਢ ਆਈ ਹੈਂ ਢਿਡ ਜਿਉਂ ਤਾਵੜਾ ਨੀ। ਸਣੇ ਕਵਾਰੀ ਦੇ ਮਾਰ ਕੇ ਮਿੱਝ ਕਢੂੰ, ਚੁਤੜ ਘੜੂੰਗਾ ਨਾਲ ਫਹਾਵੜਾ ਨੀ। ਹੱਥ ਲਗੇ ਤਾਂ ਸੁਟੂੰਗਾ ਚੀਰ ਰੰਨੇ, ਕਢ ਲਊਂਗਾ ਸਾਰੀਆਂ ਕਾਵੜਾਂ ਨੀ। ਤੁਸੀਂ ਤਰੈ ਘੁਲਾਟਣਾਂ ਜਾਣਦਾ ਹਾਂ, ਕੱਢਾ ਦੋਹਾਂ ਦਾ ਪੋਸਤਿਆਵੜਾ ਨੀ। ਵਾਰਿਸ ਸ਼ਾਹ ਦੇ ਮੋਢਿਆਂ ਚੜ੍ਹੀ ਹੈਂ ਤੂੰ, ਨਿਕਲ ਜਾਣਗੀਆਂ ਜਵਾਨੀਆਂ ਦੀਆਂ ਚਾਵੜਾਂ ਨੀ। (ਪਸ਼ਮ ਤੇ ਲਿਖਣਾ=ਕੋਈ ਪਰਵਾਹ ਨਾ ਕਰਨਾ, ਮਦੱਪੜਾ=ਨੇੜਤਾ, ਗੁੰਬੜ= ਮੋਟਾ ਢਿੱਡ, ਗੋਗੜ, ਤਾਵੜਾ=ਤੌੜਾ, ਕਵਾਰੀ=ਕੁਆਰੀ ਭਾਵ ਹੀਰ, ਘੁਲ੍ਹਾਟਾਂ= ਪਹਿਲਵਾਨਣੀ, ਪੋਸਤਿਆਵੜਾ=ਕਚੂਮਰ)
431. ਤਥਾ
ਹੀਰੇ ਕਰਾਂ ਮੈਂ ਬਹੁਤ ਹਿਆ ਤੇਰਾ, ਨਹੀਂ ਮਾਰਾਂ ਸੂ ਪਕੜ ਪਥੱਲ ਕੇ ਨੀ। ਸੱਭਾ ਪਾਣ ਪੱਤ ਏਸ ਦੀ ਲਾਹ ਸੁੱਟਾਂ, ਲੱਖ ਵਾਹਰਾਂ ਦਏ ਜੇ ਘੱਲ ਕੇ ਨੀ। ਜੇਹਾ ਮਾਰ ਚਿਤੌੜ ਗੜ੍ਹ ਸ਼ਾਹ ਅਕਬਰ, ਢਾਹ ਮੋਰਚੇ ਲਏ ਮਚੱਲਕੇ ਨੀ। ਜਿਉਂ ਜਿਉਂ ਸ਼ਰਮ ਦਾ ਮਾਰਿਆ ਚੁਪ ਕਰਨਾਂ, ਨਾਲ ਮਸਤੀਆਂ ਆਂਵਦੀ ਚੱਲ ਕੇ ਨੀ। ਤੇਰੀ ਪਕੜ ਸੰਘੀ ਜਿੰਦ ਕੱਢ ਸੁੱਟਾਂ, ਮੇਰੇ ਖੁੱਸ ਨਾ ਜਾਣਗੇ ਤੱਲਕੇ ਨੀ। ਭਲਾ ਆਖ ਕੀ ਖੱਟਣਾ ਵੱਟਣਾ ਹਈ, ਵਾਰਿਸ ਸ਼ਾਹ ਦੇ ਨਾਲ ਪਿੜ ਮੱਲ ਕੇ ਨੀ। (ਪਥੱਲ=ਉਲਟਾ ਕੇ, ਮਚੱਲਕੇ=ਇਕਰਾਰ ਨਾਮੇ, ਤੱਲਕੇ=ਜਗੀਰ)
432. ਹੀਰ
ਬੋਲੀ ਹੀਰ ਮੀਆਂ ਪਾ ਖ਼ਾਕ ਤੇਰੀ, ਪਿੱਛਾ ਟੁੱਟੀਆਂ ਅਸੀਂ ਪਰਦੇਸਣਾਂ ਹਾਂ। ਪਿਆਰੇ ਵਿਛੜੇ ਚੌਂਪ ਨਾ ਰਹੀ ਕਾਈ, ਲੋਕਾਂ ਵਾਂਗ ਨਾ ਮਿੱਠੀਆਂ ਮੇਸਣਾਂ ਹਾਂ। ਅਸੀਂ ਜੋਗੀਆ ਪੈਰ ਦੀ ਖ਼ਾਕ ਤੇਰੀ, ਨਾਹੀਂ ਖੋਟੀਆਂ ਅਤੇ ਮਲਖੇਸਣਾਂ ਹਾਂ। ਨਾਲ ਫ਼ਕਰ ਦੇ ਕਰਾਂ ਬਰਾਬਰੀ ਕਿਉਂ, ਅਸੀਂ ਜੱਟੀਆਂ ਹਾਂ ਕਿ ਕੁਰੇਸ਼ਣਾਂ ਹਾਂ। (ਪਾਇ ਖ਼ਾਕ=ਪੈਰਾਂ ਦੀ ਮਿੱਟੀ, ਪਿੱਛਾ ਟੁੱਟੀ=ਜਿਹਦੀ ਪੁਸ਼ਤ ਪਨਾਹ ਕਰਨ ਵਾਲਾ ਕੋਈ ਨਾ ਹੋਵੇ, ਚੌਂਪ=ਚਾਉ, ਮਿੱਠੀ ਮੇਸਣੀ=ਚੁਪ ਐਪਰ ਖਚਰੀ, ਕੁਰੇਸ਼ਣਾਂ=ਕੁਰੈਸ਼ੀ ਖ਼ਾਨਦਾਨ ਦੀਆਂ, ਹਜ਼ਰਤ ਮੁਹੰਮਦ ਸਾਹਿਬ ਦੇ ਕਬੀਲੇ ਦਾ ਨਾਮ ਕੁਰੈਸ਼ ਹੈ)
433. ਹੀਰ ਨੂੰ ਸਹਿਤੀ
ਨਵੀਂ ਨੂਚੀਏ ਕੱਚੀਏ ਯਾਰਨੀਏ ਨੀ, ਕਾਰੇ-ਹੱਥੀਏ ਚਾਕ ਦੀਏ ਪਿਆਰੀਏ ਨੀ। ਪਹਿਲੇ ਕੰਮ ਸਵਾਰ ਹੋ ਬਹੇਂ ਨਿਆਰੀ, ਬੇਲੀ ਘੇਰ ਲੈ ਜਾਣੀਏ ਡਾਰੀਏ ਨੀ। ਆਪ ਭਲੀ ਹੋ ਬਹੇਂ ਤੇ ਅਸੀਂ ਬੁਰੀਆਂ, ਕਰੇਂ ਖਚਰ-ਪੌ ਰੂਪ ਸ਼ਿੰਗਾਰੀਏ ਨੀ। ਅਖੀਂ ਮਾਰ ਕੇ ਯਾਰ ਨੂੰ ਛੇੜ ਪਾਉ ਨੀ ਮਹਾਂ ਸਤੀਏ ਚਹਿ ਚਹਾਰੀਏ ਨੀ। ਆਉ ਜੋਗੀ ਨੂੰ ਲਈਂ ਛੁਡਾ ਸਾਥੋਂ, ਤੁਸਾਂ ਦੋਹਾਂ ਦੀ ਪੈਜ ਸਵਾਰੀਏ ਨੀ। ਵਾਰਿਸ ਸ਼ਾਹ ਹੱਥ ਫੜੇ ਦੀ ਲਾਜ ਹੁੰਦੀ, ਕਰੀਏ ਸਾਥ ਤਾਂ ਪਾਰ ਉਤਾਰੀਏ ਨੀ। (ਕਾਰੇ ਹੱਥੀ=ਹੁਸ਼ਿਆਰ, ਚਲਾਕ)
434. ਸਹਿਤੀ ਨੇ ਖ਼ੈਰ ਪਾਉਣਾ
ਸਹਿਤੀ ਹੋ ਗ਼ੁੱਸੇ ਚਾ ਖ਼ੈਰ ਪਾਇਆ, ਜੋਗੀ ਵੇਖਦੇ ਤੁਰਤ ਹੀ ਰੱਜ ਪਿਆ। ਮੂੰਹੋਂ ਆਖਦੀ ਰੋਹ ਦੇ ਨਾਲ ਜੱਟੀ, ਕਟਕ ਖੇੜਿਆਂ ਦੇ ਭਾਵੇਂ ਅੱਜ ਪਿਆ। ਇਹ ਲੈ ਮਕਰਿਆ ਠਕਰਿਆ ਰਾਵਲਾ ਵੇ, ਕਾਹੇ ਵਾਚਨਾ ਏਂ ਐਡ ਧਰੱਜ ਪਿਆ। ਠੂਠੇ ਵਿੱਚ ਸਹਿਤੀ ਚੀਣਾ ਘਤ ਦਿੱਤਾ, ਫੱਟ ਜੋਗੀ ਦੇ ਕਾਲਜੇ ਵੱਜ ਪਿਆ। ਵਾਰਿਸ ਸ਼ਾਹ ਸ਼ਰਾਬ ਖ਼ਰਾਬ ਹੋਇਆ, ਸ਼ੀਸ਼ਾ ਸੰਗ ਤੇ ਵੱਜ ਕੇ ਭੱਜ ਪਿਆ। (ਰੱਜ ਪਿਆ=ਦੁਖੀ ਹੋਇਆ, ਸ਼ੀਸਾ=ਪਿਆਲਾ, ਸੰਗ=ਪੱਥਰ, ਕਾਲਜੇ ਵੱਜ ਪਿਆ=ਬਹੁਤ ਤਕਲੀਫ਼ ਹੋਈ)
435. ਰਾਂਝਾ
ਖ਼ੈਰ ਫ਼ਕਰ ਨੂੰ ਅਕਲ ਦੇ ਨਾਲ ਦੀਚੈ, ਹੱਥ ਸੰਭਲ ਕੇ ਬੁੱਕ ਉਲਾਰੀਏ ਨੀ। ਕੀਚੈ ਐਡ ਹੰਕਾਰ ਨਾ ਜੋਬਨੇ ਦਾ, ਘੋਲ ਘੱਤੀਏ ਮਸਤ ਹੰਕਾਰੀਏ ਨੀ। ਹੋਈਉਂ ਮਸਤ ਗਰੂਰ ਤਕੱਬਰੀ ਦਾ, ਲੋੜ੍ਹ ਘਤਿਉਂ ਰੰਨੇ ਡਾਰੀਏ ਨੀ। ਕੀਚੈ ਹੁਸਨ ਦਾ ਮਾਣ ਨਾ ਭਾਗ ਭਰੀਏ, ਛਲ ਜਾਇਸੀ ਰੂਪ ਵਿਚਾਰੀਏ ਨੀ। ਠੂਠਾ ਭੰਨ ਫ਼ਕੀਰ ਨੂੰ ਪੱਟਿਉ ਈ, ਸ਼ਾਲਾ ਯਾਰ ਮਰੀ ਅਨੀ ਡਾਰੀਏ ਨੀ। ਮਾਪੇ ਮਰਨ ਹੰਕਾਰ ਭੱਜ ਪਵੇ ਤੇਰਾ, ਵਾਰਿਸ ਪੱਤਣੇ ਦੀਏ ਵਣਜਾਰੀਏ ਨੀ। (ਸ਼ਾਲਾ=ਰਬ ਕਰੇ)
436. ਸਹਿਤੀ
ਘੋਲ ਘਤਿਉਂ ਯਾਰ ਦੇ ਨਾਉਂ ਉਤੋਂ, ਮੂੰਹੋਂ ਸੰਭਲੀਂ ਜੋਗੀਆਂ ਆਰਿਆ ਵੇ। ਤੇਰੇ ਨਾਲ ਮੈਂ ਆਖ ਕੀ ਬੁਰਾ ਕੀਤਾ, ਹੱਥ ਲਾ ਨਾਹੀਂ ਤੈਨੂੰ ਮਾਰਿਆ ਵੇ। ਮਾਉਂ ਸੁਣਦਿਆਂ ਪੁਣੇਂ ਤੂੰ ਯਾਰ ਮੇਰਾ, ਵੱਡਾ ਕਹਿਰ ਕੀਤੋ ਲੋੜ੍ਹੇ ਮਾਰਿਆ ਵੇ। ਰੁਗ ਆਟੇ ਦਾ ਹੋਰ ਲੈ ਜਾ ਸਾਥੋਂ, ਕਿਵੇਂ ਵੱਢ ਫ਼ਸਾਦ ਹਰਿਆਰਿਆ ਵੇ। ਤੈਥੇ ਆਦਮੀਗਰੀ ਦੀ ਗੱਲ ਨਾਹੀਂ, ਰੱਬ ਚਾਇ ਬਥੁੰਨ ਉਸਾਰਿਆ ਵੇ। ਵਾਰਿਸ ਕਿਸੇ ਅਸਾਡੇ ਨੂੰ ਖ਼ਬਰ ਹੋਵੇ, ਐਵੇਂ ਮੁਫ਼ਤ ਵਿੱਚ ਜਾਏਂਗਾ ਮਾਰਿਆ ਵੇ। (ਮਾਂ ਸੁਣਦਿਆਂ=ਮਾਂ ਸਾਹਮਣੇ, ਪੁਣੇਂ=ਗਾਲਾਂ ਕੱਢੇਂ, ਆਦਮੀਗਰੀ= ਇਨਸਾਨੀਅਤ, ਬਥੁੰਨ=ਬੇਢਬਾ,ਪਸੂ, ਅਸਾਡੇ=ਸਾਡੇ ਟੱਬਰ ਦੇ ਬੰਦੇ ਨੂੰ)
437. ਰਾਂਝਾ
ਜੇ ਤੈਂ ਪੋਲ ਕਢਾਵਣਾ ਨਾ ਆਹਾ, ਠੂਠਾ ਫ਼ਕਰ ਦਾ ਚਾ ਭਨਾਈਏ ਕਿਉਂ। ਜੇ ਤੈਂ ਕਵਾਰਿਆਂ ਯਾਰ ਹੰਢਾਵਣੇ ਸਨ, ਤਾਂ ਫਿਰ ਮਾਂਉਂ ਦੇ ਕੋਲੋਂ ਛੁਪਾਈਏ ਕਿਉਂ। ਖ਼ੈਰ ਮੰਗੀਏ ਤਾਂ ਭੰਨ ਦਏਂ ਕਾਸਾ ਅਸੀਂ ਆਖਦੇ ਮੂੰਹੋਂ ਸ਼ਰਮਾਈਏ ਕਿਉਂ। ਭਰਜਾਈ ਨੂੰ ਮਿਹਣਾ ਚਾਕ ਦਾ ਸੀ, ਯਾਰੀ ਨਾਲ ਬਲੋਚ ਦੇ ਲਾਈਏ ਕਿਉਂ। ਬੋਤੀ ਹੋ ਬਲੋਚ ਦੇ ਹੱਥ ਆਈਏਂ, ਜੜ੍ਹ ਕਵਾਰ ਦੀ ਚਾ ਭਨਾਈਏ ਕਿਉਂ। ਵਾਰਿਸ ਸ਼ਾਹ ਜਾਂ ਆਕਬਤ ਖ਼ਾਕ ਹੋਣਾ, ਏਥੇ ਆਪਣੀ ਸ਼ਾਨ ਵਧਾਈਏ ਕਿਉਂ। (ਪੋਲ ਕਢਾਵਣਾ=ਪੋਲ ਜ਼ਾਹਰ ਕਰਾਉਣਾ, ਬੋਤੀ=ਊਠਣੀ ਕਵਾਰ ਦੀ ਜੜ੍ਹ ਭਨਾਈਏ=ਕਵਾਰ ਪੁਣਾ ਬਰਬਾਦ ਕਰਾਉਣਾ, ਆਕਬਤ=ਅੰਤ)
438. ਸਹਿਤੀ
ਜੋ ਕੋ ਜੰਮਿਆ ਮਰੇਗਾ ਸਭ ਕੋਈ, ਘੜ੍ਹਿਆ ਭੱਜਸੀ ਵਾਹ ਸਭ ਵਹਿਣਗੇ ਵੇ। ਮੀਰ ਪੀਰ ਵਲੀ ਗ਼ੌਸ ਕੁਤਬ ਜਾਸਣ, ਇਹ ਸਭ ਪਸਾਰੜੇ ਢਹਿਣਗੇ ਵੇ। ਜਦੋਂ ਰਬ ਆਮਾਲ ਦੀ ਖ਼ਬਰ ਪੁੱਛੇ, ਹਥ ਪੈਰ ਗਵਾਹੀਆਂ ਕਹਿਣਗੇ ਵੇ। ਭੰਨੇਂ ਠੂਠੇ ਤੋਂ ਐਡ ਵਧਾ ਕੀਤੋ, ਬੁਰਾ ਤੁਧ ਨੂੰ ਲੋਕ ਸਭ ਕਹਿਣਗੇ ਵੇ। ਜੀਭ ਬੁਰਾ ਬੋਲੇਸਿਆ ਰਾਵਲਾ ਵੇ, ਹੱਡ ਪੈਰ ਸਜ਼ਾਈਆਂ ਲੈਣਗੇ ਵੇ। ਕੁਲ ਚੀਜ਼ ਫ਼ਨਾਹ ਹੋ ਖ਼ਾਕ ਰਲਸੀ, ਸਾਬਤ ਵਲੀ ਅੱਲਾਹ ਦੇ ਰਹਿਣਗੇ ਵੇ। ਠੂਠਾ ਨਾਲ ਤਕਦੀਰ ਦੇ ਭੱਜ ਪਿਆ, ਵਾਰਿਸ ਸ਼ਾਹ ਹੋਰੀਂ ਸੱਚ ਕਹਿਣਗੇ ਵੇ। (ਵਾਹ=ਨਦੀ, ਆਮਾਲ=ਅਮਲ ਦਾ ਬਹੁ-ਵਚਨ,ਕੰਮ, ਵਧਾ ਕੀਤਾ=ਵੱਡੀ ਗੱਲ ਬਣਾ ਲਈ, ਰਲਸੀ=ਰਲੇਗੀ)
439. ਰਾਂਝਾ
ਸ਼ਾਲਾ ਕਹਿਰ ਪੌਸੀ ਛੁੱਟੇ ਬਾਜ਼ ਪੈਣੀ, ਠੂਠਾ ਭੰਨ ਕੇ ਲਾਡ ਭੰਗਾਰਨੀ ਹੈਂ। ਲੱਕ ਬੰਨ੍ਹ ਕੇ ਰੰਨੇ ਘੁਲ੍ਹੱਕੜੇ ਨੀ, ਮਾੜਾ ਵੇਖ ਫ਼ਕੀਰ ਨੂੰ ਮਾਰਨੀ ਹੈਂ। ਨਾਲੇ ਮਾਰਨੀ ਹੈਂ ਜੀਊ ਸਾੜਨੀ ਹੈਂ, ਨਾਲੇ ਹਾਲ ਹੀ ਹਾਲ ਪੁਕਾਰਨੀ ਹੈਂ। ਮਰੇ ਹੁਕਮ ਦੇ ਨਾਲ ਤਾਂ ਸਭ ਕੋਈ, ਬਿਨਾ ਹੁਕਮ ਦੇ ਖ਼ੂਨ ਗੁਜ਼ਾਰਨੀ ਹੈਂ। ਬੁਰੇ ਨਾਲ ਜੇ ਬੋਲੀਏ ਬੁਰਾ ਹੋਈਏ, ਅਸੀਂ ਬੋਦਲੇ ਹਾਂ ਤਾਂ ਤੂੰ ਮਾਰਨੀ ਹੈਂ। ਠੂਠਾ ਫੇਰ ਦਰੁਸਤ ਕਰ ਦੇਹ ਮੇਰਾ, ਹੋਰ ਆਖ ਕੀ ਸੱਚ ਨਿਤਾਰਨੀ ਹੈਂ। ਲੋਕ ਆਖਦੇ ਹਨ ਇਹ ਕੁੜੀ ਕਵਾਰੀ, ਸਾਡੇ ਬਾਬ ਦੀ ਧਾੜਵੀ ਧਾਰਨੀ ਹੈਂ। ਐਡੇ ਫ਼ਨ ਫ਼ਰੇਬ ਹਨ ਯਾਦ ਤੈਨੂੰ, ਮੁਰਦਾਰਾਂ ਦੀ ਸਿਰ ਸਰਦਾਰਨੀ ਹੈਂ। ਘਰ ਵਾਲੀਏ ਵਹੁਟੀਏ ਬੋਲ ਤੂੰ ਵੀ, ਕਹੀ ਜੀਊ ਵਿੱਚ ਸੋਚ ਵਿਚਾਰਨੀ ਹੈਂ। ਸਵਾ ਮਣੀ ਮੁਤਹਿਰ ਪਈ ਫਰਕਦੀ ਹੈ, ਕਿਸੇ ਯਾਰਨੀ ਦੇ ਸਿਰ ਮਾਰਨੀ ਹੈਂ। ਇੱਕ ਚੋਰ ਤੇ ਦੂਸਰੀ ਚਤਰ ਬਣੀਉਂ, ਵਾਰਿਸ ਸ਼ਾਹ ਹੁਣ ਢਾਇ ਕੇ ਮਾਰਨੀ ਹੈਂ। (ਸ਼ਾਲਾ=ਰਬ ਚਾਹੇ, ਲਾਡ ਭੰਗਾਰਨੀ=ਮਖੌਲ ਕਰਦੀ,ਗੱਲਾਂ ਮਾਰਦੀ, ਘੁਲੱਕੜੀ= ਘੁਲਣ ਵਾਲੀ, ਹਾਲ ਹੀ ਹਾਲ ਪੁਕਾਰਨਾ=ਹਾਏ ਹਾਏ ਕਰਨਾ,ਰੌਲਾ ਪਾਉਣਾ, ਧਾੜਵੀ=ਧਾੜਾ ਮਾਰਨ ਵਾਲੀ, ਮੁਰਦਾਰ=ਗੰਦਾ,ਹਰਾਮੀ)
440. ਹੀਰ
ਹੀਰ ਆਖਦੀ ਇਹ ਚਵਾਇ ਕੇਹਾ, ਠੂਠਾ ਭੰਨ ਫ਼ਕੀਰਾਂ ਨੂੰ ਮਾਰਨਾ ਕੀ। ਜਿਨ੍ਹਾਂ ਹਿਕ ਅੱਲਾਹ ਦਾ ਆਸਰਾ ਹੈ, ਓਨ੍ਹਾਂ ਪੰਖੀਆਂ ਨਾਲ ਖਹਾੜਨਾ ਕੀ। ਜਿਹੜੇ ਕੰਨ ਪੜਾਇ ਫ਼ਕੀਰ ਹੋਏ, ਭਲਾ ਉਨ੍ਹਾਂ ਦਾ ਪੜਤਨਾ ਪਾੜਣਾ ਕੀ। ਥੋੜ੍ਹੀ ਗੱਲ ਦਾ ਵਢਾ ਵਧਾ ਕਰਕੇ, ਸੌਰੇ ਕੰਮ ਨੂੰ ਚਾ ਵਿਗਾੜਨਾ ਕੀ। ਜਿਹੜੇ ਘਰਾਂ ਦੀਆਂ ਚਾਵੜਾਂ ਨਾਲ ਮਾਰੇਂ, ਘਰ ਚੱਕ ਕੇ ਏਸ ਲੈ ਜਾਵਣਾ ਕੀ। ਮੇਰੇ ਬੂਹਿਉਂ ਫ਼ਕਰ ਕਿਉਂ ਮਾਰਿਉ ਈ, ਵਸਦੇ ਘਰਾਂ ਤੋਂ ਫ਼ਕਰ ਮੋੜਾਵਣਾ ਕੀ। ਘਰ ਮੇਰਾ ਤੇ ਮੈਂ ਨਾਲ ਖੁਣਸ ਚਾਇਉ, ਏਥੋਂ ਕਵਾਰੀਏ ਤੁਧ ਲੈ ਜਾਵਣਾ ਕੀ। ਬੋਲ੍ਹ ਰਾਹਕਾਂ ਦੇ ਹੌਸ ਚੂਹੜੇ ਦੀ, ਮਰਸ਼ੂ ਮਰਸ਼ੂ ਦਿਨ ਰਾਤ ਕਰਾਵਣਾ ਕੀ। ਵਾਰਿਸ ਸ਼ਾਹ ਇਹ ਹਿਰਸ ਬੇਫ਼ਾਇਦਾ ਈ, ਓੜਕ ਏਸ ਜਹਾਨ ਤੋਂ ਚਾਵਣਾ ਕੀ। (ਚਵਾ=ਚਾ, ਸੌਰੇ=ਸੰਵਾਰੇ ਹੋਏ, ਚੰਗੇ ਭਲੇ, ਖੁਣਸ=ਵੈਰ,ਝਗੜਾ, ਹੌਸ=ਆਕੜ, ਮਰਸ਼ੂ ਮਰਸ਼ੂ ਕਰਨਾ=ਜਾਇਦਾਦ ਦੇ ਝਗੜੇ ਵਿੱਚ ਗਲਤ ਗੱਲਾਂ ਕਰਨੀਆਂ)
441. ਸਹਿਤੀ ਹੀਰ ਨੂੰ
ਭਲਾ ਆਖ ਕੀ ਆਂਹਦੀ ਏਂ ਨੇਕ ਪਾਕੇ, ਜਿਸ ਦੇ ਪੱਲੂ ਤੇ ਪੜ੍ਹਨ ਨਮਾਜ਼ ਆਈ। ਘਰ ਵਾਰ ਤੇਰਾ ਅਸੀਂ ਕੋਈ ਹੋਈਆਂ, ਜਾਪੇ ਲੱਦ ਕੇ ਘਰੋਂ ਜਹਾਜ਼ ਆਈ। ਮੁੰਡੇ ਮੋਹਣੀਏਂ ਤੇ ਝੋਟੇ ਦੋਹਣੀਏਂ ਨੀ, ਅਜੇ ਤੀਕ ਨਾ ਇਸ਼ਕ ਥੀਂ ਬਾਜ਼ ਆਈ। ਵਾਰਿਸ ਸ਼ਾਹ ਜਵਾਨੀ ਦੀ ਉਮਰ ਗੁਜ਼ਰੀ, ਅਜੇ ਤੀਕ ਨਾ ਯਾਦ ਹਜਾਜ਼ ਆਈ। (ਨੇਕ ਪਾਕ=ਭਲੀਮਾਨਸ ਅਤੇ ਪਵਿੱਤਰ, ਜਾਪੇ=ਜਾਪਦਾ ਹੈ, ਝੋਟੇ ਦੋਹਣੀ=ਝੋਟੇ ਚੋਂਦੀ ਏਂ,ਔਖੇ ਤੇ ਨਾ ਹੋਣ ਵਾਲੇ ਕੰਮ ਕਰਦੀ ਹੈਂ, ਹਜਾਜ਼=ਸਊਦੀ ਅਰਬ ਦਾ ਇੱਕ ਸੂਬਾ ਹੈ ਮੱਕਾ ਮੁਅੱਜ਼ਮਾ ਅਤੇ ਮਦੀਨਾ ਮਨੱਵਰਾ ਦੇ ਪਵਿੱਤਰ ਸ਼ਹਿਰ ਇਸੇ ਸੂਬੇ ਵਿੱਚ ਸਥਿਤ ਹਨ)
442. ਹੀਰ
ਇਹ ਮਸਤ ਫ਼ਕੀਰ ਨਾ ਛੇੜ ਲੀਕੇ, ਕੋਈ ਵੱਡਾ ਫਸਾਦ ਗਲ ਪਾਸੀਆ ਨੀ। ਮਾਰੇ ਜਾਣ ਖੇੜੇ ਉਜੜ ਜਾਣ ਮਾਪੇ, ਤੁਧ ਲੰਡੀ ਦਾ ਕੁੱਝ ਨਾ ਜਾਸੀਆ ਨੀ। ਪੈਰ ਪਕੜ ਫ਼ਕੀਰ ਦੇ ਕਰਸ ਰਾਜ਼ੀ, ਨਹੀਂ ਏਸ ਦੀ ਆਹ ਪੈ ਜਾਸੀਆ ਨੀ। ਵਾਰਿਸ ਸ਼ਾਹ ਜਿਸ ਕਿਸੇ ਦਾ ਬੁਰਾ ਕੀਤਾ, ਜਾ ਗੋਰ ਅੰਦਰ ਪਛੋਤਾਸੀਆ ਨੀ। (ਕਰਸ ਰਾਜ਼ੀ=ਉਸ ਨੂੰ ਰਾਜ਼ੀ ਕਰ)
443. ਸਹਿਤੀ
ਤੇਰੇ ਜੇਹੀਆਂ ਲੱਖ ਪੜ੍ਹਾਈਆਂ ਮੈਂ, ਤੇ ਉਡਾਈਆਂ ਨਾਲ ਅੰਗੂਠਿਆਂ ਦੇ। ਤੈਨੂੰ ਸਿੱਧ ਕਾਮਲ ਵਲੀ ਗੌਂਸ ਦਿੱਸੇ, ਮੈਨੂੰ ਠੱਗ ਦਿੱਸੇ ਭੇਸ ਝੂਠਿਆਂ ਦੇ। ਸਾਡੇ ਖੌਂਸੜੇ ਨੂੰ ਯਾਦ ਨਹੀਂ ਚੋਬਰ, ਭਾਵੇਂ ਆਣ ਲਾਵੇ ਢੇਰ ਠੂਠਿਆਂ ਦੇ। ਇਹ ਮਸਤ ਮਲੰਗ ਮੈਂ ਮਸਤ ਏਦੂੰ, ਇਸ ਥੇ ਮਕਰ ਹਨ ਟੁਕੜਿਆਂ ਜੂਠਿਆਂ ਦੇ। ਵਾਰਿਸ ਸ਼ਾਹ ਮੀਆਂ ਨਾਲ ਚਵਾੜੀਆਂ ਦੇ, ਲਿੰਙ ਸੇਕੀਏ ਚੋਬਰਾਂ ਘੂਠਿਆਂ ਦੇ। (ਚਵਾੜੀਆਂ=ਬਾਂਸਾਂ)
444. ਹੀਰ
ਏਸ ਫ਼ੱਕਰ ਦੇ ਨਾਲ ਕੀ ਵੈਰ ਪਈਏਂ, ਉਧਲ ਜਾਇਸੈਂ ਤੈਂ ਨਹੀਂ ਵੱਸਣਾ ਈ। ਠੂਠਾ ਭੰਨ ਫ਼ਕੀਰ ਨੂੰ ਮਾਰਨੀ ਹੈਂ, ਅੱਗੇ ਰੱਬ ਦੇ ਆਖ ਕੀ ਦੱਸਣਾ ਈ। ਤੇਰੇ ਕਵਾਰ ਨੂੰ ਖ਼ਵਾਰ ਸੰਸਾਰ ਕਰਸੀ, ਏਸ ਜੋਗੀ ਦਾ ਕੁਝ ਨਾ ਘੱਸਣਾ ਈ। ਨਾਲ ਚੂਹੜੇ ਖੱਤਰੀ ਘੁਲਣ ਲੱਗੇ, ਵਾਰਿਸ ਸ਼ਾਹ ਫਿਰ ਮੁਲਕ ਨੇ ਹੱਸਣਾ ਈ। (ਕਵਾਰ ਨੂੰ ਖ਼ਵਾਰ ਕਰਨਾ=ਉਧਾਲੀ ਗਈ ਔਰਤ ਉਤੇ ਹਰ ਥਾਂ ਹਮਲੇ ਕਰਨੇ, ਚੂਹੜੇ ਦਾ ਖ਼ਤਰੀ ਘੋਲ=ਹਰ ਹਾਲਤ ਵਿੱਚ ਖ਼ਤਰੀ ਦਾ ਨੁਕਸਾਨ ਹੈ,ਮਾੜੇ ਨੂੰ ਮਾਰਨਾ ਵੀ ਬੇਇਜ਼ਤੀ ਹੈ ਅਤੇ ਉਸ ਤੋਂ ਮਾਰ ਖਾਣੀ ਵੀ ਨਿਰਾਦਰੀ)
445. ਸਹਿਤੀ
ਇੱਕੇ ਮਰਾਂਗੀ ਮੈਂ ਇੱਕੇ ਏਸ ਮਾਰਾਂ, ਇੱਕੇ ਭਾਬੀਏ ਤੁਧ ਮਰਾਇਸਾਂ ਨੀ। ਰੋਵਾਂ ਮਾਰ ਭੁੱਬਾਂ ਭਾਈ ਆਂਵਦੇ ਤੇ,ਤੈਨੂੰ ਖ਼ਾਹ-ਮਖ਼ਾਹ ਕੁਟਾਇਸਾਂ ਨੀ। ਚਾਕ ਲੀਕ ਲਾਈ ਤੈਨੂੰ ਮਿਲੇ ਭਾਬੀ, ਗੱਲਾਂ ਪਿਛਲੀਆਂ ਕੱਢ ਸੁਣਇਸਾਂ ਨੀ। ਇੱਕੇ ਮਾਰੀਏਂ ਤੂੰ ਇੱਕੇ ਇਹ ਜੋਗੀ, ਇਹੋ ਘਗਰੀ ਚਾਇ ਵਿਛਾਇਸਾਂ ਨੀ। ਸੀਤਾ ਦਹਿਸਿਰੇ ਨਾਲ ਜੋ ਗਾਹ ਕੀਤਾ, ਕੋਈ ਵੱਡਾ ਕਮੰਦ ਪਵਾਇਸਾਂ ਨੀ। ਰੰਨ ਤਾਹੀਂ ਜਾਂ ਘਰੋਂ ਕਢਾਇ ਤੈਨੂੰ, ਮੈਂ ਮੁਰਾਦ ਬਲੋਚ ਹੰਢਾਇਸਾਂ ਨੀ। ਸਿਰ ਏਸ ਦਾ ਵਢ ਕੇ ਅਤੇ ਤੇਰਾ, ਏਸ ਠੂਠੇ ਦੇ ਨਾਲ ਰਲਾਇਸਾਂ ਨੀ। ਰਖ ਹੀਰੇ ਤੂੰ ਏਤਨੀ ਜਮ੍ਹਾਂ ਖ਼ਾਤਰ, ਤੇਰੀ ਰਾਤ ਨੂੰ ਭੰਗ ਲੁਹਾਇਸਾਂ ਨੀ। ਮੈਂ ਕੁਟਾਇਸਾਂ ਅਤੇ ਮਰਾਇਸਾਂ ਨੀ, ਗੁੱਤੋਂ ਧਰੂਹ ਕੇ ਘਰੋਂ ਕਢਾਇਸਾਂ ਨੀ। ਵਾਰਿਸ ਸ਼ਾਹ ਕੋਲੋਂ ਭੰਨਾਇ ਟੰਗਾਇਸਾਂ ਨੀ, ਤੇਰੇ ਲਿੰਙ ਸਭ ਚੂਰ ਕਰਾਇਸਾਂ ਨੀ। (ਦਹਿਸਿਰਾ=ਰਾਵਣ, ਜੋ ਗਾਹ=ਜਿੱਦਾਂ ਕਰੇ, ਜਮ੍ਹਾਂ ਖ਼ਾਤਰ ਰੱਖ=ਤਸੱਲੀ ਰੱਖ)
446. ਹੀਰ
ਖ਼ੂਨ ਭੇਡ ਦੇ ਜੇ ਪਿੰਡ ਮਾਰ ਲਈਏ, ਉਜੜ ਜਾਏ ਜਹਾਨ ਤੇ ਜੱਗ ਸਾਰਾ। ਹੱਥੋਂ ਜੂਆਂ ਦੇ ਜੁੱਲ ਜੇ ਸੁੱਟ ਵੇਚਣ, ਕੀਕੂੰ ਕੱਟੀਏ ਪੋਹ ਤੇ ਮਾਘ ਸਾਰਾ। ਤੇਰੇ ਭਾਈ ਦੀ ਭੈਣ ਨੂੰ ਖੜੇ ਜੋਗੀ, ਹੱਥ ਲਾਏ ਮੈਨੂੰ ਕਈ ਹੋਸ ਕਾਰਾ। ਮੇਰੀ ਭੰਗ ਝਾੜੇ ਉਹਦੀ ਟੰਗ ਭੰਨਾਂ, ਸਿਆਲ ਸਾੜ ਸੁੱਟਣ ਉਹਦਾ ਦੇਸ ਸਾਰਾ। ਮੈਨੂੰ ਛੱਡ ਕੇ ਤੁਧ ਨੂੰ ਕਰੇ ਸੈਦਾ, ਆਖ ਕਵਾਰੀਏ ਪਾਇਉ ਤੂੰ ਕੇਹਾ ਆੜਾ। ਵਾਰਿਸ ਖੋਹ ਕੇ ਚੂੰਡੀਆਂ ਤੇਰੀਆਂ ਨੂੰ, ਕਰਾਂ ਖ਼ੂਬ ਪੈਜ਼ਾਰ ਦੇ ਨਾਲ ਝਾੜਾ। (ਜੁੱਲ=ਜੁੱਲੀ, ਹੋਸ=ਹੋਵੇਗਾ, ਭੰਗ ਝਾੜੇ=ਮੈਨੂੰ ਕੁੱਟੇ, ਆੜਾ=ਝਗੜਾ, ਪੈਜ਼ਾਰ= ਜੁੱਤੀ, ਝਾੜਾ ਕਰਨਾ=ਭੂਤ ਲਾਹੁਣੇ)
447. ਸਹਿਤੀ
ਕੱਜਲ ਪੂਛਲਿਆਲੜਾ ਘਤ ਨੈਣੀਂ, ਜ਼ੁਲਫਾਂ ਕੁੰਡਲਾਂ ਦਾਰ ਬਣਾਵਨੀ ਹੈਂ। ਨੀਵੀਆਂ ਪੱਟੀਆਂ ਹਿਕ ਪਲਮਾ ਜ਼ੁਲਫਾਂ, ਛੱਲੇ ਘਤ ਕੇ ਰੰਗ ਵਟਾਵਨੀ ਹੈਂ। ਅਤੇ ਆਸ਼ਕਾਂ ਨੂੰ ਦਿਖਲਾਵਨੀ ਹੈਂ, ਨੱਥ ਵਿਹੜੇ ਦੇ ਵਿੱਚ ਛਣਕਾਵਨੀ ਹੈਂ। ਬਾਂਕੀ ਭਖ ਰਹੀ ਚੋਲੀ ਬਾਫ਼ਤੇ ਦੀ, ਉਤੇ ਕਹਿਰ ਦੀਆਂ ਅੱਲੀਆਂ ਲਾਵਨੀ ਹੈਂ। ਠੋਡੀ ਗੱਲ੍ਹ ਤੇ ਪਾਇਕੇ ਖ਼ਾਲ ਖ਼ੂਨੀ, ਰਾਹ ਜਾਂਦੜੇ ਮਿਰਗ ਫਹਾਵਨੀ ਹੈਂ। ਕਿਨ੍ਹਾਂ ਨਖਰਿਆਂ ਨਾਲ ਭਰਮਾਵਨੀ ਹੈਂ, ਅਖੀਂ ਪਾ ਸੁਰਮਾ ਮਟਕਾਵਨੀ ਹੈਂ। ਮਲ ਵੱਟਣਾਂ ਲੋੜ੍ਹ ਦੰਦਾਸੜੇ ਦਾ, ਜ਼ਰੀ ਬਾਦਲਾ ਪਟ ਹੰਢਾਵਨੀ ਹੈਂ। ਤੇੜ ਚੂੜੀਆਂ ਪਾ ਕੇ ਕਹਿਰ ਵਾਲਾ, ਕੁੰਜਾਂ ਘਤ ਕੇ ਲਾਵਣਾ ਲਾਵਨੀ ਹੈਂ। ਨਵਾਂ ਵੇਸ ਤੇ ਵੇਸ ਬਣਾਵਨੀ ਹੈਂ, ਲਏਂ ਫੇਰੀਆਂ ਤੇ ਘੁਮਕਾਵਨੀ ਹੈਂ। ਨਾਲ ਹੁਸਨ ਗੁਮਾਨ ਦੇ ਪਲੰਘ ਬਹਿ ਕੇ, ਹੂਰ ਪਰੀ ਦੀ ਭੈਣ ਸਦਾਵਨੀ ਹੈਂ। ਪੈਰ ਨਾਲ ਚਵਾਇ ਦੇ ਚਾਵਨੀ ਹੈਂ, ਲਾਡ ਨਾਲ ਗਹਿਣੇ ਛਨਕਾਵਨੀ ਹੈਂ। ਸਰਦਾਰ ਹੈਂ ਖ਼ੂਬਾਂ ਦੇ ਤ੍ਰਿੰਞਣਾਂ ਦੀ, ਖ਼ਾਤਰ ਤਲੇ ਨਾ ਕਿਸੇ ਲਿਆਵਨੀ ਹੈਂ। ਵੇਖ ਹੋਰਨਾਂ ਨੱਕ ਚੜ੍ਹਾਵਨੀ ਹੈਂ, ਬੈਠੀ ਪਲੰਘ ਤੇ ਤੂਤੀਏ ਲਾਵਨੀ ਹੈਂ। ਮਹਿੰਦੀ ਲਾਇ ਹੱਥੀਂ ਪਹਿਨ ਜ਼ਰੀ ਜ਼ੇਵਰ, ਸੋਇਨ ਮਿਰਗ ਦੀ ਸ਼ਾਨ ਗਵਾਵਨੀ ਹੈਂ। ਪਰ ਅਸੀਂ ਭੀ ਨਹੀਂ ਹਾਂ ਘਟ ਤੈਥੋਂ, ਜੇ ਤੂੰ ਆਪ ਨੂੰ ਛੈਲ ਸਦਾਵਨੀ ਹੈਂ। ਸਾਡੇ ਚੰਨ ਸਰੀਰ ਮਥੈਲੀਆਂ ਦੇ, ਸਾਨੂੰ ਚੂਹੜੀ ਹੀ ਨਜ਼ਰ ਆਵਨੀ ਹੈਂ। ਨਾਢੂ ਸ਼ਾਹ ਦੀ ਰੰਨ ਹੋ ਪਲੰਘ ਬਹਿ ਕੇ, ਸਾਡੇ ਜੀਊ ਨੂੰ ਜ਼ਰਾ ਨਾ ਭਾਵਨੀ ਹੈਂ। ਤੇਰਾ ਕੰਮ ਨਾ ਕੋਈ ਵਗਾੜਿਆ ਮੈਂ, ਐਵੇਂ ਜੋਗੀ ਦੀ ਟੰਗ ਭਨਾਵਨੀ ਹੈਂ। ਸਣੇ ਜੋਗੀ ਦੇ ਮਾਰ ਕੇ ਮਿਝ ਕੱਢੂੰ, ਜੈਂਦੀ ਚਾਵੜਾਂ ਪਈ ਦਖਾਵਨੀ ਹੈਂ। ਤੇਰਾ ਯਾਰ ਜਾਨੀ ਅਸਾਂ ਨਾ ਭਾਵੇ, ਹੁਣੇ ਹੋਰ ਕੀ ਮੂੰਹੋਂ ਅਖਾਵਨੀ ਹੈਂ। ਸੱਭਾ ਅੜਤਨੇ ਪੜਤਨੇ ਪਾੜ ਸੁੱਟੂੰ, ਐਵੇਂ ਸ਼ੇਖੀਆਂ ਪਈ ਜਗਾਵਨੀ ਹੈਂ। ਵੇਖ ਜੋਗੀ ਨੂੰ ਮਾਰ ਖਦੇੜ ਕੱਢਾਂ, ਵੇਖਾਂ ਓਸਨੂੰ ਆਇ ਛੁਡਾਵਨੀ ਹੈਂ। ਤੇਰੇ ਨਾਲ ਜੋ ਕਰਾਂਗੀ ਮੁਲਕ ਵੇਖੇ, ਜੇਹੇ ਮਿਹਣੇ ਲੂਤੀਆਂ ਲਾਵਨੀ ਹੈਂ। ਤੁੱਧ ਚਾਹੀਦਾ ਕੀ ਏਸ ਗੱਲ ਵਿੱਚੋਂ, ਵਾਰਿਸ ਸ਼ਾਹ ਤੇ ਚੁਗ਼ਲੀਆਂ ਲਾਵਨੀ ਹੈਂ। (ਪੂਛਲਿਆਲੜਾ=ਪੂਛਾਂ ਵਾਲਾ, ਪਲਮਾ ਜ਼ੁਲਫਾਂ=ਜ਼ੁਲਫਾਂ ਖਿਲਾਰ ਕੇ, ਭਖ ਰਹੀ=ਚਮਕਾਂ ਮਾਰਦੀ, ਅੱਲੀਆਂ=ਕਿਨਾਰੀਆਂ, ਜ਼ਰੀ=ਸੁਨਹਿਰੀ ਤਾਰਾਂ ਵਾਲੀ, ਬਾਦਲਾ=ਚਾਂਦੀ ਰੰਗਾ, ਚੂੜੀਆਂ=ਇੱਕ ਭਾਂਤ ਦਾ ਧਾਰੀਦਾਰ ਕੱਪੜਾ, ਲਾਵਣ= ਕੱਪੜੇ ਤੇ ਲੱਗੀ ਕੋਰ, ਖ਼ਾਤਰ ਤਲੇ ਨਾ ਲਿਆਉਣਾ=ਕਿਸੇ ਨੂੰ ਕੁੱਝ ਨਾ ਸਮਝਣਾ, ਮਥੈਲੀ=ਮਨਮੋਹਣੀ, ਅੜਤਣੇ ਪੜਤਣੇ ਪਾੜ ਸੁਟੂੰ=ਸਾਰੇ ਭੇਤ ਫੋਲ ਦੇਊਂ, ਖਦੇੜ ਕੱਢਾਂ=ਕੁਟ ਕੁਟ ਕੇ ਭਜਾ ਦੇਣਾ)
448. ਹੀਰ
ਭਲਾ ਕਵਾਰੀਏ ਸਾਂਗ ਕਿਉਂ ਲਾਵਨੀ ਹੈਂ, ਚਿੱਬੇ ਹੋਠ ਕਿਉਂ ਪਈ ਬਣਾਵਨੀ ਹੈਂ। ਭਲਾ ਜੀਊ ਕਿਉਂ ਭਰਮਾਵਨੀ ਹੈਂ, ਅਤੇ ਜੀਭ ਕਿਉਂ ਪਈ ਲਪਕਾਵਨੀ ਹੈਂ। ਲੱਗੀ ਵੱਸ ਤੇ ਖੂਹ ਵਿਚ ਪਾਵਨੀ ਹੈਂ, ਸੜੇ ਕਾਂਦ ਕਿਉਂ ਲੂਤੀਆਂ ਲਾਵਨੀ ਹੈਂ। ਐਡੀ ਲਟਕਣੀ ਨਾਲ ਕਿਉਂ ਕਰੇਂ ਗੱਲਾਂ, ਸੈਦੇ ਨਾਲ ਨਿਕਾਹ ਪੜ੍ਹਾਵਨੀ ਹੈਂ। ਵਾਰਿਸ ਨਾਲ ਉਠ ਜਾ ਤੂੰ ਉੱਧਲੇ ਨੀ, ਕੇਹੀਆਂ ਪਈ ਬੁਝਾਰਤਾਂ ਪਾਵਨੀ ਹੈਂ। (ਚਿੱਬੇ=ਵਿੰਗੇ ਟੇਢੇ, ਕਾਂਦ=ਅੰਗਾਰੀ, ਲੂਤੀ=ਅੱਗ)
449. ਸਹਿਤੀ ਤੇ ਰਾਂਝੇ ਦੀ ਲੜਾਈ
ਸਹਿਤੀ ਨਾਲ ਲੌਂਡੀ ਹੱਥੀਂ ਪਕੜ ਮੋਲ੍ਹੇ, ਜੈਂਦੇ ਨਾਲ ਛੜੇਂਦੀਆਂ ਚਾਵਲੇ ਨੂੰ। ਗਿਰਦ ਆ ਭਵੀਆਂ ਵਾਂਗ ਜੋਗਣਾਂ ਦੇ, ਤਾਉ ਘੱਤਿਉ ਨੇ ਓਸ ਰਾਵਲੇ ਨੂੰ। ਖਪਰ ਸੇਲ੍ਹੀਆਂ ਤੋੜ ਕੇ ਗਿਰਦ ਹੋਈਆਂ, ਢਾਹ ਲਿਉ ਨੇ ਸੋਹਣੇ ਸਾਂਵਲੇ ਨੂੰ। ਅੰਦਰ ਹੀਰ ਨੂੰ ਵਾੜ ਕੇ ਮਾਰ ਕੁੰਡਾ, ਬਾਹਰ ਕੁਟਿਉ ਨੇ ਲਟ-ਬਾਵਲੇ ਨੂੰ। ਘੜੀ ਘੜੀ ਵਲਾਇ ਕੇ ਵਾਰ ਕੀਤਾ, ਓਹਨਾਂ ਕੁੱਟਿਆ ਸੀ ਏਸ ਲਾਡਲੇ ਨੂੰ। ਵਾਰਿਸ ਸ਼ਾਹ ਮੀਆਂ ਨਾਲ ਮੋਲ੍ਹਿਆਂ ਦੇ, ਠੰਡਾ ਕੀਤੋ ਨੇ ਓਸ ਉਤਾਵਲੇ ਨੂੰ। (ਗਿਰਦ ਆਣ ਭਵੀਆਂ=ਆਲੇ ਦੁਆਲੇ ਘੁੰਮੀਆਂ,ਘੇਰ ਲਿਆ, ਉਤਾਵਲਾ= ਜੋਸ਼ੀਲਾ, ਤੇਜ਼)
450. ਤਥਾ
ਦੋਹਾਂ ਵਟ ਲੰਗੋਟੜੇ ਲਏ ਮੋਲ੍ਹੇ, ਕਾਰੇ ਵੇਖ ਲੈ ਮੁੰਡੀਆਂ ਮੁੰਨੀਆਂ ਦੇ। ਨਿਕਲ ਝੁੱਟ ਕੀਤਾ ਸਹਿਤੀ ਰਾਵਲੇ ਤੇ, ਪਾਸੇ ਭਨ੍ਹਿਉਂ ਨੇ ਨਾਲ ਕੂਹਣੀਆਂ ਦੇ। ਜਟ ਮਾਰ ਮਧਾਣੀਆਂ ਫੇਹ ਸੁੱਟਿਆ, ਸਿਰ ਭੰਨਿਆਂ ਨਾਲ ਦਧੂਣੀਆਂ ਦੇ। ਢੋ ਕਟਕ ਹੁਸੈਨ ਖ਼ਾਨ ਨਾਲ ਲੜਿਆ, ਜਿਵੇਂ ਅਬੂ ਸਮੁੰਦ ਵਿੱਚ ਚੂਹਣੀਆਂ ਦੇ। (ਕਟਕ ਢੋ ਕੇ=ਫ਼ੌਜ ਲਿਆ ਕੇ, ਹੁਸੈਨ ਖਾਂ…ਚੂਹਣੀਆਂ=ਨਵਾਬ ਹੁਸੈਨ ਖਾਂ ਪੇਸ਼ਗੀ ਦੀ ਜੰਗ ਅਬਦਲ ਸਮਦ ਹਾਕਮ ਲਹੌਰ ਨਾਲ ਚੂਨੀਆਂ ਵਿੱਚ ਹੋਈ ਸੀ)
451. ਰਾਂਝੇ ਨੇ ਸਹਿਤੀ ਹੋਰਾਂ ਨੂੰ ਕੁੱਟਣਾ
ਰਾਂਝਾ ਖਾਇਕੇ ਮਾਰ ਫਿਰ ਗਰਮ ਹੋਇਆ, ਮਾਰੂ ਮਾਰਿਆ ਭੂਤ ਫ਼ਤੂਰ ਦੇ ਨੇ। ਵੇਖ ਪਰੀ ਦੇ ਨਾਲ ਖ਼ਮ ਮਾਰਿਆ ਈ, ਏਸ ਫ਼ਰੇਸ਼ਤੇ ਬੈਤ ਮਾਅਮੂਰ ਦੇ ਨੇ। ਕਮਰ ਬੰਨ੍ਹ ਕੇ ਪੀਰ ਨੂੰ ਯਾਦ ਕੀਤਾ ਲਾਈ ਥਾਪਨਾ ਮਲਕ ਹਜ਼ੂਰ ਦੇ ਨੇ। ਡੇਰਾ ਬਖਸ਼ੀ ਦਾ ਮਾਰ ਕੇ ਲੁੱਟ ਲੀਤਾ, ਪਾਈ ਫ਼ਤਹਿ ਪਠਾਣ ਕਸੂਰ ਦੇ ਨੇ। ਜਦੋਂ ਨਾਲ ਟਕੋਰ ਦੇ ਗਰਮ ਹੋਇਆ, ਦਿੱਤਾ ਦੁਖੜਾ ਘਾਉ ਨਾਸੂਰ ਦੇ ਨੇ। ਵਾਰਿਸ ਸ਼ਾਹ ਜਾਂ ਅੰਦਰੋਂ ਗਰਮ ਹੋਇਆ, ਲਾਟਾਂ ਕੱਢੀਆਂ ਤਾਉ ਤਨੂਰ ਦੇ ਨੇ। (ਮਾਰੂ=ਐਲਾਨੇ ਜੰਗ ਦਾ ਨਗਾਰਾ, ਖ਼ਮ ਮਾਰਿਆ=ਥਾਪੀ ਮਾਰੀ, ਬੈਤ ਮਾਅਮੂਰ= ਖ਼ਾਨਾ ਕਾਅਬਾ, ਫ਼ਤੂਰ ਦਾ ਭੂਤ=ਫਸਾਦ ਦਾ ਸ਼ੈਤਾਨ)
452. ਰਾਂਝੇ ਨੇ ਸੱਟਾਂ ਮਾਰਨੀਆਂ
ਦੋਵੇਂ ਮਾਰ ਸਵਾਰੀਆਂ ਰਾਵਲੇ ਨੇ, ਪੰਜ ਸੱਤ ਫਾਹੁੜੀਆਂ ਲਾਈਆਂ ਸੂ। ਗੱਲਾਂ ਪੁੱਟ ਕੇ ਚੋਲੀਆਂ ਕਰੇ ਲੀਰਾਂ, ਹਿੱਕਾਂ ਭੰਨ ਕੇ ਲਾਲ ਕਰਾਈਆਂ ਸੂ। ਨਾਲੇ ਤੋੜ ਝੰਝੋੜ ਕੇ ਪਕੜ ਗੁੱਤੋਂ, ਦੋਵੇਂ ਵਿਹੜੇ ਦੇ ਵਿੱਚ ਭਵਾਈਆਂ ਸੂ। ਖੋਹ ਚੂੰਡੀਆਂ ਗੱਲ੍ਹਾਂ ਤੇ ਮਾਰ ਹੁੱਜਾਂ, ਦੋ ਦੋ ਧੌਣ ਦੇ ਮੁੱਢ ਟਿਕਾਈਆਂ ਸੂ। ਜੇਹਾ ਰਿਛ ਕਲੰਦਰਾਂ ਘੋਲ ਪੌਂਦਾ, ਸੋਟੇ ਚੁਤੜੀਂ ਲਾ ਨਚਾਈਆਂ ਸੂ। ਗਿੱਟੇ ਲੱਕ ਠਕੋਰ ਕੇ ਪਕੜ ਤੱਗੋਂ, ਦੋਵੇਂ ਬਾਂਦਰੀ ਵਾਂਗ ਟਪਾਈਆਂ ਸੂ। ਜੋਗੀ ਵਾਸਤੇ ਰਬ ਦੇ ਲੜੇ ਨਾਹੀਂ, ਹੀਰ ਅੰਦਰੋਂ ਆਖ ਛੁਡਾਈਆਂ ਸੂ। 453. ਹੋਰ ਕੁੜੀਆਂ ਦਾ ਸਹਿਤੀ ਕੋਲ ਆਉਣਾ
ਓਹਨਾਂ ਛੁਟਦੀਆਂ ਹਾਲ ਪੁਕਾਰ ਕੀਤੀ, ਪੰਜ ਸੱਤ ਮੁਸ਼ਟੰਡੀਆਂ ਆ ਗਈਆਂ। ਵਾਂਗ ਕਾਬਲੀ ਕੁੱਤਿਆਂ ਗਿਰਦ ਹੋਈਆਂ, ਦੋ ਦੋ ਅਲੀ-ਉਲ-ਹਿਸਾਬ ਟਿਕਾ ਗਈਆਂ। ਉਹਨੂੰ ਇੱਕ ਨੇ ਧੱਕ ਕੇ ਰੱਖ ਅੱਗੇ, ਘਰੋਂ ਕੱਢ ਕੇ ਤਾਕ ਚੜ੍ਹਾ ਗਈਆਂ। ਬਾਜ਼ ਤੋੜ ਕੇ ਤੁਆਮਿਉਂ ਲਾਹਿਉ ਨੇ, ਮਾਸ਼ੂਕ ਦੀ ਦੀਦ ਹਟਾ ਗਈਆਂ। ਧੱਕਾ ਦੇ ਕੇ ਸੱਟ ਪਲੱਟ ਉਸ ਨੂੰ, ਹੋੜਾ ਵੱਡਾ ਮਜ਼ਬੂਤ ਫਹਾ ਗਈਆਂ। ਸੂਬੇਦਾਰ ਤਗ਼ਈਅਰ ਕਰ ਕੱਢਿਉ ਨੇ, ਵੱਡਾ ਜੋਗੀ ਨੂੰ ਵਾਇਦਾ ਪਾ ਗਈਆਂ। ਅੱਗੇ ਵੈਰ ਸੀ ਨਵਾਂ ਫਿਰ ਹੋਰ ਹੋਇਆ, ਵੇਖ ਭੜਕਦੀ ਤੇ ਭੜਕਾ ਗਈਆਂ। ਘਰੋਂ ਕੱਢ ਅਰੂੜੀ ਤੇ ਸੱਟਿਉ ਨੇ, ਬਹਿਸ਼ਤੋਂ ਕੱਢ ਕੇ ਦੋਜ਼ਖ਼ੇ ਪਾ ਗਈਆਂ। ਜੋਗੀ ਮਸਤ ਹੈਰਾਨ ਹੋ ਦੰਗ ਰਹਿਆ, ਕੋਈ ਜਾਦੂੜਾ ਘੋਲ ਪਿਵਾ ਗਈਆਂ। ਅੱਗੇ ਠੂਠੇ ਨੂੰ ਝੂਰਦਾ ਖ਼ਫ਼ਾ ਹੁੰਦਾ, ਉਤੋਂ ਨਵਾਂ ਪਸਾਰ ਬਣਾ ਗਈਆਂ। ਵਾਰਿਸ ਸ਼ਾਹ ਮੀਆਂ ਨਵਾਂ ਸਿਹਰ ਹੋਇਆ, ਪਰੀਆਂ ਜਿੰਨ ਫ਼ਰਿਸ਼ਤੇ ਨੂੰ ਲਾ ਗਈਆਂ। (ਤਾਕ ਚੜ੍ਹਾ ਗਈਆਂ=ਬੰਦ ਕਰ ਗਈਆਂ, ਤੁਅਮਾ=ਬਾਜ਼ ਨੂੰ ਸ਼ਿਕਾਰ ਲਈ ਤਿਆਰ ਕਰਨ ਵਾਸਤੇ ਉਹਦੇ ਮੂੰਹ ਨੂੰ ਲਾਇਆ ਮਾਸ, ਫਹਾ ਗਈਆਂ=ਫਸਾ ਜਾਂ ਅੜਾ ਗਈਆਂ, ਤਗ਼ਈਅਰ=ਬਦਲ ਕੇ, ਵਾਇਦਾ=ਮੁਸ਼ਕਿਲ,ਸਮੱਸਿਆ, ਅਰੂੜੀ=ਢੇਰ, ਸਿਹਰ=ਜਾਦੂ)
454. ਕਵੀ
ਘਰੋਂ ਕੱਢਿਆ ਅਕਲ ਸ਼ਊਰ ਗਇਆ, ਆਦਮ ਜੰਨਤੋ ਕੱਢ ਹੈਰਾਨ ਕੀਤਾ। ਸਿਜਦੇ ਵਾਸਤੇ ਅਰਸ਼ ਤੋਂ ਦੇ ਧੱਕੇ, ਜਿਵੇਂ ਰਬ ਨੇ ਰੱਦ ਸ਼ੈਤਾਨ ਕੀਤਾ। ਸ਼ੱਦਾਦ ਬਹਿਸ਼ਤ ਥੀਂ ਰਹਿਆ ਬਾਹਰ, ਨਮਰੂਦ ਮੱਛਰ ਪਰੇਸ਼ਾਨ ਕੀਤਾ। ਵਾਰਿਸ ਸ਼ਾਹ ਹੈਰਾਨ ਹੋ ਰਹਿਆ ਜੋਗੀ, ਜਿਵੇਂ ਨੂਹ ਹੈਰਾਨ ਤੂਫ਼ਾਨ ਕੀਤਾ। (ਅਕਲ ਸ਼ਊਰ ਗਿਆ=ਮਤ ਮਾਰੀ ਗਈ, ਰਦ ਕਰ ਦਿੱਤਾ=ਨਾਪਸੰਦ ਕਰ ਦਿੱਤਾ, ਸ਼ੱਦਾਦ=ਆਦ ਕੌਮ ਦਾ ਇੱਕ ਬਾਦਸ਼ਾਹ, ਨਮਰੂਦ=ਹਜ਼ਰਤ ਮੂਸਾ ਦੇ ਸਮੇਂ ਦਾ ਬਾਦਸ਼ਾਹ ਇਸ ਨੇ ਵੀ ਰੱਬ ਹੋਣ ਦਾ ਦਾਅਵਾ ਕੀਤਾ ਸੀ।ਇਸ ਨੇ ਇਬਰਾਹੀਮ ਨੂੰ ਅੱਗ ਵਿੱਚ ਸੁੱਟਿਆ ਪਰ ਅੱਗ ਰਬ ਦੇ ਹੁਕਮ ਨਾਲ ਗੁਲਜ਼ਾਰ ਬਣ ਗਈ। ਇੱਕ ਮੱਛਰ ਦੇ ਨਾਸ ਵਿੱਚ ਵੜ ਜਾਣ ਨਾਲ ਇਹਦੀ ਮੌਤ ਹੋਈ)
455. ਰਾਂਝਾ ਆਪਣੇ ਆਪ ਨਾਲ
ਹੀਰ ਚੁਪ ਬੈਠੀ ਅਸੀਂ ਕੁਟ ਕੱਢੇ, ਸਾਡਾ ਵਾਹ ਪਿਆ ਨਾਲ ਡੋਰਿਆਂ ਦੇ। ਉਹ ਵੇਲੜਾ ਹੱਥ ਨਾ ਆਂਵਦਾ ਹੈ, ਲੋਕ ਦੇ ਰਹੇ ਲਖ ਢੰਡੋਰਿਆਂ ਦੇ। ਇੱਕ ਰੰਨ ਗਈ ਦੂਆ ਆਉਣ ਗਿਆ, ਲੋਕ ਸਾੜਦੇ ਨਾਲ ਨਿਹੋਰਿਆਂ ਦੇ। ਨੂੰਹਾਂ ਰਾਜਿਆਂ ਤੇ ਰੰਨਾਂ ਡਾਢਿਆਂ ਦੀਆਂ, ਕੀਕੂੰ ਹੱਥ ਆਵਣ ਨਾਲ ਜ਼ੋਰਿਆਂ ਦੇ। ਅਸਾਂ ਮੰਗਿਆ ਉਨ੍ਹਾਂ ਨਾਂ ਖ਼ੈਰ ਕੀਤਾ, ਮੈਨੂੰ ਮਾਰਿਆ ਨਾਲ ਫਹੌੜਿਆਂ ਦੇ। ਵਾਰਿਸ ਜ਼ੋਰ ਜ਼ਰ ਜ਼ਾਰੀਆਂ ਯਾਰੀਆਂ ਦੇ, ਸਾਏ ਜ਼ਰਾਂ ਤੇ ਨਾ ਕਮਜ਼ੋਰਿਆ ਦੇ। (ਡੋਰਾ=ਬੋਲਾ,ਜਿਹਨੂੰ ਉੱਚਾ ਸੁਣੇ, ਜ਼ੋਰੀ=ਤਾਕਤ)
456. ਰਾਂਝਾ ਦੁਖੀ ਹੋ ਕੇ
ਧੂੰਆਂ ਹੂੰਝਦਾ ਰੋਇਕੇ ਢਾਹ ਮਾਰੇ, ਰੱਬਾ ਮੇਲ ਕੇ ਯਾਰ ਵਿਛੋੜਿਉ ਕਿਉਂ। ਮੇਰਾ ਰੜੇ ਜਹਾਜ਼ ਸੀ ਆਣ ਲੱਗਾ, ਬੰਨੇ ਲਾਇਕੇ ਫੇਰ ਮੁੜ ਬੋੜਿਉ ਕਿਉਂ। ਕੋਈ ਅਸਾਂ ਥੀਂ ਵੱਡਾ ਗੁਨਾਹ ਹੋਇਆ, ਸਾਥ ਫ਼ਜ਼ਲ ਦਾ ਲੱਦ ਕੇ ਮੋੜਿਉ ਕਿਉਂ। ਵਾਰਿਸ ਸ਼ਾਹ ਇਬਾਦਤਾਂ ਛਡ ਕੇ ਤੇ, ਦਿਲ ਨਾਲ ਸ਼ੈਤਾਨ ਦੇ ਜੋੜਿਉ ਕਿਉਂ। (ਢਾਹ=ਧਾਹ)
457. ਤਥਾ
ਮੈਨੂੰ ਰਬ ਬਾਝੋਂ ਨਹੀਂ ਤਾਂਘ ਕਾਈ, ਸਭ ਡੰਡੀਆਂ ਗ਼ਮਾਂ ਨੇ ਮੱਲੀਆਂ ਨੇ। ਸਾਰੇ ਦੇਸ਼ ਤੇ ਮੁਲਕ ਦੀ ਸਾਂਝ ਚੁੱਕੀ, ਸਾਡੀਆਂ ਕਿਸਮਤਾਂ ਜੰਗਲੀਂ ਚੱਲੀਆਂ ਨੇ। ਜਿੱਥੇ ਸ਼ੀਂਹ ਬੁੱਕਣ ਸ਼ੂਕਣ ਨਾਗ ਕਾਲੇ, ਬਘਿਆੜ ਘੱਤਣ ਨਿਤ ਜੱਲੀਆਂ ਨੇ। ਚਿੱਲਾ ਕਟ ਕੇ ਪੜ੍ਹਾਂ ਕਲਾਮ ਡਾਹਢੀ, ਤੇਗਾਂ ਵੱਜੀਆਂ ਆਣ ਅਵੱਲੀਆਂ ਨੇ। ਕੀਤੀਆਂ ਮਿਹਨਤਾਂ ਵਾਰਿਸਾ ਦੁਖ ਝਾਗੇ, ਰਾਤਾਂ ਜਾਂਦੀਆਂ ਨਹੀਂ ਨਿਚੱਲੀਆਂ ਨੇ। (ਤਾਂਘ=ਖਾਹਿਸ਼,ਅਰਮਾਨ, ਜੱਲੀਆਂ ਘੱਤਣ=ਚਾਂਭੜਾਂ ਪਾਉਂਦੇ)
458. ਰਾਂਝੇ ਨੂੰ ਪੀਰ ਯਾਦ ਆਏ
ਰੋਂਦਾ ਕਾਸਨੂੰ ਬੀਰ ਬੈਤਾਲੀਆ ਵੇ, ਪੰਜਾਂ ਪੀਰਾਂ ਦਾ ਤੁਧ ਮਿਲਾਪ ਮੀਆਂ। ਲਾ ਜ਼ੋਰ ਲਲਕਾਰ ਤੂੰ ਪੀਰ ਪੰਜੇ, ਤੇਰਾ ਦੂਰ ਹੋਵੇ ਦੁਖ ਤਾਪ ਮੀਆਂ। ਜਿਨ੍ਹਾਂ ਪੀਰਾਂ ਦਾ ਜ਼ੋਰ ਹੈ ਤੁਧ ਨੂੰ ਵੇ, ਕਰ ਰਾਤ ਦਿੰਹ ਓਹਨਾਂ ਦਾ ਜਾਪ ਮੀਆਂ। ਜ਼ੋਰ ਆਪਣਾ ਫ਼ਕਰ ਨੂੰ ਯਾਦ ਆਇਆ, ਬਾਲਨਾਥ ਮੇਰਾ ਗੁਰੂ ਬਾਪ ਮੀਆਂ। ਵਾਰਿਸ ਸ਼ਾਹ ਭੁਖਾ ਬੂਹੇ ਰੋਏ ਬੈਠਾ, ਦੇਇ ਉਨ੍ਹਾਂ ਨੂੰ ਵੱਡਾ ਸਰਾਪ ਮੀਆਂ। 459. ਰਾਂਝਾ ਆਪਣੇ ਆਪ ਨੂੰ ਕਹਿੰਦਾ ਹੈ
ਕਰਾਮਾਤ ਜਗਾਇ ਕੇ ਸਿਹਰ ਫੂਕਾਂ, ਜੜ੍ਹ ਖੇੜਿਆਂ ਦੀ ਮੁਢੋਂ ਪੱਟ ਸੁੱਟਾਂ। ਫ਼ੌਜਦਾਰ ਨਾਹੀਂ ਪਕੜ ਕਵਾਰੜੀ ਨੂੰ, ਹੱਥ ਪੈਰ ਤੇ ਨੱਕ ਕੰਨ ਕੱਟ ਸੁੱਟਾਂ। ਨਾਲ ਫ਼ੌਜ ਨਾਹੀਂ ਦਿਆਂ ਫੂਕ ਅੱਗਾਂ, ਕਰ ਮੁਲਕ ਨੂੰ ਚੌੜ ਚੁਪੱਟ ਸੁੱਟਾਂ। 'ਅਲਮਾਤਰਾ ਕੈਫ਼ਾ ਬੁਦੂ ਕੱਹਾਰ' ਪੜ੍ਹ ਕੇ, ਨਈਂ ਵਹਿੰਦੀਆਂ ਪਲਕ ਵਿੱਚ ਅੱਟ ਸੁਟਾਂ। ਸਹਿਤੀ ਹੱਥ ਆਵੇ ਪਕੜ ਚੂੜੀਆਂ ਥੋਂ, ਵਾਂਗ ਟਾਟ ਦੀ ਤਪੜੀ ਛੱਟ ਸੁਟਾਂ। ਪੰਜ ਪੀਰ ਜੇ ਬਹੁੜਨ ਆਣ ਮੈਨੂੰ, ਦੁਖ ਦਰਦ ਕਜੀਅੜੇ ਕੱਟ ਸੱਟਾਂ। ਹੁਕਮ ਰਬ ਦੇ ਨਾਲ ਮੈਂ ਕਾਲ ਜੀਭਾ, ਮਗਰ ਲੱਗ ਕੇ ਦੂਤ ਨੂੰ ਚੱਟ ਸੁੱਟਾਂ। ਜਟ ਵਟ ਤੇ ਪਟ ਤੇ ਫਟ ਬੱਧੇ, ਵਰ ਦੇਣ ਸਿਆਣਿਆਂ ਸੱਤ ਸੁਟਾਂ। ਪਾਰ ਹੋਵੇ ਸਮੁੰਦਰੋਂ ਹੀਰ ਬੈਠੀ, ਬੁੱਕਾਂ ਨਾਲ ਸਮੁੰਦਰ ਨੂੰ ਝੱਟ ਸੁੱਟਾਂ। ਵਾਰਿਸ ਸ਼ਾਹ ਮਾਸ਼ੂਕ ਜੇ ਮਿਲੇ ਖ਼ਿਲਵਤ, ਸਭ ਜੀਊ ਦੇ ਦੁਖ ਉਲੱਟ ਸੁੱਟਾਂ। (ਸਿਹਰ ਫੂਕਾਂ=ਜਾਦੂ ਕਰਾਂ, ਅਲਮਾਤਰਾ ਕੈਫ਼ਾ=ਸੂਰਾ ਫ਼ੀਲ ਜਿਸ ਵਿੱਚ ਅਬਰਹਿ ਦੇ ਹਾਥੀਆਂ ਤੇ ਅਬਾਬੀਲਾਂ ਦੇ ਲਸ਼ਕਰ ਵੱਲੋਂ ਹਮਲੇ ਦਾ ਵਰਣਨ ਹੈ।ਆਬਬੀਲਾਂ ਨੇ ਕੰਕਰੀਆਂ ਮਾਰ ਮਾਰ ਕੇ ਹਾਥੀਆਂ ਦਾ ਕਚੂਮਰ ਕੱਢ ਦਿੱਤਾ, ਬੁਦੂ ਕੱਹਾਰ=ਇਹ ਇੱਕ ਜਲਾਲੀ ਅਮਲ ਹੈ ਜਿਹੜਾ ਵੈਰੀ ਉਤੇ ਗ਼ਾਲਬ ਆਉਣ ਲਈ ਪੜ੍ਹਿਆ ਜਾਂਦਾ ਹੈ, ਨਈਂ ਵਹਿੰਦੀਆਂ= ਵਗਦੀਆਂ ਨਦੀਆਂ ਨੂੰ ਅੱਖ ਦੇ ਫੋਰੇ ਵਿੱਚ ਸੁਕਾ ਕੇ ਉਨ੍ਹਾਂ ਨੂੰ ਮਿੱਟੀ ਨਾਲ ਭਰ ਦੇਵਾਂ, ਕਜੀਅੜੇ=ਕਜ਼ੀਏ, ਝੱਟ ਸੁੱਟਾਂ=ਖ਼ਾਲੀ ਕਰ ਦੇਵਾਂ)
460. ਰਾਂਝਾ ਕਾਲੇ ਬਾਗ਼ ਵਿਚ
ਦਿਲ ਫ਼ਿਕਰ ਨੇ ਘੇਰਿਆ ਬੰਦ ਹੋਇਆ, ਰਾਂਝਾ ਜੀਊ ਗ਼ੋਤੇ ਲਖ ਖਾਇ ਬੈਠਾ। ਸੱਥੋਂ ਹੂੰਝ ਧੂੰਆਂ ਸਿਰ ਚਾ ਟੁਰਿਆ, ਕਾਲੇ ਬਾਗ਼ ਵਿਚ ਢੇਰ ਮਚਾਇ ਬੈਠਾ। ਅਖੀਂ ਮੀਟ ਕੇ ਰਬ ਧਿਆਨ ਧਰ ਕੇ, ਚਾਰੋਂ ਤਰਫ਼ ਹੈ ਧੂੰਨੜਾ ਲਾਇ ਬੈਠਾ। ਵਟ ਮਾਰ ਕੇ ਚਾਰੋਂ ਹੀ ਤਰਫ਼ ਉੱਚੀ, ਉੱਥੇ ਵਲਗਣਾਂ ਖ਼ੂਬ ਬਣਾਇ ਬੈਠਾ। ਅਸਾਂ ਕੱਚ ਕੀਤਾ ਰੱਬ ਸਚ ਕਰਸੀ, ਇਹ ਆਖ ਕੇ ਵੈਲ ਜਗਾਇ ਬੈਠਾ। ਭੜਕੀ ਅੱਗ ਜਾਂ ਤਾਉਣੀ ਤਾਉ ਕੀਤਾ, ਇਸ਼ਕ ਮੁਸ਼ਕ ਵਿਸਾਰ ਕੇ ਜਾਇ ਬੈਠਾ। ਵਿੱਚ ਸੰਘਣੀ ਛਾਉਂ ਦੇ ਘਤ ਭੂਰਾ, ਵਾਂਗ ਅਹਿਦੀਆਂ ਢਾਸਣਾ ਲਾਇ ਬੈਠਾ। ਵਾਰਿਸ ਸ਼ਾਹ ਉਸ ਵਕਤ ਨੂੰ ਝੂਰਦਾ ਈ, ਜਿਸ ਵੇਲੜੇ ਅੱਖੀਆਂ ਲਾਇ ਬੈਠਾ। (ਸੱਥੋਂ=ਸਥ ਵਿੱਚੋਂ, ਧੂੰਨੜਾ=ਧੂੰਆਂ, ਵੈਲ=ਐਬ, ਅਹਿਦੀ=ਪਿਆਦਾ, ਤਾਉਨੀ=ਭੱਠੀ)
461. ਤਥਾ
ਮੀਟ ਅੱਖੀਆਂ ਰੱਖੀਆਂ ਬੰਦਗੀ ਤੇ, ਘੱਤੇ ਜੱਲੀਆਂ ਚਿੱਲੇ ਵਿੱਚ ਹੋਇ ਰਹਿਆ। ਕਰੇ ਆਜਜ਼ੀ ਵਿੱਚ ਮੁਰਾਕਬੇ ਦੇ, ਦਿਨੇ ਰਾਤ ਖ਼ੁਦਾਇ ਥੇ ਰੋਇ ਰਹਿਆ। ਵਿੱਚ ਯਾਦ ਖ਼ੁਦਾਇ ਦੀ ਮਹਿਵ ਰਹਿੰਦਾ, ਕਦੀ ਬੈਠ ਰਹਿਆ ਕਦੀ ਸੋਇ ਰਹਿਆ। ਵਾਰਿਸ ਸ਼ਾਹ ਨਾ ਫ਼ਿਕਰ ਕਰ ਮੁਸ਼ਕਲਾਂ ਦਾ, ਜੋ ਕੁਛ ਹੋਵਣਾ ਸੀ ਸੋਈ ਹੋਇ ਰਹਿਆ। (ਮਹਿਵ=ਲੱਗਾ ਹੋਇਆ)
462. ਤਥਾ
ਨਿਉਲੀ ਕਰਮ ਕਰਦਾ ਕਦੀ ਅਰਧ ਤਪ ਵਿੱਚ, ਕਦੀ ਹੋਮ ਸਰੀਰ ਜੋ ਲਾਇ ਰਹਿਆ। ਕਦੀ ਨਖੀ ਤਪ ਸ਼ਾਮ ਤਪ ਪੌਣ ਭਖੀ, ਸਦਾ-ਬਰਤ ਨੇਮੀ ਚਿੱਤ ਲਾਇ ਰਹਿਆ। ਕਦੀ ਉਰਧ ਤਪ ਸਾਸ ਤਪ ਗਰਾਸ ਤਪ ਨੂੰ, ਕਦੀ ਜੋਗ ਜਤੀ ਚਿਤ ਲਾਇ ਰਹਿਆ। ਕਦੀ ਮਸਤ ਮਕਜ਼ੂਬ ਲਟ ਹੋ ਸੁਥਰਾ, ਅਲਫ ਸਿਆਹ ਮੱਥੇ ਉੱਤੇ ਲਾਇ ਰਹਿਆ। ਆਵਾਜ਼ ਆਇਆ ਬੱਚਾ ਰਾਂਝਣਾ ਵੋ, ਤੇਰਾ ਸੁਬ੍ਹਾ ਮੁਕਾਬਲਾ ਆਇ ਰਹਿਆ। (ਨਖੀ ਤਪ=ਸਰੀਰ ਦਾ ਸਾਰਾ ਭਾਰ ਹੱਥਾਂ ਅਤੇ ਪੈਰਾਂ ਦੇ ਪੰਜਿਆਂ ਤੇ ਪਾਉਣਾ, ਪੌਣ ਭੱਖੀ=ਅਪਣੇ ਅੰਦਰ ਸਾਫ਼ ਹਵਾ ਖਿਚਣਾ ਅਤੇ ਗੰਦੀ ਹਵਾ ਬਾਹਰ ਕੱਢਣਾ, ਨਿਉਲੀ ਕਰਮ=ਯੋਗ ਅਭਿਆਸ ਵਿੱਚ ਛੇ ਕਰਮ ਹਨ: 1. ਨਿਉਲੀ ਕਰਮ, 2 ਨੇਤੀ ਕਰਮ, 3. ਧੇਤੀ ਕਰਮ, 4. ਦਸਤੀ ਕਰਮ, 5. ਤਰਾਟਕ, 6 ਕਪਾਲ ਭਾਤੀ, ਅਰਧ ਤਪ=ਆਕਾਸ਼ ਵਲ ਮੂੰਹ ਕਰਕੇ ਬਾਹਾਂ ਖੜੀਆਂ ਕਰਕੇ ਕੀਤੀ ਹੋਈ ਕਸਰਤ, ਗਰਾਸ=ਬੁਰਕੀ, ਮਕਜ਼ੂਬ=ਰਬ ਦੀ ਯਾਦ ਵਿੱਚ ਡੁਬਾ ਹੋਇਆ)
463. ਕੁੜੀਆਂ ਕਾਲੇ ਬਾਗ਼ ਵਿੱਚ ਗਈਆਂ
ਰੋਜ਼ ਜੁੰਮੇ ਦੇ ਤ੍ਰਿੰਞਣਾਂ ਧੂੜ ਘੱਤੀ, ਤੁਰ ਨਿਕਲੇ ਕਟਕ ਅਰਬੇਲੀਆਂ ਦੇ। ਜਿਵੇਂ ਕੂੰਜਾਂ ਦੀ ਡਾਰ ਆ ਲਹੇ ਬਾਗੀਂ, ਫਿਰਨ ਘੋੜੇ ਤੇ ਰੱਬ ਮਹੇਲੀਆਂ ਦੇ। ਵਾਂਗ ਸ਼ਾਹ ਪਰੀਆਂ ਛਣਾਂ ਛਣ ਛਣਕਣ, ਵੱਡੇ ਤ੍ਰਿੰਞਣ ਨਾਲ ਸਹੇਲੀਆਂ ਦੇ। ਧਮਕਾਰ ਪੈ ਗਈ ਤੇ ਧਰਤ ਕੰਬੀ, ਛੁੱਟੇ ਪਾਸਨੇ ਗਰਬ ਗਹੇਲੀਆਂ ਦੇ। ਵੇਖ ਜੋਗੀ ਦਾ ਥਾਂਉਂ ਵਿੱਚ ਆ ਵੜੀਆਂ, ਮਹਿਕਾਰ ਪੈ ਗਏ ਚੰਬੇਲੀਆਂ ਦੇ। ਵਾਰਿਸ ਸ਼ਾਹ ਉਸ਼ਨਾਕ ਜਿਉਂ ਢੂੰਡ ਲੈਂਦੇ, ਇਤਰ ਵਾਸਤੇ ਹੱਟ ਫੁਲੇਲੀਆਂ ਦੇ। (ਧੂੜ ਘੱਤੀ=ਧੂੜ ਪੱਟੀ, ਅਰਬੇਲੀਆਂ=ਮੁਟਿਆਰਾਂ, ਪਾਸਣੇ ਛੁਟਣਾ=ਦੌੜ ਆਰੰਭ ਕਰਨਾ, ਮਹਿਕਾਰ=ਮਹਿਕ, ਉਸ਼ਨਾਕ=ਸ਼ੌਕ ਵਾਲੇ)
464. ਕੁੜੀਆਂ ਨੇ ਰਾਂਝੇ ਦਾ ਡੇਰਾ ਬਰਬਾਦ ਕਰਨਾ
ਧੂੰਆਂ ਫੋਲ ਕੇ ਰੋਲ ਕੇ ਸੱਟ ਖੱਪਰ, ਤੋੜ ਸੇਲ੍ਹੀਆਂ ਭੰਗ ਖਿਲਾਰੀਆਂ ਨੇ। ਡੰਡਾ ਕੂੰਡਾ ਭੰਗ ਅਫੀਮ ਕੋਹੀ, ਫੋਲ ਫਾਲ ਕੇ ਪੱਟੀਆਂ ਡਾਰੀਆਂ ਨੇ। ਧੂੰਆਂ ਸਵਾਹ ਖਿਲਾਰ ਕੇ ਭੰਨ ਹੁੱਕਾ, ਗਾਹ ਘੱਤ ਕੇ ਲੁੱਡੀਆਂ ਮਾਰੀਆਂ ਨੇ। ਸਾਫ਼ਾ ਸੰਗਲੀ ਚਿਮਟਾ ਭੰਗ ਕੱਕੜ, ਨਾਦ ਸਿਮਰਨਾ ਧੂਪ ਖਿਲਾਰੀਆਂ ਨੇ। ਜੇਹਾ ਹੂੰਝ ਬੁਹਾਰ ਤੇ ਫੋਲ ਕੂੜਾ, ਬਾਹਰ ਸੁੱਟਿਆ ਕੱਢ ਪਸਾਰੀਆਂ ਨੇ। ਕਰਨ ਹਲੂ ਹਲੂ ਤੇ ਮਾਰ ਹੇਕਾਂ, ਦੇਣ ਧੀਰੀਆਂ ਤੇ ਖਿੱਲੀ ਮਾਰੀਆਂ ਨੇ। ਵਾਰਿਸ ਸ਼ਾਹ ਜਿਉਂ ਦਲਾਂ ਪੰਜਾਬ ਲੁੱਟੀ, ਤਿਵੇਂ ਜੋਗੀ ਨੂੰ ਲੁੱਟ ਉਜਾੜੀਆਂ ਨੇ। (ਕੋਹੀ=ਇੱਕ ਨਸ਼ੇ ਵਾਲੀ ਬੂਟੀ, ਗਾਹ ਘਤਣਾ=ਗਾਹੁਣਾ, ਸਾਫ਼ਾ=ਸਾਫ਼ੀ, ਕੱਕੜ=ਕੱਚਾ ਤਮਾਖੂ, ਸਿਮਰਨਾ=ਮਾਲਾ, ਬੁਹਾਰ=ਬੁਹਾਰੀ ਨਾਲ ਹੂੰਝ ਕੇ, ਧੂਫ਼=ਅਗਰ ਬੱਤੀ, ਹਲੂ ਹਲੂ=ਇਕੱਠੀਆਂ ਹੋ ਕੇ ਜੈਕਾਰੇ ਆਦਿ ਛੱਡਣੇ, ਦਲਾਂ=ਸਿੱਖ ਫ਼ੌਜਾਂ)
465. ਤਥਾ
ਕਿਲੇਦਾਰ ਨੂੰ ਮੋਰਚੇ ਤੰਗ ਢੁੱਕੇ, ਸ਼ਬਖੂਨ ਤੇ ਤਿਆਰ ਹੋ ਸੱਜਿਆ ਈ। ਥੜਾ ਪਵੇ ਜਿਉਂ ਧਾੜ ਨੂੰ ਸ਼ੀਂਹ ਛੁੱਟੇ, ਉਠ ਬੋਤੀਆਂ ਦੇ ਮਨ੍ਹੇ ਗੱਜਿਆ ਈ। ਸਭਾ ਨੱਸ ਗਈਆਂ ਇੱਕਾ ਰਹੀ ਪਿੱਛੇ, ਆਇ ਸੋਇਨ ਚਿੜੀ ਉਤੇ ਵੱਜਿਆ ਈ। ਹਾਇ ਹਾਇ ਮਾ-ਮੁੰਡੀਏ ਜਾਹ ਨਾਹੀਂ, ਪਰੀ ਵੇਖ ਅਵਧੂਤ ਨਾ ਲੱਜਿਆ ਈ। ਨੰਗੀ ਹੋ ਨੱਠੀ ਸੱਟ ਸਤਰ ਜ਼ੇਵਰ, ਸੱਭਾ ਜਾਨ ਭਿਆਣੀਆਂ ਤੱਜਿਆ ਈ। ਮਲਕੁਲਮੌਤ ਅਜ਼ਾਬ ਦੇ ਕਰੇ ਨੰਗੀ, ਪਰਦਾ ਕਿਸੇ ਦਾ ਕਦੀ ਨਾ ਕੱਜਿਆ ਈ। ਉਤੋਂ ਨਾਦ ਵਜਾਇਕੇ ਕਰੇ ਨਾਹਰਾ, ਅਖੀਂ ਲਾਲ ਕਰਕੇ ਮੂੰਹ ਟੱਡਿਆ ਈ। ਵਾਰਿਸ ਸ਼ਾਹ ਹਿਸਾਬ ਨੂੰ ਪਰੀ ਪਕੜੀ, ਸੂਰ ਹਸ਼ਰ ਦਾ ਵੇਖ ਲਏ ਵੱਜਿਆ ਈ। (ਮੋਰਚੇ ਤੰਗ ਢੁੱਕੇ=ਮੋਰਚੇ ਨੇੜੇ ਲੱਗੇ, ਸ਼ਬਖੂਨ=ਰਾਤ ਵੇਲੇ ਚੋਰੀ ਹਮਲਾ ਕਰਨਾ, ਥੜਾ=ਚੋਰ ਫੜਣ ਲਈ ਜਾਂ ਦੁਸ਼ਮਣ ਦੇ ਰਾਹ ਵਿੱਚ ਹਥਿਆਰਬੰਦ ਆਦਮੀਆਂ ਦਾ ਲੁਕ ਕੇ ਬੈਠਣਾ, ਅਵਧੂਤ=ਬਿਭੂਤ ਮਲਣ ਵਾਲਾ ਨੰਗਾ ਸਾਧੂ, ਜਾਨ ਭਿਆਣੀ= ਆਪਣੀ ਬੱਚਤ ਲਈ ਘਬਰਾਈ ਹੋਈ, ਮਲਕੁਲਮੌਤ=ਮੌਤ ਦਾ ਫ਼ਰਿਸ਼ਤਾ,ਜਮਦੂਤ, ਅਜ਼ਾਬ=ਦੁਖ, ਪਰੀ ਪਕੜੀ=ਕੁੜੀ ਫੜ ਲਈ, ਹਸ਼ਰ ਦਾ ਸੂਰ=ਕਿਆਮਤ ਦਾ ਨਾਦ)
466. ਕੁੜੀ ਦਾ ਰਾਂਝੇ ਨੂੰ ਕਹਿਣਾ
ਕੁੜੀ ਆਖਿਆ ਮਾਰ ਨਾ ਫਾਹੁੜੀ ਵੇ, ਮਰ ਜਾਊਂਗੀ ਮਸਤ ਦੀਵਾਨਿਆਂ ਵੇ। ਲੱਗੇ ਫਾਹੁੜੀ ਬਾਹੁੜੀ ਮਰਾਂ ਜਾਨੋਂ, ਰੱਖ ਲਈ ਤੂੰ ਮੀਆਂ ਮਸਤਾਨਿਆਂ ਵੇ। ਇਜ਼ਰਾਈਲ ਜਮ ਆਣ ਕੇ ਬਹੇ ਬੂਹੇ, ਨਹੀਂ ਛੁਟੀਂਦਾ ਨਾਲ ਬਹਾਨਿਆਂ ਵੇ। ਤੇਰੀ ਡੀਲ ਹੈ ਦੇਉ ਦੀ ਅਸੀਂ ਪਰੀਆਂ, ਇੱਕਸ ਲਤ ਲੱਗੇ ਮਰ ਜਾਨੀਆਂ ਵੇ। ਗੱਲ ਦੱਸਣੀ ਹੈ ਸੋ ਤੂੰ ਦੱਸ ਮੈਨੂੰ, ਤੇਰਾ ਲੈ ਸੁਨੇਹੜਾ ਜਾਨੀਆਂ ਵੇ। ਮੇਰੀ ਤਾਈ ਹੈ ਜਿਹੜੀ ਤੁੱਧ ਬੇਲਣ, ਅਸੀਂ ਹਾਲ ਥੀਂ ਨਹੀਂ ਬੇਗਾਨੀਆਂ ਵੇ। ਤੇਰੇ ਵਾਸਤੇ ਓਸਦੀ ਕਰਾਂ ਮਿੰਨਤ, ਜਾਇ ਹੀਰ ਅੱਗੇ ਟਟਿਆਨੀਆਂ ਵੇ। ਵਾਰਿਸ ਆਖ ਕੀਕੂੰ ਆਖਾਂ ਜਾਇ ਉਸ ਨੂੰ, ਅਵੇ ਇਸ਼ਕ ਦੇ ਕੰਮ ਦਿਆ ਬਾਨੀਆਂ ਵੇ। (ਇੱਕਸ=ਇੱਕੋਬੇਲਣ=ਸਹੇਲੀ, ਟਟਿਆਨੀਆਂ=ਟਟ੍ਹੀਰੀ ਦੀ ਅਵਾਜ਼ ਵਾਂਗ ਤਰਲਾ)
467. ਰਾਂਝੇ ਦਾ ਕੁੜੀ ਹੱਥ ਹੀਰ ਨੂੰ ਸੁਨੇਹਾ
ਜਾਇ ਹੀਰ ਨੂੰ ਆਖਣਾ ਭਲਾ ਕੀਤੋ, ਸਾਨੂੰ ਹਾਲ ਥੀਂ ਚਾ ਬੇਹਾਲ ਕੀਤੋ। ਝੰਡਾ ਸਿਆਹ ਸਫ਼ੈਦ ਸੀ ਇਸ਼ਕ ਵਾਲਾ, ਉਹ ਘੱਤ ਮਜੀਠ ਗ਼ਮ ਲਾਲ ਕੀਤੋ। ਦਾਨਾ ਬੇਗ ਦੇ ਮਗਰ ਜਿਉਂ ਪਏ ਗ਼ਿਲਜ਼ੀ ਡੇਰਾ, ਲੁੱਟ ਕੇ ਚਾਇ ਕੰਗਾਲ ਕੀਤੋ। ਤਿਲਾ ਕੁੰਦ ਨੂੰ ਅੱਗ ਦਾ ਤਾਉ ਦੇ ਕੇ, ਚਾਇ ਅੰਦਰੋਂ ਬਾਹਰੋਂ ਲਾਲ ਕੀਤੋ। ਅਹਿਮਦ ਸ਼ਾਹ ਵਾਂਗੂੰ ਮੇਰੇ ਵੈਰ ਪੈ ਕੇ, ਪੱਟ ਪੱਟ ਕੇ ਚੱਕ ਦਾ ਤਾਲ ਕੀਤੋ। ਚਿਹਰੀਂ ਸ਼ਾਦ ਬਹਾਲੀਆਂ ਖੇੜਿਆਂ ਨੂੰ, ਬਰਤਰਫ਼ੀਆਂ ਤੇ ਮਹੀਂਵਾਲ ਕੀਤੋ। ਫ਼ਤਿਹਾਬਾਦ ਚਾਇ ਦਿਤੀਆ ਖੇੜਿਆਂ ਨੂੰ, ਭਾਰਾ ਰਾਂਝਣੇ ਦੇ ਵੈਰੋਵਾਲ ਕੀਤੋ। ਛੱਡ ਨੱਠੀ ਏ ਸਿਆਲ ਤੇ ਮਹੀਂ ਮਾਹੀ, ਵਿੱਚ ਖੇੜਿਆਂ ਦੇ ਆਇ ਜਾਲ ਕੀਤੋ। ਜਾਂ ਮੈਂ ਗਿਆ ਵਿਹੜੇ ਸਹਿਤੀ ਨਾਲ ਰਲ ਕੇ, ਫੜੇ ਚੋਰ ਵਾਂਗੂੰ ਮੇਰਾ ਹਾਲ ਕੀਤੋ। ਨਾਦਰ ਸ਼ਾਹ ਥੋਂ ਹਿੰਦ ਪੰਜਾਬ ਥਰਕੇ, ਮੇਰੇ ਬਾਬ ਦਾ ਤੁਧ ਭੁੰਚਾਲ ਕੀਤੋ। ਭਲੇ ਚੌਧਰੀ ਦਾ ਪੁਤ ਚਾਕ ਹੋਇਆ, ਚਾਇ ਜਗ ਉੱਤੇ ਮਹੀਂਵਾਲ ਕੀਤੋ। ਤੇਰੇ ਬਾਬ ਦਰਗਾਹ ਥੀਂ ਮਿਲੇ ਬਦਲਾ, ਜੇਹਾ ਜ਼ਾਲਮੇ ਤੈਂ ਮੇਰੇ ਨਾਲ ਕੀਤੋ। ਦਿੱਤੇ ਆਪਣਾ ਸ਼ੌਕ ਤੇ ਸੋਜ਼ ਮਸਤੀ, ਵਾਰਿਸ ਸ਼ਾਹ ਫ਼ਕੀਰ ਨਿਹਾਲ ਕੀਤੋ। (ਦੀਨਾ ਬੇਗ=ਅਹਿਮਦ ਸ਼ਾਹ ਅਬਦਾਲੀ ਨੇ 1762-63 ਵਿੱਚ ਪੰਜਾਬ ਤੇ ਹਮਲਾ ਕੀਤਾ ਅਤੇ ਬਹੁਤ ਤਬਾਹੀ ਕੀਤੀ ਸੀ, ਤਿਲਾ ਕੁੰਦ=ਝੂਠਾ ਸੋਨਾ, ਚਿਹਰੀਂ ਸ਼ਾਦ ਬਹਾਲੀਆਂ=ਖੇੜਿਆਂ ਦੀ ਆਸਾਮੀ ਨੂੰ ਬਹਾਲ ਅਤੇ ਮੰਨ ਲਿਆ ਹੈ ਤੇ ਮੱਝਾਂ ਚਾਰਨ ਵਾਲੇ ਨੂੰ ਹਟਾ ਦਿੱਤਾ ਹੈ।ਅਜਿਹੇ ਸਮੇਂ ਖੇੜਿਆਂ ਦੇ ਚਿਹਰੇ ਤੇ ਖ਼ੁਸ਼ੀਆਂ, ਫ਼ਤਿਹਾਬਾਦ ਅਤੇ ਵੈਰੋਵਾਲ ਸਤਲੁਜ ਨਦੀ ਦੇ ਕੰਢੇ ਦੋ ਪਿੰਡ ਹਨ। ਵਾਰਿਸ ਨੇ ਦੋਨਾਂ ਪਿੰਡਾਂ ਦਾ ਜ਼ਿਕਰ ਚਿੰਨ੍ਹਾਤਮਕ ਤੌਰ ਤੇ ਕੀਤਾ ਹੈ।ਖੇੜਿਆਂ ਦੇ ਹੱਥ 'ਫ਼ਤਹਿ' ਭਾਵ ਜਿੱਤ ਅਤੇ ਰਾਂਝੇ ਦੇ ਹਿੱਸੇ 'ਵੈਰ' ਆਇਆ, ਥਰਕੇ=ਕੰਬੇ)
468. ਕੁੜੀ ਹੀਰ ਕੋਲ ਆਈ
ਕੁੜੀ ਆਪਣਾ ਆਪ ਛੁੜਾ ਨੱਠੀ, ਤੀਰ ਗ਼ਜ਼ਬ ਦਾ ਜੀਊ ਵਿੱਚ ਕੱਸਿਆ ਈ। ਸਹਿਜੇ ਆ ਕੇ ਹੀਰ ਦੇ ਕੋਲ ਬਹਿ ਕੇ, ਹਾਲ ਓਸ ਨੂੰ ਖੋਲ੍ਹ ਕੇ ਦੱਸਿਆ ਈ। ਛਡ ਨੰਗ ਨਾਮੂਸ ਫ਼ਕੀਰ ਹੋਇਆ, ਰਹੇ ਰੋਂਦੜਾ ਕਦੀ ਨਾ ਹੱਸਿਆ ਈ। ਏਸ ਹੁਸਨ ਕਮਾਨ ਨੂੰ ਹੱਥ ਫੜਕੇ, ਆ ਕਹਿਰ ਦਾ ਤੀਰ ਕਿਉਂ ਕੱਸਿਆ ਈ। ਘਰੋਂ ਮਾਰ ਕੇ ਮੁਹਲਿਆਂ ਕਢਿਆ ਈ, ਜਾ ਕੇ ਕਾਲੜੇ ਬਾਗ਼ ਵਿੱਚ ਵੱਸਿਆ ਈ। ਵਾਰਿਸ ਸ਼ਾਹ ਦਿੰਹ ਰਾਤ ਦੇ ਮੀਂਹ ਵਾਂਗੂੰ, ਨੀਰ ਓਸ ਦੇ ਨੈਣਾਂ ਥੀਂ ਵੱਸਿਆ ਈ। (ਕਹਿਰ ਦਾ ਤੀਰ ਕੱਸਿਆ=ਕਹਿਰ ਕੀਤਾ)
469. ਹੀਰ
ਕੁੜੀਏ ਵੇਖ ਰੰਝੇਟੜੇ ਕੱਚ ਕੀਤਾ, ਖੋਲ੍ਹ ਜੀਊ ਦਾ ਭੇਤ ਪਸਾਰਿਉ ਨੇ। ਮਨਸੂਰ ਨੇ ਇਸ਼ਕ ਦਾ ਭੇਤ ਦਿੱਤਾ, ਉਸ ਨੂੰ ਤੁਰਤ ਸੂਲੀ ਉੱਤੇ ਚਾੜ੍ਹਿਉ ਨੇ। ਰਸਮ ਇਸ਼ਕ ਦੇ ਮੁਲਕ ਦੀ ਚੁਪ ਰਹਿਣਾ, ਮੂੰਹੋਂ ਬੋਲਿਆ ਸੂ ਉਹਨੂੰ ਮਾਰਿਉ ਨੇ। ਤੋਤਾ ਬੋਲ ਕੇ ਪਿੰਜਰੇ ਕੈਦ ਹੋਇਆ, ਐਵੇਂ ਬੋਲਣੋਂ ਅਗਨ ਸੰਘਾਰਿਉ ਨੇ। ਯੂਸਫ਼ ਬੋਲ ਕੇ ਬਾਪ ਤੇ ਖ਼ਾਬ ਦੱਸੀ, ਉਸ ਨੂੰ ਖੂਹ ਦੇ ਵਿੱਚ ਉਤਾਰਿਉ ਨੇ। ਵਾਰਿਸ ਸ਼ਾਹ ਕਾਰੂੰ ਨੂੰ ਸਣੇ ਦੌਲਤ, ਹੇਠ ਜ਼ਿਮੀਂ ਦੇ ਚਾਇ ਨਿਘਾਰਿਉ ਨੇ। (ਭੇਤ ਪਸਾਰਨਾ=ਭੇਤ ਦੱਸ ਦੇਣਾ, ਸੰਘਾਰਿਉ=ਮਾਰਿਆ ਗਿਆ)
470. ਤਥਾ
ਚਾਕ ਹੋਇ ਕੇ ਖੋਲੀਆਂ ਚਾਰਦਾ ਸੀ, ਜਦੋਂ ਉਸ ਦਾ ਜੀਊ ਤੂੰ ਖੱਸਿਆ ਸੀ। ਉਹਦੀ ਨਜ਼ਰ ਦੇ ਸਾਮ੍ਹਣੇ ਖੇਡਦੀ ਸੈਂ, ਮੁਲਕ ਓਸ ਦੇ ਬਾਬ ਦਾ ਵੱਸਿਆ ਸੀ। ਆ ਸਾਹੁਰੇ ਵਹੁਟੜੀ ਹੋਇ ਬੈਠੀ, ਤਦੋਂ ਜਾਇਕੇ ਜੋਗ ਵਿੱਚ ਧੱਸਿਆ ਸੀ। ਆਇਆ ਹੋ ਫ਼ਕੀਰ ਤਾਂ ਲੜੇ ਸਹਿਤੀ, ਗੜਾ ਕਹਿਰ ਦਾ ਓਸ ਤੇ ਵੱਸਿਆ ਸੀ। ਮਾਰ ਮੁਹਲਿਆਂ ਨਾਲ ਹੈਰਾਨ ਕੀਤੋ, ਤਦੋਂ ਕਾਲੜੇ ਬਾਗ਼ ਨੂੰ ਨੱਸਿਆ ਸੀ। ਪਿੱਛਾ ਦੇ ਨਾ ਮਾੜਿਆਂ ਜਾਣ ਕੇ ਨੀ, ਭੇਤ ਇਸ਼ਕ ਦਾ ਆਸ਼ਕਾਂ ਦੱਸਿਆ ਸੀ। ਡੋਲੀ ਚੜ੍ਹੀ ਤਾਂ ਯਾਰ ਤੋਂ ਛੁੱਟ ਪਈਏਂ, ਤਦੋਂ ਮੁਲਕ ਸਾਰਾ ਤੈਨੂੰ ਹੱਸਿਆ ਸੀ। ਜਦੋਂ ਮਹੀਂ ਨੂੰ ਕੂਚ ਦਾ ਹੁਕਮ ਕੀਤਾ, ਤੰਗ ਤੋਬਰਾ ਨਫ਼ਰ ਨੇ ਕੱਸਿਆ ਸੀ। ਜਦੋਂ ਰੂਹ ਇਕਰਾਰ ਇਖ਼ਰਾਜ ਕੀਤਾ, ਤਦੋਂ ਜਾਇ ਕਲਬੂਤ ਵਿੱਚ ਧੱਸਿਆ ਸੀ। ਜਿਹੜੇ ਨਿਵੇਂ ਸੋ ਉਹ ਹਜ਼ੂਰ ਹੋਏ, ਵਾਰਿਸ ਸ਼ਾਹ ਨੂੰ ਪੀਰ ਨੇ ਦੱਸਿਆ ਸੀ। (ਖੱਸਿਆ=ਲੁੱਟਿਆ, ਬਾਬ ਦਾ=ਭਾ ਦਾ, ਗੜਾ=ਅਹਿਣ, ਤੰਗ ਤੋਬਰਾ ਕੱਸਣਾ= ਘੋੜੇ ਨੂੰ ਸਵਾਰੀ ਲਈ ਤਿਆਰ ਕਰਨਾ, ਨਫ਼ਰ=ਨੌਕਰ, ਇਖ਼ਰਾਜ=ਖ਼ਾਰਜ ਹੋਣਾ, ਨਿਕਲ ਜਾਣਾ, ਨਿਵੇਂ=ਝੁਕੇ)
471. ਤਥਾ
ਰਾਂਝਾ ਵਾਂਗ ਈਮਾਨ ਸ਼ਰਾਬੀਆਂ ਦੇ, ਜੁਦਾ ਹੋਇ ਕੇ ਪਿੰਡ ਥੀਂ ਹਾਰ ਰਹਿਆ। ਨੈਣਾਂ ਤੇਰਿਆਂ ਜੱਟ ਨੂੰ ਕਤਲ ਕੀਤਾ, ਚਾਕ ਹੋਇਕੇ ਖੋਲ੍ਹੀਆਂ ਚਾਰ ਰਹਿਆ। ਤੂੰ ਤਾਂ ਖੇੜਿਆਂ ਦੀ ਬਣੀ ਚੌਧਰਾਣੀ, ਰਾਂਝਾ ਹੋਇ ਕੇ ਟੱਕਰਾਂ ਮਾਰ ਰਹਿਆ। ਅੰਤ ਕੰਨ ਪੜਾ ਫ਼ਕੀਰ ਹੋਇਆ, ਘਤ ਮੁੰਦਰਾਂ ਵਿੱਚ ਉਜਾੜ ਰਹਿਆ। ਓਸ ਵਤਨ ਨਾ ਮਿਲੇ ਤੂੰ ਸਤਰਖ਼ਾਨੇ, ਥੱਕ ਹੁੱਟ ਕੇ ਅੰਤ ਨੂੰ ਹਾਰ ਰਹਿਆ। ਤੈਨੂੰ ਚਾਕ ਦੀ ਆਖਦਾ ਜਗ ਸਾਰਾ, ਇਵੇਂ ਓਸ ਨੂੰ ਮਿਹਣੇ ਮਾਰ ਰਹਿਆ। ਸ਼ਕਰ ਗੰਜ ਮਸਊਦ ਮੌਦੂਦ ਵਾਂਗੂੰ, ਉਹ ਨਫ਼ਸ ਤੇ ਹਿਰਸ ਨੂੰ ਮਾਰ ਰਹਿਆ। ਸੁਧਾ ਨਾਲ ਤਵੱਕਲੀ ਠੇਲ੍ਹ ਬੇੜਾ, ਵਾਰਿਸ ਵਿੱਚ ਡੁੱਬਾ ਇੱਕੇ ਪਾਰ ਰਹਿਆ। (ਥੱਕ ਹੁਟ=ਥੱਕ ਟੁੱਟ ਕੇ, ਤਵੱਕਲੀ=ਵਾਰਿਸ ਨੇ ਤੁਵੱਕਲੀ ਦਾ ਪੰਜਾਬੀਕਰਣ ਕੀਤਾ ਹੈ, ਭਰੋਸੇ ਨਾਲ, ਸ਼ਕਰ ਗੰਜ ਮਸਊਦ=ਬਾਬਾ ਫਰੀਦ ਨੂੰ ਸ਼ਕਰਗੰਜ ਦੇ ਨਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਭਗਤੀ ਅਤੇ ਰਿਆਜ਼ਤ ਬਾਰੇ ਬਹੁਤ ਕਹਾਣੀਆਂ ਮਸ਼ਹੂਰ ਹਨ।ਉਹ ਰੱਬ ਦੀ ਯਾਦ ਵਿੱਚ ਸੁੱਕ ਕੇ ਪਿੰਜਰ ਹੋ ਗਏ ਸਨ)
472 ਹੀਰ
ਆਕੀ ਹੋ ਬੈਠੇ ਅਸੀਂ ਜੋਗੀੜੇ ਥੋਂ, ਜਾ ਲਾ ਲੈ ਜ਼ੋਰ ਜੋ ਲਾਵਣਾ ਈ। ਅਸੀਂ ਹੁਸਨ ਤੇ ਹੋ ਮਗ਼ਰੂਰ ਬੈਠੇ, ਚਾਰ ਚਸ਼ਮ ਦਾ ਕਟਕ ਲੜਾਵਣਾ ਈ। ਲਖ ਜ਼ੋਰ ਤੂੰ ਲਾ ਜੋ ਲਾਵਣਾ ਈ, ਅਸਾਂ ਬੱਧਿਆਂ ਬਾਝ ਨਾ ਆਵਣਾ ਈ। ਸੁਰਮਾ ਅੱਖੀਆਂ ਦੇ ਵਿੱਚ ਪਾਵਣਾ ਈ, ਅਸਾਂ ਵੱਡਾ ਕਮੰਦ ਪਵਾਵਣਾ ਈ। ਰੁਖ਼ ਦੇ ਕੇ ਯਾਰ ਭਤਾਰ ਤਾਈਂ, ਸੈਦਾ ਰਾਂਝੇ ਦੇ ਨਾਲ ਲੜਾਵਣਾ ਈ। ਠੰਢਾ ਹੋਏ ਬੈਠਾ ਸੈਦਾ ਵਾਂਗ ਦਹਿਸਰ, ਸੋਹਣੀ ਲੰਕ ਨੂੰ ਓਸ ਲੁਟਾਵਣਾ ਈ। ਰਾਂਝੇ ਕੰਨ ਪੜਾਇਕੇ ਜੋਗ ਲੀਤਾ, ਅਸਾਂ ਇਸ਼ਕ ਦਾ ਜੋਗ ਲੈ ਲਾਵਣਾ ਈ। ਵਾਰਿਸ ਸ਼ਾਹ ਉਹ ਬਾਗ਼ ਵਿੱਚ ਜਾ ਬੈਠਾ, ਹਾਸਲ ਬਾਗ਼ ਦਾ ਅਸਾਂ ਲਿਆਵਣਾ ਈ। (ਚਾਰ ਚਸ਼ਮ=ਅੱਖਾਂ ਮੇਲਣੀਆਂ, ਬਧਿਆਂ ਬਾਝ=ਬਗ਼ੈਰ ਸ਼ਾਦੀ ਦੇ, ਲਾਵਾਂ ਵੇਲ ਲਾੜੇ ਲਾੜੀ ਦਾ ਪੱਲਾ ਬੰਨਿਆਂ ਜਾਂਦਾ ਹੈ, ਭੱਤਾਰ=ਕੰਤ,ਖਾਵੰਦ, ਹਾਸਲ ਬਾਗ਼= ਫਲ,ਆਮਦਨੀ)
473. ਕੁੜੀ
ਆਕੀ ਹੋਇਕੇ ਖੇੜਿਆਂ ਵਿੱਚ ਵੜੀ ਏਂ, ਇਸ਼ਕ ਹੁਸਨ ਦੀ ਵਾਰਿਸੇ ਜੱਟੀਏ ਨੀ। ਪਿੱਛਾ ਅੰਤ ਨੂੰ ਦੇਵਣਾ ਹੋਵੇ ਜਿਸ ਨੂੰ, ਝੁੱਗਾ ਓਸ ਦਾ ਕਾਸ ਨੂੰ ਪੱਟੀਏ ਨੀ। ਜਿਹੜਾ ਵੇਖ ਕੇ ਮੁੱਖ ਨਿਹਾਲ ਹੋਵੇ, ਕੀਚੈ ਕਤਲ ਨਾ ਹਾਲ ਪਲੱਟੀਏ ਨੀ। ਇਹ ਆਸ਼ਕੀ ਵੇਲ ਅੰਗੂਰ ਦੀ ਏ, ਮੁੱਢੋਂ ਏਸ ਨੂੰ ਪੁੱਟ ਨਾ ਸੱਟੀਏ ਨੀ। ਇਹ ਜੋਬਨਾ ਨਿੱਤ ਨਾ ਹੋਵਣਾ ਈ, ਛਾਉਂ ਬੱਦਲਾਂ ਜਦੀ ਜਾਣ ਜੱਟੀਏ ਨੀ। ਲੈ ਕੇ ਸੱਠ ਸਹੇਲੀਆਂ ਵਿੱਚ ਬੇਲੇ, ਨਿਤ ਢਾਂਵਦੀ ਸੈਂ ਉਹ ਨੂੰ ਢੱਟੀਏ ਨੀ। ਪਿੱਛਾ ਨਾਹਿ ਦੀਚੇ ਸੱਚੇ ਆਸ਼ਕਾਂ ਨੂੰ, ਜੋ ਕੁੱਝ ਜਾਨ ਤੇ ਬਣੇ ਸੋ ਕੱਟੀਏ ਨੀ। ਦਾਅਵਾ ਬੰਨ੍ਹੀਏ ਤਾਂ ਖੜਿਆਂ ਹੋ ਲੜੀਏ, ਤੀਰ ਮਾਰ ਕੇ ਆਪ ਨਾ ਛੱਪੀਏ ਨੀ। ਅੱਠੇ ਪਹਿਰ ਵਿਸਾਰੀਏ ਨਹੀਂ ਸਾਹਿਬ, ਕਦੀ ਹੋਸ਼ ਦੀ ਅੱਖ ਪਰੱਤੀਏ ਨੀ। ਜਿਨ੍ਹਾਂ ਕੰਤ ਭੁਲਾਇਆ ਛੁਟੜਾਂ ਨੇ, ਲਖ ਮੌਲੀਆਂ ਮਹਿੰਦੀਆਂ ਘੱਤੀਏ ਨੀ। ਉਠ ਝਬਦੇ ਜਾਇਕੇ ਹੋ ਹਾਜ਼ਿਰ, ਏਹੇ ਕੰਮ ਨੂੰ ਢਿੱਲ ਨਾ ਘੱਤੀਏ ਨੀ। ਮਿੱਠੀ ਚਾਟ ਹਲਾਇਕੇ ਤੋਤੜੇ ਨੂੰ, ਪਿੱਛੋਂ ਕੰਕਰੀ ਰੋੜ ਨਾ ਘੱਤੀਏ ਨੀ। (ਜੋਬਨਾ=ਜਵਾਨੀ, ਸਾਹਿਬ=ਮਾਲਿਕ, ਤੋਤੜਾ=ਤੋਤਾ, ਛੁੱਟੜਾਂ=ਆਜ਼ਾਦ ਔਰਤਾਂ, ਮੌਲੀ ਮਹਿੰਦੀ=ਸੁਹਾਗ ਦੀ ਨਿਸ਼ਾਨੀ)
474. ਹੀਰ ਸਹਿਤੀ ਨੂੰ
ਜਿਵੇਂ ਮੁਰਸ਼ਦਾਂ ਪਾਸ ਜਾ ਢਹਿਣ ਤਾਲਬ, ਤਿਵੇਂ ਸਹਿਤੀ ਦੇ ਪਾਸ ਨੂੰ ਹੀਰ ਹੇਰੇ। ਕਰੀਂ ਸਭ ਤਕਸੀਰ ਮੁਆਫ ਸਾਡੀ, ਪੈਰੀਂ ਪਵਾਂ ਮਨਾਏਂ ਜੇ ਨਾਲ ਮੇਰੇ। ਬਖ਼ਸ਼ੇ ਨਿਤ ਗੁਨਾਹ ਖੁਦਾਇ ਸੱਚਾ, ਬੰਦਾ ਬਹੁਤ ਗੁਨਾਹ ਦੇ ਭਰੇ ਬੇੜੇ। ਵਾਰਿਸ ਸ਼ਾਹ ਮਨਾਵੜਾ ਅਸਾਂ ਆਂਦਾ, ਸਾਡੀ ਸੁਲਾਹ ਕਰਾਂਵਦਾ ਨਾਲ ਤੇਰੇ। (ਜਾ ਢਹਿਣ=ਪੈਰੀਂ ਪੈਂਦੇ ਹਨ, ਤਾਲਬ=ਲੋੜਵੰਦ)
475. ਸਹਿਤੀ
ਅਸਾਂ ਕਿਸੇ ਦੇ ਨਾਲ ਕੁੱਝ ਨਹੀਂ ਮਤਲਬ, ਸਿਰੋਪਾ ਲਏ ਖ਼ੁਸ਼ੀ ਹਾਂ ਹੋਇ ਰਹੇ। ਲੋਕਾਂ ਮਿਹਣੇ ਮਾਰ ਬੇਪਤੀ ਕੀਤੀ, ਮਾਰੇ ਸ਼ਰਮ ਦੇ ਅੰਦਰੇ ਰੋਇ ਰਹੇ। ਗ਼ੁੱਸੇ ਨਾਲ ਇਹ ਵਾਲ ਪੈਕਾਨ ਵਾਂਗੂੰ, ਸਾਡੇ ਜੀਊ ਤੇ ਵਾਲ ਗਡੋਇ ਰਹੇ। ਨੀਲ ਮੱਟੀਆਂ ਵਿੱਚ ਡੁਬੋਇ ਰਹੇ, ਲੱਖ ਲੱਖ ਮੈਲੇ ਨਿਤ ਧੋਇ ਰਹੇ। ਵਾਰਿਸ ਸ਼ਾਹ ਨਾ ਸੰਗ ਨੂੰ ਰੰਗ ਆਵੇ, ਲਖ ਸੂਹੇ ਦੇ ਵਿੱਚ ਸਮੋਇ ਰਹੇ। (ਸਿਰੋਪਾ=ਸਿਰ ਤੋਂ ਪੈਰਾਂ ਤੱਕ ਮਾਣ ਦਾ ਲਿਬਾਸ, ਪੈਕਾਨ=ਤੀਰ)
476. ਹੀਰ
ਹੀਰ ਆਣ ਜਨਾਬ ਵਿੱਚ ਅਰਜ਼ ਕੀਤਾ, ਨਿਆਜ਼ਮੰਦ ਹਾਂ ਬਖ਼ਸ਼ ਮੈਂ ਗ਼ੋਲੀਆਂ ਨੀ। ਸਾਨੂੰ ਬਖਸ਼ ਗੁਨਾਹ ਤਕਸੀਰ ਸਾਰੀ, ਜੋ ਕੁਝ ਲੜਦਿਆਂ ਤੁੱਧ ਨੂੰ ਬੋਲੀਆਂ ਨੀ। ਅੱਛੀ ਪੀੜ-ਵੰਡਾਵੜੀ ਭੈਣ ਮੇਰੀ, ਤੈਥੋਂ ਵਾਰ ਘੱਤੀ ਘੋਲ ਘੋਲੀਆਂ ਨੀ। ਮੇਰਾ ਕੰਮ ਕਰ ਮੁੱਲ ਲੈ ਬਾਝ ਦੰਮਾਂ, ਦੂਣਾ ਬੋਲ ਲੈ ਜੋ ਕੁੱਝ ਬੋਲੀਆਂ ਨੀ। ਘਰ ਬਾਰ ਤੇ ਮਾਲ ਜ਼ਰ ਹੁਕਮ ਤੇਰਾ, ਸਭੇ ਤੇਰੀਆਂ ਢਾਂਡੀਆਂ ਖੋਲ੍ਹੀਆਂ ਨੀ। ਮੇਰਾ ਯਾਰ ਆਇਆ ਚਲ ਵੇਖ ਆਈਏ, ਪਈ ਮਾਰਦੀ ਸੈਂ ਨਿਤ ਬੋਲੀਆਂ ਨੀ। ਜਿਸ ਜ਼ਾਤ ਸਿਫ਼ਾਤ ਚੌਧਰਾਈ ਛੱਡੀ, ਮੇਰੇ ਵਾਸਤੇ ਚਾਰੀਆ ਖੋਲੀਆਂ ਨੀ। ਜਿਹੜਾ ਮੁਢ ਕਦੀਮ ਦਾ ਯਾਰ ਮੇਰਾ, ਜਿਸ ਚੂੰਡੀਆਂ ਕਵਾਰ ਦੀਆਂ ਖੋਲ੍ਹੀਆਂ ਨੀ। ਵਾਰਿਸ ਸ਼ਾਹ ਗੁਮਰ ਦੇ ਨਾਲ ਬੈਠਾ, ਨਾਹੀਂ ਬੋਲਦਾ ਮਾਰਦਾ ਬੋਲੀਆਂ ਨੀ। (ਜਨਾਬ=ਦਰਗਾਹ, ਨਿਆਜ਼ਮੰਦ=ਮੁਹਤਾਜ, ਗੋਲੀ=ਨੌਕਰ, ਦੂਣਾ=ਦੁੱਗਣਾਂ, ਢਾਂਡੀਆਂ ਖੋਲੀਆਂ=ਪਸ਼ੂ, ਗੁਮਰ=ਗ਼ੁੱਸੇ)
477. ਸਹਿਤੀ
ਪਿਆ ਲਾਹਨਤੋਂ ਤੌਕ ਸ਼ੈਤਾਨ ਦੇ ਗਲ, ਉਹਨੂੰ ਰਬ ਨਾ ਅਰਸ਼ ਤੇ ਚਾੜ੍ਹਨਾ ਏਂ। ਝੂਠ ਬੋਲਿਆਂ ਜਿਨ੍ਹਾਂ ਵਿਆਜ ਖਾਧੇ, ਤਿਨ੍ਹਾਂ ਵਿੱਚ ਬਹਿਸ਼ਤ ਨਾ ਵਾੜਨਾ ਏਂ। ਅਸੀਂ ਜੀਊ ਦੀ ਮੇਲ ਚੁਕਾਇ ਬੈਠੇ, ਵਤ ਕਰਾਂ ਨਾ ਸੀਵਣਾ ਪਾੜਨਾ ਏਂ। ਸਾਨੂੰ ਮਾਰ ਲੈ ਭਈਅੜਾ-ਪਿੱਟੜੀ ਨੂੰ, ਚਾੜ੍ਹ ਸੀਖ ਉੱਤੇ ਜੇ ਤੂੰ ਚਾੜ੍ਹਨਾ ਏਂ। ਅੱਗੇ ਜੋਗੀ ਥੋਂ ਮਾਰ ਕਰਾਈਆ ਈ, ਹੁਣ ਹੋਰ ਕੀ ਪੜਤਣਾ ਪਾੜਨਾ ਏਂ। ਤੌਬਾ ਤੁਨ ਨਸੂਹਨ ਜੇ ਮੈਂ ਮੂੰਹੋਂ ਬੋਲਾਂ, ਨਕ ਵੱਢ ਕੇ ਗਧੇ ਤੇ ਚਾੜ੍ਹਨਾ ਏਂ। ਘਰ ਬਾਰ ਥੀਂ ਚਾਇ ਜਵਾਬ ਦਿੱਤਾ, ਹੋਰ ਆਖ ਕੀ ਸੱਚ ਨਿਤਾਰਨਾ ਏਂ। ਮੇਰੇ ਨਾਲ ਨਾ ਵਾਰਿਸਾ ਬੋਲ ਐਵੇਂ, ਮਤਾਂ ਹੋ ਜਾਈ ਕੋਈ ਕਾਰਨਾ ਏਂ। (ਤੌਕ=ਪੰਜਾਲੀ, ਵਤ=ਦੁਬਾਰਾ, ਪਾੜਨਾਂ ਸੀਵਣਾ=ਫਫਾਕੁਟਣੀਆਂ ਵਾਲਾ ਕੰਮ, ਤੌਬਾ ਤੁਨ ਨਸੂਹਨ= ਕਹਿੰਦੇ ਹਨ ਕਿ ਇੱਕ ਸੁਹਣੇ ਚੌਦਾਂ ਵਰ੍ਹਿਆਂ ਦੇ ਮੁੰਡੇ ਨੇ ਲੜਕੀ ਦਾ ਰੂਪ ਧਾਰ ਕੇ ਸ਼ਾਹੀ ਮਹਲ ਵਿੱਚ ਨੌਕਰੀ ਕਰ ਲਈ, ਉੱਥੇ ਉਹ ਰਾਣੀ ਨਾਲ ਨਜਾਇਜ਼ ਸਬੰਧ ਕਾਇਮ ਕਰ ਬੈਠਾ।ਇੱਕ ਦਿਨ ਰਾਣੀ ਦਾ ਕੀਮਤੀ ਹਾਰ ਗੁਆਚ ਗਿਆ।ਰਾਜੇ ਨੇ ਸਾਰੀਆਂ ਨੌਕਰਾਨੀਆਂ ਨੂੰ ਨੰਗਾ ਕਰਕੇ ਤਲਾਸ਼ੀ ਲੈਣ ਦਾ ਹੁਕਮ ਦਿੱਤਾ।ਨਸੂਹ ਨੂੰ ਹੱਥਾਂ ਪੈਰਾਂ ਦੀਆਂ ਪੈ ਗਈਆਂ। ਉਸ ਨੇ ਰੱਬ ਅੱਗੇ ਗਿੜਗਿੜਾ ਕੇ ਅਰਦਾਰ ਕੀਤੀ ਕਿ ਜੇ ਮੈਂ ਹੁਣ ਬਚ ਜਾਵਾਂ ਤਾਂ ਸਾਰੀ ਉਮਰ ਬਦਕਾਰੀ ਅਤੇ ਗੁਨਾਹ ਤੋਂ ਤੌਬਾ ਕਰ ਲਵਾਂਗਾ।ਰਬ ਦੀ ਕੁਦਰਤ ਗੁਆਚਾ ਹੋਇਆ ਹਾਰ ਮਿਲ ਗਿਆ ਅਤੇ ਨਸੂਹ ਨੇ ਬਾਕੀ ਸਾਰੀ ਉਮਰ ਨੇਕੀ ਦੀ ਜ਼ਿੰਦਗੀ ਵਿੱਚ ਬਤੀਤ ਕੀਤੀ)
478. ਹੀਰ
ਆ ਸਹਿਤੀਏ ਵਾਸਤਾ ਰੱਬ ਦਾ ਈ, ਨਾਲ ਭਾਬੀਆਂ ਦੇ ਮਿੱਠਾ ਬੋਲੀਏ ਨੀ। ਹੋਈਏ ਪੀੜਵੰਡਾਵੜੇ ਸ਼ੁਹਦਿਆਂ ਦੇ, ਜ਼ਹਿਰ ਬਿਸੀਅਰਾਂ ਵਾਂਗ ਨਾ ਘੋਲੀਏ ਨੀ। ਕੰਮ ਬੰਦ ਹੋਵੇ ਪਰਦੇਸੀਆਂ ਦਾ, ਨਾਲ ਮਿਹਰ ਦੇ ਓਸ ਨੂੰ ਖੋਲ੍ਹੀਏ ਨੀ। ਤੇਰੇ ਜੇਹੀ ਨਿਨਾਣ ਹੋ ਮੇਲ ਕਰਨੀ, ਜੀਊ ਜਾਨ ਭੀ ਓਸ ਤੋਂ ਘੋਲੀਏ ਨੀ। ਜੋਗੀ ਚਲ ਮਨਾਈਏ ਬਾਗ਼ ਵਿੱਚੋਂ, ਹੱਥ ਬੰਨ੍ਹ ਕੇ ਮਿੱਠੜਾ ਬੋਲੀਏ ਨੀ। ਜੋ ਕੁੱਝ ਕਹੇ ਸੋ ਸਿਰੇ ਤੇ ਮੰਨ ਲਈਏ, ਗ਼ਮੀ ਸ਼ਾਦੀਉਂ ਮੂਲ ਨਾ ਡੋਲੀਏ ਨੀ। ਚਲ ਨਾਲ ਮੇਰੇ ਜੀਵੇਂ ਭਾਗ ਭਰੀਏ, ਮੇਲੇ ਕਰਨੀਏ ਵਿੱਚ-ਵਿਚੋਲੀਏ ਨੀ। ਕਿਵੇਂ ਮੇਰਾ ਤੇ ਰਾਂਝੇ ਦਾ ਮੇਲ ਹੋਵੇ, ਖੰਡ ਦੁੱਧ ਦੇ ਵਿੱਚ ਚਾ ਘੋਲੀਏ ਨੀ। (ਵੰਡਾਵਾੜੇ=ਵੰਡਾਉਣ ਵਾਲੇ, ਬਿਸੀਅਰ=ਜ਼ਹਿਰੀਲੇ,ਵਿਸ ਭਰੇ)
479. ਸਹਿਤੀ ਨੇ ਹੀਰ ਦੀ ਗੱਲ ਮੰਨਣੀ
ਜਿਵੇਂ ਸੁਬ੍ਹਾ ਦੀ ਕਜ਼ਾ ਨਮਾਜ਼ ਹੁੰਦੀ, ਰਾਜ਼ੀ ਹੋ ਇਬਲੀਸ ਭੀ ਨੱਚਦਾ ਏ। ਤਿਵੇਂ ਸਹਿਤੀ ਦੇ ਜੀਊ ਵਿੱਚ ਖ਼ੁਸ਼ੀ ਹੋਈ, ਜੀਊ ਰੰਨ ਦਾ ਛੱਲੜਾ ਕੱਚ ਦਾ ਏ। ਜਾ ਬਖ਼ਸ਼ਿਆ ਸਭ ਗੁਨਾਹ ਤੇਰਾ, ਤੈਨੂੰ ਇਸ਼ਕ ਕਦੀਮ ਤੋਂ ਸੱਚ ਦਾ ਏ। ਵਾਰਿਸ ਸ਼ਾਹ ਚਲ ਯਾਰ ਮਨਾ ਆਈਏ, ਏਥੇ ਨਵਾਂ ਅਖਾਰੜਾ ਮੱਚਦਾ ਏ। (ਕਜ਼ਾ=ਸਵੇਰ ਦੀ ਨਮਾਜ਼ ਖਰਾਬ ਹੋ ਜਾਵੇ)
480. ਸਹਿਤੀ ਨੇ ਜੋਗੀ ਲਈ ਭੇਟਾ ਲਿਜਾਣੀ
ਸਹਿਤੀ ਖੰਡ ਮਲਾਈ ਦਾ ਥਾਲ ਭਰਿਆ, ਚਾਇ ਕਪੜੇ ਵਿੱਚ ਲੁਕਾਇਆ ਈ। ਜੇਹਾ ਵਿੱਚ ਨਮਾਜ਼ ਵਿਸ਼ਵਾਸ ਗ਼ੈਬੋਂ, ਅਜ਼ਾਜ਼ੀਲ ਬਣਾ ਲੈ ਆਇਆ ਈ। ਉੱਤੇ ਪੰਜ ਰੁਪਏ ਸੂ ਰੋਕ ਰੱਖੇ, ਜਾਇ ਫ਼ਕਰ ਥੇ ਫੇਰੜਾ ਪਾਇਆ ਈ। ਜਦੋਂ ਆਂਵਦੀ ਜੋਗੀ ਨੇ ਉਹ ਡਿੱਠੀ, ਪਿਛਾਂ ਆਪਣਾ ਮੁਖ ਭਵਾਇਆ ਈ। ਅਸਾਂ ਰੂਹਾਂ ਬਹਿਸ਼ਤੀਆਂ ਬੈਠੀਆਂ ਨੂੰ, ਤਾਉ ਦੋਜ਼ਖ਼ੇ ਦਾ ਕੇਹਾ ਆਇਆ ਈ। ਤਲਬ ਮੀਂਹ ਦੀ ਵਗਿਆ ਆਣ ਝੱਖੜ, ਯਾਰੋ ਆਖ਼ਰੀ ਦੌਰ ਹੁਣ ਆਇਆ ਈ। ਸਹਿਤੀ ਬੰਨ੍ਹ ਕੇ ਹੱਥ ਸਲਾਮ ਕੀਤਾ, ਅੱਗੋਂ ਮੂਲ ਜਵਾਬ ਨਾ ਆਇਆ ਈ। ਆਮਿਲ ਚੋਰ ਤੇ ਚੌਧਰੀ ਜਟ ਹਾਕਮ, ਵਾਰਿਸ ਸ਼ਾਹ ਨੂੰ ਰੱਬ ਵਿਖਾਇਆ ਈ। (ਵਿਸ਼ਵਾਸ=ਪੂਰਾ ਯਕੀਨ, ਤਾਉ=ਸੇਕ)
481. ਰਾਂਝਾ
ਜਦੋਂ ਖ਼ਲਕ ਪੈਦਾ ਕੀਤੀ ਰੱਬ ਸੱਚੇ, ਬੰਦਿਆਂ ਵਾਸਤੇ ਕੀਤੇ ਨੇ ਇਹ ਪਸਾਰੇ। ਰੰਨਾਂ ਛੋਕਰੇ ਜਿੰਨ ਸ਼ੈਤਾਨ ਰਾਵਲ, ਕੁੱਤਾ ਕੁੱਕੜੀ ਬਕਰੀ ਉੱਠ ਸਾਰੇ। ਏਹਾ ਮੂਲ ਫ਼ਸਾਦ ਦਾ ਹੋਏ ਪੈਦਾ, ਜਿਨ੍ਹਾਂ ਸਭ ਜਗਤ ਦੇ ਮੌਲ ਮਾਰੇ। ਆਦਮ ਕਢ ਬਹਿਸ਼ਤ ਥੀਂ ਖ਼ਵਾਰ ਕੀਤਾ, ਇਹ ਡਾਇਣਾਂ ਧੁਰੋਂ ਹੀ ਕਰਨ ਕਾਰੇ। ਇਹ ਕਰਨ ਫ਼ਕੀਰ ਚਾ ਰਾਜਿਆਂ ਨੂੰ, ਇਹਨਾਂ ਰਾਉ ਰਜ਼ਾਦੜੇ ਸਿੱਧ ਮਾਰੇ। ਵਾਰਿਸ ਸ਼ਾਹ ਜੋ ਹੁਨਰ ਸਭ ਵਿੱਚ ਮਰਦਾਂ, ਅਤੇ ਮਹਿਰੀਆਂ ਵਿੱਚ ਨੇ ਐਬ ਭਾਰੇ। (ਮੂਲ=ਜੜ੍ਹ, ਮੌਲ=ਹਰਿਆਈ, ਫ਼ਸਾਦ ਦੀਆਂ ਅੱਠ ਜੜ੍ਹਾਂ=1. ਰੰਨ, 2 ਛੋਕਰਾ, 3.ਜਿੰਨ, 4. ਰਾਵਲ, 5. ਕੁੱਤਾ, 6. ਕੁਕੜੀ, 7.ਬੱਕਰੀ, 8. ਊਠ, ਰਜ਼ਾਦੜੇ= ਰਾਏਜ਼ਾਦੜੇ ਭਾਵ ਬਾਦਸ਼ਾਹਾਂ ਦੇ ਪੁੱਤ)
482 ਸਹਿਤੀ
ਸਹਿਤੀ ਆਖਿਆ ਪੇਟ ਨੇ ਖ਼ੁਆਰ ਕੀਤਾ, ਕਣਕ ਖਾ ਬਹਿਸ਼ਤ ਥੀਂ ਕੱਢਿਆ ਈ। ਆਈ ਮੈਲ ਤਾਂ ਜੰਨਤੋਂ ਮਿਲੇ ਧੱਕੇ, ਰੱਸਾ ਆਸ ਉਮੀਦ ਦਾ ਵੱਢਿਆ ਈ। ਆਖ ਰਹੇ ਫ਼ਰੇਸ਼ਤੇ ਕਣਕ ਦਾਣਾ, ਨਹੀਂ ਖਾਵਣਾ ਹੁਕਮ ਕਰ ਛੱਡਿਆ ਈ। ਸਗੋਂ ਆਦਮੇ ਹੱਵਾ ਨੂੰ ਖ਼ਵਾਰ ਕੀਤਾ, ਸਾਥ ਓਸ ਦਾ ਏਸ ਨਾ ਛੱਡਿਆ ਈ। ਫੇੜਨ ਮਰਦ ਤੇ ਸੌਂਪਦੇ ਤਰੀਮਤਾਂ ਨੂੰ, ਮੂੰਹ ਝੂਠ ਦਾ ਕਾਸ ਨੂੰ ਟੱਡਿਆ ਈ। ਮਰਦ ਚੋਰ ਤੇ ਠੱਗ ਜਵਾਰੀਏ ਨੇ, ਸਾਥ ਬਦੀ ਦਾ ਨਰਾਂ ਨੇ ਲੱਦਿਆ ਈ। ਫਰਕਾਨ ਵਿੱਚ 'ਫ਼ਨਕਰੂ' ਰੱਬ ਕਿਹਾ, ਜਦੋਂ ਵਹੀ ਰਸੂਲ ਨੇ ਸੱਦਿਆ ਈ। ਵਾਰਿਸ ਸ਼ਾਹ ਇਹ ਤਰੀਮਤਾਂ ਖਾਣ ਰਹਿਮਤ, ਪੈਦਾ ਜਿਨ੍ਹਾਂ ਜਹਾਨ ਕਰ ਛੱਡਿਆ ਈ। (ਮੈਲ=ਰੀਝ, ਹੱਵਾ=ਪਹਿਲੀ ਔਰਤ ਜਿਹੜੀ ਰਬ ਨੇ ਪੈਦਾ ਕੀਤੀ, ਬਾਬਾ ਆਦਮ ਦੀ ਸਾਥਣ, ਫ਼ਨਕਰੂ=ਤਦੋਂ ਵਿਆਹ ਕਰ ਲਵੋ ਜਿਹੜੀ ਤੁਹਾਨੂੰ ਔਰਤਾਂ ਵਿੱਚੋਂ ਪਸੰਦ ਆਵੇ)
483. ਰਾਂਝਾ
ਰੰਨਾਂ ਦਹਿਸਿਰੇ ਨਾਲ ਕੀ ਗਾਹ ਕੀਤਾ, ਰਾਜੇ ਭੋਜ ਨੂੰ ਦੇ ਲਗਾਮੀਆਂ ਨੀ। ਸਿਰਕੱਪ ਤੇ ਨਾਲ ਸਲਵਾਹਨੇ ਦੇ, ਵੇਖ ਰੰਨਾਂ ਨੇ ਕੀਤੀਆਂ ਖ਼ਾਮੀਆਂ ਨੀ। ਮਰਦ ਹੈਣ ਸੋ ਰੱਖਦੇ ਹੇਠ ਸੋਟੇ, ਸਿਰ ਚਾੜ੍ਹੀਆਂ ਨੇ ਇਹਨਾਂ ਕਾਮੀਆਂ ਨੀ। ਜਿਨ੍ਹਾਂ ਨਹੀਂ ਦਾੜ੍ਹੀ ਕੰਨ ਨਕ ਪਾਟੇ, ਕੌਣ ਤਿਨ੍ਹਾਂ ਦੀਆਂ ਭਰੇਗਾ ਹਾਮੀਆਂ ਨੀ। (ਸਿਰ ਕੱਪ=ਇੱਕ ਧੋਖੇ ਅਤੇ ਜੂਏਬਾਜ਼ ਰਾਜਾ ਸੀ ਜਿਹੜਾ ਵੈਰੀ ਨੂੰ ਹਰਾ ਕੇ ਉਹਦਾ ਸਿਰ ਵੱਢ ਦਿੰਦਾ ਸੀ।ਰਾਜਾ ਰਸਾਲੂ ਆਪਣੀ ਜਲਾਵਤਨੀ ਦੇ ਦਿਨਾਂ ਵਿੱਚ ਇਹਦੀ ਰਾਜਧਾਨੀ ਜਾ ਪੁੱਜਾ।ਓਥੇ ਉਹਨੇ ਸਰਕੱਪ ਦੀ ਬੇਈਮਾਨੀ ਦਾ ਭੇਦ ਲੱਭਿਆ।ਸਿਰਕਪ ਨੇ ਚੂਹੇ ਪਾਲੇ ਹੋਏ ਸਨ ਜਿਹੜੇ ਵੈਰੀ ਦੀਆਂ ਨਰਦਾਂ ਅੱਗੇ ਪਿੱਛੇ ਕਰ ਦਿੰਦੇ ਸਨ।ਏਸ ਕੰਮ ਲਈ ਉਹ ਖੇਡ ਦੇ ਵਿਚਕਾਰ ਬੱਤੀ ਬੁਝਾ ਦਿੰਦਾ ਸੀ।ਰਸਾਲੂ ਨੇ ਇਸ ਦਾ ਪਤਾ ਲਾ ਲਿਆ ਅਤੇ ਚੂਹਿਆਂ ਦੇ ਮੁਕਾਬਲੇ ਤੇ ਇੱਕ ਬਿੱਲੀ ਲੈ ਗਿਆ।ਨਰਦਾਂ ਅੱਗੇ ਪਿੱਛੇ ਕਰਨ ਦੀ ਥਾਂ ਚੂਹੇ ਡਰਦੇ ਲੁਕ ਗਏ, ਸਿਰਕੱਪ ਤੇ ਸਲਵਾਨ=ਰਾਜੇ ਸਿਰਕਪ ਦੀ ਧੀ ਰਾਣੀ ਕੋਕਲਾਂ ਸੀ, ਰਾਜਾ ਰਸਾਲੂ ਨੇ ਇਹਨੂੰ ਇਹਦੇ ਪਿਉ ਕੋਲੋਂ ਜੂਏ ਵਿੱਚ ਜਿੱਤ ਲਿਆ ਅਤੇ ਏਹਨੂੰ ਇੱਕ ਮਹਿਲ ਵਿੱਚ ਰੱਖ ਕੇ ਇੱਕ ਤੋਤਾ ਇਹਦੀ ਰਾਖੀ ਲਈ ਛੱਡ ਦਿੱਤਾ।ਰਾਣੀ ਨੇ ਪਿੱਛੋਂ ਹੋਡੀ ਰਾਜੇ ਨਾਲ ਅੱਖਾਂ ਲੜਾ ਲਈਆਂ।ਉਹ ਰਾਣੀ ਨੂੰ ਮਹਿਲਾਂ ਦੇ ਪਿੱਛੋਂ ਲਾਹ ਕੇ ਲੇ ਗਿਆ। ਰਾਜੇ ਦੇ ਆਉਣ ਤੇ ਤੋਤੇ ਨੇ ਉਹਨੂੰ ਸਾਰੀ ਗੱਲ ਦੱਸੀ।ਰਾਜਾ ਦੁਖੀ ਹੋ ਕੇ ਆਪਣੇ ਭਰਾ ਪੂਰਨ ਭਗਤ ਵਾਂਗੂੰ ਸਾਧ ਹੋ ਗਿਆ)
484. ਸਹਿਤੀ
ਜਿਸ ਮਰਦ ਨੂੰ ਸ਼ਰਮ ਨਾ ਹੋਵੇ ਗ਼ੈਰਤ, ਓਸ ਮਰਦ ਥੀਂ ਚੰਗੀਆਂ ਤੀਵੀਆਂ ਨੇ। ਘਰ ਵਸਦੇ ਔਰਤਾਂ ਨਾਲ ਸੋਹਣੇ, ਸ਼ਰਮਵੰਦ ਤੇ ਸਤਰ ਦੀਆਂ ਬੀਵੀਆਂ ਨੇ। ਇੱਕ ਹਾਲ ਵਿੱਚ ਮਸਤ ਘਰ ਬਾਰ ਅੰਦਰ, ਇੱਕ ਹਾਰ ਸ਼ਿੰਗਾਰ ਵਿੱਚ ਖੀਵੀਆਂ ਨੇ। ਵਾਰਿਸ ਸ਼ਾਹ ਹਿਆਉ ਦੇ ਨਾਲ ਅੰਦਰ, ਅੱਖੀਂ ਹੇਠ ਜ਼ਿਮੀਂ ਦੇ ਸੀਵੀਆਂ ਨੇ। 485. ਰਾਂਝਾ
ਵਫ਼ਾਦਾਰ ਨਾ ਰੰਨ ਜਹਾਨ ਉੱਤੇ, ਪੈਂਦੀ ਸ਼ੇਰ ਦੇ ਨੱਕ ਵਿੱਚ ਨੱਥ ਨਾਹੀਂ। ਗਧਾ ਨਹੀਂ ਕੁਲੱਦ ਮਨਖੱਟ ਖੋਜਾ, ਅਤੇ ਖੁਸਰਿਆਂ ਦੀ ਕਾਈ ਕੱਥ ਨਾਹੀਂ। ਨਾਮਰਦ ਦੇ ਵਾਰ ਨਾ ਕਿਸੇ ਗਾਂਵੀਂ, ਅਤੇ ਗਾਂਡੂਆਂ ਦੀ ਕਾਈ ਸੱਥ ਨਾਹੀਂ। ਜੋਗੀ ਨਾਲ ਨਾ ਰੰਨ ਦਾ ਟੁਰੇ ਟੂਣਾਂ, ਜ਼ੋਰ ਨਈਂ ਦਾ ਚੜ੍ਹੇ ਅਗੱਥ ਨਾਹੀਂ। ਯਾਰੀ ਸੁੰਹਦੀ ਨਹੀਂ ਸੁਹਾਗਣਾਂ ਨੂੰ, ਰੰਡੀ ਰੰਨ ਨੂੰ ਸੁੰਹਦੀ ਨੱਥ ਨਾਹੀਂ। ਵਾਰਿਸ ਸ਼ਾਹ ਉਹ ਆਪ ਹੈ ਕਰਨਹਾਰਾ, ਇਨ੍ਹਾਂ ਬੰਦਿਆਂ ਦੇ ਕਾਈ ਹੱਥ ਨਾਹੀਂ। (ਨੱਥ ਨਾਹੀਂ=ਬਸ ਵਿੱਚ ਨਹੀਂ, ਕੁਲੱਦ=ਜਿਹੜਾ ਲੱਦਣ ਦੇ ਕੰਮ ਨਾ ਆਵੇ, ਮਨਖੱਟ=ਜਿਹੜਾ ਕੁੱਝ ਖੱਟੇ ਨਾ, ਅਗੱਥ=ਤੂਫ਼ਾਨ, ਕੱਥ=ਵਰਣਨ ਯੋਗ)
486. ਸਹਿਤੀ
ਮੀਆਂ ਤ੍ਰੀਮਤਾਂ ਨਾਲ ਵਿਆਹ ਸੋਹਣ, ਅਤੇ ਮਰਨ ਤੇ ਸੋਹੰਦੇ ਵੈਣ ਮੀਆਂ। ਘਰ ਬਾਰ ਦੀ ਜ਼ੇਬ ਤੇ ਹੈਣ ਜ਼ੀਨਤ, ਨਾਲ ਤ੍ਰੀਮਤਾਂ ਸਾਕ ਤੇ ਸੈਣ ਮੀਆਂ। ਇਹ ਤ੍ਰੀਮਤਾਂ ਸੇਜ ਦੀਆਂ ਵਾਰਿਸੀ ਨੇ, ਅਤੇ ਦਿਲਾਂ ਦੀਆਂ ਦੇਣ ਤੇ ਲੈਣ ਮੀਆਂ। ਵਾਰਿਸ ਸ਼ਾਹ ਇਹ ਜੋਰੂਆਂ ਜੋੜਦੀਆਂ ਨੇ, ਅਤੇ ਮਹਿਰੀਆਂ ਮਹਿਰ ਦੀਆਂ ਹੈਣ ਮੀਆਂ। (ਜ਼ੇਬ ਅਤੇ ਜ਼ੀਨਤ=ਸਜਾਵਟ, ਵਾਰਿਸੀ=ਹੱਕਦਾਰ, ਜੋਰੂ=ਪਤਨੀ)
487. ਰਾਂਝਾ
ਸੱਚ ਆਖ ਰੰਨੇ ਕੇਹੀ ਧੁੰਮ ਚਾਈਆ, ਤੁਸਾਂ ਭੋਜ ਵਜ਼ੀਰ ਨੂੰ ਕੁੱਟਿਆ ਜੇ। ਦਹਿਸਿਰ ਮਾਰਿਆ ਭੇਤ ਘਰੋਗੜੇ ਨੇ, ਸਣੇ ਲੰਕ ਦੇ ਓਸ ਨੂੰ ਪੁੱਟਿਆ ਜੇ। ਕੈਰੋ ਪਾਂਡੋਆਂ ਦੇ ਕਟਕ ਕਈ ਖੂਹਣੀ, ਮਾਰੇ ਤੁਸਾਂ ਦੇ ਸਭ ਨਿਖੁੱਟਿਆ ਜੇ। ਕਤਲ ਇਮਾਮ ਹੋਏ ਕਰਬਲਾ ਅੰਦਰ, ਮਾਰ ਦੀਨ ਦਿਆਂ ਵਾਰਿਸਾਂ ਸੁੱਟਿਆ ਜੇ। ਜੋ ਕੋ ਸ਼ਰਮ ਹਿਆਂ ਦਾ ਆਦਮੀ ਸੀ, ਜਾਨ ਮਾਲ ਥੋਂ ਓਸ ਨੂੰ ਪੁੱਟਿਆ ਜੇ। ਵਾਰਿਸ ਸ਼ਾਹ ਫ਼ਕੀਰ ਤਾਂ ਨੱਸ ਆਇਆ, ਪਿੱਛਾ ਏਸ ਦਾ ਆਣ ਕਿਉ ਖੁੱਟਿਆ ਜੇ। (ਧੁੰਮ=ਰੌਲਾ, ਘਰੋਗੜੇ=ਘਰ ਦੇਨਿਖੁੱਟਿਆ=ਖ਼ਤਮ ਹੋ ਗਏ, ਕਰਬਲਾ=ਇਰਾਕ ਵਿੱਚ ਇੱਕ ਜਗਤਪ੍ਰਸਿੱਧ ਸ਼ਹਿਰ ਜਿਹੜਾ ਫਰਾਤ ਦਰਿਆ ਦੇ ਪੱਛਮੀ ਕੰਢੇ ਤੇ ਵਸਿਆ ਹੋਇਆ ਹੈ।ਏਥੇ 10 ਅਕਤੂਬਰ 680 ਨੂੰ ਚੌਥੇ ਖ਼ਲੀਫ਼ਾ ਹਜ਼ਰਤ ਅਲੀ ਦੇ ਪੁੱਤਰ ਹੁਸੈਨ ਨੂੰ ਯਜ਼ੀਦ ਦੀ ਫ਼ੌਜ ਨੇ ਬੜੀ ਬੇਰਹਿਮੀ ਨਾਲ ਮਾਰਿਆ।ਇਮਾਮ ਦਾ ਮਕਬਰਾ ਏਥੇ ਬਣਾਇਆ ਗਿਆ ਹੈ।ਬਹੁਤ ਮੁਸਲਮਾਨ ਇਸ ਦੇ ਆਸ ਪਾਸ ਮੁਰਦੇ ਦਫ਼ਨ ਕਰਨੇ ਪਸੰਦ ਕਰਦੇ ਹਨ, ਖੁੱਟਿਆ=ਪੁੱਟਿਆ)
488. ਸਹਿਤੀ
ਤੈਨੂੰ ਵੱਡਾ ਹੰਕਾਰ ਹੈ ਜੋਬਨੇ ਦਾ, ਖ਼ਾਤਰ ਥੱਲੇ ਨਾ ਕਿਸੇ ਨੂੰ ਲਿਆਵਨਾ ਹੈਂ। ਜਿਨ੍ਹਾਂ ਜਾਇਉਂ ਤਿਨ੍ਹਾਂ ਦੇ ਨਾਉਂ ਰੱਖੇ, ਵੱਡਾ ਆਪ ਨੂੰ ਗ਼ੌਸ ਸਦਾਵਨਾ ਹੈਂ। ਹੋਵਣ ਤ੍ਰੀਮਤਾਂ ਨਹੀਂ ਤਾਂ ਜਗ ਮੁੱਕੇ, ਵੱਤ ਕਿਸੇ ਨਾ ਜਗ ਤੇ ਆਵਨਾ ਹੈਂ। ਅਸਾਂ ਚਿੱਠੀਆਂ ਘਲ ਸਦਾਇਆ ਸੈਂ, ਸਾਥੋਂ ਆਪਣਾ ਆਪ ਛੁਪਾਵਨਾ ਹੈਂ। ਕਰਾਮਾਤ ਤੇਰੀ ਅਸਾਂ ਢੂੰਡ ਡਿੱਠੀ, ਐਵੇਂ ਸ਼ੇਖੀਆਂ ਪਿਆ ਜਗਾਵਨਾ ਹੈਂ। ਚਾਕ ਸੱਦ ਕੇ ਬਾਗ਼ ਥੀਂ ਕਢ ਛੱਡੂੰ, ਹੁਣੇ ਹੋਰ ਕੀ ਮੂੰਹੋਂ ਅਖਾਵਨਾ ਹੈਂ। ਅੰਨ ਖ਼ਾਨਾਂ ਹੈਂ ਰੱਜ ਕੇ ਗਧੇ ਵਾਂਗੂੰ, ਕਦੀ ਸ਼ੁਕਰ ਬਜਾ ਨਾ ਲਿਆਵਨਾ ਹੈਂ। ਛੱਡ ਬੰਦਗੀ ਚੋਰਾਂ ਦੇ ਚਲਨ ਫੜਿਉ, ਵਾਰਿਸ ਸ਼ਾਹ ਫ਼ਕੀਰ ਸਦਾਵਨਾ ਹੈਂ। (ਖ਼ਾਤਰ ਥੱਲੇ ਨਾ ਲਿਆਉਣਾ=ਕਿਸੇ ਨੂੰ ਕੁੱਝ ਮੰਨਦਾ ਨਹੀਂ, ਵੱਤ=ਫਿਰ, ਚਲਨ=ਚਾਲੇ,ਕੰਮਕਾਰ)
489. ਰਾਂਝਾ
ਬਾਗ਼ ਛੱਡ ਗਏ ਗੋਪੀ ਚੰਦ ਜੇਹੇ, ਸ਼ੱਦਾਦ ਫ਼ਰਊਨ ਕਹਾਇ ਗਿਆ। ਨੌਸ਼ੇਰਵਾਂ ਛੱਡ ਬਗ਼ਦਾਦ ਟੁਰਿਆ, ਉਹ ਅਪਦੀ ਵਾਰ ਲੰਘਾਇ ਗਿਆ। ਆਦਮ ਛਡ ਬਹਿਸ਼ਤ ਦੇ ਬਾਗ ਢੱਠਾ, ਭੁਲੇ ਵਿਸਰੇ ਕਣਕ ਨੂੰ ਖਾਇ ਗਿਆ। ਫ਼ਰਊਨ ਖ਼ੁਦਾ ਕਹਾਇਕੇ ਤੇ, ਮੂਸਾ ਨਾਲ ਉਸ਼ਟੰਡ ਉਠਾਇ ਗਿਆ। ਨਮਰੂਦ ਸ਼ੱਦਾਦ ਜਹਾਨ ਉੱਤੇ, ਦੋਜ਼ਖ ਅਤੇ ਬਹਿਸ਼ਤ ਬਣਾਇ ਗਿਆ। ਕਾਰੂੰ ਜ਼ਰਾਂ ਇਕੱਠੀਆਂ ਮੇਲ ਕੇ ਤੇ, ਬੰਨ੍ਹ ਸਿਰੇ ਤੇ ਪੰਡ ਉਠਾਇ ਗਿਆ। ਨਾਲ ਦੌਲਤਾਂ ਹੁਕਮ ਤੇ ਸ਼ਾਨ ਸ਼ੌਕਤ, ਮਹਿਖਾਸਰੋਂ ਇੰਦ ਲੁਟਾਇ ਗਿਆ। ਸੁਲੇਮਾਨ ਸਿਕੰਦਰੋਂ ਲਾਇ ਸੱਭੇ, ਸੱਤਾਂ ਨਵਾਂ ਤੇ ਹੁਕਮ ਚਲਾਇ ਗਿਆ। ਉਹ ਭੀ ਏਸ ਜਹਾਨ ਤੇ ਰਹਿਉ ਨਾਹੀਂ, ਜਿਹੜਾ ਆਪ ਖ਼ੁਦਾ ਕਹਾਇ ਗਿਆ। ਮੋਇਆ ਬਖ਼ਤੁਲ ਨੁਸਰ ਜਿਹੜਾ ਚਾੜ੍ਹ ਡੋਲਾ, ਸੱਚੇ ਰਬ ਨੂੰ ਤੀਰ ਚਲਾਇ ਗਿਆ। ਤੇਰੇ ਜੇਹੀਆਂ ਕੇਤੀਆਂ ਹੋਈਆਂ ਨੇ, ਤੈਨੂੰ ਚਾ ਕੀ ਬਾਗ਼ ਦਾ ਆਇ ਗਿਆ। ਵਾਰਿਸ ਸ਼ਾਹ ਉਹ ਆਪ ਹੈ ਕਰਨ ਕਾਰਨ, ਸਿਰ ਬੰਦਿਆਂ ਦੇ ਗਿਲਾ ਲਾਇ ਗਿਆ। (ਗੋਪੀਚੰਦ ਰਾਜਾ=ਬੰਗਾਲ ਦੇਸ਼ ਵਿੱਚ ਰੰਗਪੁਰ (ਰੰਗਵਤੀ) ਦਾ ਰਾਜਾ ਸੀ ਜੋ ਭਰਥਰੀ ਹਰੀ ਦੀ ਭੈਣ ਮੰਨਾਵਤੀ ਦਾ ਪੁੱਤਰ ਅਤੇ ਪਾਟਮਦੇਵੀ ਦਾ ਪਤੀ ਸੀ। ਇਹ ਵੈਰਾਗ ਦੇ ਕਾਰਨ ਰਾਜ ਤਿਆਗ ਕੇ ਜਲੰਧਰ ਨਾਥ ਜੋਗੀ ਦਾ ਚੇਲਾ ਹੋਇਆ, ਸ਼ੱਦਾਦ=ਜ਼ਾਲਮ ਬਾਦਸ਼ਾਹ, ਸਾਸਾਨ ਦੇ ਮਸ਼ਹੂਰ ਬਾਦਸ਼ਾਹ ਕਬਾਦ ਦਾ ਪੁੱਤਰ, ਤਖ਼ਤ ਤੇ ਬਹਿੰਦਿਆਂ ਹੀ ਇਹਨੇ ਸਾਰੇ ਭਰਾਵਾਂ ਅਤੇ ਉਨ੍ਹਾਂ ਦੀ ਸੰਤਾਨ ਨੂੰ ਕਤਲ ਕਰਵਾ ਦਿੱਤਾ ਸੀ, ਨੌਸ਼ੇਰਵਾਂ ਆਦਲ=ਇਹਨੇ ਚਿੱਟੋ ਹੂਣਾਂ ਦਾ ਬਾਰ ਬਾਰ ਮੁਕਾਬਲਾ ਕੀਤਾ ਅਤੇ ਜਿੱਤ ਪ੍ਰਾਪਤ ਕੀਤੀ।ਆਪਣੀ ਪਰਬੰਧਕੀ ਯੋਗਤਾ ਕਾਰਨ ਪ੍ਰਸਿੱਧ ਹੈ।ਨੌਸ਼ੇਰਵਾਂ ਦਾ ਸ਼ਾਬਦਿਕ ਅਰਥ 'ਅਮਰ' ਹੈ ਪਰ ਫਿਰ ਵੀ ਉਹ ਮਰ ਗਿਆ, ਸੁਲੇਮਾਨ=ਹਜ਼ਰਤ ਦਾਊਦ ਦਾ ਪੁੱਤਰ, ਰੱਬ ਦਾ ਨਬੀ=ਬੈਤੁਲਮਕੱਦਸ ਦੀ ਨੀਂਹ ਇਸ ਨੇ ਰੱਖੀ ਸੀ।ਇਹ ਜਿੰਨਾ ਪਰੀਆਂ ਦਾ ਬਾਦਸ਼ਾਹ ਸੀ ਤੇ ਪੰਛੀਆਂ ਦੀਆਂ ਬੋਲੀਆਂ ਸਮਝਦਾ ਸੀ।ਇੱਕ ਵਾਰੀ ਰੱਬ ਦਾ ਕਹਿਰ ਨਾਜ਼ਲ ਹੋਇਆ।ਜਿਸ ਕਾਰਨ ਇਹਨੂੰ ਭੱਠੀ ਵਾਲੀ ਦਾ ਭੱਠ ਝੋਕਣਾ ਪਿਆ ਸੀ, ਉਸ਼ਟੰਡ=ਚਲਾਕ,ਝੂਠਾ, ਸੁਲੇਮਾਨ ਸਿਕੰਦਰੋਂ=ਸੁਲੇਮਾਨ ਤੋਂ ਲੈ ਕੇ ਸਿਕੰਦਰ ਤੱਕ ਕਈ ਯੂਨਾਨੀ ਬਾਦਸ਼ਾਹ ਹੋਏ ਜਿਨ੍ਹਾਂ ਨੇ ਸਤ ਦੀਪਾਂ ਅਤੇ ਨੌਂ ਖੰਡਾਂ ਉੱਤੇ ਹੁਕਮ ਚਲਾਏ ਪਰ ਅਸਲੀ ਸਫ਼ਲਤਾ ਉਨ੍ਹਾਂ ਨੂੰ ਵੀ ਨਾ ਮਿਲੀ, ਬਖ਼ਤੁਲ ਨੁਸਰ ਦਾ ਡੋਲਾ=ਬਖ਼ਤੁਲ ਨੁਸਰ ਦਾ ਉੜਣ ਖਟੋਲਾ, ਉਹ ਬਾਬਲ ਰਾਜ ਦਾ ਬਾਦਸ਼ਾਹ ਸੀ।ਉਹਨੇ ਇੱਕ ਉੜਣ ਖਟੋਲਾ ਬਣਾਇਆ ਹੋਇਆ ਸੀ ਜਿਸ ਨਾਲ ਚੌਂਹੀਂ ਪਾਸੀਂ ਚਾਰ ਬਾਂਸ ਸਨ।ਉਨ੍ਹਾਂ ਉੱਤੇ ਮਾਸ ਬੱਧਾ ਸੀ।ਬਾਂਸਾਂ ਦੇ ਥੱਲੇ ਚਾਰ ਬਾਜ਼ ਸਨ।ਉਹ ਮਾਸ ਖਾਣ ਲਈ ਉੱਪਰ ਉਡਦੇ ਤੇ ਉੜਣ ਖਟੋਲਾ ਉੱਪਰ ਨੂੰ ਉੜਦਾ।ਬਾਦਸ਼ਾਹ ਖਟੋਲੇ ਦੇ ਵਿਚਕਾਰ ਤੀਰ ਕਮਾਨ ਲੈ ਕੇ ਬੈਠਦਾ ਤੇ ਅਸਮਾਨ ਵਿੱਚ ਤੀਰ ਚਲਾਉਂਦਾ।ਫਿਰ ਖਟੋਲਾ ਧਰਤੀ ਤੇ ਉਤਾਰ ਕੇ ਲੋਕਾਂ ਨੂੰ ਮਾਸ ਅਤੇ ਇੱਕ ਖੂਨ ਦਾ ਪਿਆਲਾ ਦਿਖਾ ਕੇ ਕਹਿੰਦਾ ਕਿ ਮੈਂ ਤੁਹਾਡੇ ਰੱਬ ਨੂੰ ਖ਼ਤਮ ਕਰ ਆਇਆ ਹਾਂ।ਉਹਨੂੰ ਵੀ ਮੌਤ ਆ ਗਈ, ਕੇਤੀਆਂ=ਕਿੰਨੀਆਂ)
490. ਸਹਿਤੀ
ਪੰਡ ਝਗੜਿਆਂ ਦੀ ਕੇਹੀ ਖੋਲ੍ਹ ਬੈਠੋਂ, ਵੱਡਾ ਮਹਿਜ਼ਰੀ ਘੰਡ ਲਟ ਬਾਵਲਾ ਵੇ। ਅਸਾਂ ਇੱਕ ਰਸਾਇਣ ਹੈ ਢੂਡ ਆਂਦੀ, ਭਲਾ ਦੱਸ ਖਾਂ ਕੀ ਹੈ ਰਾਵਲਾ ਵੇ। ਉੱਤੇ ਰੱਖਿਆ ਕੀ ਏ ਨਜ਼ਰ ਤੇਰੀ, ਗਿਣੇਂ ਆਪ ਨੂੰ ਬਹੁਤ ਚਤਰਾਵਲਾ ਵੇ। ਦੱਸੇ ਬਿਨਾਂ ਨਾ ਜਾਪਦੀ ਜ਼ਾਤ ਭੈੜੀ, ਛੜੇ ਬਾਝ ਨਾ ਥੀਂਵਦਾ ਚਾਵਲਾ ਵੇ। ਕੀ ਰੋਕ ਹੈ ਕਾਸਦੀ ਇਹ ਬਾਸਨ, ਸਾਨੂੰ ਦੱਸ ਖਾਂ ਸੋਹਣਿਆਂ ਸਾਂਵਲਾ ਵੇ। ਸਹਿਜ ਨਾਲ ਸਭ ਕੰਮ ਨਿਬਾਹ ਹੁੰਦੇ, ਵਾਰਿਸ ਸ਼ਾਹ ਨਾ ਹੋ ਉਤਾਵਲਾ ਵੇ। (ਮਹਿਜ਼ਰੀ=ਥਾਨੇ ਅਤੇ ਅਦਾਲਤਾਂ ਵਿੱਚ ਫਿਰਨ ਵਾਲਾ,ਅਰਜ਼ੀ ਪਰਚੇ ਕਰਨ ਵਾਲਾ, ਰਸਾਇਣ=ਕੀਮੀਆ, ਚਤਰਾਵਲਾ=ਚਤਰ,ਚਲਾਕ, ਬਾਸਨ= ਬਰਤਨ)
491. ਰਾਂਝਾ
ਕਰਾਮਾਤ ਹੈ ਕਹਿਰ ਦਾ ਨਾਂਉ ਰੰਨੇ, ਕੇਹਾ ਘੱਤਿਉ ਆਣ ਵਸੂਰਿਆ ਈ। ਕਰੇਂ ਚਾਵੜਾਂ ਚਿੱਘੜਾਂ ਨਾਲ ਮਸਤੀ, ਅਜੇ ਤੀਕ ਅਣਜਾਣਾਂ ਨੂੰ ਘੂਰਿਆ ਈ। ਫ਼ਕਰ ਆਖਸਨ ਸੋਈ ਕੁੱਝ ਰੱਬ ਕਰਸੀ, ਐਵਂੇ ਜੋਗੀ ਨੂੰ ਚਾ ਵਡੂਰਿਆ ਈ। ਉੱਤੇ ਪੰਜ ਪੈਸੇ ਨਾਲ ਰੋਕ ਧਰਿਉ, ਖੰਡ ਚਾਵਲਾਂ ਦਾ ਥਾਲ ਪੂਰਿਆ ਈ। (ਵਸੂਰਾ=ਸ਼ਕ ਸ਼ੁਬਾ, ਚਿਘੜਾਂ=ਮਜ਼ਾਕ, ਪੂਰਿਆ=ਸਜਾਇਆ ਹੋਇਆ)
492 ਸਹਿਤੀ
ਮਗਰ ਤਿੱਤਰਾਂ ਦੇ ਅੰਨ੍ਹਾ ਬਾਜ਼ ਛੁੱਟੇ, ਜਾਇ ਚਿੰਮੜੇ ਦਾਂਦ ਪਤਾਲੂਆਂ ਨੂੰ। ਅੰਨਾਂ ਭੇਜਿਆ ਅੰਬ ਅਨਾਰ ਵੇਖਣ, ਜਾਇ ਚਿੰਮੜੇ ਤੂਤ ਸੰਭਾਲੂਆਂ ਨੂੰ। ਘਲਿਆ ਫੁੱਲ ਗੁਲਾਬ ਦਾ ਤੋੜ ਲਿਆਵੀਂ, ਜਾਇ ਲੱਗਾ ਹੈ ਲੈਣ ਕਚਾਲੂਆਂ ਨੂੰ। ਅੰਨ੍ਹਾਂ ਮੋਹਰੀ ਲਾਈਏ ਕਾਫ਼ਲੇ ਦਾ, ਲੁਟਵਾਇਸੀ ਸਾਥ ਦਿਆਂ ਚਾਲੂਆਂ ਨੂੰ। ਖੱਚਰਪਵਾਂ ਦੇ ਚਾਲੜੇ ਕਰਨ ਲੱਗੋਂ, ਅਸਾਂ ਫਾਟਿਆ ਕੁੱਟਿਆ ਚਾਲੂਆਂ ਨੂੰ। ਵਾਰਿਸ ਸ਼ਾਹ ਤੰਦੂਰ ਵਿੱਚ ਦੱਬ ਬੈਠਾ, ਕਮਲਾ ਘੱਲਿਆ ਰੰਗਣੇ ਸਾਲੂਆਂ ਨੂੰ। (ਦਾਂਦ ਪਤਾਲੂ=ਬਲਦਾਂ ਦੇ ਪਤਾਲੂ, ਸੰਭਾਲੂ=ਇੱਕ ਦਰਖ਼ਤ, ਚਾਲੂਆਂ=ਤੁਰਨ ਵਾਲੇ,ਸਾਥ, ਤੰਦੂਰ.. ਸਾਲੂਆਂ=ਕਮਲਾ ਬੰਦਾ ਅੱਗ ਦੀ ਲਾਲੀ ਅਤੇ ਕੱਪੜੇ ਦੀ ਲਾਲੀ ਵਿੱਚ ਫ਼ਰਕ ਨਹੀਂ ਦਸ ਸਕਿਆ)
493. ਰਾਂਝੇ ਨੇ ਸਹਿਤੀ ਨੂੰ ਕਰਾਮਾਤ ਵਿਖਾਉਣੀ
ਜਾ ਖੋਲ੍ਹ ਕੇ ਵੇਖ ਜੋ ਸਿਦਕ ਆਵੀ, ਕੇਹਾ ਸ਼ੱਕ ਦਿਲ ਆਪਣੇ ਪਾਇਉ ਈ। ਕਿਹਿਆ ਅਸਾਂ ਸੋ ਰੱਬ ਤਹਿਕੀਕ ਕਰਸੀ, ਕੇਹਾ ਆਣ ਕੇ ਮਗ਼ਜ਼ ਖਪਾਇਉ ਈ। ਜਾਹ ਵੇਖ ਜੋ ਵਸਵਸਾ ਦੂਰ ਹੋਵੀ, ਕੇਹਾ ਡੌਰੂੜਾ ਆਣ ਵਜਾਇਉ ਈ। ਸ਼ੱਕ ਮਿਟੀ ਜੋ ਥਾਲ ਨੂੰ ਖੋਲ੍ਹ ਵੇਖੇਂ, ਏਥੇ ਮਕਰ ਕੀ ਆਣ ਫੈਲਾਇਉ ਈ। (ਆਵੀ=ਆਵੇ, ਰਬ ਤਹਿਕੀਕ ਕਰਸੀ=ਰਬ ਉਹੀ ਕਰੇਗਾ, ਵਸਵਸਾ=ਸ਼ਕ, ਡੌਰੂੜਾ=ਡੌਰੂ)
494. ਸਹਿਤੀ ਨੇ ਕਰਾਮਾਤ ਵੇਖੀ
ਸਹਿਤੀ ਖੋਲ੍ਹ ਕੇ ਥਾਲ ਜਾਂ ਧਿਆਨ ਕੀਤਾ, ਖੰਡ ਚਾਵਲਾਂ ਦਾ ਥਾਲ ਹੋ ਗਿਆ। ਛੁਟਾ ਤੀਰ ਫ਼ਕੀਰ ਦੇ ਮੁਅਜਜ਼ੇ ਦਾ, ਵਿੱਚੋਂ ਕੁਫ਼ਰ ਦਾ ਜੀਊ ਪਰੋ ਗਿਆ। ਜਿਹੜਾ ਚਲਿਆ ਨਿਕਲ ਯਕੀਨ ਆਹਾ, ਕਰਾਮਾਤ ਨੂੰ ਵੇਖ ਖਲੋ ਗਿਆ। ਗਰਮ ਗ਼ਜ਼ਬ ਦੀ ਆਤਸ਼ੋ ਆਬ ਆਹਾ, ਬਰਫ਼ ਕਸ਼ਫ਼ ਦੀ ਨਾਲ ਸਮੋ ਗਿਆ। ਐਵੇਂ ਡਾਹਡਿਆਂ ਮਾੜਿਆਂ ਕੇਹਾ ਲੇਖਾ, ਓਸ ਖੋਹ ਲਿਆ ਉਹ ਰੋ ਗਿਆ। ਮਰਨ ਵਕਤ ਹੋਇਆ ਸੱਭੋ ਖ਼ਤਮ ਲੇਖਾ, ਜੋ ਕੋ ਜੰਮਿਆਂ ਝੋਵਣੇ ਝੋ ਗਿਆ। ਵਾਰਿਸ ਸ਼ਾਹ ਜੋ ਕੀਮੀਆ ਨਾਲ ਛੁੱਥਾ, ਸੋਇਨਾ ਤਾਂਬਿਉਂ ਤੁਰਤ ਹੀ ਹੋ ਗਿਆ। (ਮੁਅਜਜ਼ੇ=ਕਰਾਮਾਤਾਂ, ਆਤਿਸ਼=ਅੰਗਾਰ, ਆਬ=ਪਾਣੀ, ਕਸ਼ਫ਼=ਢਕੀ ਹੋਈ ਵਸਤ ਬਾਰੇ ਗ਼ੈਬ ਦੇ ਇਲਮ ਨਾਲ ਪਤਾ ਕਰ ਲੈਣਾ, ਛੁੱਥਾ=ਛੋਹਿਆ ਗਿਆ, ਝੋਵਣੇ ਝੋ ਗਿਆ=ਕੰਮ ਕਰ ਗਿਆ)
495. ਸਹਿਤੀ ਨੂੰ ਰਾਂਝੇ ਤੇ ਯਕੀਨ
ਹੱਥ ਬੰਨ੍ਹ ਕੇ ਬੇਨਤੀ ਕਰੇ ਸਹਿਤੀ, ਦਿਲ ਜਾਨ ਥੀਂ ਚੇਲੜੀ ਤੇਰੀਆਂ ਮੈਂ। ਕਰਾਂ ਬਾਂਦੀਆਂ ਵਾਂਗ ਬਜਾ ਖ਼ਿਦਮਤ, ਨਿਤ ਪਾਂਵਦੀ ਰਹਾਂਗੀ ਫੇਰੀਆਂ ਮੈਂ। ਪੀਰ ਸੱਚ ਦਾ ਅਸਾਂ ਤਹਿਕੀਕ ਕੀਤਾ, ਦਿਲ ਜਾਨ ਥੀਂ ਤੁਧ ਤੇ ਹੇਰੀਆਂ ਮੈਂ। ਕਰਾਮਾਤ ਤੇਰੀ ਉੱਤੇ ਸਿਦਕ ਕੀਤਾ, ਤੇਰੇ ਕਸ਼ਫ਼ ਦੇ ਹੁਕਮ ਨੇ ਘੇਰੀਆਂ ਮੈਂ। ਸਾਡੀ ਜਾਨ ਤੇ ਮਾਲ ਹੈ ਹੀਰ ਤੇਰੀ, ਨਾਲੇ ਸਣੇ ਸਹੇਲੀਆਂ ਤੇਰੀਆਂ ਮੈਂ। ਅਸਾਂ ਕਿਸੇ ਦੀ ਗੱਲ ਨਾ ਕਦੇ ਮੰਨੀ, ਤੇਰੇ ਇਸਮ ਦੇ ਹੁੱਬ ਦੀ ਟੇਰੀਆਂ ਮੈਂ। ਇੱਕ ਫ਼ੱਕਰ ਅੱਲਾਹ ਦਾ ਰੱਖ ਤਕਵਾ, ਹੋਰ ਢਾਹ ਬੈਠੀ ਸੱਭੇ ਢੇਰੀਆਂ ਮੈਂ। ਪੂਰੀ ਨਾਲ ਹਿਸਾਬ ਨਾ ਹੋ ਸਕਾਂ, ਵਾਰਿਸ ਸ਼ਾਹ ਕੀ ਕਰਾਂਗੀ ਸ਼ੇਰੀਆਂ ਮੈਂ। (ਇਸਮ=ਰਬ ਦਾ ਨਾਂ, ਟੇਰਨਾ=ਕਿਸੇ ਸਾਜ਼ ਨੂੰ ਸੁਰ ਕਰਨਾ, ਤਕਵਾ= ਸਹਾਰਾ, ਢੇਰੀਆਂ ਢਾਹ ਦੇਣਾ=ਆਸ ਛੱਡ ਦੇਣੀ)
496. ਰਾਂਝਾ
ਘਰ ਆਪਣੇ ਵਿੱਚ ਚਵਾਇ ਕਰਕੇ, ਆਖ ਨਾਗਣੀ ਵਾਂਗ ਕਿਉਂ ਸ਼ੂਕੀਏਂ ਨੀ। ਨਾਲ ਜੋਗੀਆਂ ਮੋਰਚਾ ਲਾਇਉਈ, ਰੱਜੇ ਜਟ ਵਾਂਗੂੰ ਵੱਡੀ ਫੂਕੀਏਂ ਨੀ। ਜਦੋਂ ਬੰਨ੍ਹ ਝੇੜੇ ਥੱਕ ਹੁਟ ਰਹੀਏ, ਜਾਇ ਪਿੰਡ ਦੀਆਂ ਰੰਨਾਂ ਤੇ ਕੂਕੀਏਂ ਨੀ। ਕਢ ਗਾਲੀਆਂ ਸਣੇ ਰਬੇਲ ਬਾਂਦੀ ਘਿਨ ਮੋਲ੍ਹੀਆਂ ਅਸਾਂ ਤੇ ਘੂਕੀਏਂ ਨੀ। ਭਲੋ ਭਲੀ ਜਾਂ ਡਿਠੋ ਈ ਆਸ਼ਕਾਂ ਦੀ, ਵਾਂਗ ਕੁੱਤੀਆਂ ਅੰਤ ਨੂੰ ਚੂਕੀਏਂ ਨੀ। ਵਾਰਿਸ ਸ਼ਾਹ ਥੀਂ ਪੁਛ ਲੈ ਬੰਦਗੀ ਨੂੰ, ਰੂਹ ਸਾਜ਼ ਕਲਬੂਤ ਵਿੱਚ ਫੂਕੀਏਂ ਨੀ। 497. ਸਹਿਤੀ
ਸਾਨੂੰ ਬਖਸ਼ ਅੱਲਾਹ ਦੇ ਨਾਂਉ ਮੀਆਂ, ਸਾਥੋਂ ਭੁੱਲਿਆਂ ਇਹ ਗੁਨਾਹ ਹੋਇਆ। ਕੱਚਾ ਸ਼ੀਰ ਪੀਤਾ ਬੰਦਾ ਸਦਾ ਭੁੱਲਾ, ਧੁਰੋਂ ਆਦਮੋਂ ਭੁਲਣਾ ਰਾਹ ਹੋਇਆ। ਆਦਮ ਭੁਲ ਕੇ ਕਣਕ ਨੂੰ ਖਾ ਬੈਠਾ, ਕਢ ਜੰਨਤੋਂ ਹੁਕਮ ਫ਼ਨਾਹ ਹੋਇਆ। ਸ਼ੈਤਾਨ ਉਸਤਾਦ ਫ਼ਰਿਸ਼ਤਿਆਂ ਦਾ, ਭੁੱਲਾ ਸਿਜਦਿਉਂ ਕੁਫ਼ਰ ਦੇ ਰਾਹ ਹੋਇਆ। ਮੁਢੋਂ ਰੂਹ ਭੁੱਲਾ ਕੌਲ ਵਿਚ ਵੜਿਆ, ਜੁੱਸਾ ਛੱਡ ਕੇ ਅੰਤ ਫ਼ਨਾਹ ਹੋਇਆ। ਕਾਰੂੰ ਭੁਲ ਜ਼ਕਾਤ ਕੀਂ ਸ਼ੂਮ ਹੋਇਆ, ਵਾਰਦ ਓਸ ਤੇ ਕਹਿਰ ਅੱਲਾਹ ਹੋਇਆ। ਭੁਲ ਜ਼ਕਰੀਏ ਲਈ ਫ਼ਨਾਹ ਹੇਜ਼ਮ, ਆਰੇ ਨਾਲ ਉਹ ਚੀਰ ਦੋ ਫਾਹ ਹੋਇਆ। ਅਮਲਾਂ ਬਾਝ ਦਰਗਾਹ ਵਿੱਚ ਪੈਣ ਪੌਲੇ, ਲੋਕਾਂ ਵਿੱਚ ਮੀਆਂ ਵਾਰਿਸ ਸ਼ਾਹ ਹੋਇਆ। (ਕੱਚਾ ਸ਼ੀਰ=ਕੱਚਾ ਦੁੱਧ, ਕਿਬਰ=ਗਰੂਰ, ਕੌਲ ਵੜਿਆ=ਕਾਲਬ ਵਿੱਚ ਦਾਖਲ ਹੋਇਆ, ਜੁੱਸਾ=ਤਾਕਤ, ਹੇਜ਼ਮ=ਸੁੱਕਾ ਦਰਖ਼ਤ,ਬਾਲਣ ਯੋਗ ਲਕੜੀ, ਜ਼ਕਾਤ= ਖ਼ੈਰਾਤ,ਸਦਕਾ, ਦੋ ਫਾਹ=ਦੋ ਫਾਕੜਾਂ, ਪੌਲੇ=ਜੁੱਤੀਆਂ, ਹਜ਼ਰਤ ਜ਼ਕਰੀਆ= ਆਪ ਹਜ਼ਰਤ ਸੁਲੇਮਾਨ ਬਿਨ ਦਾਊਦ ਦੀ ਸੰਤਾਨ ਵਿੱਚੋਂ ਸਨ।ਜਦੋਂ ਇਨ੍ਹਾਂ ਪਿੱਛੇ ਇਸਰਾਈਲੀ ਕਾਤਲ ਦੌੜੇ ਤਾਂ ਆਪ ਇੱਕ ਸ਼ਰੀਂਹ ਦੇ ਦਰਖ਼ਤ ਵਿੱਚ ਲੁਕ ਗਏ ਐਪਰ ਪੁਸ਼ਾਕ ਦਾ ਇੱਕ ਸਿਰਾ ਬਾਹਰ ਰਹਿ ਗਿਆ।ਵੈਰੀਆਂ ਨੇ ਨਿਸ਼ਾਨੀ ਨੂੰ ਵੇਖ ਕੇ ਦਰਖ਼ਤ ਨੂੰ ਆਰੇ ਨਾਲ ਚੀਰ ਦਿੱਤਾ ਅਤੇ ਆਪ ਵੀ ਵਿੱਚੇ ਚੀਰੇ ਗਏ)
498. ਰਾਂਝਾ
ਘਰ ਪੇਈੜੇ ਵੱਡੀ ਹਵਾ ਤੈਨੂੰ, ਦਿਤਿਉਂ ਛਿੱਬੀਆਂ ਨਾਲ ਅੰਗੂਠਿਆਂ ਦੇ। ਅੰਤ ਸੱਚ ਦਾ ਸੱਚ ਆ ਨਿਤਰੇਗਾ ,ਕੋਈ ਦੇਸ ਨਾ ਵੱਸਦੇ ਝੂਠਿਆਂ ਦੇ। ਫ਼ਕਰ ਮਾਰਿਉ ਅਸਾਂ ਨੇ ਸਬਰ ਕੀਤਾ, ਨਹੀਂ ਜਾਣਦੀ ਦਾਉ ਤੂੰ ਘੂਠਿਆਂ ਦੇ। ਜੱਟੀ ਹੋ ਫ਼ਕੀਰ ਦੇ ਨਾਲ ਲੜੇਂ, ਛੰਨਾ ਭੇੜਿਉ ਈ ਨਾਲ ਠੂਠਿਆਂ ਦੇ। ਸਾਨੂੰ ਬੋਲੀਆਂ ਮਾਰ ਕੇ ਨਿੰਦਦੀ ਸੈਂ, ਮੂੰਹ ਡਿਠੋ ਈ ਟੁੱਕਰਾਂ ਜੂਠਿਆਂ ਦੇ। ਵਾਰਿਸ ਸ਼ਾਹ ਫ਼ਕੀਰ ਨੂੰ ਛੇੜਦੀ ਸੈਂ, ਡਿੱਠੋ ਮੁਅਜਜ਼ੇ ਇਸ਼ਕ ਦੇ ਲੂਠਿਆਂ ਦੇ। (ਪੇਈੜੇ=ਪੇਕੇ, ਲੂਠਿਆਂ=ਝੁਲਸੇ ਹੋਏ)
499. ਤਥਾ
ਕਰੇ ਜਿਨ੍ਹਾਂ ਦੀਆਂ ਰਬ ਹਮਾਇਤਾਂ ਨੀ, ਹੱਕ ਤਿਨ੍ਹਾਂ ਦਾ ਖ਼ੂਬ ਮਾਮੂਲ ਕੀਤਾ। ਜਦੋਂ ਮੁਸ਼ਰਿਕਾਂ ਆਣ ਸਵਾਲ ਕੀਤਾ, ਤਦੋਂ ਚੰਨ ਦੋ-ਖੰਨ ਰਸੂਲ ਕੀਤਾ। ਕਢ ਪੱਥਰੋਂ ਊਠਣੀ ਰਬ ਸੱਚੇ, ਕਰਾਮਾਤ ਪੈਗ਼ੰਬਰੀ ਮੂਲ ਕੀਤਾ। ਵਾਰਿਸ ਸ਼ਾਹ ਨੇ ਕਸ਼ਫ਼ ਦਿਖਾਇ ਦਿੱਤਾ, ਤਦੋਂ ਜੱਟੀ ਨੇ ਫ਼ਕਰ ਕਬੂਲ ਕੀਤਾ। (ਮਾਮੂਲ=ਨਿਤ ਦਾ ਆਮ ਕੰਮ, ਮਸ਼ਰਿਕਾਂ=ਮੂਰਤੀ ਪੂਜਾ, ਦੋ-ਖੰਨ=ਦੋ ਟੁਕੜੇ)
500. ਤਥਾ
ਫਿਰੇਂ ਜ਼ੋਮ ਦੀ ਭਰੀ ਤੇ ਸਾਣ ਚੜ੍ਹੀ, ਆ ਟਲੀਂ ਨੀ ਮੁੰਡੀਏ ਵਾਸਤਾ ਈ। ਮਰਦ ਮਾਰ ਮੁਰੱਕਣੇ ਜੰਗ-ਬਾਜ਼ੇ, ਮਾਨ ਮੱਤੀਏ ਗੁੰਡੀਏ ਵਾਸਤਾ ਈ। ਬਖ਼ਸ਼ੀ ਸਭ ਗੁਨਾਹ ਤਕਸੀਰ ਤੇਰੀ, ਲਿਆ ਹੀਰ ਨੀ ਨੱਢੀਏ ਵਾਸਤਾ ਈ। ਵਾਰਿਸ ਸ਼ਾਹ ਸਮਝਾਇ ਜਟੇਟੜੀ ਨੂੰ, ਲਾਹ ਦਿਲੇ ਦੀ ਘੁੰਢੀਏ ਵਾਸਤਾ ਈ। (ਜ਼ੋਮ=ਗੁਮਾਨ, ਸਾਣ ਚੜ੍ਹੀ=ਤਿੱਖੀ)
501. ਸਹਿਤੀ
ਜੀਕੂੰ ਤੁਸੀਂ ਫ਼ਰਮਾਉ ਸੋ ਜਾ ਆਖਾਂ, ਤੇਰੇ ਹੁਕਮ ਦੀ ਤਾਬਿਆ ਹੋਈਆਂ ਮੈਂ। ਤੈਨੂੰ ਪੀਰ ਜੀ ਭੁਲ ਕੇ ਬੁਰਾ ਬੋਲੀ, ਭੁੱਲੀ ਵਿਸਰੀ ਆਣ ਵਗੋਈਆਂ ਮੈਂ। ਤੇਰੀ ਪਾਕ ਜ਼ਬਾਨ ਦਾ ਹੁਕਮ ਲੈ ਕੇ, ਕਾਸਦ ਹੋਇਕੇ ਜਾ ਖਲੋਈਆਂ ਮੈਂ। ਵਾਰਿਸ ਸ਼ਾਹ ਦੇ ਮੁਅਜਜ਼ੇ ਸਾਫ਼ ਕੀਤੀ, ਨਹੀਂ ਮੁਢ ਦੀ ਵੱਡੀ ਬਦਖੋਈਆਂ ਮੈਂ। (ਆਣ ਵਗੋਈਆਂ=ਸਿੱਧੇ ਰਾਹ ਆ ਗਈ ਹਾਂ, ਕਾਸਦ=ਸੁਨੇਹਾ ਲਿਜਾਣ ਵਾਲਾ, ਸਾਫ਼=ਨੇਕ ਨੀਤ, ਬਦਖੋਈ=ਬੁਰੀ ਆਦਤ)
502. ਰਾਂਝਾ
ਲਿਆ ਹੀਰ ਸਿਆਲ ਜੋ ਦੀਦ ਕਰੀਏ, ਆ ਜਾਹ ਵੋ ਦਿਲਬਰਾ ਵਾਸਤਾ ਈ। ਜਾ ਕੇ ਆਖ ਰਾਂਝਾ ਤੈਨੂੰ ਅਰਜ਼ ਕਰਦਾ, ਘੁੰਢ ਲਾਹ ਵੋ ਦਿਲਬਰਾ ਵਾਸਤਾ ਈ। ਸਾਨੂੰ ਮਿਹਰ ਦੇ ਨਾਲ ਦਿਖਾ ਸੂਰਤ, ਮਿਸਲ ਮਾਹ ਵੋ ਦਿਲਬਰਾ ਵਾਸਤਾ ਈ। ਜ਼ੁਲਫ ਨਾਗ ਵਾਂਗੂੰ ਚੱਕਰ ਘਤ ਬੈਠੀ, ਗਲੋਂ ਲਾਹ ਵੋ ਦਿਲਬਰਾ ਵਾਸਤਾ ਈ। ਦਿੰਹ ਰਾਤ ਨਾ ਜੋਗੀ ਨੂੰ ਟਿਕਣ ਦੇਂਦੀ, ਤੇਰੀ ਚਾਹ ਵੋ ਦਿਲਬਰਾ ਵਾਸਤਾ ਈ। ਲੋੜ੍ਹੇ ਲੁਟਿਆਂ ਨੈਣਾਂ ਦੀ ਝਾਕ ਦੇ ਕੇ, ਲੁੜ੍ਹ ਜਾਹ ਵੋ ਦਿਲਬਰਾ ਵਾਸਤਾ ਈ। ਗਲ ਪਲੂੜਾ ਇਸ਼ਕ ਦਿਆਂ ਕੁਠਿਆਂ ਦੇ, ਮੂੰਹ ਘਾਹ ਵੋ ਦਿਲਬਰਾ ਵਾਸਤਾ ਈ। ਸਦਕਾ ਸੈਦੇ ਦੇ ਨਵੇਂ ਪਿਆਰ ਵਾਲਾ, ਮਿਲ ਜਾਹ ਵੋ ਦਿਲਬਰਾ ਵਾਸਤਾ ਈ। ਵਾਰਿਸ ਸ਼ਾਹ ਨਿਆਜ਼ ਦਾ ਫਰਜ਼ ਭਾਰਾ, ਸਿਰੋਂ ਲਾਹ ਵੋ ਦਿਲਬਰਾ ਵਾਸਤਾ ਈ। (ਵੋ=ਓ, ਝਾਕ=ਆਸ, ਚੱਕਰ ਘਤ=ਕੁੰਡਲੀ ਮਾਰਕੇ, ਮੂੰਹ ਵਿੱਚ ਘਾਹ ਲੈ ਕੇ= ਮੇਰਾ ਵਾਸਤਾ ਹੈ, ਨਿਆਜ਼=ਨਮਾਜ਼, ਆਜਜ਼ੀ)
503. ਸਹਿਤੀ
ਲੈ ਕੇ ਸੋਹਣੀ ਮੋਹਣੀ ਇੰਦਰਾਣੀ, ਮਿਰਗ-ਨੈਣੀ ਨੂੰ ਜਾਇਕੇ ਘੱਲਨੀ ਹਾਂ। ਤੇਰੀਆਂ ਅਜ਼ਮਤਾਂ ਵੇਖ ਕੇ ਪੀਰ ਮੀਆਂ, ਬਾਂਦੀ ਹੋਇਕੇ ਘਰਾਂ ਨੂੰ ਚੱਲਨੀ ਹਾਂ। ਪੀਰੀ ਪੀਰ ਦੀ ਵੇਖ ਮੁਰੀਦ ਹੋਈ, ਤੇਰੇ ਪੈਰ ਹੀ ਆਣ ਕੇ ਮੱਲਨੀ ਹਾਂ। ਮੈਨੂੰ ਬਖ਼ਸ਼ ਮੁਰਾਦ ਬਲੋਚ ਸਾਈਆਂ, ਤੇਰੀਆਂ ਜੁੱਤੀਆਂ ਸਿਰੇ ਤੇ ਝੱਲਨੀ ਹਾਂ। ਵਾਰਿਸ ਸ਼ਾਹ ਕਰ ਤਰਕ ਬੁਰਿਆਈਆਂ, ਦੀ ਦਰਬਾਰ ਅੱਲਾਹ ਦਾ ਮੱਲਨੀ ਹਾਂ। (ਅਜ਼ਮਤ=ਵਡਿਆਈ, ਪੈਰ ਮੱਲਨੀ ਹਾਂ=ਪੈਰਾਂ ਵਿੱਚ ਬਹਿੰਦੀ ਹਾਂ,ਸ਼ਰਨ ਆਉਂਦੀ ਹਾਂ, ਝੱਲਨੀ ਹਾਂ=ਸਹਿੰਦੀ ਹਾਂ)
504. ਸਹਿਤੀ ਦਾ ਹੀਰ ਨੂੰ
ਸਹਿਤੀ ਜਾਇਕੇ ਹੀਰ ਨੂੰ ਕੋਲ ਬਹਿ ਕੇ, ਭੇਤ ਯਾਰ ਦਾ ਸੱਭ ਸਮਝਾਇਆ ਈ। ਜਿਹਨੂੰ ਮਾਰ ਕੇ ਘਰੋਂ ਫ਼ਕੀਰ ਕੀਤੋ, ਉਹ ਜੋਗੀੜਾ ਹੋਇਕੇ ਆਇਆ ਈ। ਉਹਨੂੰ ਠਗ ਕੇ ਮਹੀਂ ਚਰਾਇ ਲਈਉਂ, ਏਥੇ ਆਇਕੇ ਰੰਗ ਵਟਾਇਆ ਈ। ਤੇਰੇ ਨੈਣਾਂ ਨੇ ਚਾਇ ਮਲੰਗ ਕੀਤਾ, ਮਨੋ ਓਸ ਨੂੰ ਚਾਇ ਭੁਲਾਇਆ ਈ। ਉਹ ਤੇ ਕੰਨ ਪੜਾਇਕੇ ਵਣ ਲੱਥਾ, ਆਪ ਵਹੁਟੜੀ ਆਣ ਸਦਾਇਆ ਈ। ਆਪ ਹੋ ਜ਼ੁਲੈਖ਼ਾ ਦੇ ਵਾਂਗ ਸੱਚੀ, ਉਹਨੂੰ ਯੂਸਫ਼ ਚਾਇ ਬਣਾਇਆ ਈ। ਕੀਤੇ ਕੌਲ ਇਕਰਾਰ ਵਸਾਰ ਸਾਰੇ, ਆਣ ਸੈਦੇ ਨੂੰ ਕੰਤ ਬਣਾਇਆ ਈ। ਹੋਇਆ ਚਾਕ ਪਿੰਡੇ ਮਲੀ ਫ਼ਾਕ ਰਾਂਝੇ, ਕੰਨ ਪਾੜ ਕੇ ਹਾਲ ਵਣਜਾਇਆ ਈ। ਦੇਣੇਦਾਰ ਮਵਾਸ ਹੋ ਵਿਹਰ ਬੈਠੀ, ਲਹਿਣੇਦਾਰ ਹੀ ਅੱਕ ਕੇ ਆਇਆ ਈ। ਗਾਲੀਂ ਦੇ ਕੇ ਵਿਹੜਿਉਂ ਕਢ ਉਸ ਨੂੰ, ਕਲ੍ਹ ਮੋਲ੍ਹਿਆਂ ਨਾਲ ਕੁਟਾਇਆ ਈ। ਹੋ ਜਾਏਂ ਨਿਹਾਲ ਜੇ ਕਰੇਂ ਜ਼ਿਆਰਤ, ਤੈਨੂੰ ਬਾਗ਼ ਵਿੱਚ ਓਸ ਬੁਲਾਇਆ ਈ। ਜ਼ਿਆਰਤ ਮਰਦ ਕੁੱਫ਼ਾਰਤ ਹੋਣ ਇਸ਼ਯਾਂ, ਨੂਰ ਫ਼ੱਕਰ ਦਾ ਵੇਖਨਾ ਆਇਆ ਈ। ਬਹੁਤ ਜ਼ੁਹਦ ਕੀਤਾ ਮਿਲੇ ਪੀਰ ਪੰਜੇ, ਮੈਨੂੰ ਕਸ਼ਫ਼ ਵੀ ਜ਼ੋਰ ਵਿਖਾਇਆ ਈ। ਝੱਬ ਨਜ਼ਰ ਲੈ ਕੇ ਮਿਲ ਹੋ ਰਈਅਤ, ਫ਼ੌਜਦਾਰ ਬਹਾਲ ਹੋ ਆਇਆ ਈ। ਉਹਦੀ ਨਜ਼੍ਹਾ ਤੂੰ ਆਬੇਹਿਆਤ ਉਸ ਦਾ, ਕੇਹਾ ਭਾਬੀਏ ਝਗੜਾ ਲਇਆ ਈ। ਚਾਕ ਲਾਇਕੇ ਕੰਨ ਪੜਾਇਉ ਨੀ, ਨੈਣਾਂ ਵਾਲੀਏ ਗ਼ੈਬ ਕਿਉਂ ਚਾਇਆ ਈ। ਬਚੇ ਉਹ ਫ਼ਕੀਰਾਂ ਥੋਂ ਹੀਰ ਕੁੜੀਏ, ਹੱਥ ਬੰਨ੍ਹ ਕੇ ਜਿਨ੍ਹਾਂ ਬਖ਼ਸ਼ਾਇਆ ਈ। ਇੱਕੇ ਮਾਰ ਜਾਸੀ ਇੱਕੇ ਤਾਰ ਜਾਸੀ, ਇਹ ਮੀਂਹ ਅਨਿਆਉਂ ਦਾ ਆਇਆ ਈ। ਅਮਲ ਫ਼ੌਤ ਤੇ ਵੱਡੀ ਦਸਤਾਰ ਫੁੱਲੀ, ਕੇਹਾ ਭੀਲ ਦਾ ਸਾਂਗ ਬਣਾਇਆ ਈ। ਵਾਰਿਸ ਕੌਲ ਭੁਲਾਇਕੇ ਕੇ ਖੇਡ ਰੁੱਧੋਂ, ਕੇਹਾ ਨਵਾਂ ਮਖ਼ੌਲ ਜਗਾਇਆ ਈ। (ਵਣ ਲੱਥਾ=ਜੰਗਲ ਵਿੱਚ ਡੇਰਾ ਲਾ ਲਿਆ, ਜ਼ੁਲੈਖ਼ਾ ਅਤੇ ਯੂਸਫ਼=ਯੂਸਫ਼ ਅਤੇ ਜ਼ੁਲੈਖ਼ਾ ਦੀ ਕਹਾਣੀ ਕੁਰਾਨ ਸ਼ਰੀਫ ਵਿੱਚ ਵੀ ਆਉਂਦੀ ਹੈ। ਯੂਸਫ਼ ਯਾਕੂਬ ਦਾ ਪੁੱਤਰ ਅਤੇ ਇਬਰਾਹੀਮ ਦਾ ਪੜੋਤਾ ਸੀ।ਯੂਸਫ਼ ਬਹੁਤ ਸੁੰਦਰ ਸੀ।ਉਸਦੇ ਮਤੇਰ ਭਰਾਵਾਂ ਨੇ ਈਰਖਾ ਨਾਲ ਉਸ ਨੂੰ ਜੰਗਲ ਦੇ ਇੱਕ ਅੰਨ੍ਹੇ ਖੂਹ ਵਿੱਚ ਸੁੱਟ ਦਿੱਤਾ ਅਤੇ ਯਾਕੂਬ ਕੋਲ ਝੂਠ ਕਹਿ ਦਿੱਤਾ ਕਿ ਉਸ ਨੂੰ ਜੰਗਲੀ ਦਰਿੰਦੇ ਲੈ ਗਏ।ਯੂਸਫ਼ ਨੂੰ ਕੋਲੋਂ ਲੰਘਦੇ ਵਪਾਰੀਆਂ ਦੇ ਕਾਫ਼ਲੇ ਨੇ ਖੂਹੋਂ ਕੱਢ ਕੇ ਮਿਸਰ ਵਿੱਚ ਮੰਡੀ ਵਿੱਚ ਲਿਜਾ ਕੇ ਇੱਕ ਗ਼ੁਲਾਮ ਵਜੋਂ ਵੇਚ ਦਿੱਤਾ।ਓਥੇ ਦੀ ਇੱਕ ਇਸਤਰੀ ਜ਼ੁਲੈਖ਼ਾ ਨੇ ਉਸ ਉੱਤੇ ਮੋਹਤ ਹੋਕੇ ਉਸ ਨਾਲ ਆਯੋਗ ਸਬੰਧ ਸਥਾਪਤ ਕਰਨੇ ਚਾਹੇ ਐਪਰ ਯੂਸਫ਼ ਨਾ ਮੰਨਿਆ।ਜ਼ੁਲੈਖ਼ਾ ਨੇ ਦੋਸ਼ ਲਾਕੇ ਯੂਸਫ਼ ਨੂੰ ਕੈਦ ਕਰਵਾ ਦਿੱਤਾ।ਯੂਸਫ਼ ਨੂੰ ਸੁਫ਼ਨਿਆਂ ਦੇ ਠੀਕ ਅਰਥ ਕੱਢਣੇ ਆਉਂਦੇ ਸਨ।ਕੈਦ 'ਚੋਂ ਛੱਡੇ ਜਾਦ ਪਿੱਛੋਂ ਉਹ ਮਿਸਰ ਦਾ ਚੰਗਾ ਵਜ਼ੀਰ ਤੇ ਫੇਰ ਰਾਜਾ ਬਣਿਆ।ਭੁਖੇ ਮਰਦੇ ਮੰਗਣ ਆਏ ਆਪਣੇ ਉਨ੍ਹਾਂ ਭਰਾਵਾਂ ਦੀ ਵੀ ਮਦਦ ਕੀਤੀ ਜੋ ਉਹਨੂੰ ਖੂਹ ਵਿੱਚ ਸੁੱਟ ਗਏ ਸਨ, ਮਵਾਸ= ਬਾਗ਼ੀਆਂ ਦਾ ਡੇਰਾ, ਜ਼ਿਆਰਤ=ਦੀਦਾਰ, ਜ਼ਿਆਰਤ ਮਰਦ ਕੁੱਫ਼ਾਰਤ ਹੋਣ ਇਸ਼ਯਾਂ =ਮਰਦਾਂ ਦਾ ਦੀਦਾਰ ਕਰਨ ਨਾਲ ਗੁਨਾਹ ਧੋ ਹੋ ਜਾਂਦੇ ਹਨ, ਜ਼ੁਹਦ= ਪਰਹੇਜ਼ਗਾਰੀ, ਝੱਬ=ਛੇਤੀ, ਨਜ਼ਰ ਲੈ ਕੇ =ਨਵੇਂ ਲੱਗੇ ਫ਼ੌਜਦਾਰ ਕੋਲ ਨਜ਼ਰਾਨਾ ਲੈ ਕੇ, ਗਲ ਵਿੱਚ ਪਰਨਾ ਪਾ ਕੇ ਹਾਜ਼ਰ ਹੁੰਦੇ ਸਨ, ਨਜ਼੍ਹਾ=ਮਰਨ ਵੇਲਾ)
505. ਹੀਰ
ਹੀਰ ਆਖਿਆ ਜਾਇਕੇ ਖੋਲ੍ਹ ਬੁੱਕਲ, ਉਹਦੇ ਵੇਸ ਨੂੰ ਫੂਕ ਵਿਖਾਵਨੀ ਹਾਂ। ਨੈਣਾਂ ਚਾੜ੍ਹ ਕੇ ਸਾਣ ਤੇ ਕਰਾਂ ਪੁਰਜ਼ੇ, ਕਤਲ ਆਸ਼ਕਾਂ ਦੇ ਉੱਤੇ ਧਾਵਨੀ ਹਾਂ। ਅੱਗੇ ਚਾਕ ਸੀ ਫ਼ਾਕ ਕਰ ਸਾੜ ਸੁੱਟਾਂ, ਉਹਦੇ ਇਸ਼ਕ ਨੂੰ ਸਿਕਲ ਚੜ੍ਹਾਵਨੀ ਹਾਂ। ਉਹਦੇ ਪੈਰਾਂ ਦੀ ਖ਼ਾਕ ਹੈ ਜਾਨ ਮੇਰੀ, ਸਾਰੀ ਸੱਚ ਦੀ ਨਿਸ਼ਾ ਦੇ ਆਵਨੀ ਹਾਂ। ਮੋਇਆ ਪਿਆ ਹੈ ਨਾਲ ਫ਼ਿਰਾਕ ਰਾਂਝਾ, ਈਸਾ ਵਾਂਗ ਮੁੜ ਫੇਰ ਜੀਵਾਵਨੀ ਹਾਂ। ਵਾਰਿਸ ਸ਼ਾਹ ਪਤੰਗ ਨੂੰ ਸ਼ਮ੍ਹਾਂ ਵਾਂਗੂੰ, ਅੰਗ ਲਾਇਕੇ ਸਾੜ ਵਿਖਾਵਨੀ ਹਾਂ। (ਸਿਕਲ ਚੜ੍ਹਾਉਣਾ=ਚਮਕਾਉਣਾ,ਤੇਜ਼ ਕਰਨਾ, ਨਿਸ਼ਾ=ਯਕੀਨ, ਈਸਾ=ਮਸੀਹ ਵਾਂਗੂੰ ਦੂਜੀ ਵਾਰ ਜਿਉਂਦਾ ਕਰਦੀ ਹਾਂ, ਪਤੰਗ=ਪਰਵਾਨਾ,ਭੰਬਟ)
506. ਹੀਰ ਸਜ ਕੇ ਕਾਲੇ ਬਾਗ਼ ਨੂੰ ਗਈ
ਹੀਰ ਨ੍ਹਾਇਕੇ ਪੱਟ ਦਾ ਪਹਿਨ ਤੇਵਰ, ਵਾਲੀਂ ਇਤਰ ਫਲੇਲ ਮਲਾਂਵਦੀ ਹੈ। ਵਲ ਪਾਇਕੇ ਮੀਢੀਆਂ ਖ਼ੂਨੀਆਂ ਨੂੰ, ਗੋਰੇ ਮੁਖ ਤੇ ਜ਼ੁਲਫ਼ ਪਲਮਾਂਵਦੀ ਹੈ। ਕੱਜਲ ਭਿੰਨੜੇ ਨੈਣ ਅਪਰਾਧ ਲੱਥੇ, ਦੋਵੇਂ ਹੁਸਨ ਦੇ ਕਟਕ ਲੈ ਧਾਂਵਦੀ ਹੈ। ਮਲ ਵਟਣਾ ਹੋਠਾਂ ਤੇ ਲਾ ਸੁਰਖ਼ੀ, ਨਵਾਂ ਲੋੜ੍ਹ ਤੇ ਲੋੜ੍ਹ ਚੜਾਂਵਦੀ ਹੈ। ਸਿਰੀਸਾਫ਼ ਸੰਦਾ ਭੋਛਨ ਸੁੰਹਦਾ ਸੀ, ਕੰਨੀਂ ਬੁੱਕ ਬੁੱਕ ਵਾਲੀਆਂ ਪਾਂਵਦੀ ਹੈ। ਕੀਮਖ਼ਾਬ ਦੀ ਚੋਲੜੀ ਹਿੱਕ ਪੈਧੀ, ਮਾਂਗ ਚੌਂਕ ਲੈ ਤੋੜ ਵਲਾਂਵਦੀ ਹੈ। ਘੱਤ ਝਾਂਜਰਾਂ ਲੋੜ੍ਹ ਦੇ ਸਿਰੇ ਚੜ੍ਹ ਕੇ, ਹੀਰ ਸਿਆਲ ਲਟਕਦੀ ਆਂਵਦੀ ਹੈ। ਟਿੱਕਾਬੰਦਲੀ ਬਣੀ ਹੈ ਨਾਲ ਲੂਹਲਾਂ, ਵਾਂਗ ਮੋਰ ਦੇ ਪਾਇਲਾਂ ਪਾਂਵਦੀ ਹੈ। ਹਾਥੀ ਮਸਤ ਛੁੱਟਾ ਛਣਾ ਛਣ ਛਣਕੇ, ਕਤਲ ਆਮ ਖ਼ਲਕਤ ਹੁੰਦੀ ਆਂਵਦੀ ਹੈ। ਕਦੀ ਕਢ ਕੇ ਘੁੰਢ ਲੋੜ੍ਹਾ ਦੇਂਦੀ, ਕਦੀ ਖੋਲ੍ਹ ਕੇ ਮਾਰ ਮੁਕਾਂਵਦੀ ਹੈ। ਘੁੰਡ ਲਾਹ ਕੇ ਲਟਕ ਵਿਖਾ ਸਾਰੀ, ਜੱਟੀ ਰੁੱਠੜਾ ਯਾਰ ਮਨਾਂਵਦੀ ਹੈ। ਵਾਰਿਸ ਮਾਲ ਦੇ ਨੂੰ ਸੱਭਾ ਖੋਲ੍ਹ ਦੌਲਤ, ਵੱਖੋ ਵੱਖ ਕਰ ਚਾਇ ਵਿਖਾਂਵਦੀ ਹੈ। ਵਾਰਿਸ ਸ਼ਾਹ ਸ਼ਾਹ ਪਰੀ ਦੀ ਨਜ਼ਰ ਚੜ੍ਹਿਆ, ਖ਼ਲਕਤ ਸੈਫ਼ੀਆਂ ਫੂਕਣੇ ਆਂਵਦੀ ਹੈ। (ਤੇਵਰ=ਸੂਟ,ਤਿਉਰ, ਪਲਮਾਂਵਦੀ=ਖਿਲਾਰਦੀ, ਭੋਛਨ=ਪੁਸ਼ਾਕ, ਬੁਕ ਬੁਕ ਬਾਲੀਆਂ=ਢੇਰ ਸਾਰੀਆਂ ਬਾਲੀਆਂ, ਕੀਮਖ਼ਾਬ=ਇੱਕ ਕਪੜਾ, ਪੈਧੀ=ਪਾਈ, ਪਹਿਨੀ, ਟਿੱਕਾ ਬਿੰਦਲੀ=ਮੱਥੇ ਦੇ ਗਹਿਣੇ, ਲਟਕ=ਸ਼ਾਨ, ਸੈਫ਼ੀਆਂ ਫੂਕਣ= ਜਾਦੂ ਕਰਨੇ)
507. ਰਾਂਝੇ ਨੇ ਹੀਰ ਨੂੰ ਵੇਖਣਾ
ਰਾਂਝਾ ਵੇਖ ਕੇ ਆਖਦਾ ਪਰੀ ਕੋਈ, ਇੱਕੇ ਭਾਵੇਂ ਤਾਂ ਹੀਰ ਸਿਆਲ ਹੋਵੇ। ਕੋਈ ਹੂਰ ਕਿ ਮੋਹਣੀ ਇੰਦਰਾਣੀ, ਹੀਰ ਹੋਵੇ ਤਾਂ ਸਈਆਂ ਦੇ ਨਾਲ ਹੋਵੇ। ਨੇੜੇ ਆ ਕੇ ਕਾਲਜੇ ਧਾਹ ਗਿਉਸ, ਜਿਵੇਂ ਮਸਤ ਕੋਈ ਨਸ਼ੇ ਨਾਲ ਹੋਵੇ। ਰਾਂਝਾ ਆਖਦਾ ਅਬਰ ਬਹਾਰ ਆਇਆ, ਬੇਲਾ ਜੰਗਲਾ ਲਾਲੋ ਹੀ ਲਾਲ ਹੋਵੇ। ਹਾਠ ਜੋੜ ਕੇ ਬੱਦਲਾਂ ਹਾਂਝ ਬੱਧੀ, ਵੇਖਾਂ ਕੇਹੜਾ ਦੇਸ ਨਿਹਾਲ ਹੋਵੇ। ਚਮਕੀ ਲੈਲਾਤੁਲਕਦਰ ਸਿਆਹ ਸ਼ਬ ਥੀਂ, ਜਿਸ ਤੇ ਪਵੇਗੀ ਨਜ਼ਰ ਨਿਹਾਲ ਹੋਵੇ। ਡੌਲ ਢਾਲ ਤੇ ਚਾਲ ਦੀ ਲਟਕ ਸੁੰਦਰ, ਜੇਹਾ ਪੇਖਣੇ ਦਾ ਕੋਈ ਖ਼ਿਆਲ ਹੋਵੇ। ਯਾਰ ਸੋਈ ਮਹਿਬੂਬ ਥੋਂ ਫ਼ਿਦਾ ਹੋਵੇ, ਜੀਊ ਸੋਈ ਜੋ ਮੁਰਸ਼ਦਾਂ ਨਾਲ ਹੋਵੇ। ਵਾਰਿਸ ਸ਼ਾਹ ਆਇ ਚੰਬੜੀ ਰਾਂਝਣੇ ਨੂੰ, ਜੇਹਾ ਗਧੇ ਦੇ ਗਲੇ ਵਿੱਚ ਲਾਲ ਹੋਵੇ। (ਬਹਾਰ=ਬਸੰਤ, ਅਬਰ ਬਹਾਰ=ਖ਼ੁਸ਼ੀਆਂ ਦਾ ਮੀਂਹ, ਜੰਗਲਾ ਬੇਲਾ=ਜੰਗਲ ਬੇਲਾ,ਹਰ ਪਾਸੇ, ਹਾਠ ਜੋੜ=ਘਟਾ ਵਾਂਗੂ ਜੁੜ ਕੇ, ਲੈਲਾਤੁਲ ਕਦਰ=ਨਸੀਬਾਂ ਵਾਲੀ ਰਾਤ, ਸਿਆਹ ਸ਼ਬ=ਕਾਲੀ ਰਾਤ, ਗਧੇ ਦੇ ਗਲ ਵਿੱਚ ਲਾਲ=ਰਾਂਝਾ ਫ਼ਕੀਰ ਬਣ ਕੇ ਬਦ ਸੂਰਤ ਲਗਦਾ ਸੀ।ਹੀਰ ਪੂਰੀ ਬਣ ਠਣ ਕੇ ਆਈ ਸੀ)
508. ਇੱਕ ਦੂਜੇ ਨਾਲ ਮੁਲਾਕਾਤ