Lipi
Sign in
←

Lipi Heritage · Free forever

ਹੀਰ ਵਾਰਿਸ ਸ਼ਾਹ (Heer)

Chapter 3 of 5

Heer — ਭਾਗ 3

Listen to this section

Uses your saved EN voice · Narration settings

Narration reads this chapter in responsive sections.

254. ਟਿੱਲੇ ਜਾਕੇ ਜੋਗੀ ਨਾਲ ਰਾਂਝੇ ਦੀ ਗੱਲ ਬਾਤ

ਟਿੱਲੇ ਜਾਇਕੇ ਜੋਗੀ ਦੇ ਹੱਥ ਜੋੜੇ, ਸਾਨੂੰ ਆਪਣਾ ਕਰੋ ਫ਼ਕੀਰ ਸਾਈਂ। ਤੇਰੇ ਦਰਸ ਦੀਦਾਰ ਦੇ ਦੇਖਣੇ ਨੂੰ, ਆਇਆਂ ਦੇਸ ਪਰਦੇਸ ਮੈਂ ਚੀਰ ਸਾਈਂ। ਸਿਦਕ ਧਾਰ ਕੇ ਨਾਲ ਯਕੀਨ ਆਇਆ, ਅਸੀਂ ਚੇਲੜੇ ਤੇ ਤੁਸੀਂ ਪੀਰ ਸਾਈਂ। ਬਾਦਸ਼ਾਹ ਸੱਚਾ ਰੱਬ ਆਲਮਾਂ ਦਾ, ਫ਼ਕਰ ਓਸ ਦੇ ਹੈਣ ਵਜ਼ੀਰ ਸਾਈਂ। ਬਿਨਾਂ ਮੁਰਸ਼ਦਾਂ ਰਾਹ ਨਾ ਹੱਥ ਆਵੇ, ਦੁਧ ਬਾਝ ਨਾ ਹੋਵੇ ਹੈ ਖੀਰ ਸਾਈਂ। ਯਾਦ ਹੱਕ ਦੀ ਸਬਰ ਤਸਲੀਮ ਨਿਹਚਾ, ਤੁਸਾਂ ਜਗ ਦੇ ਨਾਲ ਕੀ ਸੀਰ ਸਾਈਂ। ਫ਼ਕਰ ਕੁਲ ਜਹਾਨ ਦਾ ਆਸਰਾ ਹੈ, ਤਾਬਿਹ ਫ਼ਕਰ ਦੀ ਪੀਰ ਤੇ ਮੀਰ ਸਾਈਂ। ਮੇਰਾ ਮਾਉਂ ਨਾ ਬਾਪ ਨਾ ਸਾਕ ਕੋਈ, ਚਾਚਾ ਤਾਇਆ ਨਾ ਭੈਣ ਨਾ ਵੀਰ ਸਾਈਂ। ਦੁਨੀਆਂ ਵਿੱਚ ਹਾਂ ਬਹੁਤ ਉਦਾਸ ਹੋਇਆ, ਪੈਰੋਂ ਸਾਡਿਉਂ ਲਾਹ ਜ਼ੰਜੀਰ ਸਾਈਂ। ਤੈਨੂੰ ਛੱਡ ਕੇ ਜਾਂ ਮੈਂ ਹੋਰ ਕਿਸ ਥੇ, ਨਜ਼ਰ ਆਂਵਦਾ ਜ਼ਾਹਰਾ ਪੀਰ ਸਾਈਂ। (ਨਿਹਚਾ=ਯਕੀਨ, ਸੀਰ=ਸਾਂਝੇਦਾਰੀ, ਸਾਂਝ, ਥੇ=ਕਿੱਥੇ,ਕਿਹੜੀ ਥਾਂ)

255. ਨਾਥ

ਨਾਥ ਦੇਖ ਕੇ ਬਹੁਤ ਮਲੂਕ ਚੰਚਲ, ਅਹਿਲ ਤਬ੍ਹਾ ਤੇ ਸੁਹਣਾ ਛੈਲ ਮੁੰਡਾ। ਕੋਈ ਹੁਸਨ ਦੀ ਖਾਣ ਹੁਸ਼ਨਾਕ ਸੁੰਦਰ, ਅਤੇ ਲਾਡਲਾ ਮਾਉਂ ਤੇ ਬਾਪ ਸੰਦਾ। ਕਿਸੇ ਦੁਖ ਤੋਂ ਰੁਸ ਕੇ ਉਠ ਆਇਆ, ਇੱਕੇ ਕਿਸੇ ਦੇ ਨਾਲ ਪੈ ਗਿਆ ਧੰਦਾ। ਨਾਥ ਆਖਦਾ ਦੱਸ ਖਾਂ ਸੱਚ ਮੈਂਥੇ, ਤੂੰ ਹੈਂ ਕਿਹੜੇ ਦੁਖ ਫ਼ਕੀਰ ਹੁੰਦਾ। (ਅਹਿਲ ਤਬਾਅ=ਰੂਹ ਵਾਲਾ, ਹੁਸ਼ਨਾਕ=ਸ਼ੁਕੀਨ, ਧੰਦਾ=ਝਗੜਾ)

256. ਤਥਾ

ਇਹ ਜਗ ਮਕਾਮ ਫ਼ਨਾਹ ਦਾ ਹੈ, ਸੱਭਾ ਰੇਤ ਦੀ ਕੰਧ ਇਹ ਜੀਵਣਾ ਹੈ। ਛਾਉਂ ਬੱਦਲਾਂ ਦੀ ਉਮਰ ਬੰਦਿਆਂ ਦੀ, ਅਜ਼ਰਾਈਲ ਨੇ ਪਾੜਣਾ ਸੀਵਣਾ ਹੈ। ਅੱਜ ਕਲ ਜਹਾਨ ਦਾ ਸਹਿਜ ਮੇਲਾ, ਕਿਸੇ ਨਿੱਤ ਨਾ ਹੁਕਮ ਤੇ ਥੀਵਣਾ ਹੈ। ਵਾਰਿਸ ਸ਼ਾਹ ਮੀਆਂ ਅੰਤ ਖ਼ਾਕ ਹੋਣਾ, ਲਖ ਆਬੇ-ਹਿਆਤ ਜੇ ਪੀਵਣਾ ਹੈ। 257. ਤਥਾ

ਹੱਥ ਕੰਙਨਾ ਪਹੁੰਚੀਆਂ ਫਬ ਰਹੀਆਂ, ਕੰਨੀ ਛਣਕਦੇ ਸੁਹਣੇ ਬੁੰਦੜੇ ਨੇ। ਮੰਝ ਪਟ ਦੀਆਂ ਲੁੰਗੀਆਂ ਖੇਸ ਉੱਤੇ, ਸਿਰ ਭਿੰਨੇ ਫੁਲੇਲ ਦੇ ਜੁੰਡੜੇ ਨੇ। ਸਿਰ ਕੁੱਚਕੇ ਬਾਰੀਆਂਦਾਰ ਛੱਲੇ, ਕੱਜਲ ਭਿੰਨੜੇ ਨੈਣ ਨਚੰਦੜੇ ਨੇ। ਖਾਣ ਪੀਣ ਪਹਿਰਨ ਸਿਰੋਂ ਮਾਪਿਆਂ ਦੇ, ਤੁਸਾਂ ਜਹੇ ਫ਼ਕੀਰ ਕਿਉਂ ਹੁੰਦੜੇ ਨੇ। (ਕੁੱਚਕੇ=ਛੋਟੇ ਕੁੰਡਲਦਾਰ ਵਾਲ, ਨਚੰਦੜੇ=ਨਚਦੇ)

258. ਤਥਾ

ਖ਼ਾਬ ਰਾਤ ਦਾ ਜੱਗ ਦੀਆਂ ਸਭ ਗੱਲਾਂ, ਧਨ ਮਾਲ ਨੂੰ ਮੂਲ ਨਾ ਝੂਰੀਏ ਜੀ। ਪੰਜ ਭੂਤ ਵਿਕਾਰ ਤੇ ਉਦਰ ਪਾਪੀ, ਨਾਲ ਸਬਰ ਸੰਤੋਖ ਦੇ ਪੂਰੀਏ ਜੀ। ਉਸ਼ਨ ਸੀਤ ਦੁਖ ਸੁਖ ਸਮਾਨ ਜਾਪੇ, ਜਿਹੇ ਸ਼ਾਲ ਮਸ਼ਰੂ ਤਹੇ ਭੂਰੀਏ ਜੀ। ਭੂ ਆਤਮਾ ਵਸ ਰਸ ਕਸ ਤਿਆਗੇ, ਐਵੇਂ ਗੁਰੂ ਨੂੰ ਕਾਹਿ ਵਡੂਰੀਏ ਜੀ। (ਪੰਜ ਭੂਤ=1. ਅੱਗ, 2. ਪਾਣੀ, 3. ਮਿੱਟੀ, 4. ਹਵਾ, 5. ਅਕਾਸ਼, ਇੰਨ੍ਹਾਂ ਵਿੱਚ ਖ਼ਰਾਬੀ ਨਾਲ ਵਿਕਾਰ ਜਾਂ ਖ਼ਰਾਬੀ ਪੈ ਜਾਂਦੀ ਹੈ, ਉਦਰ=ਪੇਟ, ਉਸ਼ਨ=ਗਰਮੀ, ਸੀਤ=ਠੰਡ,ਸਰਦੀ, ਸਮਾਨ=ਬਰਾਬਰ, ਮਸ਼ਰੂ=ਰੇਸ਼ਮ, ਮੁਸਲਮਾਨ ਸਰ੍ਹਾ ਵਿਚ ਰੇਸ਼ਮ ਪਹਿਨਣਾ ਮਨ੍ਹਾ ਹੈ ਪਰ ਉਸ ਵਿੱਚ ਕੁੱਝ ਸੂਤੀ ਧਾਗੇ ਪਾ ਲਏ ਜਾਂਦੇ ਹਨ।ਏਥੇ ਰੇਸ਼ਮ, ਗਰਮ ਭੂਰਾ ਅਤੇ ਸ਼ਾਲ ਨੂੰ ਬਰਾਬਰ ਜਾਂ ਇੱਕ ਸਮਾਨ ਜਾਨਣ ਵੱਲ ਇਸ਼ਾਰਾ ਹੈ, ਵਸ, ਰਸ, ਕਸ= ਦੁਖ ਸੁਖ, ਵਡੂਰੀਏ=ਬਦਨਾਮ ਕਰਨਾ)

259. ਤਥਾ

ਭੋਗ ਭੋਗਣਾ ਦੁਧ ਤੇ ਦਹੀਂ ਪੀਵੇਂ, ਪਿੰਡਾ ਪਾਲ ਕੇ ਰਾਤ ਦਿਹੁੰ ਧੋਵਨਾ ਹੈਂ। ਖਰੀ ਕਠਨ ਹੈ ਫ਼ਕਰ ਦੀ ਵਾਟ ਝਾਗਣ, ਮੂੰਹੋਂ ਆਖ ਕੇ ਕਾਹ ਵਿਗੋਵਨਾ ਹੈਂ। ਵਾਹੇਂ ਵੰਝਲੀ ਤਰੀਮਤਾਂ ਨਿਤ ਘੂਰੇਂ, ਗਾਈਂ ਮਹੀਂ ਵਿਲਾਇਕੇ ਚੋਵਨਾ ਹਂੈ। ਸੱਚ ਆਖ ਜੱਟਾ ਕਹੀ ਬਣੀ ਤੈਨੂੰ, ਸਵਾਦ ਛੱਡ ਕੇ ਖੇਹ ਕਿਉਂ ਹੋਵਨਾ ਹੈਂ। (ਭੋਗ ਭੋਗਣਾ=ਸੁਆਦ ਮਾਨਣੇ, ਵਾਟ=ਰਾਹ, ਝਾਗਣਾ=ਤੁਰਨਾ, ਵਿਗੋਵਨਾ= ਨਾਸ ਕਰਨਾ)

260. ਰਾਂਝਾ

ਜੋਗੀ ਛੱਡ ਜਹਾਨ ਫ਼ਕੀਰ ਹੋਏ, ਏਸ ਜੱਗ ਵਿੱਚ ਬਹੁਤ ਖ਼ਵਾਰੀਆਂ ਨੇ। ਲੈਣ ਦੇਣ ਤੇ ਦਗ਼ਾ ਅਨਿਆਂ ਕਰਨਾ, ਲੁਟ ਘਸੁਟ ਤੇ ਚੋਰੀਆਂ ਯਾਰੀਆਂ ਨੇ। ਉਹ ਪੁਰਖ ਨਿਰਬਾਣ ਪਦ ਜਾ ਪਹੁੰਚੇ, ਜਿਨ੍ਹਾਂ ਪੰਜੇ ਹੀ ਇੰਦਰੀਆਂ ਮਾਰੀਆਂ ਨੇ। ਜੋਗ ਦੇਹੋ ਤੇ ਕਰੋ ਨਿਹਾਲ ਮੈਨੂੰ, ਕੇਹੀਆਂ ਜੀਊ ਤੇ ਘੁੰਡੀਆਂ ਚਾੜ੍ਹੀਆਂ ਨੇ। ਏਸ ਜਟ ਗ਼ਰੀਬ ਨੂੰ ਤਾਰ ਓਵੇਂ, ਜਿਵੇਂ ਅਗਲੀਆਂ ਸੰਗਤਾਂ ਤਾਰੀਆਂ ਨੇ। ਵਾਰਿਸ ਸ਼ਾਹ ਮੀਆਂ ਰਬ ਸ਼ਰਮ ਰੱਖੇ, ਜੱਗ ਵਿੱਚ ਮਸੀਬਤਾਂ ਭਾਰੀਆਂ ਨੇ। (ਨਿਰਬਾਣ=ਨਿਰਵਾਣ, ਮੁਕਤੀ, ਜੀਊ ਤੇ ਘੁੰਢੀਆਂ ਚਾੜ੍ਹੀਆਂ=ਨਾਰਾਜ਼ਗੀ)

261. ਨਾਥ

ਮਹਾਂ ਦੇਵ ਥੋਂ ਜੋਗ ਦਾ ਪੰਥ ਬਣਿਆਂ, ਖਰੀ ਕਠਨ ਹੈ ਜੋਗ ਮੁਹਿੰਮ ਮੀਆਂ। ਕੌੜਾ ਬਕਬਕਾ ਸਵਾਦ ਹੈ ਜੋਗ ਸੰਦਾ, ਜਿਹੀ ਘੋਲ ਕੇ ਪੀਵਣੀ ਨਿੰਮ ਮੀਆਂ। 'ਜਹਾਂ ਸੁਨ ਸਮਾਧ ਕੀ ਮੰਡਲੀ ਹੈ,' ਅਤੇ ਝੂਟਣਾ ਹੈ ਰਿੰਮ ਝਿੰਮ ਮੀਆਂ। ਤਹਾਂ ਭਸਮ ਲਗਾਇਕੇ ਭਸਮ ਹੋਣਾ, ਪੇਸ਼ ਜਾਏ ਨਾਹੀਂ ਗਰਬ ਡਿੰਮ੍ਹ ਮੀਆਂ। (ਗਰਬ=ਗ਼ਰੂਰ, ਡਿੰਮ੍ਹ=ਫ਼ਰੇਬ,ਪਖੰਡ)

262. ਰਾਂਝਾ

ਤੁਸੀਂ ਜੋਗ ਦਾ ਪੰਥ ਬਤਾਉ ਸਾਨੂੰ, ਸ਼ੌਕ ਜਾਗਿਆ ਹਰਫ਼ ਨਗੀਨਿਆਂ ਦੇ। ਏਸ ਜੋਗ ਦੇ ਪੰਥ ਵਿੱਚ ਆ ਵੜਿਆਂ, ਛੁਪਨ ਐਬ ਸਵਾਬ ਕਮੀਨਿਆਂ ਦੇ। ਹਿਰਸ ਅੱਗ ਤੇ ਸਬਰ ਦਾ ਪਵੇ ਪਾਣੀ, ਜੋਗ ਠੰਡ ਘੱਤੇ ਵਿੱਚ ਸੀਨਿਆਂ ਦੇ। ਹਿਕ ਫ਼ਕਰ ਹੀ ਰਬ ਦੇ ਰਹਿਣ ਸਾਬਤ, ਹੋਰ ਥਿੜਕਦੇ ਅਹਿਲ ਖਜ਼ੀਨਿਆਂ ਦੇ। ਤੇਰੇ ਦਵਾਰ ਤੇ ਆਣ ਮੁਹਤਾਜ ਹੋਏ, ਅਸੀਂ ਨੌਕਰ ਹਾਂ ਬਾਝ ਮਹੀਨਿਆਂ ਦੇ। ਤੇਰਾ ਹੋਇ ਫ਼ਕੀਰ ਮੈਂ ਨਗਰ ਮੰਗਾਂ, ਛੱਡਾਂ ਵਾਇਦੇ ਏਨ੍ਹਾਂ ਰੋਜ਼ੀਨਿਆਂ ਦੇ। (ਸਵਾਬ=ਪੁੰਨ, ਹਿਰਸ=ਲਾਲਚ,ਤਮ੍ਹਾਂ, ਅਹਿਲ ਖਜ਼ੀਨਾ=ਖਜ਼ਾਨੇ ਦੇ ਮਾਲਕ, ਰੋਜ਼ੀਨਾ=ਇੱਕ ਦਿਨ ਦੀ ਮਜ਼ਦੂਰੀ)

263. ਨਾਥ

ਏਸ ਜੋਗ ਦੇ ਵਾਇਦੇ ਬਹੁਤ ਔਖੇ, ਨਾਦ ਅਨਹਤ ਤੇ ਸੁੰਨ ਵਜਾਵਣਾ ਵੋ। ਜੋਗੀ ਜੰਗਮ ਗੋਦੜੀ ਜਟਾ ਧਾਰੀ, ਮੁੰਡੀ ਨਿਰਮਲਾ ਭੇਖ ਵਟਾਵਣਾ ਵੋ। ਤਾੜੀ ਲਾਇਕੇ ਨਾਥ ਦਾ ਧਿਆਨ ਧਰਨਾ, ਦਸਵੇਂ ਦਵਾਰ ਹੈ ਸਾਸ ਚੜ੍ਹਾਵਣਾ ਵੋ। ਜੰਮੇ ਆਏ ਦਾ ਹਰਖ਼ ਤੇ ਸੋਗ ਛੱਡੇ, ਨਹੀਂ ਮੋਇਆਂ ਗਿਆਂ ਪਛੋਤਾਵਣਾ ਵੋ। ਨਾਉਂ ਫ਼ਕਰ ਦਾ ਬਹੁਤ ਆਸਾਨ ਲੈਣਾ, ਖਰਾ ਕਠਨ ਹੈ ਜੋਗ ਕਮਾਵਣਾ ਵੋ। ਧੋ ਧਾਇਕੇ ਜਟਾਂ ਨੂੰ ਧੂਪ ਦੇਣਾ, ਸਦਾ ਅੰਗ ਬਿਭੂਤ ਰਮਾਵਣਾ ਵੋ। ਉਦਿਆਨ ਵਾਸੀ ਜਤੀ ਸਤੀ ਜੋਗੀ, ਝਾਤ ਇਸਤਰੀ ਤੇ ਨਾਹੀਂ ਪਾਵਣਾ ਵੋ। ਲਖ ਖ਼ੂਬਸੂਰਤ ਪਰੀ ਹੂਰ ਹੋਵੇ, ਜ਼ਰਾ ਜੀਊ ਨਾਹੀਂ ਭਰਮਾਵਣਾ ਵੋ। ਕੰਦ ਮੂਲ ਤੇ ਪੋਸਤ ਅਫੀਮ ਬਿਜਿਆ, ਨਸ਼ਾ ਖਾਇਕੇ ਮਸਤ ਹੋ ਜਾਵਣਾ ਵੋ। ਜਗ ਾਂਬ ਖਿਆਲ ਹੈ ਸੁਪਨ ਮਾਤਰ, ਹੋ ਕਮਲਿਆਂ ਹੋਸ਼ ਭੁਲਾਵਣਾ ਵੋ। ਘੱਤ ਮੁੰਦਰਾਂ ਜੰਗਲਾਂ ਵਿੱਚ ਰਹਿਣਾ, ਬੀਨ ਕਿੰਗ ਤੇ ਸੰਖ ਵਜਾਵਣਾ ਵੋ। ਜਗਨ ਨਾਥ ਗੋਦਾਵਰੀ ਗੰਗ ਜਮਨਾ, ਸਦਾ ਤੀਰਥਾਂ ਤੇ ਜਾ ਨ੍ਹਾਵਣਾ ਵੋ। ਮੇਲੇ ਸਿੱਧਾਂ ਦੇ ਖੇਲਣਾਂ ਦੇਸ ਪੱਛਮ, ਨਵਾਂ ਨਾਥਾਂ ਦਾ ਦਰਸ਼ਨ ਪਾਵਣਾ ਵੋ। ਕਾਮ ਕਰੋਧ ਤੇ ਲੋਭ ਹੰਕਾਰ ਮਾਰਨ, ਜੋਗੀ ਖ਼ਾਕ ਦਰ ਖ਼ਾਕ ਹੋ ਜਾਵਣਾ ਵੋ। ਰੰਨਾਂ ਘੂਰਦਾ ਗਾਂਵਦਾ ਫਿਰੇਂ ਵਹਿਸ਼ੀ, ਤੈਨੂੰ ਔਖ਼ੜਾ ਜੋਗ ਕਮਾਵਣਾ ਵੋ। ਵਾਰਿਸ ਜੋਗ ਹੈ ਕੰਮ ਨਿਰਾਸਿਆਂ ਦਾ ,ਤੁਸਾਂ ਜੱਟਾਂ ਕੀ ਜੋਗ ਥੋਂ ਪਾਵਣਾ ਵੋ। (ਅਨਹਤ ਨਾਦ=ਬਿਨਾ ਫੂਕ ਮਾਰੇ ਵੱਜਣ ਵਾਲਾ ਨਰਸਿੰਗਾ, ਜੰਗਮ=ਘੰਟੀ ਵਜਾਉਣ ਵਾਲੇ, ਮੁੰਡੀ=ਘੋਨ ਮੋਨ, ਨਿਰਮਲਾ=ਸਾਧਾਂ ਦਾ ਇੱਕ ਪੰਥ, ਹਰਖ= ਖ਼ੁਸ਼ੀ, ਉਦਿਆਨ ਵਾਸੀ=ਸ਼ਹਿਰ ਤੋਂ ਦੂਰ ਜੰਗਲ ਵਿੱਚ ਡੇਰਾ ਲਾਉਣ ਵਾਲੇ, ਰਮਾਵਣਾ=ਲਾਉਣਾ, ਕੰਦ ਮੂਲ=ਜੜ੍ਹਾਂ ਆਦਿ, ਬਿਜਿਆ=ਭੰਗ,ਸੁੱਖਾ, ਨਿਰਾਸੇ=ਬੇਆਸੇ,ਨਾਉਮੀਦ)

264. ਰਾਂਝਾ

ਤੁਸਾਂ ਬਖ਼ਸ਼ਣਾ ਜੋਗ ਤਾਂ ਕਰੋ ਕਿਰਪਾ, ਦਾਨ ਕਰਦਿਆਂ ਢਿਲ ਨਾਲ ਲੋੜੀਏ ਜੀ। ਜਿਹੜਾ ਆਸ ਕਰਕੇ ਡਿੱਗੇ ਆਣ ਦਵਾਰੇ, ਜੀਊ ਓਸ ਦਾ ਚਾ ਨਾ ਤੋੜੀਏ ਜੀ। ਸਿਦਕ ਬੰਨ੍ਹ ਕੇ ਜਿਹੜਾ ਚਰਨ ਲੱਗੇ, ਪਾਰ ਲਾਈਏ ਵਿੱਚ ਨਾ ਬੋੜੀਏ ਜੀ। ਵਾਰਿਸ ਸ਼ਾਹ ਮੀਆਂ ਜੈਂਦਾ ਕੋਈ ਨਾਹੀਂ, ਮਿਹਰ ਓਸ ਥੋਂ ਨਾ ਵਿਛੋੜੀਏ ਜੀ। (ਜੈਂਦਾ=ਜਿਸਦਾ, ਦਵਾਰੇ ਆ ਡਿੱਗੇ=ਦਰ ਤੇ ਆ ਕੇ ਬੇਨਤੀ ਕਰੇ)

265. ਨਾਥ

ਘੋੜਾ ਸਬਰ ਦਾ ਜ਼ਿਕਰ ਦੀ ਵਾਗ ਦੇ ਕੇ, ਨਫ਼ਸ ਮਾਰਨਾ ਕੰਮ ਭੁਜੰਗਿਆਂ ਦਾ। ਛੱਡ ਜ਼ਰਾਂ ਤੇ ਹੁਕਮ ਫ਼ਕੀਰ ਹੋਵਣ, ਇਹ ਕੰਮ ਹੈ ਮਾਹਣੂੰਆਂ ਚੰਗਿਆਂ ਦਾ। ਇਸ਼ਕ ਕਰਨ ਤੇ ਤੇਗ਼ ਦੀ ਧਾਰ ਕੱਪਣ, ਨਹੀਂ ਕੰਮ ਇਹ ਭੁਖਿਆਂ ਨੰਗਿਆਂ ਦਾ। ਜਿਹੜੇ ਮਰਨ ਸੋ ਫ਼ਕਰ ਥੀਂ ਹੋ ਵਾਕਿਫ਼, ਨਹੀਂ ਕੰਮ ਇਹ ਮਰਨ ਥੀਂ ਸੰਗਿਆਂ ਦਾ। ਏਥੇ ਥਾਂ ਨਾਹੀਂ ਅੜਬੰਗਿਆਂ ਦਾ, ਫ਼ਕਰ ਕੰਮ ਹੈ ਸਿਰਾਂ ਥੋਂ ਲੰਘਿਆਂ ਦਾ। ਸ਼ੌਕ ਮਿਹਰ ਤੇ ਸਿਦਕ ਯਕੀਨ ਬਾਝੋਂ, ਕੇਹਾ ਫ਼ਾਇਦਾ ਟੁਕੜਿਆਂ ਮੰਗਿਆਂ ਦਾ। ਵਾਰਿਸ ਸ਼ਾਹ ਜੋ ਇਸ਼ਕ ਦੇ ਰੰਗ ਰੱਤੇ, ਕੁੰਦੀ ਆਪ ਹੈ ਰੰਗ ਦਿਆਂ ਰੰਗਿਆਂ ਦਾ। (ਨਫ਼ਸ=ਹਉਮੈ,ਭੈੜਾ ਮਨ, ਭੁਜੰਗੀ=ਸੱਪ,ਕਾਲਾ ਨਾਗ਼, ਮਾਹਣੂੰਆਂ=ਮਰਦਾਂ, ਤੇਗ਼= ਤਲਵਾਰ, ਅੜਬੰਗੇ=ਅੜਬ, ਕੁੰਦੀ=ਕਪੜਿਆਂ ਦੇ ਵੱਟ ਕੱਢਣ ਵਾਲਾ ਜੰਤਰ)

266. ਤਥਾ

ਜੋਗ ਕਰੇ ਸੋ ਮਰਨ ਥੀਂ ਹੋਇ ਅਸਥਿਰ, ਜੋਗ ਸਿੱਖੀਏ ਸਿਖਣਾ ਆਇਆ ਈ। ਨਿਹਚਾ ਧਾਰ ਕੇ ਗੁਰੂ ਦੀ ਸੇਵ ਕਰੀਏ, ਇਹ ਹੀ ਜੋਗੀਆਂ ਦਾ ਫ਼ਰਮਾਇਆ ਈ। ਨਾਲ ਸਿਦਕ ਯਕੀਨ ਦੇ ਬੰਨ੍ਹ ਤਕਵਾ, ਧੰਨੇ ਪੱਥਰੋਂ ਰੱਬ ਨੂੰ ਪਾਇਆ ਈ। ਸੰਸੇ ਜੀਊ ਮਲੀਨ ਦੇ ਨਸ਼ਟ ਕੀਤੇ, ਤੁਰਤ ਗੁਰੂ ਨੇ ਰੱਬ ਵਿਖਾਇਆ ਈ। ਬੱਚਾ ਸੁੰਨ ਜੋ ਵਿੱਚ ਕਲਬੂਤ ਖ਼ਾਕੀ, ਸੱਚੇ ਰੱਬ ਨੇ ਥਾਉਂ ਬਣਾਇਆ ਈ। ਵਾਰਿਸ ਸ਼ਾਹ ਮੀਆਂ 'ਹਮਾਂ ਓਸਤ' ਜਾਪੇ, ਸਰਬ-ਮਈ ਭਗਵਾਨ ਨੂੰ ਪਾਇਆ ਈ। (ਅਸਥਿਰ=ਪੱਕੇ ਪੈਰੀਂ, ਤਕਵਾ=ਪਰਹੇਜ਼ਗਾਰੀ, ਸੰਸੇ=ਫ਼ਿਕਰ,ਸ਼ਕ, ਮਲੀਨ=ਗੰਦਾ, ਨਸ਼ਟ=ਖਤਮ, ਹਮਾਂ ਓਸਤ=ਉਹ (ਰੱਬ) ਸਭ ਕੁੱਝ ਹੈ)

267. ਤਥਾ

ਮਾਲਾ ਮਣਕਿਆਂ ਵਿੱਚ ਜਿਉਂ ਇੱਕ ਧਾਗਾ, ਤਿਵੇਂ ਸਰਬ ਕੇ ਬੀਚ ਸਮਾਇ ਰਹਿਆ। ਸੱਭਾ ਜੀਵਾਂ ਦੇ ਵਿੱਚ ਹੈ ਜਾਨ ਵਾਂਗੂ, ਨਸ਼ਾ ਭੰਗ ਅਫੀਮ ਵਿੱਚ ਆਇ ਰਹਿਆ। ਜਿਵੇਂ ਪੱਤਰੀਂ ਮਹਿੰਦੀਉਂ ਰੰਗ ਰਚਿਆ, ਤਿਵੇਂ ਜਾਨ ਜਹਾਨ ਵਿੱਚ ਆਇ ਰਹਿਆ। ਜਿਵੇਂ ਰਕਤ ਸਰੀਰ ਵਿੱਚ ਸਾਸ ਅੰਦਰ, ਤਿਵੇਂ ਜੋਤ ਮੇਂ ਜੋਤ ਸਮਾਇ ਰਹਿਆ। ਰਾਂਝਾ ਬੰਨ੍ਹ ਕੇ ਖਰਚ ਹੈ ਮਗਰ ਲੱਗਾ, ਜੋਗੀ ਆਪਣਾ ਜ਼ੋਰ ਸਭ ਲਾਇ ਰਹਿਆ। ਤੇਰੇ ਦਵਾਰ ਜੋਗਾ ਹੋ ਰਹਿਆ ਹਾਂ ਮੈਂ, ਜੱਟ ਜੋਗੀ ਨੂੰ ਗਿਆਨ ਸਮਝਾਇ ਰਹਿਆ। ਵਾਰਿਸ ਸ਼ਾਹ ਮੀਆਂ ਜਿਹਨੂੰ ਇਸ਼ਕ ਲੱਗਾ, ਦੀਨ ਦੁਨੀ ਦੇ ਕੰਮ ਥੀਂ ਜਾਇ ਰਹਿਆ। (ਸਰਬ=ਸਾਰਿਆਂ, ਪੱਤਰੀਂ=ਪੱਤਿਆਂ ਵਿੱਚ, ਰਕਤ=ਲਹੂ, ਖਰਚ ਬੰਨ੍ਹ ਕੇ=ਪੱਕੇ ਇਰਾਦੇ ਨਾਲ)

268. ਰਾਂਝੇ ਤੇ ਨਾਥ ਦਾ ਮਿਹਰਬਾਨ ਹੋਣਾ ਅਤੇ ਚੇਲਿਆਂ ਦੇ ਤਾਅਨੇ

ਜੋਗੀ ਹੋ ਲਾਚਾਰ ਜਾਂ ਮਿਹਰ ਕੀਤੀ, ਤਦੋਂ ਚੇਲਿਆਂ ਬੋਲੀਆਂ ਮਾਰੀਆਂ ਨੀ। ਜੀਭਾਂ ਸਾਣ ਚੜ੍ਹਾਇਕੇ ਗਿਰਦ ਹੋਏ, ਜਿਵੇਂ ਤਿੱਖੀਆਂ ਤੇਜ਼ ਕਟਾਰੀਆਂ ਨੀ। ਦੇਖ ਸੁਹਣਾ ਰੂਪ ਜਟੇਟੜੇ ਦਾ, ਜੋਗ ਦੇਣ ਦੀਆਂ ਕਰਨ ਤਿਆਰੀਆਂ ਨੀ। ਠਰਕ ਮੁੰਡਿਆਂ ਦੇ ਲੱਗੇ ਜੋਗੀਆਂ ਨੂੰ, ਮੱਤਾਂ ਜਿਨ੍ਹਾਂ ਦੀਆਂ ਰੱਬ ਨੇ ਮਾਰੀਆਂ ਨੀ। ਜੋਗ ਦੇਣ ਨਾ ਮੂਲ ਨਿਮਾਣਿਆਂ ਨੂੰ, ਜਿਨ੍ਹਾਂ ਕੀਤੀਆਂ ਮਿਹਨਤਾਂ ਭਾਰੀਆਂ ਨੀ। ਵਾਰਿਸ ਸ਼ਾਹ ਖੁਸ਼ਾਮਦ ਏ ਸੁਹਣਿਆਂ ਦੀ, ਗੱਲਾਂ ਹੱਕ ਦੀਆਂ ਨਾ ਨਿਰਵਾਰੀਆਂ ਨੀ। (ਸਾਣ ਚੜ੍ਹਾਕੇ=ਤਿੱਖੀ ਕਰਕੇ, ਨਿਰਵਾਰ=ਫ਼ਰਕ,ਵਖ ਵਖ ਕਰਨਾ, ਖੁਸ਼ਾਮਦ= ਚਾਪਲੂਸੀ)

269. ਨਾਥ ਦਾ ਚੇਲਿਆਂ ਨੂੰ ਉੱਤਰ

ਗ਼ੀਬਤ ਕਰਨ ਬੇਗਾਨੜੀ ਤਾਇਤ ਔਗੁਣ, ਸੱਤੇ ਆਦਮੀ ਇਹ ਗੁਨ੍ਹਾਗਾਰ ਹੁੰਦੇ। ਚੋਰ ਕਿਰਤਘਣ ਚੁਗ਼ਲ ਤੇ ਝੂਠ-ਬੋਲੇ, ਲੂਤੀ ਲਾਵਣਾ ਸੱਤਵਾਂ ਯਾਰ ਹੁੰਦੇ। ਅਸਾਂ ਜੋਗ ਨੂੰ ਗਲ ਨਹੀਂ ਬੰਨ੍ਹ ਬਹਿਣਾ, ਤੁਸੀਂ ਕਾਸ ਨੂੰ ਏਡ ਬੇਜ਼ਾਰ ਹੁੰਦੇ। ਵਾਰਿਸ ਜਿਨ੍ਹਾਂ ਉਮੀਦ ਨਾ ਤਾਂਗ ਕਾਈ, ਬੇੜੇ ਤਿਨ੍ਹਾਂ ਦੇ ਆਕਬਤ ਪਾਰ ਹੁੰਦੇ। (ਗ਼ੀਬਤ=ਚੁਗ਼ਲੀ,ਨਿੰਦਾ, ਤਾਇਤ=ਤਾਬੇਦਾਰੀ,ਕਿਰਤਘਣ=ਕਿਸੇ ਦੇ ਕੀਤੇ ਨੂੰ ਭੁਲ ਜਾਣ ਵਾਲਾ, ਅਸਾਂ ਜੋਗ ਨੂੰ ਗਲ ਨਹੀਂ ਬੰਨ੍ਹ ਰੱਖਣਾ=ਮੈਂ ਜੋਗ ਤੁਹਾਨੂੰ ਹੀ ਦੇ ਦੇਣਾ ਹ, ਆਪਣੇ ਕੋਲ ਨਹੀਂ ਰਖੀ ਰੱਖਣਾ)

270. ਚੇਲਿਆਂ ਨੇ ਗ਼ੁੱਸਾ ਕਰਨਾ

ਰਲ ਚੇਲਿਆਂ ਕਾਵਸ਼ਾਂ ਕੀਤੀਆਂ ਨੇ, ਬਾਲ ਨਾਥ ਨੂੰ ਪਕੜ ਪਥੱਲਿਉ ਨੇ। ਛੱਡ ਦਵਾਰ ਉਖਾੜ ਭੰਡਾਰ ਚੱਲੇ, ਜਾ ਰੰਦ ਤੇ ਵਾਟ ਸਭ ਮਲਿਉ ਨੇ। ਸੇਲ੍ਹੀਆਂ ਟੋਪੀਆਂ ਮੁੰਦਰਾਂ ਸੁਟ ਬੈਠੇ, ਮੋੜ ਗੋਦੜੀ ਨਾਥ ਥੇ ਘਲਿਉ ਨੇ। ਵਾਰਿਸ ਰਬ ਬਖ਼ੀਲ ਨਾ ਹੋਏ ਮੇਰਾ, ਚਾਰੇ ਰਾਹ ਨਸੀਬ ਦੇ ਮਲਿਉ ਨੇ। (ਕਾਵਸ਼ਾਂ=ਦੁਸ਼ਮਣੀ, ਦਵਾਰ ਉਖਾੜ ਭੰਡਾਰ ਚਲੇ=ਡੇਰਾ ਛੱਡ ਕੇ ਤੁਰ ਚੱਲੇ, ਰੰਦ=ਖੇਤਾਂ ਵਿੱਚੋਂ ਸਿੱਧਾ ਰਾਹ, ਬਖ਼ੀਲ=ਈਰਖਾਲੂ,ਕੰਜੂਸ)

271. ਰਾਂਝਾ

ਸੁੰਞਾ ਲੋਕ ਬਖ਼ੀਲ ਹੈ ਬਾਬ ਮੈਂਡੇ, ਮੇਰਾ ਰੱਬ ਬਖ਼ੀਲ ਨਾ ਲੋੜੀਏ ਜੀ। ਕੀਜੇ ਗ਼ੌਰ ਤੇ ਕੰਮ ਬਣਾ ਦਿੱਜੇ, ਮਿਲੇ ਦਿਲਾਂ ਨੂੰ ਨਾ ਵਿਛੋੜੀਏ ਜੀ। ਇਹ ਹੁਕਮ ਤੇ ਹੁਸਨ ਨਾ ਨਿੱਤ ਰਹਿੰਦੇ, ਨਾਲ ਆਜਜ਼ਾਂ ਕਰੋ ਨਾ ਜ਼ੋਰੀਏ ਜੀ। ਕੋਈ ਕੰਮ ਗ਼ਰੀਬ ਦਾ ਕਰੇ ਜ਼ਾਇਆ, ਸਗੋਂ ਓਸ ਨੂੰ ਹਟਕੀਏ ਹੋੜੀਏ ਜੀ। ਬੇੜਾ ਲੱਦਿਆ ਹੋਵੇ ਮੁਸਾਫ਼ਰਾਂ ਦਾ, ਪਾਰ ਲਾਈਏ ਵਿੱਚ ਨਾ ਬੋੜੀਏ ਜੀ। ਜ਼ਿਮੀਂ ਨਾਲ ਨਾ ਮਾਰੀਏ ਫੇਰ ਆਪੇ, ਹੱਥੀਂ ਜਿਨ੍ਹਾਂ ਨੂੰ ਚਾੜ੍ਹੀਏ ਘੋੜੀਏ ਜੀ। ਭਲਾ ਕਰਦਿਆਂ ਢਿਲ ਨਾ ਮੂਲ ਕਰੀਏ, ਕਿੱਸਾ ਤੂਲ ਦਰਾਜ਼ ਨਾ ਟੋਰੀਏ ਜੀ। ਵਾਰਿਸ ਸ਼ਾਹ ਯਤੀਮ ਦੀ ਗ਼ੌਰ ਕਰੀਏ, ਹੱਥ ਆਜਜ਼ਾਂ ਦੇ ਨਾਲ ਜੋੜੀਏ ਜੀ। (ਸੁੰਞਾ ਲੋਕ=ਸਾਰੇ ਲੋਕ, ਬਾਬ ਮੈਂਡੇ=ਮੇਰੇ ਵਾਸਤੇ, ਤੂਲ ਦਰਾਜ਼=ਲੰਬਾ ਚੌੜਾ, ਹੱਥ ਜੋੜੀਏ=ਮਦਦ ਕਰੀਏ)

272. ਨਾਥ

ਧੁਰੋਂ ਹੁੰਦੜੇ ਕਾਵਸ਼ਾਂ ਵੈਰ ਆਏ, ਬੁਰੀਆਂ ਚੁਗ਼ਲੀਆਂ ਧ੍ਰੋਹ ਬਖ਼ੀਲੀਆਂ ਵੋ। ਮੈਨੂੰ ਤਰਸ ਆਇਆ ਦੇਖ ਜ਼ੁਹਦ ਤੇਰਾ, ਗੱਲਾਂ ਮਿੱਠੀਆਂ ਬਹੁਤ ਰਸੀਲੀਆਂ ਵੋ। ਪਾਣੀ ਦੁਧ ਵਿੱਚੋਂ ਕਢ ਲੈਣ ਚਾਤਰ, ਜਦੋਂ ਛਿੱਲ ਕੇ ਪਾਉਂਦੇ ਤੀਲੀਆਂ ਵੋ। ਗੁਰੂ ਦਬਕਿਆ ਮੁੰਦਰਾਂ ਝੱਬ ਲਿਆਉ, ਛੱਡ ਦੇਹੋ ਗੱਲਾਂ ਅਣਖੀਲੀਆਂ ਵੋ। ਨਹੀਂ ਡਰਨ ਹੁਣ ਮਰਨ ਥੀਂ ਭੌਰ ਆਸ਼ਕ, ਜਿਨ੍ਹਾਂ ਸੂਲੀਆਂ ਸਿਰਾਂ ਤੇ ਸੀਲੀਆਂ ਵੋ। ਵਾਰਿਸ ਸ਼ਾਹ ਫਿਰ ਨਾਥ ਨੇ ਹੁਕਮ ਕੀਤਾ, ਕਢ ਅੱਖੀਆਂ ਨੀਲੀਆਂ ਪੀਲੀਆਂ ਵੋ। (ਕਾਵਸ਼=ਦੁਸ਼ਮਣੀ,ਵੈਰ, ਜ਼ੁਹਦ=ਪਰਹੇਜ਼ਗਾਰੀ)

273. ਚੇਲਿਆਂ ਨੇ ਨਾਥ ਦਾ ਹੁਕਮ ਮੰਨ ਲੈਣਾ

ਚੇਲਿਆਂ ਗੁਰੂ ਦਾ ਹੁਕਮ ਪਰਵਾਨ ਕੀਤਾ, ਜਾਇ ਸੁਰਗ ਦੀਆਂ ਮਿੱਟੀਆਂ ਮੇਲੀਆਂ ਨੇ। ਸੱਭਾ ਤਿੰਨ ਸੌ ਸੱਠ ਜਾਂ ਭਵੇਂ ਤੀਰਥ, ਵਾਚ ਗੁਰਾਂ ਦੇ ਮੰਤਰਾਂ ਕੀਲੀਆਂ ਨੇ। ਨਵੇਂ ਨਾਥ ਬਵੰਜੜਾ ਬੀਰ ਆਏ, ਚੌਂਸਠ ਜੋਗਨਾਂ ਨਾਲ ਰਸੀਲੀਆਂ ਨੇ। ਛੇ ਜਤੀ ਤੇ ਦਸੇ ਅਵਤਾਰ ਆਏ, ਵਿੱਚ ਆਬੇ ਹਿਆਤ ਦੇ ਝੀਲੀਆਂ ਨੇ। (ਮੇਲੀਆਂ=ਇਕੱਠੀਆਂ ਕੀਤੀਆਂ, ਵਾਚ ਕੇ=ਪੜ੍ਹ ਕੇ, ਨਵੇਂ=ਨੌਂ, ਬਵੰਜੜਾ= ਬਵੰਜਾ, ਚੌਂਸਠ ਜੋਗਨੀ=ਦੁਰਗਾ ਦੇਵੀ ਦੀਆਂ ਚੌਂਹਟ ਸਹੇਲੀਆਂ, ਦਸ ਅਵਤਾਰ= ਵਿਸ਼ਨੂੰ ਦੇ ਦਸ ਅਵਤਾਰ ਇਹ ਹਨ:-1. ਰਾਮ, 2. ਕ੍ਰਿਸ਼ਨ, 3. ਬੁਧ, 4. ਨਰ ਸਿੰਘ, 5.ਵਾਮਨ, 6. ਮੱਛ, 7. ਕੱਛਪ, 8. ਬਰ੍ਹਾ, 9. ਪਰਸ ਰਾਮ 10. ਕਲਕੀ)

274. ਚੇਲਿਆਂ ਨੇ ਰਾਂਝੇ ਲਈ ਤਿਆਰ ਕੀਤੀਆਂ ਮੁੰਦਰਾਂ ਲਿਆਂਦੀਆਂ

ਦਿਨ ਚਾਰ ਬਣਾਇ ਸੁਕਾਇ ਮੁੰਦਰਾਂ, ਬਾਲ ਨਾਥ ਦੀ ਨਜ਼ਰ ਗੁਜ਼ਾਰਿਆ ਨੇ। ਗ਼ੁੱਸੇ ਨਾਲ ਵਿਗਾੜ ਕੇ ਗੱਲ ਸਾਰੀ, ਡਰਦੇ ਗੁਰੂ ਥੀਂ ਚਾ ਸਵਾਰਿਆ ਨੇ। ਜ਼ੋਰਾਵਰਾਂ ਦੀ ਗੱਲ ਹੈ ਬਹੁਤ ਮੁਸ਼ਕਲ, ਜਾਣ ਬੁਝ ਕੇ ਬਦੀ ਵਿਸਾਰਿਆ ਨੇ। ਗੁਰੂ ਕਿਹਾ ਸੋ ਏਨ੍ਹਾਂ ਪਰਵਾਨ ਕੀਤਾ, ਨਰਦਾਂ ਪੁੱਠੀਆਂ ਤੇ ਬਾਜ਼ੀ ਹਾਰਿਆ ਨੇ। ਘੁਟ ਵਟ ਕੇ ਕਰੋਧ ਨੂੰ ਛਮਾ ਕੀਤਾ, ਕਾਈ ਮੋੜ ਕੇ ਗੱਲ ਨਾ ਸਾਰਿਆ ਨੇ। ਲਿਆਇ ਉਸਤਰਾ ਗੁਰੂ ਦੇ ਹੱਥ ਦਿੱਤਾ, ਜੋਗੀ ਕਰਨ ਦੀ ਨੀਤ ਚਾ ਧਾਰਿਆ ਨੇ। ਵਾਰਿਸ ਸ਼ਾਹ ਹੁਣ ਹੁਕਮ ਦੀ ਪਈ ਫੇਟੀ, ਲਖ ਵੈਰੀਆਂ ਧਕ ਕੇ ਮਾਰਿਆ ਨੇ। (ਨਜ਼ਰ ਗੁਜ਼ਾਰਿਆ=ਬਾਲ ਨਾਥ ਨੂੰ ਪੇਸ਼ ਕੀਤੀਆਂ, ਛਮਾ ਕੀਤਾ=ਮੁਆਫ ਕੀਤਾ, ਨਰਦਾਂ=ਕੌਡੀਆਂ, ਬਾਜ਼ੀ=ਸ਼ਤਰੰਜ, ਫੇਟੀ=ਧੱਕਾ, ਊਠ ਅਤੇ ਘੋੜੇ ਦੇ ਪੇਟ ਦਾ ਰੋਗ ਜਿਹਦੇ ਨਾਲ ਉਹ ਮਰ ਜਾਂਦੇ ਹਨ, ਛਿਲ ਕੇ ਤੀਲੇ=ਪਿਛਲੇ ਜ਼ਮਾਨੇ ਵਿੱਚ ਦੁੱਧ ਵਿੱਚ ਰਲਾਏ ਪਾਣੀ ਨੂੰ ਦੇਖਣ ਲਈ, ਕਾਨੇ ਨੂੰ ਛਿਲ ਕੇ ਜੋ ਗੁੱਦਾ ਅੰਦਰੋਂ ਨਿਕਲੇ ਉਹਦੀਆਂ ਲੰਬੀਆਂ ਲੰਬੀਆਂ ਨਲਕੀਆਂ ਦੁੱਧ ਵਿੱਚ ਲਟਕਾ ਦਿੰਦੇ ਅਤੇ ਦੁੱਧ ਵਿੱਚੋਂ ਪਾਣੀ ਗੁੱਦੇ ਵਿੱਚ ਚੜ੍ਹ ਜਾਂਦਾ)

275. ਬਾਲ ਨਾਥ ਨੇ ਰਾਂਝੇ ਨੂੰ ਜੋਗ ਦੇਣਾ

ਬਾਲ ਨਾਥ ਨੇ ਸਾਮ੍ਹਣੇ ਸੱਦ ਧੀਦੋ, ਜੋਗ ਦੇਣ ਨੂੰ ਪਾਸ ਬਹਾਲਿਆ ਸੂ। ਰੋਡ ਭੋਡ ਹੋਇਆ ਸਵਾਹ ਮਲੀ ਮੂੰਹ ਤੇ, ਸੱਭੋ ਕੋੜਮੇ ਦਾ ਨਾਉਂ ਗਾਲਿਆ ਸੂ। ਕੰਨ ਪਾੜਕੇ ਝਾੜ ਕੇ ਲੋਭ ਬੋਦੇ, ਇੱਕ ਪਲਕ ਵਿੱਚ ਮੁੰਨ ਵਿਖਾਲਿਆ ਸੂ। ਜਿਵੇਂ ਪੁੱਤਰਾਂ ਤੇ ਕਰੇ ਮਿਹਰ ਜਣਨੀ, ਜਾਪੇ ਦੁਧ ਪਵਾ ਕੇ ਪਾਲਿਆ ਸੂ। ਛਾਰ ਅੰਗ ਰਮਾਇ ਸਿਰ ਮੁੰਨ ਅੱਖੀਂ, ਪਾ ਮੁੰਦਰਾਂ ਚਾ ਨਵਾਲਿਆ ਸੂ। ਖ਼ਬਰਾਂ ਕੁਲ ਜਹਾਨ ਵਿੱਚ ਖਿੰਡ ਗਈਆਂ, ਰਾਂਝਾ ਜੋਗੀੜਾ ਸਾਰ ਵਿਖਾਲਿਆ ਸੂ। ਵਾਰਿਸ ਸ਼ਾਹ ਮੀਆਂ ਸੁਨਿਆਰ ਵਾਂਗੂੰ, ਜਟ ਫੇਰ ਮੁੜ ਭੰਨ ਕੇ ਗਾਲਿਆ ਸੂ। (ਕੰਨ ਪਾੜਣ=ਕੰਨ ਪਾੜਣ ਨਾਲ ਕਾਮੁਕ ਰੀਝਾਂ ਜਾਂਦੀਆਂ ਲਗਦੀਆਂ ਹਨ, ਜਨਣੀ=ਮਾਂ, ਛਾਰ=ਸੁਆਹ, ਨਵਾਲਿਆ ਸੂ=ਬਖਸ਼ਸ਼ ਕੀਤੀ, ਸਾਰ ਵਖਾਲਿਆ= ਆਪਣੀ ਸ਼ਰਨ ਵਿੱਚ ਲੈ ਲਿਆ)

276. ਰਾਂਝੇ ਨੂੰ ਜੋਗੀ ਨੇ ਨਸੀਹਤ ਦੇਣੀ

ਦਿੱਤੀ ਦੀਖਿਆ ਰਬ ਦੀ ਯਾ ਦੱਸੀ, ਗੂਰ ਜੋਗ ਦੇ ਭੇਤ ਨੂੰ ਪਾਈਏ ਜੀ। ਨਹਾ ਧੋਇ ਪ੍ਰਭਾਤ ਵਿਭੂਤ ਮਲੀਏ, ਚਾਇ ਕਿਸਵਤ ਅੰਗ ਵਟਾਈਏ ਜੀ। ਸਿੰਗੀ ਫਾਹੁੜੀ ਖੱਪਰੀ ਹੱਥ ਲੈ ਕੇ, ਪਹਿਲੇ ਰੱਬ ਦਾ ਨਾਉਂ ਧਿਆਈਏ ਜੀ। ਨਗਰ ਅਲਖ ਜਗਾਇਕੇ ਜਾ ਵੜੀਏ, ਪਾਪ ਜਾਣ ਜੇ ਨਾਦ ਵਜਾਈਏ ਜੀ। ਸੁਖੀ ਦਵਾਰ ਵਸੇ ਜੋਗੀ ਭੀਖ ਮਾਂਗੇ, ਦਈਏ ਦੁਆ ਅਸੀਸ ਸੁਣਾਈਏ ਜੀ। ਇਸੀ ਭਾਂਤ ਸੋਂ ਨਗਰ ਦੀ ਭੀਖ ਲੈ ਕੇ, ਮਸਤ ਲਟਕਦੇ ਦਵਾਰ ਕੋ ਆਈਏ ਜੀ। ਵੱਡੀ ਮਾਉਂ ਹੈ ਜਾਣ ਕੇ ਕਰੋ ਨਿਸਚਾ, ਛੋਟੀ ਭੈਣ ਮਿਸਾਲ ਕਰਾਈਏ ਜੀ। ਵਾਰਿਸ ਸ਼ਾਹ ਯਕੀਨ ਦੀ ਕੁਲ੍ਹਾ ਪਹਿਦੀ, ਸਭੋ ਸੱਤ ਹੈ ਸੱਤ ਠਹਿਰਾਈਏ ਜੀ। (ਪ੍ਰਭਾਤ=ਸਵੇਰੇ, ਕਿਸਵਤ=ਕੱਪੜੇ,ਪੋਸ਼ਾਕ, ਕੁਲ੍ਹਾ=ਕੁੱਲਾ, ਟੋਪੀ)

277. ਰਾਂਝਾ ਨਾਥ ਅੱਗੇ ਵਿਟਰ ਗਿਆ

ਰਾਂਝਾ ਆਖਦਾ ਮਗਰ ਨਾ ਪਵੋ ਮੇਰੇ, ਕਦੀ ਕਹਿਰ ਦੇ ਵਾਕ ਹਟਾਈਏ ਜੀ। ਗੁਰੂ ਮਤ ਤੇਰੀ ਸਾਨੂੰ ਨਹੀਂ ਪੁੰਹਦੀ, ਗਲ ਘੁੱਟ ਕੇ ਚਾਇ ਲੰਘਾਈਏ ਜੀ। ਪਹਿਲੇ ਚੇਲਿਆਂ ਨੂੰ ਚਾ ਹੀਜ਼ ਕਰੀਏ, ਪਿੱਛੋਂ ਜੋਗ ਦੀ ਰੀਤ ਬਤਾਈਏ ਜੀ। ਇੱਕ ਵਾਰ ਜੋ ਦੱਸਣਾ ਦੱਸ ਛੱਡੋ, ਘੜੀ ਘੜੀ ਨਾ ਗੁਰੂ ਅਕਾਈਏ ਜੀ। ਕਰਤੂਤ ਜੇ ਏਹਾ ਸੀ ਸਭ ਤੇਰੀ, ਮੁੰਡੇ ਠਗ ਕੇ ਲੀਕ ਨਾਲ ਲਾਈਏ ਜੀ। ਵਾਰਿਸ ਸ਼ਾਹ ਸ਼ਾਗਿਰਦ ਤੇ ਚੇਲੜੇ ਨੂੰ, ਕੋਈ ਭਲੀ ਹੀ ਮਤ ਸਿਖਾਈਏ ਜੀ। (ਹੀਜ਼=ਖੱਸੀ,ਹੀਜੜਾ)

278. ਨਾਥ

ਕਹੇ ਨਾਥ ਰੰਝੇਟਿਆ ਸਮਝ ਭਾਈ, ਸਿਰ ਚਾਇਉਈ ਜੋਗ ਭਰੋਟੜੀ ਨੂੰ। ਅਲਖ ਨਾਦ ਵਜਾਇਕੇ ਕਰੋ ਨਿਸਚਾ, ਮੇਲ ਲਿਆਵਣਾ ਟੁਕੜੇ ਰੋਟੜੀ ਨੂੰ। ਅਸੀਂ ਮੁਖ ਆਲੂਦ ਨਾ ਜੂਠ ਕਰੀਏ, ਚਾਰ ਲਿਆਵੀਏ ਆਪਣੀ ਖੋਤੜੀ ਨੂੰ। ਵਡੀ ਮਾਉਂ ਬਰਾਬਰ ਜਾਣਨੀ ਹੈ, ਅਤੇ ਭੈਣ ਬਰਾਬਰਾਂ ਛੋਟੜੀ ਨੂੰ। ਜਤੀ ਸਤੀ ਨਿਮਾਣਿਆਂ ਹੋ ਰਹੀਏ, ਸਾਬਤ ਰੱਖੀਏ ਏਸ ਲੰਗੋਟੜੀ ਨੂੰ। ਵਾਰਿਸ ਸ਼ਾਹ ਮੀਆਂ ਲੈ ਕੇ ਛੁਰੀ ਕਾਈ, ਵੱਢ ਦੂਰ ਕਰੀਂ ਏਸ ਬੋਟੜੀ ਨੂੰ। (ਭਰੋਟੜੀ=ਗੱਠੜੀ, ਮੇਲ ਲਿਆਉਣਾ=ਮੰਗ ਲਿਆਉਣਾ, ਆਲੂਦ=ਗੰਦਾ, ਜਤੀ=ਲਿੰਗ ਭੁਖ ਤੇ ਕਾਬੂ ਰੱਖਣ ਵਲਾ ਫ਼ਕੀਰ, ਸਤੀ=ਲੰਗੋਟੇ ਦਾ ਸਤ ਕਾਇਮ ਰੱਖਣ ਵਾਲਾ)

279. ਰਾਂਝਾ

ਸਾਬਤ ਹੋਏ ਲੰਗੋਟੜੀ ਸੁਣੀਂ ਨਾਥਾ, ਕਾਹੇ ਝੁੱਗੜਾ ਚਾਇ ਉਜਾੜਦਾ ਮੈਂ। ਜੀਭ ਇਸ਼ਕ ਥੋਂ ਰਹੇ ਜੇ ਚੁਪ ਮੇਰੀ, ਕਾਹੇ ਐਡੜੇ ਪਾੜਣੇ ਪਾੜਦਾ ਮੈਂ। ਜੀਊ ਮਾਰ ਕੇ ਰਹਿਣ ਜੇ ਹੋਏ ਮੇਰਾ, ਐਡੇ ਮੁਆਮਲੇ ਕਾਸਨੂੰ ਧਾਰਦਾ ਮੈਂ। ਏਸ ਜੀਊ ਨੂੰ ਨਢੜੀ ਮੋਹ ਲੀਤਾ, ਨਿੱਤ ਫ਼ਕਰ ਦਾ ਨਾਉਂ ਚਿਤਾਰਦਾ ਮੈਂ। ਜੇ ਤਾਂ ਮਸਤ ਉਜਾੜ ਵਿੱਚ ਜਾ ਬਹਿੰਦਾ, ਮਹੀਂ ਸਿਆਲਾਂ ਦੀਆਂ ਕਾਸਨੂੰ ਚਾਰਦਾ ਮੈਂ। ਸਿਰ ਰੋੜ ਕਰਾਇ ਕਿਉਂ ਕੰਨ ਪਾਟਣ, ਜੇ ਤਾਂ ਕਿਬਰ ਹੰਕਾਰ ਨੂੰ ਮਾਰਦਾ ਮੈਂ। ਜੇ ਮੈਂ ਜਾਣਦਾ ਹੱਸਣੋਂ ਮਨ੍ਹਾਂ ਕਰਨਾ, ਤੇਰੇ ਟਿੱਲੇ 'ਤੇ ਧਾਰ ਨਾ ਮਾਰਦਾ ਮੈਂ। ਜੇ ਮੈਂ ਜਾਣਦਾ ਕੰਨ ਤੂੰ ਪਾੜ ਮਾਰੋ, ਇਹ ਮੁੰਦਰਾਂ ਮੂਲ ਨਾ ਸਾੜਦਾ ਮੈਂ। ਇਕੇ ਕੰਨ ਸਵਾਰ ਦੇ ਫੇਰ ਮੇਰੇ, ਇੱਕੇ ਘਤੂੰ ਢਲੈਤ ਸਰਕਾਰ ਦਾ ਮੈਂ। ਹੋਰ ਵਾਇਦਾ ਫ਼ਿਕਰ ਨਾ ਕੋਈ ਮੈਂਥੇ, ਵਾਰਿਸ ਰਖਦਾ ਹਾਂ ਗ਼ਮ ਯਾਰ ਦਾ ਮੈਂ। (ਢਲੈਤ=ਸਿਪਾਹੀ,ਚੌਕੀਦਾਰ)

280. ਨਾਥ

ਖਾਇ ਰਿਜ਼ਕ ਹਲਾਲ ਤੇ ਸੱਚ ਬੋਲੀਂ, ਛੱਡ ਦੇ ਤੂੰ ਯਾਰੀਆਂ ਚੋਰੀਆਂ ਵੋ। ਉਹ ਛੱਡ ਤਕਸੀਰ ਮੁਆਫ਼ ਤੇਰੀ, ਜਿਹੜੀਆਂ ਪਿਛਲੀਆਂ ਸਫ਼ਾਂ ਨਖੋਰੀਆਂ ਵੋ। ਉਹ ਛੱਡ ਚਾਲੇ ਗੁਆਰਪੁਣੇ ਵਾਲੇ, ਚੁੰਨੀ ਪਾੜ ਕੇ ਘਤਿਉ ਮੋਰੀਆਂ ਵੋ। ਪਿੱਛਾ ਛੱਡ ਜੱਟਾ ਲਿਆ ਸਾਂਭ ਖਸਮਾ, ਜਿਹੜੀਆਂ ਪਾੜੀਉਂ ਖੰਡ ਦੀਆਂ ਬੋਰੀਆਂ ਵੋ। ਜੋਇ ਰਾਹਕਾਂ ਜੋਤਰੇ ਲਾ ਦਿੱਤੇ, ਜਿਹੜੀਆਂ ਅਰਲੀਆਂ ਭੰਨੀਆਂ ਧੋਰੀਆਂ ਵੋ। ਧੋ ਧਾਇ ਕੇ ਮਾਲਕਾਂ ਵਰਤ ਲਈਆਂ, ਜਿਹੜੀਆਂ ਚਾਟੀਆਂ ਕੀਤਿਉਂ ਖੋਰੀਆਂ ਵੋ। ਰਲੇ ਵਿੱਚ ਤੈਂ ਰੇੜ੍ਹਿਆ ਕੰਮ ਚੋਰੀਂ, ਕੋਈ ਖਰਚੀਆਂ ਨਾਹੀਉਂ ਬੋਰੀਆਂ ਵੋ। ਛੱਡ ਸਭ ਬੁਰਿਆਈਆਂ ਖ਼ਾਕ ਹੋ ਜਾ, ਨਾ ਕਰ ਨਾਲ ਜਗਤ ਦੇ ਜ਼ੋਰੀਆਂ ਵੋ। ਤੇਰੀ ਆਜਜ਼ੀ ਅਜਜ਼ ਮਨਜ਼ੂਰ ਕੀਤੇ, ਤਾਂ ਮੈਂ ਮੁੰਦਰਾਂ ਕੰਨ ਵਿੱਚ ਸੋਰੀਆਂ ਵੋ। ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਂਵੇਂ ਕੱਟੀਏ ਪੋਰੀਆਂ ਪੋਰੀਆਂ ਵੋ। (ਸਫ਼ਾਂ ਨਘੋਰੀਆਂ=ਮਾੜੇ ਕੰਮ, ਰਾਹਕ=ਵਾਹਕ,ਹਲ ਵਾਹੁਣ ਵਾਲਾ ਕਿਰਸਾਨ, ਖੋਰੀਆਂ=ਖੁਰਲੀਆਂ, ਬੋਰੀਆਂ=ਰਕਮਾਂ, ਸੋਰੀਆਂ=ਅਰਦਾਸ ਕਰਕੇ ਪਾਈਆਂ)

281. ਰਾਂਝਾ

ਨਾਥਾ ਜਿਊਂਦਿਆਂ ਮਰਨ ਹੈ ਖਰਾ ਔਖਾ, ਸਾਥੋਂ ਇਹ ਨਾ ਵਾਇਦੇ ਹੋਵਣੇ ਨੀ। ਅਸੀਂ ਜਟ ਹਾਂ ਨਾੜੀਆਂ ਕਰਨ ਵਾਲੇ, ਅਸਾਂ ਕਚਕੜੇ ਨਹੀਂ ਪਰੋਵਣੇ ਨੀ। ਐਵੇਂ ਕੰਨ ਪੜਾਇਕੇ ਖ਼ੁਆਰ ਹੋਏ, ਸਾਥੋਂ ਨਹੀਂ ਹੁੰਦੇ ਏਡੇ ਰੋਵਣੇ ਨੀ। ਸਾਥੋਂ ਖੱਪਰੀ ਨਾਦ ਨਾ ਜਾਣ ਸਾਂਭੇ, ਅਸਾਂ ਢੱਗੇ ਹੀ ਅੰਤ ਨੂੰ ਜੋਵਣੇ ਨੀ। ਰੰਨਾਂ ਨਾਲ ਜੋ ਵਰਜਦੇ ਚੇਲਿਆਂ ਨੂੰ, ਉਹ ਗੁਰੂ ਨਾ ਬੰਨ੍ਹ ਕੇ ਚੋਵਣੇ ਨੀ। ਹੱਸ ਖੇਡਣਾ ਤੁਸਾਂ ਚਾ ਮਨ੍ਹਾ ਕੀਤਾ, ਅਸਾਂ ਧੂੰਏਂ ਦੇ ਗੋਹੇ ਕਹੇ ਢੋਵਣੇ ਨੀ। ਵਾਰਿਸ ਸ਼ਾਹ ਕੀ ਜਾਣੀਏ ਅੰਤ ਆਖ਼ਰ, ਖੱਟੇ ਚੋਵਣੇ ਕਿ ਮਿੱਠੇ ਚੋਵਣੇ ਨੀ। (ਖਰਾ=ਬਹੁਤ, ਨਾੜੀਆਂ=ਹਰਨਾਲੀਆਂ, ਕਚਕੜੇ=ਕਚ ਦੇ ਮਣਕੇ, ਵਰਜਦੇ= ਰੋਕਦੇ, ਖੱਟੇ=ਕੌੜੇ, ਮਿੱਠੇ=ਅਸੀਲ)

282. ਨਾਥ

ਛੱਡ ਯਾਰੀਆਂ ਚੋਰੀਆਂ ਦਗ਼ਾ ਜੱਟਾ ਬਹੁਤ ਔਖੀਆ ਇਹ ਫ਼ਕੀਰੀਆਂ ਨੀ। ਜੋਗ ਜਾਲਣਾ ਸਾਰ ਦਾ ਨਿਗਲਣਾ ਹੈ, ਇਸ ਜੋਗ ਵਿੱਚ ਬਹੁਤ ਜ਼ਹੀਰੀਆਂ ਨੀ। ਜੋਗੀ ਨਾਲ ਨਸੀਹਤਾਂ ਹੋ ਜਾਂਦੇ, ਜਿਵੇਂ ਉਠ ਦੇ ਨੱਕ ਨਕੀਰੀਆਂ ਨੀ। ਤੂੰਬਾ ਸਿਮਰਨਾ ਖੱਪਰੀ ਨਾਦ ਸਿੰਙੀ, ਚਿਮਟਾ ਭੰਗ ਨਲੀਏਰ ਜ਼ੰਜੀਰੀਆਂ ਨੀ। ਛਡ ਤਰੀਮਤਾਂ ਦੀ ਝਾਕ ਹੋਇ ਜੋਗੀ, ਫ਼ਕਰ ਨਾਲ ਜਹਾਨ ਕੀ ਸੀਰੀਆਂ ਨੀ। ਵਾਰਿਸ ਸ਼ਾਹ ਇਹ ਜਟ ਫ਼ਕੀਰ ਹੋਇਆ, ਨਹੀਂ ਹੁੰਦੀਆਂ ਗਧੇ ਥੋਂ ਪੀਰੀਆਂ ਨੀ। (ਸਾਰ=ਲੋਹਾ, ਜ਼ਹੀਰੀ=ਔਖਿਆਈ, ਨਕੀਰੀ=ਨਕੇਲ, ਨਲੀਏਰ=ਨਾਰੀਅਲ, ਸਿਮਰਨਾ=ਮਾਲਾ, ਝਾਕ=ਆਸ)

283. ਰਾਂਝਾ

ਸਾਨੂੰ ਜੋਗ ਦੀ ਰੀਝ ਤਦੋਕਣੀ ਸੀ, ਜਦੋਂ ਹੀਰ ਸਿਆਲ ਮਹਿਬੂਬ ਕੀਤੇ। ਛਡ ਦੇਸ ਸ਼ਰੀਕ ਕਬੀਲੜੇ ਨੂੰ, ਅਸਾਂ ਸ਼ਰਮ ਦਾ ਤਰਕ ਹਜੂਬ ਕੀਤੇ। ਰਲ ਹੀਰ ਦੇ ਨਾਲ ਸੀ ਉਮਰ ਜਾਲੀ, ਅਸਾਂ ਮਜ਼ੇ ਜਵਾਨੀ ਦੇ ਖ਼ੂਬ ਕੀਤੇ। ਹੀਰ ਛੱਤਿਆਂ ਨਾਲ ਮੈਂ ਮੱਸ ਭਿੰਨਾ, ਅਸਾਂ ਦੋਹਾਂ ਨੇ ਨਸ਼ੇ ਮਰਗ਼ੂਬ ਕੀਤੇ। ਹੋਇਆ ਰਿਜ਼ਕ ਉਦਾਸ ਤੇ ਗਲ ਹਿੱਲੀ, ਮਾਪਿਆਂ ਵਿਆਹ ਦੇ ਚਾ ਅਸਲੂਬ ਕੀਤੇ। ਦਿਹਾਂ ਕੰਡ ਦਿੱਤੀ ਭਵੀਂ ਬੁਰੀ ਸਾਇਤ, ਨਾਲ ਖੇੜਿਆਂ ਦੇ ਮਨਸੂਬ ਕੀਤੇ। ਪਿਆ ਵਕਤ ਤਾਂ ਜੋਗ ਵਿੱਚ ਆਣ ਫਾਥੇ, ਇਹ ਵਾਇਦੇ ਆਣ ਮਤਲੂਬ ਕੀਤੇ। ਇਹ ਇਸ਼ਕ ਨਾ ਟਲੇ ਪੈਗੰਬਰਾਂ ਥੋਂ, ਥੋਥੇ ਇਸ਼ਕ ਥੀਂ ਹੱਡ ਅਯੂਬ ਕੀਤੇ। ਇਸ਼ਕ ਨਾਲ ਫਰਜ਼ੰਦ ਅਜ਼ੀਜ਼ ਯੂਸਫ਼, ਨਾਅਰੇ ਦਰਦ ਦੇ ਬਹੁਤ ਯਾਕੂਬ ਕੀਤੇ। ਏਸ ਜ਼ੁਲਫ ਜ਼ੰਜੀਰ ਮਹਿਬੂਬ ਦੀ ਨੇ, ਵਾਰਿਸ ਸ਼ਾਹ ਜਿਹੇ ਮਜਜ਼ੂਬ ਕੀਤੇ। (ਹਜੂਬ=ਪਰਦੇ, ਅਸਲੂਬ=ਤਰੀਕੇ,ਵਤੀਰਾ, ਨਸ਼ੇ ਮਰਗ਼ੂਬ ਕੀਤੇ=ਮੌਜਾਂ ਮਾਣੀਆਂ, ਮਨਸੂਬ ਕੀਤੇ=ਮੰਗਣੀ ਕਰ ਦਿੱਤੀ, ਫਾਥੇ=ਫਸ ਗਏ, ਮਤਲੂਬ= ਚਾਹ,ਮੰਗ, ਫਰਜ਼ੰਦ=ਪੁੱਤਰ, ਮਜਜ਼ੂਬ=ਰਬ ਦੇ ਧਿਆਨ ਵਿੱਚ ਡੁੱਬਾ ਚੁਪ ਚਾਪ ਫ਼ਕੀਰ)

284. ਬਾਲ ਨਾਥ ਨੇ ਦਰਗਾਹ ਅੰਦਰ ਅਰਜ਼ ਕੀਤੀ

ਨਾਥ ਮੀਟ ਅੱਖਾਂ ਦਰਗਾਹ ਅੰਦਰ, ਨਾਲੇ ਅਰਜ਼ ਕਰਦਾ ਨਾਲੇ ਸੰਗਦਾ ਜੀ। ਦਰਗਾਹ ਲਾਉਬਾਲੀ ਹੈ ਹੱਕ ਵਾਲੀ, ਓਥੇ ਆਦਮੀ ਬੋਲਦਾ ਹੰਗਦਾ ਜੀ। ਜ਼ਿਮੀਂ ਅਤੇ ਅਸਮਾਨ ਦਾ ਵਾਰਿਸੀ ਤੂੰ, ਤੇਰਾ ਵੱਡਾ ਪਸਾਰ ਹੈ ਰੰਗ ਦਾ ਜੀ। ਰਾਂਝਾ ਜੱਟ ਫ਼ਕੀਰ ਹੋ ਆਣ ਬੈਠਾ, ਲਾਹ ਆਸਰਾ ਨਾਮ ਤੇ ਨੰਗ ਦਾ ਜੀ। ਸਭ ਛੱਡੀਆਂ ਬੁਰਿਆਈਆਂ ਬੰਨ੍ਹ ਤਕਵਾ, ਨਾਹ ਆਸਰਾ ਸਾਕ ਤੇ ਅੰਗ ਦਾ ਜੀ। ਮਾਰ ਹੀਰ ਦੇ ਨੈਣਾਂ ਨੇ ਖ਼ੁਆਰ ਕੀਤਾ, ਲੱਗਾ ਜਿਗਰ ਵਿੱਚ ਤੀਰ ਖਦੰਗ ਦਾ ਜੀ। ਏਸ ਇਸ਼ਕ ਨੇ ਮਾਰ ਹੈਰਾਨ ਕੀਤਾ, ਸੜ ਗਿਆ ਜਿਉਂ ਅੰਗ ਪਤੰਗ ਦਾ ਜੀ। ਕੰਨ ਪਾੜ ਮੁਨਾਇਕੇ ਸੀਸ ਦਾੜ੍ਹੀ, ਪੀਏ ਬਹਿ ਪਿਆਲੜਾ ਭੰਗ ਦਾ ਜੀ। ਜੋਗੀ ਹੋ ਕੇ ਦੇਸ ਤਿਆਗ ਆਇਆ, ਰਿਜ਼ਕ ਰੋਹੀ ਜਿਉਂ ਕੂੰਜ ਕੁਲੰਗ ਦਾ ਜੀ। ਤੁਸੀਂ ਰੱਬ ਗ਼ਰੀਬ ਨਿਵਾਜ਼ ਸਾਹਿਬ, ਸਵਾਲ ਸੁਣਨਾ ਏਸ ਮਲੰਗ ਦਾ ਜੀ। ਕੀਕੂੰ ਹੁਕਮ ਹੈ ਖੋਲ ਕੇ ਕਹੋ ਅਸਲੀ, ਰਾਂਝਾ ਹੋ ਜੋਗੀ ਹੀਰ ਮੰਗਦਾ ਜੀ। ਪੰਜਾਂ ਪੀਰਾਂ ਦਰਗਾਹ ਵਿੱਚ ਅਰਜ਼ ਕੀਤੀ, ਦਿਉ ਫ਼ਕਰ ਨੂੰ ਚਰਮ ਪਲੰਗ ਦਾ ਜੀ। ਹੋਇਆ ਹੁਕਮ ਦਰਗਾਹ ਥੀਂ ਹੀਰ ਬਖਸ਼ੀ, ਬੇੜਾ ਲਾ ਦਿੱਤਾ ਅਸਾਂ ਢੰਗ ਦਾ ਜੀ। ਵਾਰਿਸ ਸ਼ਾਹ ਹੁਣ ਜਿਨ੍ਹਾਂ ਨੂੰ ਰਬ ਬਖਸ਼ੇ, ਤਿਨ੍ਹਾਂ ਨਾਲ ਕੀ ਮਹਿਕਮਾ ਜੰਗ ਦਾ ਜੀ। (ਲਾਉਬਾਲੀ=ਬੇਪਰਵਾਹ, ਨੰਗ=ਸ਼ਰਮ ਹਿਆ, ਪਤੰਗ=ਪਤੰਗਾ,ਪਰਵਾਨਾ, ਕੁਲੰਗ= ਲਮਢੀਂਗ, ਚਰਮ=ਖੱਲ, ਪਲੰਗ=ਚੀਤਾ, ਢੰਗ=ਪੈਖੜ ਜੋ ਰੁਕ ਰੁਕ ਕੇ ਚੱਲਣ ਲਈ ਮਜਬੂਰ ਕਰਦਾ ਹੈ)

285. ਨਾਥ

ਨਾਥ ਖੋਲ ਅੱਖੀਂ ਕਿਹਾ ਰਾਂਝਣੇ ਨੂੰ, ਬੱਚਾ ਜਾਹ ਤੇਰਾ ਕੰਮ ਹੋਇਆ ਈ। ਫਲ ਆਣ ਲੱਗਾ ਓਸ ਬੂਟੜੇ ਨੂੰ, ਜਿਹੜਾ ਵਿੱਚ ਦਰਗਾਹ ਦੇ ਬੋਇਆ ਈ। ਹੀਰ ਬਖਸ਼ ਦਿੱਤੀ ਸੱਚੇ ਰਬ ਤੈਨੂੰ, ਮੋਤੀ ਲਾਲ ਦੇ ਨਾਲ ਪਰੋਇਆ ਈ। ਚੜ੍ਹ ਦੌੜ ਕੇ ਜਿੱਤ ਲੈ ਖੇੜਿਆਂ ਨੂੰ, ਬੱਚਾ ਸਉਣ ਤੈਨੂੰ ਭਲਾ ਹੋਇਆ ਈ। ਕਮਰ ਕੱਸ ਉਦਾਸੀਆਂ ਬੰਨ੍ਹ ਲਈਆਂ, ਜੋਗੀ ਤੁਰਤ ਤਿਆਰ ਵੀ ਹੋਇਆ ਈ। ਖੁਸ਼ੀ ਦੇ ਕੇ ਕਰੋ ਵਿਦਾ ਮੈਨੂੰ, ਹੱਥ ਬੰਨ੍ਹ ਕੇ ਆਣ ਖਲੋਇਆ ਈ। ਵਾਰਿਸ ਸ਼ਾਹ ਜਾਂ ਨਾਥ ਨੇ ਵਿਦਾ ਕੀਤਾ, ਟਿਲਿਉਂ ਉੱਤਰਦਾ ਪੱਤਰਾ ਹੋਇਆ ਈ। (ਸਉਣ=ਸ਼ਗਨ)

286. ਰਾਂਝਾ ਟਿੱਲੇ ਤੋ ਤੁਰ ਪਿਆ

ਜੋਗੀ ਨਾਥ ਥੋਂ ਖ਼ੁਸ਼ੀ ਲੈ ਵਿਦਾ ਹੋਇਆ, ਛੁਟਾ ਬਾਜ਼ ਜਿਉਂ ਤੇਜ਼ ਤਰਾਰਿਆਂ ਨੂੰ। ਪਲਕ ਝਲਕ ਵਿੱਚ ਕੰਮ ਹੋ ਗਿਆ ਉਸਦਾ, ਲੱਗੀ ਅੱਗ ਜੋਗੀਲਿਆਂ ਸਾਰਿਆਂ ਨੂੰ। ਮੁੜ ਕੇ ਧੀਦੋ ਨੇ ਇੱਕ ਜਵਾਬ ਦਿੱਤਾ, ਓਹਨਾਂ ਚੇਲਿਆਂ ਹੈਂਸਿਆਰਿਆਂ ਨੂੰ। ਭਲੇ ਕਰਮ ਜੇ ਹੋਣ ਤਾਂ ਜੋਗ ਪਾਈਏ, ਜੋਗ ਮਿਲੇ ਨਾ ਕਰਮਾਂ ਦੇ ਮਾਰਿਆਂ ਨੂੰ। ਅਸੀਂ ਜੱਟ ਅਣਜਾਣ ਸਾਂ ਫਸ ਗਏ, ਕਰਮ ਕੀਤਾ ਸੂ ਅਸਾਂ ਵਿਚਾਰਿਆਂ ਨੂੰ। ਵਾਰਿਸ ਸ਼ਾਹ ਜਾਂ ਅੱਲਾਹ ਕਰਮ ਕਰਦਾ, ਹੁਕਮ ਹੁੰਦਾ ਹੈ ਨੇਕ ਸਿਤਾਰਿਆਂ ਨੂੰ। (ਜੋਗੀਲਾ=ਨਕਲੀ ਜੋਗੀ, ਹੈਂਸਿਆਰੇ=ਹਤਿਆਰੇ, ਕਰਮ=ਬਖਸ਼ਿਸ਼)

287. ਤਥਾ

ਜਦੋਂ ਕਰਮ ਅੱਲਾਹ ਦਾ ਕਰੇ ਮੱਦਦ, ਬੇੜਾ ਪਾਰ ਹੋ ਜਾਏ ਨਿਮਾਣਿਆਂ ਦਾ। ਲਹਿਣਾ ਕਰਜ਼ ਨਾਹੀਂ ਬੂਹੇ ਜਾਇ ਬਹੀਏ, ਕੇਹਾ ਤਾਣ ਹੈ ਅਸਾਂ ਨਿਤਾਣਿਆਂ ਦਾ। ਮੇਰੇ ਕਰਮ ਸਵੱਲੜੇ ਆਣ ਪਹੁੰਚੇ, ਖੇਤ ਜੰਮਿਆਂ ਭੁੰਨਿਆਂ ਦਾਣਿਆਂ ਦਾ। ਵਾਰਿਸ ਸ਼ਾਹ ਮੀਆਂ ਵੱਡਾ ਵੈਦ ਆਇਆ, ਸਰਦਾਰ ਹੈ ਸਭ ਸਿਆਣਿਆਂ ਦਾ। 288. ਲੋਕਾਂ ਦੀਆਂ ਗੱਲਾਂ

ਜਿਹੜੇ ਪਿੰਡ 'ਚ ਆਵੇ ਤੇ ਲੋਕ ਪੁੱਛਣ, ਇਹ ਜੋਗੀੜਾ ਬਾਲੜਾ ਛੋਟੜਾ ਨੀ। ਕੰਨੀਂ ਮੁੰਦਰਾਂ ਏਸ ਨੂੰ ਨਾ ਫੱਬਣ, ਇਹਦੇ ਤੇੜ ਨਾ ਬਣੇ ਲੰਗੋਟੜਾ ਨੀ। ਸੱਤ ਜਰਮ ਕੇ ਹਮੀਂ ਹੈਂ ਨਾਥ ਪੂਰੇ, ਕਦੀ ਵਾਹਿਆ ਨਾਹੀਂ ਜੋਤਰਾ ਨੀ। ਦੁਖ ਭੰਜਨ ਨਾਥ ਹੈ ਨਾਮ ਮੇਰਾ, ਮੈਂ ਧਨਵੰਤਰੀ ਵੈਦ ਦਾ ਪੋਤਰਾ ਨੀ। ਜੇ ਕੋ ਅਸਾਂ ਦੇ ਨਾਲ ਦਮ ਮਾਰਦਾ ਹੈ, ਏਸ ਜਗ ਤੋਂ ਜਾਏਗਾ ਔਤਰਾ ਨੀ। ਹੀਰਾ ਨਾਥ ਹੈ ਵੱਡਾ ਗੁਰੂ ਦੇਵ ਲੀਤਾ, ਚਲੇ ਓਸ ਕਾ ਪੂਜਨੇ ਚੌਤਰਾ ਨੀ। ਵਾਰਿਸ ਸ਼ਾਹ ਜੋ ਕੋਈ ਲਏ ਖੁਸ਼ੀ ਸਾਡੀ, ਦੁੱਧ ਪੁਤਰਾਂ ਦੇ ਨਾਲ ਸੌਂਤਰਾ ਨੀ। (ਧਨਵੰਤਰੀ=ਵੱਡਾ ਵੈਦ,ਹਿੰਦੂ ਵੈਦਗੀ ਦਾ ਪਿਤਾਮਾ, ਜਰਮ=ਜਨਮ, ਔਤਰਾ= ਔਂਤਰਾ,ਬੇਔਲਾਦ, ਸੌਂਤਰਾ=ਔਂਤਰੇ ਦਾ ਉਲਟ,ਔਲਾਦਵਾਲਾ)

289. ਰਾਂਝੇ ਨੇ ਚਾਲੇ ਪਾ ਦਿੱਤੇ

ਧਾਇ ਟਿਲਿਉਂ ਰੰਦ ਲੈ ਖੇੜਿਆਂ ਦਾ, ਚੱਲਿਆ ਮੀਂਹ ਜਿਉਂ ਆਂਵਦਾ ਵੁਠ ਉੱਤੇ। ਕਾਅਬਾ ਰੱਖ ਮੱਥੇ ਰਬ ਯਾਦ ਕਰਕੇ, ਚੜ੍ਹਿਆ ਖੇੜਿਆਂ ਦੀ ਸੱਜੀ ਗੁੱਠ ਉੱਤੇ। ਨਸ਼ੇ ਨਾਲ ਝੁਲਾਰਦਾ ਮਸਤ ਜੋਗੀ, ਜਿਵੇਂ ਸੁੰਦਰੀ ਝੂਲਦੀ ਉੱਠ ਉੱਤੇ। ਚਿੱਪੀ ਖਪਰੀ ਫਾਹੁੜੀ ਡੰਡਾ ਕੂੰਡਾ, ਭੰਗ ਪੋਸਤ ਬੱਧੇ ਚਾ ਪਿਠ ਉੱਤੇ। ਏਵੇਂ ਸਰਕਦਾ ਆਂਵਦਾ ਖੇੜਿਆਂ ਨੂੰ, ਜਿਵੇਂ ਫ਼ੌਜ ਸਰਕਾਰ ਦੀ ਲੁੱਟ ਉੱਤੇ। ਬੈਰਾਗ ਸਨਿਆਸ ਜਿਉਂ ਲੜਣ ਚੱਲੇ, ਰੱਖ ਹੱਥ ਤਲਵਾਰ ਦੀ ਮੁੱਠ ਉੱਤੇ। ਵਾਰਿਸ ਸ਼ਾਹ ਸੁਲਤਾਨ ਜਿਉਂ ਦੌੜ ਕੀਤੀ, ਚੜ੍ਹ ਆਇਆ ਈ ਮਥਰਾ ਦੀ ਲੁੱਟ ਉੱਤੇ। (ਵੁਠ ਉੱਤੇ=ਵਰ੍ਹਨ ਲਈ ਚੜ੍ਹਦਾ ਹੈ,, ਝੁਲਾਰਦਾ=ਝੂਲਦਾ, ਲੁਠ ਉਤੇ=ਕਿਸੇ ਥਾਂ ਨੂੰ ਅੱਗ ਲਾਉਣ ਲਈ ਹਮਲਾ ਕਰਨਾ)

290. ਜੋਗੀ ਬਣ ਕੇ ਰਾਂਝਾ ਰੰਗ ਪੁਰ ਆਇਆ

ਰਾਂਝਾ ਭੇਸ ਵਟਾਇਕੇ ਜੋਗੀਆਂ ਦਾ ਉਠ ਹੀਰ ਦੇ ਸ਼ਹਿਰ ਨੂੰ ਧਾਂਵਦਾ ਏ। ਭੁਖਾ ਸ਼ੇਰ ਜਿਉੁਂ ਦੌੜਦਾ ਮਾਰ ਉਤੇ, ਚੋਰ ਵਿਠ ਉਤੇ ਜਿਵੇਂ ਆਂਵਦਾ ਏ। ਚਾ ਨਾਲ ਜੋਗੀ ਓਥੋਂ ਸਰਕ ਟੁਰਿਆ, ਜਿਵੇਂ ਮੀਂਹ ਅੰਧੇਰ ਦਾ ਆਂਵਦਾ ਏ। ਦੇਸ ਖੇੜਿਆਂ ਦੇ ਰਾਂਝਾ ਆ ਵੜਿਆ, ਵਾਰਿਸ ਸ਼ਾਹ ਇਆਲ ਬੁਲਾਂਵਦਾ ਏ। (ਮਾਰ=ਸ਼ਿਕਾਰ, ਵਿਠ=ਰਾਤ ਨੂੰ ਦੇਖੀ ਭਾਲੀ ਥਾਂ, ਇਆਲੀ=ਆਜੜੀ)

291. ਆਜੜੀ ਅਤੇ ਰਾਂਝੇ ਦੇ ਸਵਾਲ ਜਵਾਬ

ਜਦੋਂ ਰੰਗਪੁਰ ਦੀ ਜੂਹ ਜਾ ਵੜਿਆ, ਭੇਡਾਂ ਚਾਰੇ ਇਆਲੀ ਵਿੱਚ ਬਾਰ ਦੇ ਜੀ। ਨੇੜੇ ਆਇਕੇ ਜੋਗੀ ਨੂੰ ਵੇਖਦਾ ਹੈ, ਜਿਵੇਂ ਨੈਣ ਵੇਖਣ ਨੈਣ ਯਾਰ ਦੇ ਜੀ। ਝੱਸ ਚੋਰ ਤੇ ਚੁਗ਼ਲ ਦੀ ਜੀਭ ਵਾਂਗੂੰ, ਗੁੱਝੇ ਰਹਿਣ ਨਾ ਦੀਦੜੇ ਯਾਰ ਦੇ ਜੀ। ਚੋਰ ਯਾਰ ਤੇ ਠਗ ਨਾ ਰਹਿਣ ਗੁੱਝੇ, ਕਿੱਥੇ ਛਪਦੇ ਆਦਮੀ ਕਾਰ ਦੇ ਜੀ। ਤੁਸੀਂ ਕਿਹੜੇ ਦੇਸ ਦੇ ਫ਼ਕਰ ਸਾਈਂ, ਸੁਖ਼ਨ ਦੱਸਖਾਂ ਖੋਲ੍ਹ ਨਿਰਵਾਰਦੇ ਜੀ। ਹਮੀਂ ਲੰਕ ਬਾਸ਼ੀ ਚੇਲੇ ਅਗਸਤ ਮੁਨਿ ਦੇ, ਹਮੀਂ ਪੰਛੀ ਸਮੁੰਦਰੋਂ ਪਾਰ ਦੇ ਜੀ। ਬਾਰਾਂ ਬਰਸ ਬੈਠੇ ਬਾਰਾਂ ਬਰਸ ਫਿਰਦੇ, ਮਿਲਣ ਵਾਲਿਆਂ ਦੀ ਕੁਲ ਤਾਰਦੇ ਜੀ। ਵਾਰਿਸ ਸ਼ਾਹ ਮੀਆਂ ਚਾਰੇ ਚਕ ਭੌਂਦੇ, ਹਮੀਂ ਕੁਦਰਤਾਂ ਕੂੰ ਦੀਦ ਮਾਰਦੇ ਜੀ। (ਗੁੱਝੇ=ਲੁਕੇ ਹੋਏ, ਸੁਖ਼ਨ=ਗੱਲ ਬਾਤ, ਨਿਰਵਾਰ=ਖੋਲ੍ਹ ਕੇ, ਚਾਰ ਚੱਕ=ਸਾਰੀ ਦੁਨੀਆਂ, ਦੀਦ ਮਾਰ ਦੇ=ਨਜ਼ਾਰੇ ਕਰਦੇ)

292. ਆਜੜੀ

ਤੂੰ ਤਾਂ ਚਾਕ ਸਿਆਲਾਂ ਦਾ ਨਾਉਂ ਧੀਦੋ, ਛੱਡ ਖਚਰ ਪੌ ਕੁਲ ਹੰਜਾਰ ਦੇ ਜੀ। ਮਝੀਂ ਚੂਚਕੇ ਦੀਆ ਜਦੋਂ ਚਾਰਦਾ ਸੈਂ, ਨੱਢੀ ਮਾਣਦਾ ਸੈਂ ਵਿੱਚ ਬਾਰ ਜੀ। ਤੇਰਾ ਮੇਹਣਾ ਹੀਰ ਸਿਆਲ ਤਾਈਂ, ਆਮ ਖ਼ਬਰ ਸੀ ਵਿਚ ਸੰਸਾਰ ਦੇ ਜੀ। ਨੱਸ ਜਾ ਏਥੋਂ ਮਾਰ ਸੁੱਟਣੀਗੇ, ਖੇੜੇ ਅੱਤ ਚੜ੍ਹੇ ਭਰੇ ਭਾਰਦੇ ਜੀ। ਦੇਸ ਖੇੜਿਆਂ ਦੇ ਜ਼ਰਾ ਖਬਰ ਹੋਵੇ, ਜਾਣ ਤਖਤ ਹਜ਼ਾਰੇ ਨੂੰ ਮਾਰ ਦੇ ਜੀ। ਭੱਜ ਜਾ ਮਤਾਂ ਖੇੜੇ ਲਾਧ ਕਰਨੀ, ਪਿਆਦੇ ਬੰਨ੍ਹ ਲੈ ਜਾਣ ਸਰਕਾਰ ਦੇ ਜੀ। ਮਾਰ ਚੂਰ ਕਰ ਸੁੱਟਣੇ ਹੱਡ ਗੋਡੇ, ਮਲਕ ਗੋਰ ਅਜ਼ਾਬ ਕਹਾਰ ਦੇ ਜੀ। ਵਾਰਿਸ ਸ਼ਾਹ ਜਿਉਂ ਗੋਰ ਵਿੱਚ ਹੱਡ ਕੜਕਣ, ਗੁਰਜ਼ਾਂ ਨਾਲ ਆਸੀ ਗੁਨ੍ਹਾਗਾਰ ਦੇ ਜੀ। (ਖਚਰ ਪੌ=ਮੱਕਾਰੀ,ਚਲਾਕੀਆਂ, ਲਾਧ ਕਰਨੀ=ਜੇ ਖ਼ਬਰ ਕਰ ਦਿੱਤੀ, ਪਿਆਦੇ= ਸਿਪਾਹੀ, ਅਜ਼ਾਬ=ਦੁਖ ਤਕਲੀਫ, ਭਾਰ=ਅੱਠ ਹਜ਼ਾਰ ਤੋਲੇ ਦੇ ਵਜ਼ਨ ਦਾ ਵੱਟਾ, ਕਹਾਰ=ਕਹਿਰ, ਆਸੀ=ਗੁਨਾਹਗਾਰ)

293. ਆਜੜੀ ਨਾਲ ਰਾਂਝੇ ਦੀ ਗੱਲ ਬਾਤ

ਇੱਜੜ ਚਾਰਨਾ ਕੰਮ ਪੈਗ਼ਬਰਾਂ ਦਾ, ਕੇਹਾ ਅਮਲ ਸ਼ੈਤਾਨ ਦਾ ਤੋਲਿਉ ਈ। ਭੇਡਾਂ ਚਾਰ ਕੇ ਤੁਹਮਤਾਂ ਜੋੜਣਾਂ ਏਂ, ਕੇਹਾ ਗ਼ਜ਼ਬ ਫ਼ਕੀਰ ਤੇ ਬੋਲਿਉ ਈ। ਅਸੀਂ ਫ਼ਕਰ ਅੱਲਾਹ ਦੇ ਨਾਗ ਕਾਲੇ, ਅਸਾਂ ਨਾਲ ਕੀ ਕੋਇਲਾ ਘੋਲਿਉ ਈ। ਵਾਹੀ ਛੱਡ ਕੇ ਖੋਲੀਆਂ ਚਾਰੀਆਂ ਨੀ, ਹੋਇਉਂ ਜੋਗੀੜਾ ਜੀਊ ਜਾਂ ਡੋਲਿਉ ਈ। ਸੱਚ ਮੰਨ ਕੇ ਪਿਛਾਂਹ ਮੁੜ ਜਾਹ ਜੱਟਾ, ਕੇਹਾ ਕੂੜ ਦਾ ਘੋਲਣਾ ਘੋਲਿਉ ਈ। ਵਾਰਿਸ ਸ਼ਾਹ ਇਹ ਉਮਰ ਨਿੱਤ ਕਰੇਂ ਜ਼ਾਇਆ, ਸ਼ੱਕਰ ਵਿੱਚ ਪਿਆਜ਼ ਕਿਉਂ ਘੋਲਿਉ ਈ। (ਤੁਹਮਤਾਂ=ਊਜਾਂ ਕੋਲਾ ਘੋਲਣਾ=ਦੋਸ਼ ਲਾਉਣਾ, ਸ਼ੱਕਰ ਵਿੱਚ ਪਿਆਜ਼ ਘੋਲਣਾ= ਚੰਗੇ ਕੰਮ ਜਾਂ ਚੰਗੀ ਵਸਤ ਨੂੰ ਵਿਗਾੜਣਾ)

294. ਆਜੜੀ

ਅਵੇ ਸੁਣੀ ਚਾਕਾ ਸਵਾਹ ਲਾ ਮੂੰਹ ਤੇ, ਜੋਗੀ ਹੋਇਕੇ ਨਜ਼ਰ ਭੁਆ ਬੈਠੋਂ। ਹੀਰ ਸਿਆਲ ਦਾ ਯਾਰ ਮਸ਼ਹੂਰ ਰਾਂਝਾ, ਮੌਜਾਂ ਮਾਣ ਕੇ ਕੰਨ ਪੜਵਾ ਬੈਠੋਂ। ਖੇੜੇ ਵਿਆਹ ਲਿਆਏ ਮੂੰਹ ਮਾਰ ਤੇਰੇ, ਸਾਰੀ ਉਮਰ ਦੀ ਲੀਕ ਲਵਾ ਬੈਠੋਂ। ਤੇਰੇ ਬੈਠਿਆਂ ਵਿਆਹ ਲੈ ਗਏ ਖੇੜੇ, ਦਾੜ੍ਹੀ ਪਰ੍ਹੇ ਦੇ ਵਿੱਚ ਮੁਨਾ ਬੈਠੋਂ। ਮੰਗ ਛੱਡੀਏ ਨਾ ਜੇ ਜਾਨ ਹੋਵੇ, ਵੰਨੀ ਦਿੱਤੀਆਂ ਛਡ ਹਿਆ ਬੈਠੋਂ। ਜਦੋਂ ਡਿਠੋਈ ਦਾਉ ਨਾ ਲੱਗੇ ਕੋਈ, ਬੂਹੇ ਨਾਥ ਦੇ ਅੰਤ ਨੂੰ ਜਾ ਬੈਠੋਂ। ਇੱਕ ਅਮਲ ਨਾ ਕੀਤੋਈ ਗ਼ਾਫ਼ਲਾ ਵੋ, ਐਵੇਂ ਕੀਮੀਆਂ ਉਮਰ ਗੁਆ ਬੈਠੋਂ। ਸਿਰ ਵੱਢ ਕਰ ਸਨ ਤੇਰੇ ਚਾ ਬੇਰੇ, ਜਿਸ ਵੇਲੜੇ ਖੇੜੀਂ ਤੂੰ ਜਾ ਬੈਠੋਂ। ਵਾਰਿਸ ਸ਼ਾਹ ਤਰਿਆਕ ਦੀ ਥਾਂ ਨਾਹੀਂ, ਹੱਥੀਂ ਆਪਣੇ ਜ਼ਹਿਰ ਤੂੰ ਖਾ ਬੈਠੋਂ। (ਲੀਕ ਲਵਾ ਬੈਠਾਂ=ਬਦਨਾਮੀ ਕਰਾ ਲਈ, ਵੰਨੀ=ਵਹੁਟੀ,ਬਹੂ, ਡਿੱਠੋਈ= ਦੇਖਿਆ, ਕੀਮੀਆ=ਅਕਸੀਰ,ਏਥੇ ਅਰਥ ਹੈ ਕੀਮਤੀ, ਬੇਰੇ=ਟੋਟੇ, ਤਰਿਆਕ=ਤੋੜ,ਜ਼ਹਿਰ ਨੂੰ ਦੂਰ ਕਰਨ ਦੀ ਦਵਾ, ਥਾਂ=ਥਾਹ,ਪਤਾ)

295. ਰਾਂਝਾ

ਸਤ ਜਰਮ ਕੇ ਹਮੀਂ ਫ਼ਕੀਰ ਜੋਗੀ, ਨਹੀਂ ਨਾਲ ਜਹਾਨ ਦੇ ਸੀਰ ਮੀਆਂ। ਅਸਾਂ ਸੇਲ੍ਹੀਆਂ ਖਪਰਾਂ ਨਾਲ ਵਰਤਣ, ਭੀਖ ਖਾਇਕੇ ਹੋਣਾਂ ਵਹੀਰ ਮੀਆਂ। ਭਲਾ ਜਾਣ ਜੱਟਾ ਕਹੇਂ ਚਾਕ ਸਾਨੂੰ, ਅਸੀਂ ਫ਼ਕਰ ਹਾਂ ਜ਼ਾਹਰਾ ਪੀਰ ਮੀਆਂ। ਨਾਉਂ ਮਿਹਰੀਆਂ ਦੇ ਲਿਆਂ ਡਰਨ ਆਵੇ, ਰਾਂਝਾ ਕੌਣ ਤੇ ਕਿਹੜੀ ਹੀਰ ਮੀਆਂ। ਜਤੀ ਸਤੀ ਹਠੀ ਤਪੀ ਨਾਥ ਪੂਰੇ, ਸਤ ਜਨਮ ਕੇ ਗਹਿਰ ਗੰਭੀਰ ਮੀਆਂ। ਜਟ ਚਾਕ ਬਣਾਉਣ ਨਾਹੀਂ ਜੋਗੀਆਂ ਨੂੰ, ਏਹੀ ਜੀਊ ਆਵੇ ਸਟੂੰ ਚੀਰ ਮੀਆਂ। ਥਰਾ ਥਰ ਕੰਬੇ ਗ਼ੁੱਸੇ ਨਾਲ ਜੋਗੀ, ਅੱਖੀਂ ਰੋਹ ਪਲਟਿਆ ਨੀਰ ਮੀਆਂ। ਹੱਥ ਜੋੜ ਇਆਲ ਨੇ ਪੈਰ ਪਕੜੇ, ਜੋਗੀ ਬਖਸ਼ ਲੈ ਇਹ ਤਕਸੀਰ ਮੀਆਂ। ਤੁਸੀਂ ਪਾਰ ਸਮੁੰਦਰੋਂ ਰਹਿਣ ਵਾਲੇ, ਭੁਲ ਗਿਆ ਚੇਲਾ ਬਖਸ਼ ਪੀਰ ਮੀਆਂ। ਵਾਰਿਸ ਸ਼ਾਹ ਦਾ ਅਰਜ਼ ਜਨਾਬ ਅੰਦਰ, ਸੁਣ ਹੋਇ ਨਾਹੀਂ ਦਿਲਗੀਰ ਮੀਆਂ। (ਸੀਰ=ਵਾਹ, ਗਹਿਰ ਗੰਭੀਰ=ਸੰਜੀਦਾ,ਡੂੰਘਾ, ਰੋਹ=ਗ਼ੁੱਸਾ)

296. ਆਜੜੀ

ਭੱਤੇ ਬੇਲਿਆਂ ਵਿੱਚ ਲੈ ਜਾਏ ਜੱਟੀ, ਪੀਂਘਾਂ ਪੀਂਘਦੀ ਨਾਲ ਪਿਆਰੀਆਂ ਦੇ। ਇਹ ਪ੍ਰੇਮ ਪਿਆਲੜਾ ਝੋਕਿਉਈ, ਨੈਣ ਮਸਤ ਸਨ ਵਿੱਚ ਖ਼ੁਮਾਰੀਆਂ ਦੇ। ਵਾਹੇਂ ਵੰਝਲੀ ਤੇ ਫਿਰੇ ਮਗਰ ਲੱਗੀ, ਹਾਂਝ ਘਿਨ ਕੇ ਨਾਲ ਕੁਆਰੀਆਂ ਦੇ। ਜਦੋਂ ਵਿਆਹ ਹੋਇਆ ਤਦੋਂ ਵਿਹਰ ਬੈਠੀ, ਡੋਲੀ ਚਾੜ੍ਹਿਆ ਨੇ ਨਾਲ ਖ਼ੁਆਰੀਆਂ ਦੇ। ਧਾਰਾਂ ਖਾਂਗੜਾਂ ਦੀਆਂ ਝੋਕਾਂ ਹਾਣੀਆਂ ਦੀਆਂ, ਮਜ਼ੇ ਖੂਬਾਂ ਦੇ ਘੋਲ ਕੁਆਰੀਆਂ ਦੇ। ਮਸਾਂ ਨੀਂਗਰਾਂ ਦੀਆਂ ਲਾਡ ਨੱਢੀਆਂ ਦੇ, ਇਸ਼ਕ ਕੁਆਰੀਆਂ ਦੇ ਮਜ਼ੇ ਯਾਰੀਆਂ ਦੇ। ਜੱਟੀ ਵਿਆਹ ਦਿੱਤੀ ਰਹਿਉਂ ਨੀਧਰਾ ਤੂੰ, ਸੁੰਞੇ ਸਖਣੇ ਤੌਕ ਪਟਾਰੀਆਂ ਦੇ। ਖੇਡਣ ਵਾਲੀਆਂ ਸਾਹੁਰੇ ਬੰਨ੍ਹ ਖੜੀਆਂ, ਰੁਲਣ ਛਮਕਾਂ ਹੇਠ ਬੁਖ਼ਾਰੀਆਂ ਦੇ। ਬੁੱਢਾ ਹੋਇਕੇ ਚੋਰ ਮਸੀਤ ਵੜਦਾ, ਰਲ ਫਿਰਦਾ ਹੈ ਨਾਲ ਮਦਾਰੀਆਂ ਦੇ। ਗੁੰਡੀ ਰੰਨ ਬੁੱਢੀ ਹੋ ਬਣੇ ਹਾਜਣ, ਫੇਰੇ ਮੋਰਛਰ ਗਿਰਦ ਪਿਆਰੀਆਂ ਦੇ। ਪਰ੍ਹਾਂ ਜਾ ਜੱਟਾ ਮਾਰ ਸੁੱਟਣੀਗੇ, ਨਹੀਂ ਛੁਪਦੇ ਯਾਰ ਕਵਾਰੀਆਂ ਦੇ। ਕਾਰੀਗਰੀ ਮੌਕੂਫ਼ ਕਰ ਮੀਆਂ ਵਾਰਿਸ, ਤੈਥੇ ਵਲ ਹੈਂ ਪਾਵਣ ਛਾਰੀਆਂ ਦੇ। (ਖੁਮਾਰੀ=ਮਸਤੀ, ਹਾਂਝ ਘਿਨ ਕੇ=ਪੂਰੇ ਦਿਲ ਨਾਲ, ਖਾਂਗੜ=ਮਝ, ਗਾਂ, ਝੋਕਾਂ=ਡੇਰੇ, ਪਿੰਡ, ਖ਼ੂਬਾਂ=ਸੁਹਣੀਆਂ, ਨਿਧਰਾ=ਕਿਸੇ ਧਿਰ ਜਾਂ ਪਾਸੇ ਦਾ ਨਾ, ਤੌਂਕ=ਟਮਕ, ਬੁਖਾਰੀ=ਦਾਣੇ ਪਾਉਣ ਵਾਲੀ ਕੋਠੀ, ਖੜੀਆਂ=ਲੈ ਗਏ, ਹਾਜਣ= ਹਜ ਕਰਨ ਵਾਲੀ,ਭਗਤਣੀ, ਮੋਰ ਛਰ=ਮੋਰ ਛੜ,ਮੋਰ ਦੇ ਖੰਭਾਂ ਦਾ ਪੱਖਾ, ਮੌਕੂਫ ਕਰ=ਛੱਡ,ਖ਼ਤਮ ਕਰ)

297. ਰਾਂਝੇ ਮੰਨਿਆਂ ਕਿ ਆਜੜੀ ਠੀਕ ਏ

ਤੁਸੀਂ ਅਕਲ ਦੇ ਕੋਟ ਇਆਲ ਹੁੰਦੇ, ਲੁਕਮਾਨ ਹਕੀਮ ਦਸਤੂਰ ਹੈ ਜੀ। ਬਾਜ਼ ਭੌਰ ਬਗਲਾ ਲੋਹਾ ਲੌਂਗ ਕਾਲੂ, ਸ਼ਾਹੀਂ ਸ਼ੀਹਣੀ ਨਾਲ ਕਸਤੂਰ ਹੈ ਜੀ। ਲੋਹਾ ਪਸ਼ਮ ਪਿਸਤਾ ਡੱਬਾ ਮੌਤ ਸੂਰਤ, ਕਾਲੂ ਅਜ਼ਰਾਈਲ ਮਨਜ਼ੂਰ ਹੈ ਜੀ। ਪੰਜੇ ਬਾਜ਼ ਜੇਹੇ ਲਕ ਵਾਂਗ ਚੀਤੇ, ਪਹੁੰਚਾ ਵੱਗਿਆ ਮਿਰਗ ਸਭ ਦੂਰ ਹੈ ਜੀ। ਚੱਕ ਸ਼ੀਂਹ ਵਾਂਗੂੰ ਗੱਜ ਮੀਂਹ ਵਾਂਗੂੰ, ਜਿਸ ਨੂੰ ਦੰਦ ਮਾਰਨ ਹੱਡ ਚੂਰ ਹੈ ਜੀ। ਕਿਸੇ ਪਾਸ ਨਾ ਖੋਲਣਾ ਭੇਤ ਭਾਈ, ਜੋ ਕੁੱਝ ਆਖਿਉ ਸਭ ਮਨਜ਼ੂਰ ਹੈ ਜੀ। ਆ ਪਿਆ ਪਰਦੇਸ ਵਿੱਚ ਕੰਮ ਮੇਰਾ, ਲਈਏ ਹੀਰ ਇੱਕੇ ਸਿਰ ਦੂਰ ਹੈ ਜੀ। ਵਾਰਿਸ ਸ਼ਾਹ ਹੁਣ ਬਣੀ ਹੈ ਬਹੁਤ ਔਖੀ, ਅੱਗੇ ਸੁੱਝਦਾ ਕਹਿਰ ਕਲੂਰ ਹੈ ਜੀ। (ਕੋਟ=ਗੜ੍ਹ, ਲੁਕਮਾਨ=ਇੱਕ ਪ੍ਰਸਿੱਧ ਹਕੀਮ ਜਿਸ ਦਾ ਜ਼ਿਕਰ ਬਾਈਬਲ ਅਤੇ ਕੁਰਾਨ ਵਿੱਚ ਵੀ ਆਇਆ ਹੈ, ਪਰ ਉਸ ਬਾਰੇ ਹੋਰ ਕੁੱਝ ਪਤਾ ਥੌਹ ਨਹੀਂ ਮਿਲਦਾ, ਸਾਰੇ ਮੰਨਦੇ ਹਨ ਕਿ ਉਹ ਬਹੁਤ ਸਿਆਣਾ ਅਤੇ ਮੰਤਕੀ ਸੀ, ਦਸਤੂਰ=ਮਿਸਾਲ,ਨਮੂਨਾ, ਬਾਜ਼,ਭੌਰ,ਕਸਤੂਰ,ਲੋਹਾ,ਡੱਬਾ=ਸਾਰੇ ਕੁੱਤਿਆਂ ਦੇ ਨਾਂ ਹਨ, ਮਰਗ=ਮੌਤ, ਚੱਕ ਮਾਰਨਾ= ਦੰਦੀ ਜਾਂ ਬੁਰਕੀ ਵੱਢਣੀ, ਕਹਿਰ ਕਲੂਰ=ਮੌਤ ਵਰਗੀ ਵੱਡੀ ਮੁਸੀਬਤ)

298. ਰਾਂਝਾ

ਭੇਤ ਦੱਸਣਾ ਮਰਦ ਦਾ ਕੰਮ ਨਾਹੀਂ, ਮਰਦ ਸੋਈ ਜੋ ਵੇਖ ਦੰਮ ਘੁਟ ਜਾਏ। ਗੱਲ ਜੀਊ ਦੇ ਵਿੱਚ ਹੀ ਰਹੇ ਖੁਫ਼ੀਆ, ਕਾਉਂ ਵਾਂਗ ਪੈਖ਼ਾਲ ਨਾ ਸੁੱਟ ਜਾਏ। ਭੇਤ ਕਿਸੇ ਦਾ ਦੱਸਣਾ ਭਲਾ ਨਾਹੀਂ, ਭਾਂਵੇਂ ਪੁੱਛ ਕੇ ਲੋਕ ਨਿਖੁੱਟ ਜਾਏ। ਵਾਰਿਸ ਸ਼ਾਹ ਨਾ ਭੇਤ-ਸੰਦੂਕ ਖੋਲ੍ਹਣ, ਭਾਵੇਂ ਜਾਨ ਦਾ ਜੰਦਰਾ ਟੁੱਟ ਜਾਏ। (ਪੈਖ਼ਾਲ=ਬਿੱਠ, ਨਿਖੁੱਟ=ਖ਼ਤਮ)

299. ਆਜੜੀ

ਮਾਰ ਆਸ਼ਕਾਂ ਦੀ ਲੱਜ ਲਾਹੀਆਈ, ਯਾਰੀ ਲਾਇਕੇ ਘਿੰਨ ਲੈ ਜਾਵਣੀ ਸੀ। ਅੰਤ ਖੇੜਿਆਂ ਹੀਰ ਲੈ ਜਾਵਣੀ ਸੀ, ਯਾਰੀ ਓਸ ਦੇ ਨਾਲ ਕਿਉਂ ਲਾਵਣੀ ਸੀ। ਏਡੀ ਧੁੰਮ ਕਿਉਂ ਮੂਰਖਾ ਪਾਵਣੀ ਸੀ, ਨਹੀਂ ਯਾਰੀ ਹੀ ਮੂਲ ਨਾ ਲਾਵਣੀ ਸੀ। ਉਸ ਦੇ ਨਾਲ ਨਾ ਕੌਲ ਕਰਾਰ ਕਰਦੋਂ, ਨਹੀਂ ਯਾਰੀ ਹੀ ਸਮਝਕੇ ਲਾਵਣੀ ਸੀ। ਕਟਕ ਤਖ਼ਤ ਹਜ਼ਾਰੇ ਦਾ ਲਿਆ ਕੇ ਤੇ, ਹਾਜ਼ਰ ਕਦ ਸਭ ਜੰਞ ਬਣਾਵਣੀ ਸੀ। ਤੇਰੀ ਫ਼ਤਿਹ ਸੀ ਮੂਰਖਾ ਦੋਹੀਂ ਦਾਹੀਂ, ਏਹ ਵਾਰ ਨਾ ਮੂਲ ਗਵਾਵਣੀ ਸੀ। ਇਕੇ ਹੀਰ ਨੂੰ ਮਾਰ ਕੇ ਡੋਬ ਦੇਂਦੇ, ਇਕੇ ਹੀਰ ਹੀ ਮਾਰ ਮੁਕਾਵਣੀ ਸੀ। ਇਕੇ ਹੀਰ ਵੀ ਕੱਢ ਲੈ ਜਾਵਣੀ ਸੀ, ਇਕੇ ਖੂਹ ਦੇ ਵਿਚ ਪਾਵਣੀ ਸੀ। ਨਾਲ ਸੇਹਰਿਆਂ ਹੀਰ ਵਿਆਹਵਣੀ ਸੀ, ਹੀਰ ਅੱਗੇ ਸ਼ਹੀਦੀ ਪਾਵਣੀ ਸੀ। ਬਣੇਂ ਗ਼ਾਜ਼ੀ ਜੇ ਮਰੇਂ ਸ਼ਹੀਦ ਹੋਵੇਂ, ਏਹ ਖ਼ਲਕ ਤੇਰੇ ਹੱਥ ਆਵਣੀ ਸੀ। ਤੇਰੇ ਮੂੰਹ ਤੇ ਜੱਟ ਹੰਢਾਂਵਦਾ ਏ, ਜ਼ਹਿਰ ਖਾਇ ਕੇ ਹੀ ਮਰ ਜਾਵਣੀ ਸੀ। ਇੱਕੇ ਯਾਰੀ ਤੈਂ ਮੂਲ ਨਾ ਲਾਵਣੀ ਸੀ, ਚਿੜੀ ਬਾਜ਼ ਦੇ ਮੂੰਹੋਂ ਛਡਾਵਣੀ ਸੀ। ਲੈ ਗਏ ਵਿਆਹ ਕੇ ਜੀਊਂਦਾ ਮਰ ਜਾਏਂ, ਏਹ ਲੀਕ ਤੂੰ ਕਾਹੇ ਲਾਵਣੀ ਸੀ। ਮਰ ਜਾਵਣਾਂ ਸੀ ਦਰ ਯਾਰ ਦੇ ਤੇ, ਇਹ ਸੂਰਤ ਕਿਉਂ ਗਧੇ ਚੜ੍ਹਾਵਣੀ ਸੀ। ਵਾਰਿਸ ਸ਼ਾਹ ਜੇ ਮੰਗ ਲੈ ਗਏ ਖੇੜੇ, ਦਾੜ੍ਹੀ ਪਰੇ ਦੇ ਵਿੱਚ ਮੁਨਾਵਣੀ ਸੀ। (ਸੂਰਤ ਗਧੇ ਚੜ੍ਹਾਵਣੀ=ਬੁਰੀ ਸ਼ਕਲ ਬਨਾਉਣੀ)

300. ਰਾਂਝਾ

ਅੱਖੀਂ ਵੇਖ ਕੇ ਮਰਦ ਹਨ ਚੁੱਪ ਕਰਦੇ, ਭਾਂਵੇਂ ਚੋਰ ਈ ਝੁੱਗੜਾ ਲੁਟ ਜਾਏ। ਦੇਣਾ ਨਹੀਂ ਜੇ ਭੇਤ ਵਿੱਚ ਖੇੜਿਆਂ ਦੇ, ਗੱਲ ਖ਼ੁਆਰ ਹੋਵੇ ਕਿ ਖਿੰਡ ਫੁਟ ਜਾਏ। ਤੋਦਾ ਖੇੜਿਆਂ ਦੇ ਬੂਹੇ ਅੱਡਿਆ ਏ, ਮਤਾਂ ਚਾਂਗ ਨਿਸ਼ਾਨੜਾ ਚੁਟ ਜਾਏ। ਹਾਥੀ ਚੋਰ ਗੁਲੇਰ ਥੀਂ ਛੁਟ ਜਾਂਦੇ, ਏਹਾ ਕੌਣ ਜੋ ਇਸ਼ਕ ਥੀਂ ਛੁਟ ਜਾਏ। (ਝੁੱਗੜਾ=ਘਰ,ਝੁੱਗਾ, ਖਿੰਡ ਫੁਟ=ਖਿੰਡ ਪੁੰਡ, ਤੋਦਾ=ਚਾਂਦਮਾਰੀ ਲਈ ਬਣਾਇਆ ਮਿੱਟੀ ਦਾ ਕੱਚਾ ਥੜਾ, ਚਾਂਗ=ਲੋਕਾਂ ਦੀ ਭੀੜ, ਮਤਾਂ ਨਿਸ਼ਾਨੜਾ ਛੁਟ ਜਾਏ=ਏਦਾਂ ਨਾ ਹੋਵੇ ਕਿ ਨਿਸ਼ਾਨਾ ਟਿਕਾਣੇ ਤੇ ਨਾ ਲੱਗੇ, ਹਾਥੀ ਚੋਰ ਗੁਲੇਰ ਛੁਟ ਜਾਂਦੇ=ਕਵੀ ਦਾ ਇਸ਼ਾਰਾ ਏਥੇ ਇੱਕ ਸੁਨਿਆਰੇ ਦੀ ਕਹਾਣੀ ਵੱਲ ਹੈ। ਇੱਕ ਰਾਜੇ ਨੇ ਦਸ ਮਣ ਸੋਨੇ ਦਾ ਹਾਥੀ ਬਣਾਉਣ ਲਈ ਇੱਕ ਸੁਨਿਆਰਾ ਆਪਣੇ ਮਹਲ ਵਿਚ ਇਸ ਕੰਮ ਤੇ ਲਾ ਦਿੱਤਾ ਅਤੇ ਉਸ ਦੀ ਪੂਰੀ ਨਿਗਰਾਨੀ ਰੱਖੀ। ਸੁਨਿਆਰੇ ਨੇ ਇੱਕ ਪਿੱਤਲ ਦਾ ਦਸ ਮਣ ਦਾ ਹਾਥੀ ਆਪਣੇ ਘਰ ਬਣਾ ਕੇ ਨਾਲ ਵਗਦੀ ਨਦੀ ਵਿੱਚ ਲੁਕਾ ਦਿੱਤਾ।ਜਦੋਂ ਮਹਲ ਵਿੱਚ ਹਾਥੀ ਤਿਆਰ ਹੋ ਗਿਆ ਤਾਂ ਉਹ ਹਾਥੀ ਨੂੰ ਰਾਜੇ ਦੇ ਬੰਦਿਆਂ ਦੀ ਮਦਦ ਨਾਲ ਵਗਦੇ ਪਾਣੀ ਵਿੱਚ ਰਗੜ ਕੇ ਸਾਫ਼ ਕਰਨ ਦੇ ਬਹਾਨੇ ਨਦੀ ਵਿਚ ਲੈ ਗਿਆ। ਉਹ ਸੋਨੇ ਦਾ ਹਾਥੀ ਪਿੱਤਲ ਦੇ ਹਾਥੀ ਨਾਲ ਬਦਲ ਕੇ ਮੋੜ ਲਿਆਇਆ।ਕੁੱਝ ਸਮੇਂ ਪਿੱਛੋਂ ਉਹਦੀ ਬੇਈਮਾਨੀ ਦਾ ਪਤਾ ਲੱਗਣ ਤੇ ਉਹਨੂੰ ਮੌਤ ਦੀ ਸਜ਼ਾ ਦਾ ਹੁਕਮ ਹੋਇਆ।ਮਰਨ ਤੋਂ ਪਹਿਲਾਂ ਉਹਨੇ ਆਪਣੀ ਆਖਰੀ ਮੰਗ ਵਿੱਚ ਦਸ ਮੀਟਰ ਰੇਸ਼ਮ ਦੀ ਪਗੜੀ ਮੰਗ ਕੇ ਲਈ।ਉਹਦੇ ਵਿੱਚ ਇੱਕ ਕਿਲ ਅਤੇ ਹਥੌੜੀ ਲੁਕਾ ਲਈ ਰਾਜੇ ਨੇ ਰਵਾਇਤ ਅਨੁਸਰ ਉਸ ਨੂੰ ਬਿਨਾਂ ਕਿਸੇ ਰਾਸ਼ਨ ਪਾਣੀ ਗੁਲੇਰ ਭਾਵ ਇੱਕ ਉਚੇ ਮੁਨਾਰੇ ਉਤੇ ਚੜ੍ਹਾ ਦਿੱਤਾ ਤਾਂ ਕਿ ਉਹ ਓਥੇ ਹੀ ਭੁੱਖਾ ਤਿਆਹਿਆ ਮਰ ਜਾਵੇ।ਸੁਨਿਆਰ ਰਾਤ ਨੂੰ ਲੋਕਾਂ ਦੇ ਜਾਣ ਪਿੱਛੋਂ ਹਥੌੜੀ ਨਾਲ ਕਿੱਲ ਗੱਡ ਕੇ ਉੱਪਰੋਂ ਰੇਸ਼ਮ ਦੀ ਪਗੜੀ ਨਾਲ ਉੱਤਰ ਕੇ ਦੌੜ ਗਿਆ।ਰਾਜੇ ਨੇ ਐਲਾਨ ਕੀਤਾ ਕਿ ਜੇ ਉਹ ਸਿਆਣਾ ਸੁਨਿਆਰ ਆ ਜਾਵੇ ਤਾਂ ਉਹਨੂੰ ਉਹ ਆਪਣਾ ਵਜ਼ੀਰ ਬਣਾ ਦੇਵੇਗਾ।ਸੁਨਿਆਰ ਨੇ ਆ ਕੇ ਰਾਜੇ ਨੂੰ ਆਪਣੀ ਕਹਾਣੀ ਦੱਸੀ ਅਤੇ ਰਾਜੇ ਨੇ ਆਪਣਾ ਵਚਨ ਪੂਰਾ ਕੀਤਾ)

301. ਆਜੜੀ

ਅਸਾਂ ਰਾਂਝਿਆ ਹੱਸ ਕੇ ਗੱਲ ਕੀਤੀ, ਜਾ ਲਾ ਲੈ ਦਾਉ ਜੇ ਲੱਗਦਾ ਈ। ਲਾਟ ਰਹੇ ਨਾ ਜੀਊ ਦੇ ਵਿੱਚ ਲੁਕੀ, ਇਹ ਇਸ਼ਕ ਅਲੰਬੜਾ ਅੱਗ ਦਾ ਈ। ਜਾ ਵੇਖ ਮਾਅਸ਼ੂਕ ਦੇ ਨੈਣ ਖ਼ੂਨੀ, ਤੈਨੂੰ ਨਿਤ ਉਲਾਂਹਬੜਾ ਜਗ ਦਾ ਈ। ਸਮਾਂ ਯਾਰ ਦਾ ਤੇ ਘੱਸਾ ਬਾਜ਼ ਵਾਲਾ, ਝੁਟ ਚੋਰ ਦਾ ਤੇ ਦਾਉ ਠਗ ਦਾ ਈ। ਲੈ ਕੇ ਨੱਢੜੀ ਨੂੰ ਛਿਣਕ ਜਾ ਚਾਕਾ, ਸੈਦਾ ਸਾਕ ਨਾ ਸਾਡੜਾ ਲਗਦਾ ਈ। ਵਾਰਿਸ ਕੰਨ ਪਾਟੇ ਮਹੀਂ ਚਾਰ ਮੁੜਿਉਂ, ਅਜੇ ਮੁੱਕਾ ਨਾ ਮਿਹਣਾ ਜੱਗ ਦਾ ਈ। (ਅਲੰਬੜਾ=ਲਾਂਬੂ, ਛਿਣਕ ਜਾ=ਦੌੜ ਜਾ)

302. ਤਥਾ

ਸੁਣ ਮੂਰਖਾ ਫੇਰ ਜੇ ਦਾਉ ਲੱਗੇ, ਨਾਲ ਸਹਿਤੀ ਦੇ ਝਗੜਾ ਪਾਵਣਾ ਈ। ਸਹਿਤੀ ਵੱਡੀ ਝਗੜੈਲ ਮਰੀਕਣੀ ਹੈ, ਓਹਦੇ ਨਾਲ ਮੱਥਾ ਜਾ ਲਾਵਣਾ ਈ। ਹੋਸੀ ਝਗੜਿਉਂ ਮੁਸ਼ਕਲ ਆਸਾਨ ਤੇਰੀ, ਨਾਲੇ ਘੂਰਨਾ ਤੇ ਨਾਲੇ ਖਾਵਣਾ ਈ। ਚੌਦਾਂ ਤਬਕ ਦੇ ਮਕਰ ਉਹ ਜਾਣਦੀ ਏ, ਜ਼ਰਾ ਓਸ ਦੇ ਮਕਰ ਨੂੰ ਪਾਵਣਾ ਈ। ਕਦਮ ਪਕੜਸੀ ਜੋਗੀਆ ਆਇ ਤੇਰੇ, ਜ਼ਰਾ ਸਹਿਤੀ ਦਾ ਜੀਊ ਠਹਿਰਾਵਣਾ ਈ। ਵਾਰਿਸ ਸ਼ਾਹ ਹੈ ਵੱਡੀ ਉਸ਼ਟੰਡ ਸਹਿਤੀ, ਕੋਈ ਕਸ਼ਫ਼ ਦਾ ਜ਼ੋਰ ਵਿਖਾਵਣਾ ਈ। (ਕਸ਼ਫ਼=ਕਰਾਮਾਤ)

303. ਰਾਂਝਾ

ਮਰਦ ਬਾਝ ਮਹਿਰੀ ਪਾਣੀ ਬਾਝ ਧਰਤੀ, ਆਸ਼ਕ ਡਿਠੜੇ ਬਾਝ ਨਾ ਰੱਜਦੇ ਨੇ। ਲਖ ਸਿਰੀਂ ਅਵੱਲ ਸਵੱਲ ਆਵਣ, ਯਾਰ ਯਾਰਾਂ ਥੋਂ ਮੂਲ ਨਾ ਭੱਜਦੇ ਨੇ। ਭੀੜਾਂ ਬਣਦੀਆਂ ਅੰਗ ਵਟਾਇ ਦੇਂਦੇ, ਪਰਦੇ ਆਸ਼ਕਾਂ ਦੇ ਮਰਦ ਕੱਜਦੇ ਨੇ। ਦਾ ਚੋਰ ਤੇ ਯਾਰ ਦਾ ਇੱਕ ਸਾਇਤ, ਨਹੀਂ ਵੱਸਦੇ ਮੀਂਹ ਜੋ ਗੱਜਦੇ ਨੇ। (ਮਹਿਰੀ=ਜ਼ਨਾਨੀ, ਸਿਰੀਂ=ਸਿਰ ਤੇ, ਅਵੱਲ ਸਵੱਲ=ਔਖ ਸੌਖ, ਅੰਗ ਵਟਾਇ ਦੇਂਦੇ=ਸੂਰਤਾਂ ਬਦਲ ਦਿੰਦੇ, ਕੱਜਦੇ=ਢਕਦੇ, ਇੱਕ ਸਾਇਤ=ਬਹੁਤ ਥੋੜ੍ਹਾ ਸਮਾਂ)

304. ਰਾਂਝਾ ਰੰਗਪੁਰ ਖੇੜੀਂ ਪੁੱਜਾ

ਰਾਂਝੇ ਅੱਗੇ ਇਆਲ ਨੇ ਕਸਮ ਖਾਧੀ, ਨਗਰ ਖੇੜਿਆਂ ਦੇ ਜਾਇ ਧੱਸਿਆ ਈ। ਯਾਰੋ ਕੌਣ ਗਿਰਾਉਂ ਸਰਦਾਰ ਕਿਹੜਾ, ਕੌਣ ਲੋਕ ਕਦੋਕਣਾ ਵੱਸਿਆ ਈ। ਅੱਗੇ ਪਿੰਡ ਦੇ ਖੂਹ ਤੇ ਭਰਨ ਪਾਣੀ, ਕੁੜੀਆਂ ਘੱਤਿਆ ਹੱਸ ਖ਼ਰਖੱਸਿਆ ਈ। ਯਾਰ ਹੀਰ ਦਾ ਭਾਵੇਂ ਤੇ ਇਹ ਜੋਗੀ, ਕਿਸੇ ਲਭਿਆ ਤੇ ਨਾਹੀਂ ਦੱਸਿਆ ਈ। ਪਾਣੀ ਪੀ ਠੰਡਾ ਛਾਂਵੇਂ ਘੋਟ ਬੂਟੀ, ਸੁਣ ਪਿੰਡ ਦਾ ਨਾਉਂ ਖਿੜ ਹੱਸਿਆ ਈ। ਇਹਦਾ ਨਾਉਂ ਹੈ ਰੰਗਪੁਰ ਖੇੜਿਆਂ ਦਾ, ਕਿਸੇ ਭਾਗ ਭਰੀ ਚਾ ਦੱਸਿਆ ਈ। ਅਰੀ ਕੌਣ ਸਰਦਾਰ ਹੈ ਭਾਤ ਖਾਣੀ, ਸਖ਼ੀ ਸ਼ੂਮ ਕੇਹਾ ਲਿਆ ਜੱਸਿਆ ਈ। ਅੱਜੂ ਨਾਮ ਸਰਦਾਰ ਤੇ ਪੁਤ ਸੈਦਾ, ਜਿਸ ਨੇ ਹੱਕ ਰੰਝੇਟੇ ਦਾ ਖੱਸਿਆ ਈ। ਬਾਗ਼ ਬਾਗ਼ ਰੰਝੇਟੜਾ ਹੋ ਗਿਆ, ਜਦੋਂ ਨਾਉਂ ਜਟੇਟੀਆਂ ਦੱਸਿਆ ਈ। ਸਿੰਙੀ ਖੱਪਰੀ ਬੰਨ੍ਹ ਤਿਆਰ ਹੋਇਆ, ਲੱਕ ਚਾ ਫ਼ਕੀਰ ਨੇ ਕੱਸਿਆ ਈ। ਕਦੀ ਲਏ ਹੂਲਾਂ ਕਦੀ ਝੂਲਦਾ ਏ, ਕਦੀ ਰੋ ਪਿਆ ਕਦੀ ਹੱਸਿਆ ਈ। ਵਾਰਿਸ ਸ਼ਾਹ ਕਿਰਸਾਨ ਜਿਉਂ ਹਣ ਰਾਜ਼ੀ, ਮੀਂਹ ਔੜ ਦੇ ਦਿਹਾਂ ਤੇ ਵੱਸਿਆ ਈ। (ਖ਼ਰਖੱਸ=ਝਗੜਾ, ਭਾਤ ਖਾਣੀ=ਚੌਲ ਖਾਣੀ,ਕਿਸਮਤ ਵਾਲੀ. ਸਖੀ=ਪੈਸੇ ਟਕੇ ਵੱਲੋਂ ਖੁੱਲ੍ਹ ਦਿਲ, ਸੂਮ=ਸਖੀ ਦਾ ਉਲਟ,ਹੱਥ ਘੁਟ, ਹੂਲਾਂ=ਠੰਡੇ ਸਾਹ, ਔੜ=ਮੀਂਹ ਵਲੋਂ ਸੋਕਾ)

305. ਰਾਂਝੇ ਦੁਆਲੇ ਗੱਭਰੂ

ਆ ਜੋਗੀਆ ਕੇਹਾ ਇਹ ਦੇਸ ਡਿੱਠੋ, ਪੁੱਛਣ ਗੱਭਰੂ ਬੈਠ ਵਿੱਚ ਦਾਰੀਆਂ ਦੇ। ਓਥੇ ਝੱਲ ਮਸਤਾਨੀਆਂ ਕਰੇ ਗੱਲਾਂ, ਸੁਖ਼ਨ ਸੁਣੋ ਕੰਨ ਪਾਟਿਆਂ ਪਿਆਰਿਆਂ ਦੇ। ਕਰਾਂ ਕੌਣ ਸਲਾਹ ਮੈਂ ਖੇੜਿਆਂ ਦੀ, ਡਾਰ ਫਿਰਨ ਚੌਤਰਫ਼ ਕਵਾਰੀਆਂ ਦੇ। ਮਾਰ ਆਸ਼ਕਾਂ ਨੂੰ ਕਰਨ ਚਾ ਬੇਰੇ, ਨੈਣ ਤਿਖੜੇ ਨੋਕ ਕਟਾਰੀਆਂ ਦੇ। ਦੇਣ ਆਸ਼ਕਾਂ ਨੂੰ ਤੋੜੇ ਨਾਲ ਨੈਣਾਂ, ਨੈਣ ਰਹਿਣ ਨਾਹੀਂ ਹਰਿਆਰੀਆਂ ਦੇ। ਏਸ ਜੋਬਨੇ ਦੀਆਂ ਵਣਜਾਰੀਆਂ ਨੂੰ, ਮਿਲੇ ਆਣ ਸੌਦਾਗਰ ਯਾਰੀਆਂ ਦੇ। ਸੁਰਮਾ ਫੁਲ ਦੰਦਾਸੜਾ ਸੁਰਖ਼ ਮਹਿੰਦੀ, ਲੁਟ ਲਏ ਨੇ ਹੱਟ ਪਸਾਰੀਆਂ ਦੇ। ਨੈਣਾਂ ਨਾਲ ਕਲੇਜੜਾ ਛਿਕ ਕੱਢਣ, ਦਿਸਣ ਭੋਲੜੇ ਮੁਖ ਵਿਚਾਰੀਆਂ ਦੇ। ਜੋਗੀ ਵੇਖ ਕੇ ਆਣ ਚੌਗਿਰਦ ਹੋਈਆਂ, ਛੁੱਟੇ ਪਰ੍ਹੇ ਵਿੱਚ ਨਾਗ਼ ਪਟਾਰੀਆਂ ਦੇ। ਓਥੇ ਖੋਲ੍ਹ ਕੇ ਅੱਖੀਆਂ ਹੱਸ ਪੌਂਦਾ, ਡਿਠੇ ਖ਼ਾਬ ਵਿੱਚ ਮੇਲ ਕਵਾਰੀਆਂ ਦੇ। ਆਣ ਗਿਰਦ ਹੋਈਆਂ ਬੈਠਾ ਵਿੱਚ ਝੂਲੇ, ਬਾਦਸ਼ਾਹ ਜਿਉਂ ਵਿੱਚ ਅੰਮਾਰੀਆਂ ਦੇ। ਵਾਰਿਸ ਸ਼ਾਹ ਨਾ ਰਹਿਣ ਨਿਚੱਲੜੇ ਬਹਿ, ਜਿਨ੍ਹਾਂ ਨਰਾਂ ਨੂੰ ਸ਼ੌਕ ਨੇ ਨਾਰੀਆਂ ਦੇ। (ਤੋੜੇ ਦੇਣਾ=ਦਿਖਾਵਾ ਕਰਨਾ ਕਿ ਉਨ੍ਹਾਂ ਨੂੰ ਕੋਈ ਪਰਵਾਹ ਨਹੀਂ, ਛਿੱਕ ਕੱਢਣ=ਕਢ ਲੈਣ, ਅੰਮਾਰੀਆਂ=ਹਾਥੀ ਉਤੇ ਬੈਠਣ ਲਈ ਪਰਬੰਧ, ਨਿਚੱਲੜੇ= ਚੁਪ ਚਾਪ)

306. ਰਾਂਝਾ

ਮਾਹੀ ਮੁੰਡਿਉ ਘਰੀਂ ਨਾ ਜਾ ਕਹਿਣਾ, ਜੋਗੀ ਮਸਤ ਕਮਲਾ ਇੱਕ ਆਇ ਵੜਿਆ। ਕੰਨੀਂ ਮੁੰਦਰਾਂ ਸੇਲ੍ਹੀਆਂ ਨੈਣ ਸੁੰਦਰ, ਦਾੜ੍ਹੀ ਪਟੇ ਸਿਰ ਭਵਾਂ ਮੁਨਾਇ ਵੜਿਆ। ਜਹਾਂ ਨਾਉਂ ਮੇਰਾ ਕੋਈ ਜਾ ਲੈਂਦਾ, ਮਹਾ ਦੇਵ ਲੈ ਦੌਲਤਾਂ ਆਇ ਵੜਿਆ। ਕਿਸੇ ਨਾਲ ਕੁਦਰਤ ਫੁੱਲ ਜੰਗਲੇ ਥੀਂ, ਕਿਵੇਂ ਭੁਲ ਭੁਲਾਵੜੇ ਆਇ ਵੜਿਆ। ਵਾਰਿਸ ਕੰਮ ਸੋਈ ਜਿਹੜੇ ਰੱਬ ਕਰਸੀ, ਮੈਂ ਤਾਂ ਓਸ ਦਾ ਭੇਜਿਆ ਆਇ ਵੜਿਆ। (ਮਾਹੀ ਮੰਡਿਉ =ਰਾਂਝਾ ਮੁੰਡਿਆਂ ਨੂੰ ਉਲਟਾ ਕਹਿ ਰਿਹਾ ਕਿ ਤੁਸੀਂ ਘਰ ਜਾ ਕੇ ਨਾ ਦਸਿਉ ਕਿ ਜੋਗੀ ਆਇਆ ਹੈ ਕਿਉਂਕਿ ਉਹਨੂੰ ਪਤਾ ਹੈ ਏਦਾਂ ਕਹਿਣ ਨਾਲ ਮਾਹੀ ਮੁੰਡੇ ਜ਼ਰੂਰ ਘਰ ਜਾ ਕੇ ਦੱਸਣਗੇ।ਜਿਹੜਾ ਕੰਮ ਕਰਵਾਉਣਾ ਹੋਵੇ ਉਸਤੋਂ ਉਲਟ ਕਰਨ ਲਈ ਆਖਣਾ, ਜੰਗਲੇ=ਜੰਗਲ ਦਾ, ਜਹਾਂ ਨਾਉਂ =ਜਿੱਥੇ ਕੋਈ ਮੇਰਾ ਨਾਂ ਲੈਂਦਾ ਹੈ ਸ਼ਿਵ ਜੀ ਮਹਾਰਾਜ ਆਪ ਨਾਲ ਲੈ ਕੇ ਆਉਂਦੇ ਹਨ)

307. ਕੁੜੀਆਂ ਦੀਆਂ ਘਰ ਜਾ ਕੇ ਗੱਲਾਂ

ਕੁੜੀਆਂ ਵੇਖ ਕੇ ਜੋਗੀ ਦੀ ਤਬਾਅ ਸਾਰੀ, ਘਰੀਂ ਹੱਸਦੀਆਂ ਹੱਸਦੀਆਂ ਆਈਆਂ ਨੇ। ਮਾਏ ਇੱਕ ਜੋਗੀ ਸਾਡੇ ਨਗਰ ਆਇਆ, ਕੰਨੀਂ ਮੁੰਦਰਾਂ ਓਸ ਨੇ ਪਾਈਆਂ ਨੇ। ਨਹੀਂ ਬੋਲਦਾ ਬੁਰਾ ਜ਼ਬਾਨ ਵਿੱਚੋਂ, ਭਾਵੇਂ ਭਿੱਛਿਆ ਨਾਹੀਉਂ ਪਾਈਆਂ ਨੇ। ਹੱਥ ਖੱਪਰੀ ਫਾਹੁੜੀ ਮੋਢਿਆਂ ਤੇ, ਗਲ ਸੇਲ੍ਹੀਆਂ ਅਜਬ ਬਣਾਈਆਂ ਨੇ। ਅਰੜਾਂਵਦਾ ਵਾਗ ਜਲਾਲੀਆਂ ਦੇ, ਜਟਾਂ ਵਾਂਗ ਮਦਾਰੀਆਂ ਛਾਈਆਂ ਨੇ। ਨਾ ਉਹ ਮੁੰਡੀਆ ਗੋਦੜੀ ਨਾਥ ਜੰਗਮ, ਨਾ ਉਦਾਸੀਆਂ ਵਿੱਚ ਠਹਿਰਾਈਆਂ ਨੇ। ਪ੍ਰੇਮ-ਮੱਤੀਆਂ ਅੱਖੀਆਂ ਰੰਗ ਭਰੀਆਂ, ਸਦਾ ਗੂੜ੍ਹੀਆਂ ਲਾਲ ਸਵਾਈਆਂ ਨੇ। ਖ਼ੂਨੀ ਬਾਂਕੀਆਂ ਨਸ਼ੇ ਦੇ ਨਾਲ ਭਰੀਆਂ, ਨੈਣਾਂ ਖੀਵੀਆਂ ਸਾਣ ਚੜ੍ਹਾਈਆਂ ਨੇ। ਕਦੀ ਸੰਗਲੀ ਸੁੱਟ ਕੇ ਸ਼ਗਨ ਵਾਚੇ, ਕਦੀ ਔਂਸੀਆਂ ਸਵਾਹ ਤੇ ਪਾਈਆਂ ਨੇ। ਕਦੀ ਕਿੰਗ ਵਜਾਇਕੇ ਖੜ੍ਹਾ ਰੋਵੇ, ਕਦੀ ਸੰਖ ਤੇ ਨਾਦ ਘੂਕਾਈਆਂ ਨੇ। ਅੱਠੇ ਪਹਿਰ ਅੱਲਾਹ ਨੂੰ ਯਾਦ ਕਰਦਾ, ਖ਼ੈਰ ਓਸ ਨੂੰ ਪਾਉਂਦੀਆਂ ਮਾਈਆਂ ਨੇ। ਨਸ਼ੇ ਬਾਝ ਭਵਾਂ ਉਹਦੀਆਂ ਮੱਤੀਆਂ ਨੇ, ਮਿਰਗਾਣੀਆਂ ਗਲੇ ਬਣਾਈਆਂ ਨੇ। ਜਟਾਂ ਸੁੰਹਦੀਆਂ ਛੈਲ ਓਸ ਜੋਗੀੜੇ ਨੂੰ, ਜਿਵੇਂ ਚੰਦ ਦਵਾਲੇ ਘਟਾਂ ਆਈਆਂ ਨੇ। ਨਾ ਕੋਇ ਮਾਰਦਾ ਨਾ ਕਿਸੇ ਨਾਲ ਲੜਿਆ, ਨੈਣਾਂ ਓਸ ਦਿਆਂ ਝੰਬਰਾਂ ਲਾਈਆਂ ਨੇ। ਕੋਈ ਗੁਰੂ ਪੂਰਾ ਓਸ ਨੂੰ ਆਣ ਮਿਲਿਆ, ਕੰਨ ਛੇਦ ਕੇ ਮੁੰਦਰਾਂ ਪਾਈਆਂ ਨੇ। ਵਾਰਿਸ ਸ਼ਾਹ ਚੇਲਾ ਬਾਲਨਾਥ ਦਾ ਏ, ਝੋਕਾਂ ਪ੍ਰੇਮ ਦੀਆਂ ਕਿਸੇ ਤੇ ਲਾਈਆਂ ਨੇ। (ਜਲਾਲੀ=ਸੱਯਦ ਸ਼ਾਹ ਜਲਾਲੀ ਦੇ ਮੁਰੀਦ,ਜੋਸ਼ੀਲੇ ਅਤੇ ਗੁਸੈਲੇ ਸੁਭਾ ਵਾਲੇ ਮਲੰਗ, ਮਦਾਰੀ=ਹਜ਼ਰਤ ਸ਼ਾਹ ਮਦਾਰ ਦੇ ਮੁਰੀਦ ਮੁੰਡੀ, ਗੋਦੜੀ ਅਤੇ ਜੰਗਮ= ਫ਼ਕੀਰਾਂ ਦੇ ਫਿਰਕੇ ਹਨ, ਸ਼ਾਹ ਮਦਾਰ=ਇਨ੍ਹਾਂ ਦਾ ਮਜ਼ਾਰ ਮੱਕਨਪਰ (ਅਵਧ) ਭਾਰਤ ਵਿੱਚ ਹੈ,ਇਹਦੇ ਚੇਲੇ ਸਿਰ ਤੇ ਬਹੁਤ ਸੰਘਣੀਆਂ ਜਟਾਂ ਰੱਖਦੇ ਹਨ। ਮਦਾਰੀ ਸਾਧ ਭੰਗ ਬਹੁਤ ਘੋਟਦੇ ਅਤੇ ਪੀਂਦੇ ਹਨ, ਉਨ੍ਹਾਂ ਨੂੰ ਬਖਸ਼ ਹੈ ਕਿ ਸੱਪ ਦੇ ਕੱਟੇ ਦਾ ਇਲਾਜ ਕਰ ਸਕਦੇ ਹਨ, ਜੇ ਜ਼ਹਿਰੀਲਾ ਸੱਪ ਇਨ੍ਹਾਂ ਦੀ ਹੱਦ ਵਿੱਚ ਆ ਜਾਵੇ ਤਾਂ ਦੱਸਦੇ ਹਨ ਕਿ ਉਹ ਅੰਨ੍ਹਾਂ ਹੋ ਜਾਂਦਾ ਸੀ, ਮਿਰਗਾਣੀਆਂ=ਹਿਰਨ, ਸ਼ੇਰ ਜਾਂ ਚੀਤੇ ਦੀ ਖਲ, ਝੰਬਰਾਂ=ਛਹਿਬਰਾਂ)

308. ਹੀਰ ਦੀ ਨਨਾਣ ਸਹਿਤੀ ਨੇ ਹੀਰ ਨੂੰ ਜੋਗੀ ਬਾਰੇ ਦੱਸਣਾ

ਘਰ ਆਇ ਨਿਨਾਣ ਨੇ ਗੱਲ ਕੀਤੀ, ਹੀਰੇ ਇੱਕ ਜੋਗੀ ਨਵਾਂ ਆਇਆ ਨੀ। ਕੰਨੀਂ ਓਸ ਦੇ ਦਰਸ਼ਨੀਂ ਮੁੰਦਰਾਂ ਨੇ, ਗਲ ਹੈਂਕਲਾ ਅਜਬ ਸੁਹਾਹਿਆ ਨੀ। ਫਿਰੇ ਢੂੰਡਦਾ ਵਿੱਚ ਹਵੇਲੀਆਂ ਦੇ, ਕੋਈ ਓਸ ਨੇ ਲਾਲ ਗਵਾਇਆ ਨੀ। ਨਾਲੇ ਗਾਂਵਦਾ ਤੇ ਨਾਲੇ ਰੋਂਵਦਾ ਏ, ਵੱਡਾ ਓਸ ਨੇ ਰੰਗ ਵਟਾਇਆ ਨੀ। ਹੀਰੇ ਕਿਸੇ ਰਜਵੰਸ ਦਾ ਉਹ ਪੁੱਤਰ, ਰੂਪ ਤੁਧ ਥੀਂ ਦੂਣ ਸਵਾਇਆ ਨੀ। ਵਿੱਚ ਤ੍ਰਿੰਞਣਾਂ ਗਾਂਵਦਾ ਫਿਰੇ ਭੌਂਦਾ, ਅੰਤ ਓਸਦਾ ਕਿਸੇ ਨਾ ਪਾਇਆ ਨੀ। ਫਿਰੇ ਵੇਖਦਾ ਵਹੁਟੀਆਂ ਛੈਲ ਕੁੜੀਆਂ, ਮਨ ਕਿਸੇ ਤੇ ਨਹੀਂ ਭਰਮਾਇਆ ਨੀ। ਕਾਈ ਆਖਦੀ ਪ੍ਰੇਮ ਦੀ ਚਾਟ ਲੱਗੀ, ਤਾਂ ਹੀ ਓਸ ਨੇ ਸੀਸ ਮੁਨਾਇਆ ਨੀ। ਕਾਈ ਆਖਦੀ ਕਿਸੇ ਦੇ ਇਸ਼ਕ ਪਿੱਛੇ, ਬੁੰਦੇ ਲਾਹ ਕੇ ਕੰਨ ਪੜਾਇਆ ਨੀ। ਕਹਿਨ ਤਖਤ ਹਜ਼ਾਰੇ ਦਾ ਇਹ ਰਾਂਝਾ, ਬਾਲ ਨਾਥ ਤੋਂ ਜੋਗ ਲਿਆਇਆ ਨੀ। ਵਾਰਿਸ ਇਹ ਫ਼ਕਰ ਤਾਂ ਨਹੀਂ ਖ਼ਾਲੀ, ਕਿਸੇ ਕਾਰਨੇ ਤੇ ਉਤੇ ਆਇਆ ਨੀ। (ਅਜਬ=ਅਜੀਬ, ਸੁਹਾਇਆ=ਸਜਾਇਆ, ਰਜਵੰਸ=ਰਾਜਵੰਸ,ਸ਼ਾਹੀ ਖ਼ਾਨਦਾਨ, ਕਾਰਨੇ ਉਤੇ=ਕਾਰਾ ਕਰਨ)

309. ਹੀਰ

ਮੁਠੀ ਮੁਠੀ ਇਹ ਗੱਲ ਨਾ ਕਰੋ ਭੈਣਾਂ, ਮੈਂ ਸੁਣਦਿਆਂ ਈ ਮਰ ਗਈ ਜੇ ਨੀ। ਤੁਸਾਂ ਇਹ ਜਦੋਕਨੀ ਗੱਲ ਟੋਰੀ, ਖਲੀ ਤਲੀ ਹੀ ਮੈਂ ਲਹਿ ਗਈ ਜੇ ਨੀ। ਗਏ ਟੁਟ ਸਤਰਾਣ ਤੇ ਅਕਲ ਡੁੱਬੀ, ਮੇਰੇ ਧੁਖ ਕਲੇਜੜੇ ਪਈ ਜੇ ਨੀ। ਕੀਕੂੰ ਕੰਨ ਪੜਾਇਕੇ ਜੀਂਵਦਾ ਏ, ਗੱਲਾਂ ਸੁਣਦਿਆਂ ਹੀ ਜਿੰਦ ਗਈ ਜੇ ਨੀ। ਰੋਵਾਂ ਜਦੋਂ ਸੁਣਿਆਂ ਓਸਦੇ ਦੁਖੜੇ ਨੂੰ, ਮੁੱਠੀ ਮੀਟ ਕੇ ਮੈਂ ਬਹਿ ਗਈ ਜੇ ਨੀ। ਮੱਸੁ-ਭਿੰਨੇ ਦਾ ਨਾਉਂ ਜਾਂ ਲੈਂਦੀਆਂ ਹੋ, ਜਿੰਦ ਸੁਣਦਿਆਂ ਹੀ ਲੁੜ੍ਹ ਗਈ ਜੇ ਨੀ। ਕਿਵੇਂ ਵੇਖੀਏ ਓਸ ਮਸਤਾਨੜੇ ਨੂੰ, ਜਿਸ ਦੀ ਤ੍ਰਿੰਞਣਾਂ ਵਿੱਚ ਧੁੰਮ ਪਈ ਜੇ ਨੀ। ਵੇਖਾਂ ਕਿਹੜੇ ਦੇਸ ਦਾ ਉਹ ਜੋਗੀ, ਓਸ ਥੋਂ ਕੈਣ ਪਿਆਰੀ ਰੁੱਸ ਗਈ ਜੇ ਨੀ। ਇੱਕ ਪੋਸਤ ਧਤੂਰਾ ਭੰਗ ਪੀ ਕੇ, ਮੌਤ ਓਸ ਨੇ ਮੁੱਲ ਕਿਉਂ ਲਈ ਜੇ ਨੀ। ਜਿਸ ਦਾ ਮਾਉਂ ਨਾ ਬਾਪ ਨਾ ਭੈਣ ਭਾਈ, ਕੌਣ ਕਰੇਗਾ ਓਸ ਦੀ ਰਈ ਜੇ ਨੀ। ਭਾਵੇਂ ਭੁਖੜਾ ਰਾਹ ਵਿੱਚ ਰਹੇ ਢੱਠਾ, ਕਿਸੇ ਖ਼ਬਰ ਨਾ ਓਸ ਦੀ ਲਈ ਜੇ ਨੀ। ਹਾਏ ਹਾਏ ਮੁੱਠੀ ਉਹਦੀ ਗੱਲ ਸੁਣ ਕੇ, ਮੈਂ ਤਾਂ ਨਿੱਘੜਾ ਬੋੜ ਹੋ ਗਈ ਜੇ ਨੀ। ਨਹੀਂ ਰਬ ਦੇ ਗ਼ਜ਼ਬ ਤੋਂ ਲੋਕ ਡਰਦੇ, ਮੱਥੇ ਲੇਖ ਦੀ ਰੇਖ ਵਹਿ ਗਈ ਜੇ ਨੀ। ਜਿਸ ਦਾ ਚੰਨ ਪੁੱਤਰ ਸਵਾਹ ਲਾ ਬੈਠਾ, ਦਿੱਤਾ ਰਬ ਦਾ ਮਾਉਂ ਸਹਿ ਗਈ ਜੇ ਨੀ। ਜਿਸ ਦੇ ਸੋਹਣੇ ਯਾਰ ਦੇ ਕੰਨ ਪਾਟੇ, ਉਹ ਤਾਂ ਨੱਢੜੀ ਚੌੜ ਹੋ ਗਈ ਜੇ ਨੀ। ਵਾਰਿਸ ਸ਼ਾਹ ਫਿਰੇ ਦੁੱਖਾਂ ਨਾਲ ਭਰਿਆ, ਖ਼ਲਕ ਮਗਰ ਕਿਉਂ ਓਸ ਦੇ ਪਈ ਜੇ ਨੀ। (ਮੁਠੀ ਮੁਠੀ=ਦੁਹਾਈ ਦੇ ਸ਼ਬਦ ਹਨ,ਹਾਏ ਲੋਕਾ ਮੈਂ ਧੋਖੇ ਵਿੱਚ ਲੁੱਟੀ ਗਈ, ਜਦੋਕਨੀ=ਜਦੋਂ ਦੀ, ਲਹਿ ਗਈ=ਧਰਤੀ ਵਿੱਚ ਨਿੱਘਰ ਗਈ, ਸਤਰਾਣ=ਤਾਕਤ, ਕਲੇਜੜੇ ਧੁਖ ਲੱਗੀ=ਕਾਲਜਾ ਸੜਣ ਲੱਗਾ, ਚੌੜ ਹੋ ਗਈ=ਬਰਬਾਦ ਹੋ ਗਈ)

310. ਤਥਾ

ਰੱਬ ਝੂਠ ਨਾ ਕਰੇ ਜੇ ਹੋਏ ਰਾਂਝਾ, ਤਾਂ ਮੈਂ ਚੌੜ ਹੋਈ ਮੈਨੂੰ ਪੱਟਿਆ ਸੂ। ਅੱਗੇ ਅੱਗ ਫ਼ਿਰਾਕ ਦੀ ਸਾੜ ਸੁੱਟੀ, ਸੜੀ ਬਲੀ ਨੂੰ ਮੋੜ ਕੇ ਫੱਟਿਆ ਸੂ। ਨਾਲੇ ਰੰਨ ਗਈ ਨਾਲੇ ਕੰਨ ਪਾਟੇ, ਆਖ ਇਸ਼ਕ ਥੀਂ ਨਫ਼ਾ ਕੀ ਖਟਿਆ ਸੂ। ਮੇਰੇ ਵਾਸਤੇ ਦੁਖੜੇ ਫਿਰੇ ਜਰਦਾ, ਲੋਹਾ ਤਾਇ ਜੀਭੇ ਨਾਲ ਚੱਟਿਆ ਸੂ। ਬੁੱਕਲ ਵਿੱਚ ਚੋਰੀ ਚੋਰੀ ਹੀਰ ਰੋਵੇ, ਘੜਾ ਨੀਰ ਦਾ ਚਾ ਪਲੱਟਿਆ ਸੂ। ਹੋਇਆ ਚਾਕ ਮਲੀ ਪਿੰਡੇ ਖਾਕ ਰਾਂਝੇ, ਲਾਹ ਨੰਗ ਨਾਮੂਸ ਨੂੰ ਸੱਟਿਆ ਸੂ। ਵਾਰਿਸ ਸ਼ਾਹ ਇਸ ਇਸ਼ਕ ਦੇ ਵਣਜ ਵਿੱਚੋਂ, ਜਫਾ ਜਾਲ ਕੀ ਖੱਟਿਆ ਵੱਟਿਆ ਸੂ। (ਜਰਦਾ=ਝਲਦਾ,ਸਹਿੰਦਾ, ਤਾਅ ਕੇ=ਗਰਮ ਕਰਕੇ, ਨੀਰ=ਪਾਣੀ,ਹੰਝੂ, ਨੰਗ ਨਾਮੂਸ=ਸ਼ਰਮ ਹਿਆ, ਜਫ਼ਾ ਜਾਲ ਕੇ=ਦੁਖ ਝੱਲ ਕੇ)

311. ਹੀਰ ਕੁੜੀਆਂ ਨੂੰ

ਗੱਲੀਂ ਲਾਇਕੇ ਕਿਵੇਂ ਲਿਆਉ ਉਸਨੂੰ, ਰਲ ਪੁਛੀਏ ਕਿਹੜੇ ਥਾਂਉਂਦਾ ਈ। ਖੇਹ ਲਾਇਕੇ ਦੇਸ ਵਿੱਚ ਫਿਰੇ ਭੌਂਦਾ, ਅਤੇ ਨਾਉਂ ਦਾ ਕੌਣ ਕਹਾਂਉਂਦਾ ਈ। ਵੇਖਾਂ ਕਿਹੜੇ ਦੇਸ ਦਾ ਚੌਧਰੀ ਹੈ, ਅਤੇ ਜ਼ਾਤ ਦਾ ਕੌਣ ਸਦਾਉਂਦਾ ਈ। ਵੇਖਾਂ ਰੋਹੀਓਂ, ਮਾਝਿਉਂ ਪੱਟੀਉਂ ਹੈ, ਰਾਵੀ ਬਿਆਸ ਦਾ ਇੱਕੇ ਝਨਾਉਂ ਦਾ ਈ। ਫਿਰੇ ਤ੍ਰਿੰਞਣਾ ਵਿੱਚ ਖ਼ੁਆਰ ਹੁੰਦਾ, ਵਿੱਚ ਵਿਹੜਿਆਂ ਫੇਰੀਆਂ ਪਾਉਂਦਾ ਈ। ਵਾਰਿਸ ਸ਼ਾਹ ਮੁੜ ਟੋਹ ਇਹ ਕਾਸ ਦਾ ਨੀ, ਕੋਈ ਏਸ ਦਾ ਭੇਤ ਨਾ ਪਾਉਂਦਾ ਈ। (ਭੌਂਦਾ=ਘੁੰਮਦਾ, ਰੋਹੀ=ਬਹਾਵਲਪੁਰ ਚੂਲਸਤਾਨ ਬੀਕਾਨੇਰ ਦਾ ਇਲਾਕਾ)

312. ਕੁੜੀਆਂ ਜੋਗੀ ਕੋਲ

ਲੈਣ ਜੋਗੀ ਨੂੰ ਆਈਆਂ ਧੁੰਬਲਾ ਹੋ, ਚਲੋ ਗੱਲ ਬਣਾਇ ਸਵਾਰੀਏ ਨੀ। ਸੱਭੇ ਬੋਲੀਆਂ 'ਵੇ ਨਮਸਕਾਰ ਜੋਗੀ', ਕਿਉਂ ਨੀ ਸਾਈਂ ਸਵਾਰੀਏ ਪਿਆਰੀਏ ਨੀ। ਵੱਡੀ ਮਿਹਰ ਹੋਈ ਏਸ ਦੇਸ ਉਤੇ, ਵਿਹੜੇ ਹੀਰ ਦੇ ਨੂੰ ਚਲ ਤਾਰੀਏ ਨੀ। ਨਗਰ ਮੰਗ ਅਤੀਤ ਨੇ ਅਜੇ ਖਾਣਾ, ਬਾਤਾਂ ਸ਼ੌਕ ਦੀਆਂ ਚਾਇ ਵਿਸਾਰੀਏ ਨੀ। ਮੇਲੇ ਕੁੰਭ ਦੇ ਹਮੀਂ ਅਤੀਤ ਚੱਲੇ, ਨਗਰ ਜਾਇਕੇ ਭੀਖ ਚਿਤਾਰੀਏ ਨੀ। ਵਾਰਿਸ ਸ਼ਾਹ ਤੁਮਹੀਂ ਘਰੋਂ ਖਾਇ ਆਈਆਂ, ਨਾਲ ਚਾਵੜਾਂ ਲਉ ਗੁਟਕਾਰੀਏ ਨੀ। (ਧੁੰਬਲਾ=ਗਰੋਹ ਬਣ ਕੇ, ਅਤੀਤ=ਜੋਗੀ, ਬੈਰਾਗੀ, ਸਾਈਂ ਸਵਾਰੀ=ਜਿਹਦੇ ਉਤੇ ਰਬ ਆਪ ਮਿਹਰ ਕਰੇ, ਗੁਟਕਾਰੀਏ=ਗੁਟਕਣਾ; ਪਾਠ ਭੇਦ: ਗੁਟਕਾਰੀਏ=ਘੁਮਕਾਰੀਏ)

313. ਕੁੜੀਆਂ

'ਰਸਮ ਜਗ ਦੀ ਕਰੋ ਅਤੀਤ ਸਾਈਂ', ਸਾਡੀਆਂ ਸੂਰਤਾਂ ਵਲ ਧਿਆਨ ਕੀਚੈ। ਅਜੂ ਖੇੜੇ ਦੇ ਵਿਹੜੇ ਨੂੰ ਕਰੋ ਫੇਰਾ, ਜ਼ਰਾ ਹੀਰ ਦੀ ਤਰਫ਼ ਧਿਆਨ ਕੀਚੈ। ਵਿਹੜਾ ਮਹਿਰ ਦਾ ਚਲੋ ਵਿਖਾ ਲਿਆਈਏ, ਸਹਿਤੀ ਮੋਹਣੀ ਤੇ ਨਜ਼ਰ ਆਣ ਕੀਚੈ। ਵਾਰਿਸ ਵੇਖੀਏ ਘਰਾਂ ਸਰਦਾਰ ਦੀਆਂ ਨੂੰ, ਅਜੀ ਸਾਹਿਬੋ ! ਨਾ ਗੁਮਾਨ ਕੀਚੈ। (ਮੋਹਣੀ=ਮੋਹ ਲਣੈ ਵਾਲੀ,ਸੁਹਣੀ)

314. ਰਾਂਝਾ

ਹਮੀਂ ਬੱਡੇ ਫ਼ਕੀਰ ਸਤ ਪੀੜ੍ਹੀਏ ਹਾਂ, ਰਸਮ ਜਗ ਦੀ ਹਮੀਂ ਨਾ ਜਾਨਤੇ ਹਾਂ। ਕੰਦ ਮੂਲ ਉਜਾੜ ਵਿੱਚ ਖਾਇਕੇ ਤੇ, ਬਣ ਬਾਸ ਲੈ ਕੇ ਮੌਜਾਂ ਮਾਨਤੇ ਹਾਂ। ਬਘਿਆੜ ਸ਼ੇਰ ਅਰ ਮਿਰਗ ਚੀਤੇ, ਹਮੀਂ ਤਿਨ੍ਹਾਂ ਦੀਆਂ ਸੂਰਤਾਂ ਝਾਨਤੇ ਹਾਂ। ਤੁਮਹੀਂ ਸੁੰਦਰਾਂ ਬੈਠੀਆਂ ਖ਼ੂਬਸੂਰਤ, ਹਮੀਂ ਬੂਟੀਆਂ ਝਾਣੀਆਂ ਛਾਨਤੇ ਹਾਂ। ਨਗਰ ਬੀਚ ਨਾ ਆਤਮਾ ਪਰਚਦਾ ਏ, ਉਦਿਆਨ ਪਖੀ ਤੰਬੂ ਤਾਨਤੇ ਹਾਂ। ਗੁਰੂ ਤੀਰਥ ਜੋਗ ਬੈਰਾਗ ਹੋਵੇ, ਰੂਪ ਤਿਨ੍ਹਾਂ ਦੇ ਹਮੀਂ ਪਛਾਨਤੇ ਹਾਂ। (ਅਰ=ਅਤੇ, ਝਾਨਤੇ=ਵੇਖਦੇ, ਝਾਨੀਆਂ=ਵੇਖਦੇ, ਉਦਿਆਨ=ਵਸੋਂ ਤੋਂ ਦੂਰ, ਜੰਗਲ ਵਿੱਚ ਪੱਖੀ ਤੰਬੂ=ਝੁੱਗੀ,ਦੋ ਬਾਂਸ ਜਾਂ ਲੱਕੜਾਂ ਸਿੱਧੀਆਂ ਗੱਡ ਕੇ ਉਨ੍ਹਾਂ ਦੇ ਸਿਰਿਆਂ ਉਪਰ ਵਿਚਕਾਰ ਇੱਕ ਹੋਰ ਲੱਕੜ ਬੰਨ੍ਹ ਕੇ, ਉੱਪਰ ਪਾਈ ਢਾਲੂ ਛੱਤ)

315. ਕੁੱਝ ਹੋਰ ਕੁੜੀਆਂ

ਪਿੱਛੋਂ ਹੋਰ ਆਈਆਂ ਮੁਟਿਆਰ ਕੁੜੀਆਂ, ਵੇਖ ਰਾਂਝਣੇ ਨੂੰ ਮੂਰਛਤ ਹੋਈਆਂ। ਅੱਖੀਂ ਟੱਡੀਆਂ ਰਹਿਉਂ ਨੇ ਮੁਖ ਮੀਟੇ, ਟੰਗਾਂ ਬਾਹਾਂ ਵੱਗਾ ਬੇਸੱਤ ਹੋਈਆਂ। ਅਨੀ ਆਉ ਖਾਂ ਪੁਛੀਏ ਨੱਢੜੇ ਨੂੰ, ਦੇਹੀਆਂ ਵੇਖ ਜੋਗੀ ਉਦਮਤ ਹੋਈਆਂ। ਧੁੱਪੇ ਆਣ ਖਲੋਤੀਆਂ ਵੇਂਹਦੀਆਂ ਨੇ, ਮੁੜ੍ਹਕੇ ਡੁੱਬੀਆਂ ਤੇ ਰੱਤੋ-ਰੱਤ ਹੋਈਆਂ। (ਮੂਰਛਤ=ਬੇਸੁਧ, ਟੱਡੀਆਂ=ਅੱਡੀਆਂ ਹੋਈਆਂ, ਵੱਗਾ=ਚਿੱਟਾ, ਬੇਸਤ= ਬਿਨਾ ਸਾਹ ਸਤ ਦੇ, ਉਦਮਤ=ਮਸਤ,ਹੈਰਾਨ)

316. ਕੁੜੀਆਂ ਆਪੋ ਵਿੱਚ

ਸਈਉ ਵੇਖੋ ਤੇ ਮਸਤ ਅਲੱਸਤ ਜੋਗੀ, ਜੈਂਦਾ ਰਬ ਦੇ ਨਾਲ ਧਿਆਨ ਹੈ ਨੀ। ਇਨ੍ਹਾਂ ਭੌਰਾਂ ਨੂੰ ਆਸਰਾ ਰਬ ਦਾ ਹੈ, ਘਰ ਬਾਰ ਨਾ ਤਾਣ ਨਾ ਮਾਣ ਹੈ ਨੀ। ਸੋਇਨੇ ਵੰਨੜੀ ਦੇਹੀ ਨੂੰ ਖੇਹ ਕਰਕੇ, ਚਲਣਾ ਖ਼ਾਕ ਵਿੱਚ ਫ਼ਕਰ ਦੀ ਬਾਣ ਹੈ ਨੀ। ਸੋਹਣਾ ਫੁਲ ਗੁਲਾਬ ਮਾਸ਼ੂਕ ਨੱਢਾ, ਰਾਜ ਪੁੱਤਰ ਤੇ ਸੁਘੜ ਸੁਜਾਨ ਹੈ ਨੀ। ਜਿਨ੍ਹਾਂ ਭੰਗ ਪੀਤੀ ਸਵਾਹ ਲਾਇ ਬੈਠੇ, ਓਨ੍ਹਾਂ ਮਾਹਣੂਆਂ ਦੀ ਕੇਹੀ ਕਾਣ ਹੈ ਨੀ। ਜਿਵੇਂ ਅਸੀਂ ਮੁਟਿਆਰ ਹਾਂ ਰੰਗ ਭਰੀਆਂ, ਤਿਵੇਂ ਇਹ ਭੀ ਅਸਾਡੜਾ ਹਾਣ ਹੈ ਨੀ। ਆਓ, ਪੁੱਛੀਏ ਕਿਹੜੇ ਦੇਸ ਦਾ ਹੈ, ਅਤੇ ਏਸ ਦਾ ਕੌਣ ਮਕਾਨ ਹੈ ਨੀ। (ਭੌਰ=ਆਸ਼ਕ, ਕਾਣ=ਸ਼ਰਮ,ਪਰਵਾਹ, ਮਕਾਨ=ਥਾਂ)

317. ਕੁੜੀਆਂ ਰਾਂਝੇ ਨੂੰ

ਸੁਣੀ ਜੋਗੀਆ ਗੱਭਰੂਆ ਛੈਲ ਬਾਂਕੇ, ਨੈਣਾਂ ਖੀਵਿਆ ਮਸਤ ਦੀਵਾਨਿਆ ਵੇ। ਕੰਨੀਂ ਮੁੰਦਰਾਂ ਖੱਪਰੀ ਨਾਦ ਸਿੰਙੀ, ਗਲ ਸੇਲ੍ਹੀਆਂ ਤੇ ਹਥ ਗਾਨਿਆ ਵੇ। ਵਿੱਚੋਂ ਨੈਣ ਹੱਸਣ ਹੋਠ ਭੇਤ ਦੱਸਣ, ਅੱਖੀਂ ਮੀਟਦਾ ਨਾਲ ਬਹਾਨਿਆ ਵੇ। ਕਿਸ ਮੁਨਿਉਂ ਕੰਨ ਕਿਸ ਪਾੜਿਉ ਨੀ, ਤੇਰਾ ਵਤਨ ਹੈ ਕੌਣ ਦੀਵਾਨਿਆ ਵੇ। ਕੌਣ ਜ਼ਾਤ ਹੈ ਕਾਸ ਤੋਂ ਜੋਗ ਲੀਤੋ, ਸੱਚੋ ਸੱਚ ਹੀ ਦੱਸ ਮਸਤਾਨਿਆ ਵੇ। ਏਸ ਉਮਰ ਕੀ ਵਾਇਦੇ ਪਏ ਤੈਨੂੰ, ਕਿਉਂ ਭੌਨਾ ਏਂ ਦੇਸ ਬੇਗਾਨਿਆ ਵੇ। ਕਿਸੇ ਰੰਨ ਭਾਬੀ ਬੋਲੀ ਮਾਰਿਆ ਈ, ਹਿੱਕ ਸਾੜਿਆ ਸੂ ਨਾਲ ਤਾਨ੍ਹਿਆਂ ਵੇ। ਵਿੱਚ ਤ੍ਰਿੰਞਣਾ ਪਵੇ ਵਿਚਾਰ ਤੇਰੀ, ਹੋਵੇ ਜ਼ਿਕਰ ਤੇਰਾ ਚੱਕੀ-ਹਾਨਿਆਂ ਵੇ। ਬੀਬਾ ਦੱਸ ਸ਼ਤਾਬ ਹੋ ਜੀਊ ਜਾਂਦਾ, ਅਸੀਂ ਧੁਪ ਦੇ ਨਾਲ ਮਰ ਜਾਨੀਆਂ ਵੇ। ਕਰਨ ਮਿੰਨਤਾਂ ਮੁੱਠੀਆਂ ਭਰਨ ਲੱਗੀਆਂ, ਅਸੀਂ ਪੁਛ ਕੇ ਹੀ ਟੁਰ ਜਾਨੀਆਂ ਵੇ। ਵਾਰਿਸ ਸ਼ਾਹ ਗੁਮਾਨ ਨਾ ਪਵੀਂ ਮੀਆਂ, ਅਵੇ ਹੀਰ ਦਿਆ ਮਾਲ ਖ਼ਜ਼ਾਨਿਆ ਵੇ। (ਵਾਇਦੇ=ਦੁਖ, ਚੱਕੀ ਹਾਨਾ=ਚੱਕੀ-ਖ਼ਾਨਾ, ਸ਼ਤਾਬ=ਛੇਤੀ, ਜੀਊ ਜਾਂਦਾ= ਗਰਮੀ ਨਾਲ ਦਿਲ ਘਬਰਾ ਰਿਹਾ)

318. ਰਾਂਝਾ

ਰਾਂਝਾ ਆਖਦਾ ਖਿਆਲ ਨਾ ਪਵੋ ਮੇਰੇ, ਸੱਪ ਸ਼ੀਂਹ ਫ਼ਕੀਰ ਦਾ ਦੇਸ ਕੇਹਾ। ਕੂੰਜਾਂ ਵਾਂਗ ਮਮੋਲੀਆਂ ਦੇਸ ਛੱਡੇ, ਅਸਾਂ ਜ਼ਾਤ ਸਿਫ਼ਾਤ ਤੇ ਭੇਸ ਕੇਹਾ। ਵਤਨ ਦਮਾਂ ਦੇ ਨਾਲ ਤੇ ਜ਼ਾਤ ਜੋਗੀ, ਸਾਨੂੰ ਸਾਕ ਕਬੀਲੜਾ ਖ਼ੇਸ਼ ਕੇਹਾ। ਜੇਹੜਾ ਵਤਨ ਤੇ ਜ਼ਾਤ ਵਲ ਧਿਆਨ ਰੱਖੇ, ਦੁਨੀਆਂਦਾਰ ਹੈ ਉਹ ਦਰਵੇਸ਼ ਕੇਹਾ। ਦੁਨੀਆਂ ਨਾਲ ਪੈਵੰਦ ਹੈ ਅਸਾਂ ਕੇਹਾ, ਪੱਥਰ ਜੋੜਨਾ ਨਾਲ ਸਰੇਸ਼ ਕੇਹਾ। ਸੱਭਾ ਖ਼ਾਕ ਦਰ ਖ਼ਾਕ ਫ਼ਨਾ ਹੋਣਾ, ਵਾਰਿਸ ਸ਼ਾਹ ਫਿਰ ਤਿਨ੍ਹਾਂ ਨੂੰ ਐਸ਼ ਕੇਹਾ। (ਕਬੀਲੜਾ=ਟੱਬਰ,ਕੁਟੰਭ, ਦਮਾਂ=ਸਾਹਾਂ)

319. ਤਥਾ

ਸਾਨੂੰ ਨਾ ਅਕਾਉ ਰੀ ਭਾਤ ਖਾਣੀ, ਖੰਡਾ ਕਰੋਧ ਕਾ ਹਮੀਂ ਨਾ ਸੂਤਨੇ ਹਾਂ। ਜੇ ਕਰ ਆਪਣੀ ਆਈ ਤੇ ਆ ਜਾਈਏ, ਖੁੱਲ੍ਹੀ ਝੰਡ ਸਿਰ ਤੇ ਅਸੀਂ ਭੂਤਨੇ ਹਾਂ। ਘਰ ਮਹਿਰਾਂ ਦੇ ਕਾਸਨੂੰ ਅਸਾਂ ਜਾਣਾ, ਸਿਰ ਮਹਿਰੀਆਂ ਦੇ ਅਸੀਂ ਮੂਤਨੇ ਹਾਂ। ਵਾਰਿਸ ਸ਼ਾਹ ਮੀਆਂ ਹੇਠ ਬਾਲ ਭਾਂਬੜ, ਉਲਟੇ ਹੋਇਕੇ ਰਾਤ ਨੂੰ ਝੂਟਨੇ ਹਾਂ। 320. ਕੁੜੀਆਂ ਤੇ ਰਾਂਝਾ

ਅਸਾਂ ਅਰਜ਼ ਕੀਤਾ ਤੈਨੂੰ ਗੁਰੂ ਕਰਕੇ, ਬਾਲ ਨਾਥ ਦੀਆਂ ਤੁਸੀਂ ਨਿਸ਼ਾਨੀਆਂ ਹੋ। ਤਨ ਛੇਦਿਆ ਹੈ ਕਿਵੇਂ ਜ਼ਾਲਮਾਂ ਨੇ, ਕਸ਼ਮੀਰ ਦੀਆਂ ਤੁਸੀਂ ਖ਼ੁਰਮਾਨੀਆਂ ਹੋ। ਸਾਡੀ ਆਜਜ਼ੀ ਤੁਸੀਂ ਨਾ ਮੰਨਦੇ ਹੋ, ਗ਼ੁੱਸੇ ਨਾਲ ਪਸਾਰ ਦੇ ਆਨੀਆਂ ਹੋ। ਅਸਾਂ ਆਖਿਆ ਮਹਿਰ ਦੇ ਚਲੋ ਵਿਹੜੇ, ਤੁਸੀਂ ਨਹੀਂ ਕਰਦੇ ਮਿਹਰਬਾਨੀਆਂ ਹੋ। ਸਭੇ ਸੋਂਹਦੀਆਂ ਤ੍ਰਿੰਞਣੀਂ ਸ਼ਾਹ ਪਰੀਆਂ, ਜਿਵੇਂ ਤਕਰਸ਼ਾਂ ਦੀਆਂ ਤੁਸੀਂ ਕਾਨੀਆਂ ਹੋ। ਚਲ ਕਰੋ ਅੰਗੁਸ਼ਤ ਫ਼ਰਿਸ਼ਤਿਆਂ ਨੂੰ, ਤੁਸੀਂ ਅਸਲ ਸ਼ੈਤਾਨ ਦੀਆਂ ਨਾਨੀਆਂ ਹੋ। ਤੁਸਾਂ ਸ਼ੇਖ ਸਾਅਦੀ ਨਾਲ ਮਕਰ ਕੀਤਾ, ਤੁਸੀਂ ਵੱਡੇ ਸ਼ਰਰ ਦੀਆਂ ਬਾਨੀਆਂ ਹੋ। ਅਸੀਂ ਕਿਸੇ ਪਰਦੇਸ ਦੇ ਫ਼ਕਰ ਆਏ, ਤੁਸੀਂ ਨਾਲ ਸ਼ਰੀਕਾਂ ਦੇ ਸਾਨੀਆਂ ਹੋ। ਜਾਉ ਵਾਸਤੇ ਰਬ ਦੇ ਖ਼ਿਆਲ ਛੱਡੋ, ਸਾਡੇ ਹਾਲ ਥੀਂ ਤੁਸੀਂ ਬੇਗਾਨੀਆਂ ਹੋ। ਵਾਰਿਸ ਸ਼ਾਹ ਫ਼ਕੀਰ ਦੀਵਾਨੜੇ ਨੇ, ਤੁਸੀਂ ਦਾਨੀਆਂ ਅਤੇ ਪਰਧਾਨੀਆਂ ਹੋ। (ਤਨ ਛੇਦਿਆ=ਸਰੀਰ ਵਿੱਚ ਗਲੀਆਂ ਕੀਤੀਆਂ, ਆਨੀਆਂ ਪਸਾਰਦੇ=ਡੇਲ ਕੱਢਦੇ ਹੋ, ਤਰਕਸ਼=ਤੀਰਾਂ ਦਾ ਭੱਥਾ, ਅੰਗੁਸ਼ਤ=ਉਂਗਲੀ,ਇਸ਼ਾਰਾ, ਸ਼ੇਖ਼ ਸਾਅਦੀ= ਈਰਾਨ ਦੇ ਬਹੁਤ ਵੱਡੇ ਸ਼ਾਇਰ, 'ਗੁਲਿਸਤਾਂ' ਅਤੇ 'ਬੋਸਤਾਂ' ਦੋ ਜਗਤ ਪ੍ਰਸਿੱਧ ਕਿਤਾਬਾਂ ਦੇ ਰਚੇਤਾ ਹਨ।ਦੱਸਿਆ ਜਾਂਦਾ ਹੈ ਕਿ ਉਹ ਭਾਰਤ ਵੀ ਆਏ ਸਨ। ਉਨ੍ਹਾਂ ਔਰਤਾਂ ਦੇ ਚਲਿੱਤਰਾਂ ਬਾਰੇ ਸੁਣਿਆ ਹੋਇਆ ਸੀ।ਇੱਕ ਪਿੰਡ ਜਾ ਕੇ ਸਭ ਤੋਂ ਵਧ ਭਲੀਮਾਨਸ ਔਰਤ ਦਾ ਪਤਾ ਕੀਤਾ।ਜਦੋਂ ਉਹ ਖੂਹ ਤੇ ਪਾਣੀ ਭਰਨ ਆਈ ਤਾਂ ਉਹਨੂੰ ਚਲਿੱਤਰਾਂ ਬਾਬਤ ਪੁੱਛਿਆ।ਉਹ ਕਹਿਣ ਲੱਗੀ ਕਿ ਉਹਨੂੰ ਨਹੀਂ ਆਉਂਦੇ, ਉਹ ਹੋਰ ਔਰਤਾਂ ਦਾ ਪਤਾ ਦੱਸ ਸਕਦੀ ਹੈ।ਉਹਨੂੰ ਇੱਕ ਨਿੱਕੀ ਜਹੀ ਮਕਰੀ ਆਉਂਦੀ ਹੈ।ਉਹ ਦਿਖਾ ਸਕਦੀ ਹੈ।ਸ਼ੇਖ ਦੇ ਹਾਂ ਕਹਿਣ ਤੇ ਉਹਨੇ ਕਿਹਾ ਕਿ ਜਦੋਂ ਉਹ ਉਹਦੇ ਕੋਲੋਂ ਕੁੱਝ ਕਦਮ ਪਰੇ ਜਾਵੇਗਾ ਸ਼ੁਰੂ ਕਰੇਗੀ।ਜਦੋਂ ਸ਼ੇਖ ਸਾਹਿਬ ਕੁੱਝ ਕਦਮ ਪਰੇ ਨਾਲ ਦੀ ਗਲੀ ਮੁੜੇ ਤਾਂ ਉਹਨੇ ਰੋਲਾ ਪਾ ਦਿੱਤਾ ਕਿ ਲੋਕੋ ਫੜੋ, ਨਾਲ ਦੀ ਗਲੀ ਜਾਣ ਵਾਲਾ ਕਾਣਾ ਪੁਰਸ਼ ਉਹਦੀ ਇੱਜ਼ਤ ਲੁੱਟਣੀ ਚਾਹੁੰਦਾ ਹੈ, ਲੋਕਾਂ ਫੜ ਕੇ ਸ਼ੇਖ਼ ਦੀ ਖਿੱਚ ਧੂਹ ਕੀਤੀ।ਕੋਤਵਾਲ ਕੋਲ ਲਿਜਾ ਕੇ ਇੱਕ ਮਕਾਨ ਵਿੱਚ ਬੰਦ ਕਰ ਦਿੱਤਾ।ਫਿਰ ਉਹ ਔਰਤ ਫੜਣ ਵਾਲਿਆਂ ਨੂੰ ਕਹਿਣ ਲੱਗੀ ਤੁਸੀਂ ਉਸ ਕਾਣੇ ਆਦਮੀ ਨਾਲ ਚੰਗੀ ਕੀਤੀ ਉਹ ਬਦਮਾਸ਼ ਏਸੇ ਦਾ ਹੱਕਦਾਰ ਸੀ।ਫੜਣ ਵਾਲੇ ਆਖਣ ਲੱਗੇ ਕਿ ਉਹ ਗਲਤ ਪੁਰਸ਼ ਫੜ ਲਿਆਏ ਹਨ।ਸ਼ੇਖ ਨੂੰ ਵੇਖ ਕੇ ਉਹ ਆਖਣ ਲੱਗੀ ਕਿ ਮੈਨੂੰ ਛੇੜਣ ਵਾਲਾ ਪੁਰਸ਼ ਅੱਖੋਂ ਕਾਣਾ ਸੀ।ਜਿਹੜਾ ਤੁਸੀਂ ਫੜ ਲਿਆਏ ਹੋ ਉਹ ਤਾ ਸ਼ੇਖ਼ ਸਾਅਦੀ ਹੈ ਜਿਹੜਾ ਉਹਨੇ ਰਾਤੀਂ ਸੁਫ਼ਨੇ ਵਿੱਚ ਵੇਖਿਆ ਸੀ।ਔਰਤ ਨੇ ਸ਼ੇਖ਼ ਦੇ ਪੈਰੀਂ ਹੱਥ ਲਾਏ ਅਤੇ ਕਿਹਾ ਇਹ ਤਾਂ ਵਲੀ ਪੁਰਸ਼ ਫਰਿਸ਼ਤਾ ਹੈ।ਉਹ ਕਾਣਾ ਸੂਰ ਵੀ ਇਸੇ ਗਲੀ ਵਿੱਚ ਭੱਜਾ ਸੀ।ਮੈਨੂੰ ਮੁਆਫ਼ ਕਰੋ' ਫੜਣ ਵਾਲਿਆਂ ਵੀ ਸਾਅਦੀ ਤੋਂ ਮੁਆਫ਼ੀ ਮੰਗੀ। ਜਾਂਦੀ ਹੋਈ ਉਹ ਔਰਤ ਕਹਿ ਗਈ ਕਿ ਉਹਨੂੰ ਤਾਂ ਨਿੱਕੀ ਜਹੀ ਮਕਰੀ ਆਉਂਦੀ ਸੀ ਉਹ ਦਿਖਾ ਦਿੱਤੀ ਹੈ, ਸ਼ਰਰ=ਸ਼ਰਾਰਤ, ਸਾਨੀ= ਬਰਾਬਰ)

321. ਰਾਂਝਾ

ਹਮੀਂ ਭਿਛਿਆ ਵਾਸਤੇ ਤਿਆਰ ਬੈਠੇ, ਤੁਮਹੀਂ ਆਣ ਕੇ ਰਿੱਕਤਾਂ ਛੇੜਦੀਆਂ ਹੋ। ਅਸਾਂ ਲਾਹ ਪੰਜਾਲੀਆਂ ਜੋਗ ਛੱਡੀ, ਤੁਸੀਂ ਫੇਰ ਮੁੜ ਖੂਹ ਨੂੰ ਗੇੜਦੀਆਂ ਹੋ। ਅਸੀਂ ਛੱਡ ਝੇੜੇ ਜੋਗ ਲਾਇ ਬੈਠੇ, ਤੁਸੀਂ ਫੇਰ ਆਲੂਦ ਲਬੇੜਦੀਆਂ ਹੋ। ਪਿੱਛੋਂ ਕਹੋਗੀ ਭੂਤਨੇ ਆਣ ਲੱਗੇ, ਅੰਨ੍ਹੇ ਖੂਹ ਵਿੱਚ ਸੰਗ ਕਿਉਂ ਰੇੜ੍ਹਦੀਆਂ ਹੋ। ਹਮੀਂ ਭਿਖਿਆ ਮਾਂਗਨੇ ਚਲੇ ਹਾਂ ਰੀ, ਤੁਮ੍ਹੀਂ ਆਣ ਕੇ ਕਾਹਿ ਖਹੇੜਦੀਆਂ ਹੋ। (ਆਲੂਦ=ਲਿਬੜਿਆ ਹੋਇਆ, ਸੰਗ=ਪੱਥਰ, ਅੰਨ੍ਹਾ ਖੂਹ=ਬੇਆਬਾਦ ਜਾਂ ਉਜੜਿਆ ਖੂਹ ਜਿਸ ਬਾਬਤ ਵਹਿਮ ਸੀ ਕਿ ਉਸ ਵਿੱਚ ਇੱਟ ਪੱਥਰ ਮਾਰਨ ਨਾਲ ਭੂਤ ਲਗ ਜਾਂਦੇ ਹਨ)

322. ਰਾਂਝਾ ਗਦਾ ਕਰਨ ਤੁਰ ਪਿਆ

ਰਾਂਝਾ ਖੱਪਰੀ ਪਕੜ ਕੇ ਗਜ਼ੇ ਚੜ੍ਹਿਆ, ਸਿੰਙੀ ਦਵਾਰ-ਬ-ਦਵਾਰ ਵਜਾਉਂਦਾ ਏ। ਕੋਈ ਦੇ ਸੀਧਾ ਕੋਈ ਪਾਏ ਟੁੱਕੜ, ਕੋਈ ਥਾਲੀਆਂ ਪਰੋਸ ਲਿਆਉਂਦਾ ਏ। ਕੋਈ ਆਖਦੀ ਜੋਗੀੜਾ ਨਵਾਂ ਬਣਿਆ, ਰੰਗ ਰੰਗ ਦੀ ਕਿੰਗ ਵਜਾਉਂਦਾ ਏ। ਕੋਈ ਦੇ ਗਾਲੀ ਧਾੜੇ ਮਾਰ ਫਿਰਦਾ, ਕੋਈ ਬੋਲਦੀ ਜੋ ਮਨ ਭਾਉਂਦਾ ਏ। ਕੋਈ ਜੋੜ ਕੇ ਹੱਥ ਤੇ ਕਰੇ ਮਿੰਨਤ, ਸਾਨੂੰ ਆਸਰਾ ਫ਼ਕਰ ਦੇ ਨਾਉਂ ਦਾ ਏ। ਕੋਈ ਆਖਦੀ ਮਸਤਿਆ ਚਾਕ ਫਿਰਦਾ, ਨਾਲ ਮਸਤੀਆਂ ਘੂਰਦਾ ਗਾਉਂਦਾ ਏ। ਕੋਈ ਆਖਦੀ ਮਸਤ ਦੀਵਾਨੜਾ ਹੈ, ਬੁਰਾ ਲੇਖ ਜਨੈਂਦੜੀ ਮਾਉਂ ਦਾ ਏ। ਕੋਈ ਆਖਦੀ ਠਗ ਉਧਾਲ ਫਿਰਦਾ, ਸੂਹਾ ਚੋਰਾਂ ਦੇ ਕਿਸੇ ਰਾਉਂ ਦਾ ਏ। ਲੜੇ ਭਿੜੇ ਤੇ ਗਾਲੀਆਂ ਦਏ ਲੋਕਾਂ, ਠਠੇ ਮਾਰਦਾ ਲੋੜ੍ਹ ਕਮਾਂਉਦਾ ਏ। ਆਟਾ ਕਣਕ ਦਾ ਲਏ ਤੇ ਘਿਉ ਭੱਤਾ, ਦਾਣਾ ਟੁਕੜਾ ਗੋਦ ਨਾ ਪਾਉਂਦਾ ਏ। ਵਾਰਿਸ ਸ਼ਾਹ ਰੰਝੇਟੜਾ ਚੰਦ ਚੜ੍ਹਿਆ, ਘਰੋ ਘਰੀ ਮੁਬਾਰਕਾਂ ਲਿਆਉਂਦਾ ਏ। (ਗਜ਼ਾ ਕਰਨ=ਮੰਗਣ, ਸੀਧਾ=ਕੱਚਾ ਖੁਸ਼ਕ ਰਾਸ਼ਨ, ਧਾੜੇ ਮਾਰ=ਚੋਰ,ਡਾਕੂ, ਠੱਠੇ ਮਾਰ=ਮਖੌਲ ਉਡਾਉਣ ਵਾਲਾ)

323. ਰਾਂਝਾ

ਆ ਵੜੇ ਹਾਂ ਉਜੜੇ ਪਿੰਡ ਅੰਦਰ, ਕਾਈ ਕੁੜੀ ਨਾ ਤ੍ਰਿੰਞਣੀਂ ਗਾਂਵਦੀ ਹੈ। ਨਾਹੀਂ ਕਿਕਲੀ ਪਾਂਵਦੀ ਨਾ ਸੰਮੀ, ਪੰਬੀ ਪਾ ਨਾ ਧਰਤ ਹਲਾਂਵਦੀ ਹੈ। ਨਾਹੀਂ ਚੂਹੜੀ ਦਾ ਗੀਤ ਗਾਂਉਂਦੀਆਂ ਨੇ, ਗਿੱਧਾ ਰਾਹ ਵਿੱਚ ਕਾਈ ਨਾ ਪਾਂਵਦੀ ਹੈ। ਵਾਰਿਸ ਸ਼ਾਹ ਛੱਡ ਚੱਲੀਏ ਇਹ ਨਗਰੀ, ਐਸੀ ਤਬ੍ਹਾ ਫ਼ਕੀਰ ਦੀ ਆਂਵਦੀ ਹੈ। (ਸੰਮੀ=ਹਲਕਾ ਚੁਸਤ ਨਾਚ, ਪੰਬੀ=ਛਾਲ ਮਾਰ ਕੇ ਨੱਚਣਾ)

324. ਕੁੜੀਆਂ

ਚਲ ਜੋਗੀਆ ਅਸੀਂ ਵਿਖਾ ਲਿਆਈਏ, ਜਿੱਥੇ ਤ੍ਰਿੰਞਣੀਂ ਛੋਹਰੀਆਂ ਗਾਉਂਦੀਆਂ ਨੇ। ਲੈ ਕੇ ਜੋਗੀ ਨੂੰ ਆਣ ਵਿਖਾਲਿਉ ਨੇ, ਜਿੱਥੇ ਵਹੁਟੀਆਂ ਛੋਪ ਰਲ ਪਾਉਂਦੀਆਂ ਨੇ। ਇੱਕ ਨੱਚਦੀਆਂ ਮਸਤ ਮਲੰਗ ਬਣ ਕੇ, ਇੱਕ ਸਾਂਗ ਚੂੜ੍ਹੀ ਦਾ ਲਾਉਂਦੀਆਂ ਨੇ। ਇੱਕ ਬਾਇੜਾਂ ਨਾਲ ਘਸਾ ਬਾਇੜ, ਇੱਕ ਮਾਲ੍ਹ ਤੇ ਮਾਲ੍ਹ ਫਿਰਾਉਂਦੀਆਂ ਨੇ। ਵਾਰਿਸ ਸ਼ਾਹ ਜੋਗੀ ਆਣ ਧੁੱਸ ਦਿੱਤੀ,ਕੁੜੀਆਂ ਸੱਦ ਕੇ ਕੋਲ ਬਹਾਉਂਦੀਆਂ ਨੇ। (ਛੋਪ=ਜੋਟੇ, ਬਾਇੜਾਂ=ਲਕੜੀ ਦਾ ਗੋਲ ਚੱਕਰ)

325. ਤ੍ਰਿੰਞਣ ਵਿੱਚ ਜ਼ਾਤਾਂ ਦਾ ਵੇਰਵਾ

ਜਿੱਥੇ ਤ੍ਰਿੰਞਣਾਂ ਦੀ ਘੁਮਕਾਰ ਪੌਂਦੀ, ਅੱਤਣ ਬੈਠੀਆਂ ਲਖ ਮਹਿਰੇਟੀਆਂ ਨੇ। ਖਤਰੇਟੀਆਂ ਅਤੇ ਬਹਿਮਨੇਟੀਆਂ ਨੇ, ਤੁਰਕੇਟੀਆਂ ਅਤੇ ਜਟੇਟੀਆਂ ਨੇ। ਲੁਹਾਰੀਆਂ ਲੌਂਗ ਸੁਪਾਰੀਆਂ ਨੇ, ਸੁੰਦਰ ਖੋਜੀਆਂ ਅਤੇ ਰੰਘੜੇਟੀਆਂ ਨੇ। ਸੁੰਦਰ ਕੁਆਰੀਆਂ ਰੂਪ ਸੰਗਾਰੀਆਂ ਨੇ, ਅਤੇ ਵਿਆਹੀਆਂ ਮੁਸ਼ਕ ਲਪੇਟੀਆਂ ਨੇ। ਅਰੋੜੀਆਂ ਮੁਸ਼ਕ ਵਿੱਚ ਬੋੜੀਆਂ ਨੇ, ਫੁਲਹਾਰੀਆਂ ਛੈਲ ਸੁਨਰੇਟੀਆਂ ਨੇ। ਮਨਿਹਾਰੀਆਂ ਤੇ ਪੱਖੀਵਾਰੀਆਂ, ਨੇ ਸੁੰਦਰ ਤੇਲਣਾਂ ਨਾਲ ਮੋਚੇਟੀਆਂ ਨੇ। ਪਠਾਣੀਆਂ ਚਾਦਰਾਂ ਤਾਣੀਆਂ ਨੇ, ਪਸ਼ਤੋ ਮਾਰਦੀਆਂ ਨਾਲ ਮੁਗ਼ਲੇਟੀਆਂ ਨੇ। ਪਿੰਜਾਰੀਆਂ ਨਾਲ ਚਮਿਆਰੀਆਂ ਨੇ, ਰਾਜਪੂਤਨੀਆਂ ਨਾਲ ਭਟੇਟੀਆਂ ਨੇ। ਦਰਜ਼ਾਨੀਆਂ ਸੁਘੜ ਸਿਆਣੀਆਂ ਨੇ, ਬਰਵਾਲੀਆਂ ਨਾਲ ਮਛੇਟੀਆਂ ਨੇ। ਸਈਅੱਦ ਜ਼ਾਦੀਆਂ ਤੇ ਸ਼ੈਖ਼ ਜ਼ਾਦੀਆਂ, ਨੇ ਤਰਖਾਣੀਆਂ ਨਾਲ ਘੁਮਰੇਟੀਆਂ ਨੇ। ਰਾਉਲਿਆਣੀਆਂ ਬੇਟੀਆਂ ਬਾਣੀਆਂ ਦੀਆਂ, ਛੰਨਾਂ ਵਾਲੀਆਂ ਨਾਲ ਵਣੇਟੀਆਂ ਨੇ। ਚੰਗੜਿਆਣੀਆਂ ਨਾਇਣਾਂ ਮੀਰਜ਼ਾਦਾਂ, ਜਿਨ੍ਹਾਂ ਲੱਸੀਆਂ ਨਾਲ ਲਪੇਟੀਆਂ ਨੇ। ਗੰਧੀਲਣਾਂ ਛੈਲ ਛਬੀਲੀਆਂ ਨੇ, ਤੇ ਕਲਾਲਣਾਂ ਭਾਬੜੀਆਂ ਬੇਟੀਆਂ ਨੇ। ਬਾਜ਼ੀਗਰਨੀਆਂ ਨਟਨੀਆਂ ਕੁੰਗੜਾਨੀਆਂ, ਵੀਰਾ ਰਾਧਣਾਂ ਰਾਮ ਜਣੇਟੀਆਂ ਨੇ। ਪੂਰਬਿਆਣੀਆਂ ਛੀਂਬਣਾਂ ਰੰਗਰੇਜ਼ਾਂ, ਬੈਰਾਗਣਾਂ ਨਾਲ ਠਠਰੇਟੀਆਂ ਨੀ। ਸੰਡਾਸਣਾਂ ਅਤੇ ਖ਼ਰਾਸਣਾਂ ਨੀ ,ਢਾਲਗਰਨੀਆਂ ਨਾਲ ਵਣਸੇਟੀਆਂ ਨੀ। ਕੁੰਗਰਾਣੀਆਂ ਡੂਮਣੀਆਂ ਦਾਈਂ ਕੁੱਟਾਂ, ਆਤਿਸ਼ਬਾਜ਼ਣਾਂ ਨਾਲ ਪਹਿਲਵੇਟੀਆਂ ਨੇ। ਖਟੀਕਣਾਂ ਤੇ ਨੇਚਾ ਬੰਦਨਾਂ ਨੇ, ਚੂੜੀਗਰਨੀਆਂ ਤੇ ਕੰਮਗਰੇਟੀਆਂ ਨੇ। ਭਰਾਇਣਾਂ ਵਾਹਨਾਂ ਸਰਸਸਿਆਣੀਆਂ, ਸਾਉਂਸਿਆਣੀਆਂ ਕਿਤਨ ਕੋਝੇਟੀਆਂ ਨੇ। ਬਹਿਰੂਪਣਾਂ ਰਾਂਝਣਾਂ ਜ਼ੀਲਵੱਟਾਂ, ਬਰਵਾਲੀਆਂ ਭੱਟ ਬਹਿਮਨੇਟੀਆਂ ਨੇ। ਲੁਬਾਣੀਆਂ ਢੀਡਣਾਂ ਪੀਰਨੀਆਂ ਨੇ, ਸਾਊਆਣੀਆਂ ਦੁਧ ਦੁਧੇਟੀਆਂ ਨੇ। ਝਬੇਲਣਾ ਮਿਉਣੀਆਂ ਫਫੇਕੁਟਣੀਆਂ, ਜੁਲਹੇਟੀਆਂ ਨਾਲ ਕਸੇਟੀਆਂ ਨੇ। ਕਾਗ਼ਜ਼-ਕੁੱਟ ਡਬਗਰਨੀਆਂ ਉਰਦ-ਬੇਗਾਂ, ਹਾਥੀਵਾਨੀਆਂ ਨਾਲ ਬਲੋਚੇਟੀਆਂ ਨੇ। ਬਾਂਕੀਆਂ ਗੁਜਰੀਆਂ ਡੋਗਰੀਆਂ ਛੈਲ ਬਣੀਆਂ, ਰਾਜਵੰਸਣਾਂ ਰਾਜੇ ਦੀਆਂ ਬੇਟੀਆਂ ਨੇ। ਪਕੜ ਅੰਚਲਾ ਜੋਗੀ ਨੂੰ ਲਾ ਗੱਲੀਂ, ਵਿਹੜੇ ਵਾੜ ਕੇ ਘੇਰ ਲੈ ਬੈਠੀਆਂ ਨੇ। ਵਾਰਿਸ ਸ਼ਾਹ ਜੀਜਾ ਬੈਠਾ ਹੋ ਜੋਗੀ, ਦਵਾਲੇ ਬੈਠੀਆਂ ਸਾਲੀਆਂ ਜੇਠੀਆਂ ਨੇ। (ਘੁਮਕਾਰ=ਗੂੰਜ, ਅੱਤਣ=ਕੁੜੀਆਂ ਦੀ ਮਹਿਫ਼ਲ, ਵਣੇਟੀ=ਵਾਣ ਵੱਟਨ ਵਾਲੀ, ਮੀਰਜ਼ਾਦੀ=ਸੱਯਦਜ਼ਾਦੀ, ਕਲਾਲਣ=ਸ਼ਰਾਬ ਕੱਢਣ ਤੇ ਵੇਚਣ ਵਾਲੀ, ਰਾਮ ਜਣੀ= ਨਾਚੀ, ਵਣਸੇਟੀ=ਬਾਂਸ, ਨੜੇ ਅਤੇ ਸਰਕੰਡੇ ਦਾ ਸਮਾਨ ਬਣਾਉਣ ਵਾਲੀ, ਅੰਚਲਾ= ਆਂਚਲ,ਪੱਲਾ, ਕੁੰਗਰਾਣੀ=ਮਿੱਟੀ ਦੇ ਖਿਡੌਣੇ ਬਣਾਉਣ ਵਾਲੀ, ਪਹਿਲਵੇਟੀ= ਪਹਿਲਵਾਨ ਦੀ ਇਸਤਰੀ, ਕੰਮਗਰੇਟੀ=ਕਮਾਨ ਬਣਾਉਣ ਵਾਲੀ)

326. ਤਥਾ

ਕਾਈ ਆ ਰੰਝੇਟੇ ਦੇ ਨੈਣ ਵੇਖੇ, ਕਾਈ ਮੁਖੜਾ ਵੇਖ ਸਲਾਹੁੰਦੀ ਹੈ। ਅੜੀਉ ਵੇਖੋ ਤਾਂ ਸ਼ਾਨ ਇਸ ਜੋਗੀੜੇ ਦੀ, ਰਾਹ ਜਾਂਦੜੇ ਮਿਰਗ ਫਹਾਉਂਦੀ ਹੈ। ਝੂਠੀ ਦੋਸਤੀ ਉਮਰ ਦੇ ਨਾਲ ਜੁੱਸੇ, ਦਿਨ ਚਾਰ ਨਾ ਤੋੜ ਨਿਬਾਹੁੰਦੀ ਹੈ। ਕੋਈ ਓਢਨੀ ਲਾਹ ਕੇ ਮੁਖ ਪੂੰਝੇ, ਧੋ ਧਾ ਬਿਭੂਤ ਚਾ ਲਾਹੁੰਦੀ ਹੈ। ਕਾਈ ਮੁਖ ਰੰਝੇਟੇ ਦੇ ਨਾਲ ਜੋੜੇ, ਤੇਰੀ ਤਬ੍ਹਾ ਕੀ ਜੋਗੀਆ ਚਾਹੁੰਦੀ ਹੈ। ਸਹਿਤੀ ਲਾਡ ਦੇ ਨਾਲ ਚਵਾ ਕਰਕੇ, ਚਾਇ ਸੇਲ੍ਹੀਆਂ ਜੋਗੀ ਦੀਆਂ ਲਾਹੁੰਦੀ ਹੈ। ਰਾਂਝੇ ਪੁੱਛਿਆ ਕੌਣ ਹੈ ਇਹ ਨੱਢੀ, ਧੀ ਅਜੂ ਦੀ ਕਾਈ ਚਾ ਆਂਹਦੀ ਹੈ। ਅੱਜੂ ਬੱਜੂ ਛੱਜੂ ਫੱਜੂ ਅਤੇ ਕੱਜੂ, ਹੁੰਦਾ ਕੌਣ ਹੈ ਤਾਂ ਅੱਗੋਂ ਆਂਹਦੀ ਹੈ। ਵਾਰਿਸ ਸ਼ਾਹ ਨਿਨਾਣ ਹੈ ਹੀਰ ਸੰਦੀ, ਧੀਉ ਖੇੜਿਆਂ ਦੇ ਬਾਦਸ਼ਾਹ ਦੀ ਹੈ। 327. ਰਾਂਝੇ ਤੇ ਸਹਿਤੀ ਦੇ ਸਵਾਲ ਜਵਾਬ

ਅੱਜੂ ਧੀ ਰੱਖੀ ਧਾੜੇ ਮਾਰ ਲੱਪੜ, ਮੁਸ਼ਟੰਡੜੀ ਤ੍ਰਿੰਞਣੀਂ ਘੁੰਮਦੀ ਹੈ। ਕਰੇ ਆਣ ਬੇਅਦਬੀਆਂ ਨਾਲ ਫ਼ੱਕਰਾਂ, ਸਗੋਂ ਸੇਲ੍ਹੀਆਂ ਨੂੰ ਨਾਹੀਂ ਚੁਮਦੀ ਹੈ। ਲਾਹ ਸੇਲ੍ਹੀਆਂ ਮਾਰਦੀ ਜੋਗੀਆਂ ਨੂੰ, ਅਤੇ ਮਿਲਦੀਆਂ ਮਹੀਂ ਨੂੰ ਟੁੰਬਦੀ ਹੈ। ਫਿਰੇ ਨਚਦੀ ਸ਼ੋਖ਼ ਬੇਹਾਣ ਘੋੜੀ, ਨਾ ਇਹ ਬਹੇ ਨਾ ਕਤਦੀ ਤੁੰਬਦੀ ਹੈ। ਸਿਰਦਾਰ ਹੈ ਲੋਹਕਾਂ ਲਾਹਕਾਂ ਦੀ, ਪੀਹਣ ਡੋਲ੍ਹਦੀ ਤੇ ਤੌਣ ਲੁੰਬਦੀ ਹੈ। ਵਾਰਿਸ ਸ਼ਾਹ ਦਿਲ ਆਂਵਦਾ ਚੀਰ ਸੁੱਟਾਂ, ਬੁਨਿਆਦ ਪਰ ਜ਼ੁਲਮ ਦੀ ਖੁੰਬ ਦੀ ਹੈ। (ਧਾੜੇਮਾਰ=ਵਾਰਦਾਤਨ, ਬੇਹਾਣ=ਬਛੇਰੀ, ਲੁੰਬਣਾ=ਝਪਟਾ ਮਾਰਨਾ, ਤੌਣ=ਗੁੰਨਿਆ ਹੋਇਆ ਆਟਾ)

328. ਸਹਿਤੀ

ਲੱਗੇਂ ਹੱਥ ਤਾਂ ਪਕੜ ਪਛਾੜ ਸੁੱਟਾਂ, ਤੇਰੇ ਨਾਲ ਕਰਸਾਂ ਸੋ ਤੂੰ ਜਾਣਸੇਂ ਵੇ। ਹਿੱਕੋ ਹਿੱਕ ਕਰਸਾਂ ਭੰਨ ਲਿੰਗ ਗੋਡੇ, ਤਦੋਂ ਰਬ ਨੂੰ ਇੱਕ ਪਛਾਣਸੇਂ ਵੇ। ਵਿਹੜੇ ਵੜਿਉਂ ਤਾਂ ਖੋਹ ਚਟਕੋਰਿਆਂ ਨੂੰ, ਤਦੋਂ ਸ਼ੁਕਰ ਬਜਾ ਲਿਆਵਸੇਂ ਵੇ। ਗੱਦੋਂ ਵਾਂਗ ਜਾਂ ਜੂੜ ਕੇ ਘੜਾਂ ਤੈਨੂੰ, ਤਦੋਂ ਛੱਟ ਤਦਬੀਰ ਦੀ ਆਣਸੇਂ ਵੇ। ਸਹਿਤੀ ਉਠ ਕੇ ਘਰਾਂ ਨੂੰ ਖਿਸਕ ਚੱਲੀ, ਮੰਗਣ ਆਵਸੈਂ ਤਾਂ ਮੈਨੂੰ ਜਾਣਸੇਂ ਵੇ। ਵਾਰਿਸ ਸ਼ਾਹ ਵਾਂਗੂੰ ਤੇਰੀ ਕਰਾਂ ਖ਼ਿਦਮਤ, ਮੌਜ ਸੇਜਿਅ ਦੀ ਤਦੋਂ ਮਾਣਸੇਂ ਵੇ। (ਹਿੱਕੋ ਹਿੱਕ ਕਰਸਾਂ=ਹੱਡ ਗੋਡੇ ਸੁਜਾ ਕੇ ਇੱਕ ਕਰ ਦੇਵਾਂਗੀ, ਸੇਜਿਆ=ਸੇਜ)

329. ਰਾਂਝਾ

ਸੱਪ ਸ਼ੀਹਣੀ ਵਾਂਗ ਕੁਲਹਿਣੀਏਂ ਨੀ, ਮਾਸ ਖਾਣੀਏਂ ਤੇ ਰੱਤ ਪੀਣੀਏਂ ਨੀ। ਕਾਹੇ ਫ਼ੱਕਰ ਦੇ ਨਾਲ ਰੇਹਾੜ ਪਈਏਂ, ਭਲਾ ਬਖਸ਼ ਸਾਨੂੰ ਮਾਪੇ ਜੀਣੀਏਂ ਨੀ। ਦੁਖੀ ਜੀਉ ਦੁਖਾ ਨਾ ਭਾਗ ਭਰੀਏ, ਸੋਇਨ-ਚਿੜੀ ਤੇ ਕੂੰਜ ਲਖੀਣੀਏਂ ਨੀ। ਸਾਥੋਂ ਨਿਸ਼ਾ ਨਾ ਹੋਸੀਆ ਮੂਲ ਤੇਰੀ, ਸਕੇ ਖ਼ਸਮ ਥੀਂ ਨਾ ਪਤੀਣੀਏਂ ਨੀ। ਚਰਖਾ ਚਾਇ ਨਿਹੱਥੜੇ ਮਰਦ ਮਾਰੇ, ਕਿਸੇ ਯਾਰ ਨੇ ਪਕੜ ਪਲੀਹਣੀਏਂ ਨੀ। ਵਾਰਿਸ ਸ਼ਾਹ ਫ਼ਕੀਰ ਦੇ ਵੈਰ ਪਈਏ, ਜਰਮ-ਤੱਤੀਏ ਕਰਮ ਦੀ ਹੀਣੀਏਂ ਨੀ। (ਰੇਹਾੜ=ਝਗੜਾ, ਲਖੀਣੀਏਂ=ਵੇਖਣ ਯੋਗ, ਪਲੀਹਣਾ=ਬੀਜਣ ਤੋਂ ਪਹਿਲਾਂ ਖੇਤ ਨੂੰ ਸਿੰਜਣਾ)

330. ਰਾਂਝਾ ਇੱਕ ਜੱਟ ਦੇ ਵਿਹੜੇ ਵਿੱਚ

ਵਿਹੜੇ ਜੱਟਾਂ ਦੇ ਮੰਗਦਾ ਜਾ ਵੜਿਆ, ਅੱਗੇ ਜੱਟ ਬੈਠਾ ਗਾਉਂ ਮੇਲਦਾ ਹੈ। ਸਿੰਙੀ ਫੂਕ ਕੇ ਨਾਦ ਘੂਕਾਇਆ ਸੂ, ਜੋਗੀ ਗੱਜ ਗਜੇ ਵਿੱਚ ਜਾਇ ਠੇਲ੍ਹਦਾ ਹੈ। ਵਿਹੜੇ ਵਿੱਚ ਔਧੂਤ ਜਾ ਗੱਜਿਆ ਈ, ਮਸਤ ਸਾਨ੍ਹ ਵਾਂਗੂੰ ਜਾਇ ਮੇਲ੍ਹਦਾ ਹੈ। ਹੂ, ਹੂ ਕਰਕੇ ਸੰਘ ਟੱਡਿਆ ਸੂ, ਫ਼ੀਲਵਾਨ ਜਿਉਂ ਹਸਤ ਨੂੰ ਪੇਲਦਾ ਹੈ। (ਮੇਲਦਾ=ਚੋਣ ਲਈ ਤਿਆਰ ਕਰਦਾ, ਫੀਲਵਾਨ=ਹਥਵਾਨ,ਮਹਾਵਤ, ਹਸਤ= ਹਾਥੀ, ਪੇਲਦਾ=ਹਕਦਾ)

331. ਜੱਟ ਨੇ ਕਿਹਾ

ਨਿਆਣਾ ਤੋੜ ਕੇ ਢਾਂਡੜੀ ਉਠ ਨੱਠੀ, ਭੰਨ ਦੋਹਣੀ ਦੁੱਧ ਸਭ ਡੋਹਲਿਆ ਈ। ਘੱਤ ਖ਼ੈਰ ਏਸ ਕਟਕ ਦੇ ਮੋਹਰੀ ਨੂੰ, ਜੱਟ ਉਠਕੇ ਰੋਹ ਹੋ ਬੋਲਿਆ ਈ। ਝਿਰਕ ਭੁੱਖੜੇ ਦੇਸ ਦਾ ਇਹ ਜੋਗੀ, ਏਥੇ ਦੁੰਦ ਕੀ ਆਣ ਕੇ ਘੋਲਿਆ ਈ। ਸੂਰਤ ਜੋਗੀਆਂ ਦੀ ਅੱਖ ਗੁੰਡਿਆਂ ਦੀ, ਦਾਬ ਕਟਕ ਦੇ ਤੇ ਜੀਊ ਡੋਲਿਆ ਈ। ਜੋਗੀ ਅੱਖੀਆਂ ਕਢ ਕੇ ਘਤ ਤਿਊੜੀ, ਲੈ ਕੇ ਖੱਪਰਾ ਹੱਥ ਵਿੱਚ ਤੋਲਿਆ ਈ। ਵਾਰਿਸ ਸ਼ਾਹ ਹੁਣ ਜੰਗ ਤਹਿਕੀਕ ਹੋਇਆ, ਜੰਬੂ ਸ਼ਾਕਣੀ ਦੇ ਅੱਗੇ ਬੋਲਿਆ ਈ। (ਨਿਆਣਾ=ਟੰਗੀਂ ਪਾਈ ਰੱਸੀ, ਢਾਂਡੜੀ=ਬੁੱਢੀ ਗਾਂ, ਦੁੰਦ=ਫਸਾਦ, ਝਿਰਕ=ਭੁਖੜ, ਜੰਬੂ=ਦੇਵਤਿਆਂ ਵਿਰੁੱਧ ਲੜਣ ਵਾਲਾ ਇੱਕ ਰਾਕਸ਼, ਸ਼ਾਕਣੀ=ਇੱਕ ਭਿਆਨਕ ਦੇਵੀ ਜਿਹੜੀ ਦੁਰਗਾ ਦੀ ਸੇਵਾਦਾਰਨੀ ਸੀ)

332. ਜੱਟੀ ਨੇ ਰਾਂਝੇ ਨੂੰ ਬੁਰਾ ਭਲਾ ਕਿਹਾ

ਜੱਟੀ ਬੋਲ ਕੇ ਦੁੱਧ ਦੀ ਕਸਰ ਕੱਢੀ, ਸੱਭੇ ਅੜਤਨੇ ਪੜਤਨੇ ਪਾੜ ਸੁੱਟੇ। ਪੁਣੇ ਦਾਦ ਪੜਦਾਦੜੇ ਜੋਗੀੜੇ ਦੇ, ਸੱਭੇ ਟੰਗਨੇ ਤੇ ਸਾਕ ਚਾੜ੍ਹ ਸੁੱਟੇ। ਮਾਰ ਬੋਲੀਆਂ ਗਾਲੀਆਂ ਦੇ ਜੱਟੀ, ਸਭ ਫ਼ੱਕਰ ਦੇ ਪਿੱਤੜੇ ਸਾੜ ਸੁੱਟੇ। ਜੋਗੀ ਰੋਹ ਦੇ ਨਾਲ ਖੜਲੱਤ ਘੱਤੀ, ਧੌਲ ਮਾਰ ਕੇ ਦੰਦ ਸਭ ਝਾੜ ਸੁੱਟੇ। ਜੱਟੀ ਜ਼ਿਮੀਂ 'ਤੇ ਪਟੜੇ ਵਾਂਗ ਢੱਠੀ, ਜੈਸੇ ਵਾਹਰੂ ਫੱਟ ਕੇ ਧਾੜ ਸੁੱਟੇ। ਵਾਰਿਸ ਸ਼ਾਹ ਮੀਆਂ ਜਿਵੇਂ ਮਾਰ ਤੇਸੇ ਫ਼ਰਹਾਦ ਨੇ ਚੀਰ ਪਹਾੜ ਸੁੱਟੇ। (ਅੜਤਨੇ ਪੜਤਨੇ=ਅੱਗ ਪਿੱਛਾ, ਟੰਗਣੇ ਤੇ ਸਾਕ ਚਾੜ੍ਹ ਦਿੱਤੇ=ਸਾਕਾਂ ਨੂੰ ਗਾਲਾਂ ਕੱਢੀਆਂ, ਪਿੱਤੜੇ=ਪਿੱਤੇ, ਗ਼ੁੱਸਾ ਕਰਨ ਵਾਲਾ ਬਕਵਾਸ ਕੀਤਾ, ਫ਼ਰਹਾਦ=ਸ਼ੀਰੀਂ ਫ਼ਰਹਾਦ ਦੀ ਪਿਆਰ ਗਾਥਾ ਦਾ ਨਾਇਕ।ਈਰਾਨੀ ਬਾਦਸ਼ਾਹ ਖੁਸਰੋ ਪਰਵੇਜ਼ ਦੀ ਮਲਕਾ ਦਾ ਆਸ਼ਕ।ਖੁਸਰੋ ਨੇ ਫ਼ਰਹਾਦ ਦੀ ਆਜ਼ਮਾਇਸ਼ ਕਰਨ ਲਈ ਇਹ ਸ਼ਰਤ ਰਖ ਦਿੱਤੀ ਕਿ ਜੇ ਉਹ ਵਸਤੂਨ ਨਾਮੀ ਪਹਾੜ ਵਿੱਚੋਂ ਦੁੱਧ ਦੀ ਨਹਿਰ ਰਾਨੀ ਦੇ ਮਹੱਲ ਤੱਕ ਲੈ ਆਵੇ ਤਾਂ ਸ਼ੀਰੀਂ ਉਹਦੇ ਹਵਾਲੇ ਕਰ ਦਿੱਤੀ ਜਾਵੇਗੀ।ਫ਼ਰਹਾਦ ਦੇ ਸੱਚੇ ਪਿਆਰ ਨੇ ਪੱਥਰ ਦੇ ਪਹਾੜ ਨੂੰ ਸਿਦਕ ਅਤੇ ਬੇਮਿਸਾਲ ਹਿੰਮਤ ਲਾਲ ਕੱਟ ਕੇ ਦੁੱਧ ਦੀ ਨਹਿਰ ਕੱਢ ਦਿੱਤੀ ਐਪਰ ਬਾਦਸ਼ਾਹ ਨੇ ਬਾਦਸ਼ਾਹਾਂ ਵਾਲੀ ਗੱਲ ਕੀਤੀ ਅਤੇ ਇੱਕ ਫਫਾਕੁਟਣੀ ਰਾਹੀਂ ਫ਼ਰਹਾਦ ਨੂੰ ਕਿਹਾ ਕਿ ਸ਼ੀਰੀਂ ਮਰ ਗਈ।ਉਹਨੇ ਇਸ ਖ਼ਬਰ ਨੂੰ ਸੱਚ ਮੰਨ ਕੇ ਪਹਾੜ ਕੱਟਣ ਵਾਲਾ ਤੇਸ਼ਾ ਆਪਣੇ ਸਿਰ ਵਿੱਚ ਮਾਰ ਕੇ ਆਪਣੀ ਜਾਨ ਲੈ ਲਈ।ਇਹ ਖ਼ਬਰ ਸੁਣ ਕੇ ਸ਼ੀਰੀਂ ਨੇ ਵੀ ਮਹੱਲ ਤੋਂ ਛਾਲ ਮਾਰ ਕੇ ਜਾਨ ਦੇ ਦਿੱਤੀ)

333. ਜੱਟ ਦੀ ਫ਼ਰਿਆਦ

ਜੱਟ ਵੇਖ ਕੇ ਜੱਟੀ ਨੂੰ ਕਾਂਗ ਘੱਤੀ, ਵੇਖੋ ਪਰੀ ਨੂੰ ਰਿਛ ਪਥੱਲਿਆ ਜੇ। ਮੇਰੀ ਸੈਆਂ ਦੀ ਮਹਿਰ ਨੂੰ ਮਾਰ ਜਿੰਦੋਂ, ਤਿਲਕ ਮਹਿਰ ਦੀ ਜੂਹ ਨੂੰ ਚੱਲਿਆ ਜੇ। 'ਲੋਕਾ ਬਾਹੁੜੀ' ਤੇ ਫ਼ਰਿਆਦ ਕੂਕੇ, ਮੇਰਾ ਝੁੱਗੜਾ ਚੌੜ ਕਰ ਚੱਲਿਆ ਜੇ। ਪਿੰਡ ਵਿੱਚ ਇਹ ਆਣ ਬਲਾਇ ਵੱਜੀ, ਜੇਹਾ ਜਿੰਨਪਛਵਾੜ ਵਿੱਚ ਮੱਲਿਆ ਜੇ। ਪਕੜ ਲਾਠੀਆਂ ਗੱਭਰੂ ਆਣ ਢੁੱਕੇ, ਵਾਂਗ ਕਾਢਵੇਂ ਕਣਕ ਦੇ ਹੱਲਿਆ ਜੇ। ਵਾਰਿਸ ਸ਼ਾਹ ਜਿਉਂ ਧੂੰਇਆਂ ਸਰਕਿਆਂ 'ਤੇ, ਬੱਦਲ ਪਾਟ ਕੇ ਘਟਾਂ ਹੋ ਚੱਲਿਆ ਜੇ। (ਕਾਂਗ=ਦੁਹਾਈ ਪਾਹਰਿਆ, ਝੁੱਗੜਾ=ਵਸਦਾ ਘਰ, ਵੱਜੀ=ਆ ਗਈ)

334. ਜੱਟੀ ਦੀ ਮਦਦ ਤੇ ਲੋਕ ਆਏ

ਆਇ, ਆਇ ਮੁਹਾਣਿਆਂ ਜਦੋਂ ਕੀਤੀ, ਚੌਹੀਂ ਵਲੀਂ ਜਾਂ ਪਲਮ ਕੇ ਆਇ ਗਏ। ਸੱਚੋ ਸੱਚ ਜਾਂ ਫਾਟ ਤੇ ਝਵੇਂ ਵੈਰੀ, ਜੋਗੀ ਹੋਰੀਂ ਭੀ ਜੀ ਚੁਰਾਇ ਗਏ। ਵੇਖੋ ਫ਼ੱਕਰ ਅੱਲਾਹ ਦੇ ਮਾਰ ਜੱਟੀ, ਓਸ ਜਟ ਨੂੰ ਵਾਇਦਾ ਪਾਇ ਗਏ। ਜਦੋਂ ਮਾਰ ਚੌਤਰਫ਼ ਤਿਆਰ ਹੋਈ, ਓਥੋਂ ਆਪਣਾ ਆਪ ਖਿਸਕਾਇ ਗਏ। ਇੱਕ ਫਾਟ ਕੱਢੀ ਸਭੇ ਸਮਝ ਗਈਆਂ, ਰੰਨਾਂ ਪਿੰਡ ਦੀਆਂ ਨੂੰ ਰਾਹ ਪਾਇ ਗਏ। ਜਦੋਂ ਖ਼ਸਮ ਮਿਲੇ ਪਿੱਛੋਂ ਵਾਹਰਾਂ ਦੇ, ਤਦੋਂ ਧਾੜਵੀ ਖੁਰੇ ਉਠਾਇ ਗਏ। ਹੱਥ ਲਾਇਕੇ ਬਰਕਤੀ ਜਵਾਨ ਪੂਰੇ, ਕਰਾਮਾਤ ਜ਼ਾਹਰਾ ਦਿਖਲਾਇ ਗਏ। ਵਾਰਿਸ ਸ਼ਾਹ ਮੀਆਂ ਪਟੇ ਬਾਜ਼ ਛੁੱਟੇ, ਜਾਨ ਰੱਖ ਕੇ ਚੋਟ ਚਲਾਇ ਗਏ। (ਮੁਹਾਣਿਆਂ=ਵੱਗ ਦੇ ਛੇੜੂਆਂ ਦੀਆਂ ਤੀਵੀਆਂ, ਚੌਂਹੀ ਵਲੀਂ=ਚਾਰੇ ਪਾਸਿਉਂ, ਪਲਮ ਕੇ=ਇਕੱਠੀਆਂ ਹੋਕੇ, ਝਵੇਂ=ਤਿਆਰ ਹੋਏ, ਵਾਇਦਾ= ਦੁਖ,ਖ਼ਸਮ=ਮਾਲਕ, ਬਰਕਤੀ ਜਵਾਨ=ਬਰਕਤ ਵਾਲਾ ਫ਼ਕੀਰ, ਪਟੇ ਬਾਜ਼= ਲਕੜੀ ਜਾਂ ਗਤਕੇ ਨਾਲ ਦੋ ਹੱਥ ਦਿਖਾਉਣ ਵਾਲਾ)

335. ਜੋਗੀ ਦੀ ਤਿਆਰੀ

ਜੋਗੀ ਮੰਗ ਕੇ ਪਿੰਡ ਤਿਆਰ ਹੋਇਆ, ਆਟਾ ਮੇਲ ਕੇ ਖੱਪਰਾ ਪੂਰਿਆ ਈ। ਕਿਸੇ ਹੱਸ ਕੇ ਰੁਗ ਚਾ ਪਾਇਆ ਈ, ਕਿਸੇ ਜੋਗੀ ਨੂੰ ਚਾ ਵਡੂਰਿਆ ਈ। ਕਾਈ ਦੱਬ ਕੇ ਜੋਗੀ ਨੂੰ ਡਾਂਟ ਲੈਂਦੀ, ਕਿਤੇ ਓਨ੍ਹਾਂ ਨੂੰ ਜੋਗੀ ਨੇ ਘੂਰਿਆ ਈ। ਫਲੇ ਖੇੜਿਆਂ ਦੇ ਝਾਤ ਪਾਇਆ ਸੂ, ਜਿਵੇਂ ਸੋਲ੍ਹਵੀਂ ਦਾ ਚੰਦ ਪੂਰਿਆ ਈ। (ਵਡੂਰਿਆ=ਚੰਗਾ ਮੰਦਾ ਕਿਹਾ, ਫਲੇ=ਦਰਵਾਜ਼ੇ, ਸੋਲ੍ਹਵੀਂ ਦਾ ਚੰਦ=ਭਾਵੇਂ ਉਹ ਚੌਧਵੀਂ ਦਾ ਚੰਦ ਸੀ ਪਰ ਜੋਗੀ ਬਣ ਕੇ ਸੋਲ੍ਹਵੀਂ ਦਾ ਲਗਦਾ ਸੀ)

336. ਰਾਂਝਾ ਖੇੜਿਆਂ ਦੇ ਘਰੀਂ ਆਇਆ

ਕਹੀਆਂ ਵਲਗਣਾਂ ਵਿਹੜੇ ਤੇ ਅਰਲਖੋੜਾਂ, ਕਹੀਆਂ ਬੱਖਲਾਂ ਤੇ ਖੁਰਲਾਣੀਆਂ ਨੀ। ਕਹੀਆਂ ਕੋਰੀਆਂ ਚਾਟੀਆਂ ਨੇਹੀਂਆਂ ਤੇ, ਕਹੀਆਂ ਕਿੱਲੀਆਂ ਨਾਲ ਮਧਾਣੀਆਂ ਨੀ। ਓਥੇ ਇੱਕ ਛਛੋਹਰੀ ਜੇਹੀ ਬੈਠੀ, ਕਿਤੇ ਨਿਕਲੀਆਂ ਘਰੋਂ ਸਵਾਣੀਆਂ ਨੀ। ਛੱਤ ਨਾਲ ਟੰਗੇ ਹੋਏ ਨਜ਼ਰ ਆਵਣ, ਖੋਪੇ ਨਾੜੀਆਂ ਅਤੇ ਪਰਾਣੀਆਂ ਨੀ। ਕੋਈ ਪਲੰਘ ਉਤੇ ਨਾਗਰਵੇਲ ਪਈਆਂ, ਜਿਹੀਆਂ ਰੰਗ ਮਹਿਲ ਵਿੱਚ ਰਾਣੀਆਂ ਨੀ। ਵਾਰਿਸ ਕੁਆਰੀਆਂ ਕਸ਼ਟਨੇ ਕਰਨ ਪਈਆਂ, ਮੋਏ ਮਾਪੜੇ ਤੇ ਮਿਹਨਤਾਣੀਆਂ ਨੀ। ਸਹਿਤੀ ਆਖਿਆ ਭਾਬੀਏ ਵੇਖਨੀ ਹੈਂ, ਫਿਰਦਾ ਲੁੱਚਾ ਮੁੰਡਾ ਘਰ ਸਵਾਣੀਆਂ ਨੀ। ਕਿਤੇ ਸੱਜਰੇ ਕੰਨ ਪੜਾ ਲੀਤੇ, ਧੁਰੋਂ ਲਾਹਨਤਾਂ ਇਹ ਪੁਰਾਣੀਆਂ ਨੀ। (ਅਰਲ ਖੋੜ=ਵਾਰਿਸ ਸ਼ਾਹ ਦੇ ਸਮੇਂ ਚੋਰਾਂ ਦੇ ਡਰ ਤੋਂ ਪਸੂਆਂ ਵਾਲੀ ਹਵੇਲੀ ਨੂੰ ਅੰਦਰੋਂ ਬੰਦ ਕਰਕੇ ਸੁਰੱਖਿਆ ਲਈ ਅੰਦਰ ਹੀ ਸੌਂਦੇ ਸਨ।ਦਰਵਾਜ਼ੇ ਦੇ ਪਿੱਛੇ ਇੱਕ ਲਕੜੀ ਦਾ ਅਰਲ ਵੀ ਰੱਖਿਆ ਜਾਂਦਾ ਸੀ ਜਿਹਦੇ ਦੋਨੋਂ ਸਿਰੇ ਕੰਧ ਵਿੱਚ ਚਲੇ ਜਾਂਦੇ ਸਨ।ਇੱਕ ਪਾਸੇ ਸਾਰਾ ਅਰਲ ਕੰਧ ਵਿੱਚ ਚਲਾ ਜਾਂਦਾ ਸੀ, ਬੁੱਖਲ=ਪਸ਼ੂਆਂ ਵਾਲਾ ਮਕਾਨ, ਨੇਹੀਆਂ=ਛੋਟੀ ਘੜੌਂਜੀ, ਨਾਗਰ ਵੇਲ=ਸਭ ਤੋਂ ਵਧੀਆ ਪਾਨ ਦੀ ਵੇਲ ਨਾਜ਼ੁਕ ਸਰੀਰ ਵਾਲੀ ਸੁਹਣੀ, ਕਸ਼ਟਨੇ=ਸਖਤ ਮਿਹਨਤ ਵਾਲੇ ਕੰਮ)

337. ਰਾਂਝਾ ਹੀਰ ਦੇ ਘਰ ਆਇਆ

ਜੋਗੀ ਹੀਰ ਦੇ ਸਾਹੁਰੇ ਜਾ ਵੜਿਆ, ਭੁਖਾ ਬਾਜ਼ ਜਿਉਂ ਫਿਰੇ ਲਲੋਰਦਾ ਜੀ। ਆਇਆ ਖ਼ੁਸ਼ੀ ਦੇ ਨਾਲ ਦੋ ਚੰਦ ਹੋ ਕੇ, ਸੂਬਾਦਾਰ ਜਿਉਂ ਨਵਾਂ ਲਾਹੌਰ ਦਾ ਜੀ। ਧੁੱਸ ਦੇ ਵਿਹੜੇ ਜਾ ਵੜਿਆ, ਹੱਥ ਕੀਤਾ ਸੂ ਸੰਨ੍ਹ ਦੇ ਚੋਰ ਦਾ ਜੀ। ਜਾ ਅਲਖ ਵਜਾਇਕੇ ਨਾਦ ਫੂਕੇ, ਸਵਾਲ ਪਾਉਂਦਾ ਲੁਤਪੁਤਾ ਲੋੜ ਦਾ ਜੀ। ਅਨੀ ਖੇੜਿਆਂ ਦੀ ਪਿਆਰੀਏ ਵਹੁਟੀਏ ਨੀ, 'ਹੀਰੇ ਸੁਖ ਹੈ' ਚਾਇ ਟਕੋਰਦਾ ਜੀ। ਵਾਰਿਸ ਸ਼ਾਹ ਹੁਣ ਅੱਗ ਨੂੰ ਪਈ ਫਵੀ, ਸ਼ਗਨ ਹੋਇਆ ਜੰਗ ਤੇ ਸ਼ੋਰ ਦਾ ਜੀ। (ਲਲੋਰਦਾ=ਲੂਰ ਲੂਰ ਕਰਦਾ,ਭਾਲਦਾ, ਦੋ ਚੰਦ=ਦੁਗਣਾ, ਲੁਤਪੁਤਾ=ਸੁਆਦਲਾ, ਟਕੋਰਦਾ=ਟਨਕਾਉਂਦਾ,ਟੁੰਹਦਾ)

338. ਸਹਿਤੀ

ਸੱਚ ਆਖ ਤੂੰ ਰਾਵਲਾ ਕਹੇ ਸਹਿਤੀ, ਤੇਰਾ ਜੀਊ ਕਾਈ ਗੱਲ ਲੋੜਦਾ ਜੀ। ਵਿਹੜੇ ਵੜਦਿਆਂ ਰਿੱਕਤਾਂ ਛੇੜੀਆਂ ਨੀ, ਕੰਡਾ ਵਿੱਚ ਕਲੇਜੜੇ ਪੋੜਦਾ ਜੀ। ਬਾਦਸ਼ਾਹ ਦੇ ਬਾਗ਼ ਵਿੱਚ ਨਾਲ ਚਾਵੜ, ਫਿਰੇਂ ਫੁਲ ਗੁਲਾਬ ਦਾ ਤੋੜਦਾ ਜੀ। ਵਾਰਿਸ ਸ਼ਾਹ ਨੂੰ ਸ਼ੁਤਰ ਮੁਹਾਰ ਬਾਝੋਂ, ਡਾਂਗ ਨਾਲ ਕੋਈ ਮੂੰਹ ਮੋੜਦਾ ਜੀ। (ਰਾਵਲਾ=ਇਹ ਜੋਗੀਆਂ ਦਾ ਫਿਰਕਾ ਹੈ ਜਿਸ ਬਾਬਤ ਕਥਾ ਪ੍ਰਚੱਲਤ ਹੈ ਕਿ ਜਦ ਹੀਰ ਦੇ ਵਿਯੋਗ ਵਿੱਚ ਰਾਂਝਾ ਬਾਲਨਾਥ ਦਾ ਚੇਲਾ ਹੋਇਆ, ਉਸ ਤੋਂ ਇਹ ਫਿਰਕਾ ਚਲਿਆ, ਕਾਈ=ਕਿਹੜੀ, ਪੋੜਦਾ=ਚੁਭੋਂਦਾ, ਸ਼ੁਤਰ=ਊਠ)

339. ਰਾਂਝਾ

ਆ ਕੁਆਰੀਏ ਐਡ ਅਪਰਾਧਨੇ ਨੀ, ਧੱਕਾ ਦੇ ਨਾ ਹਿੱਕ ਦੇ ਜ਼ੋਰ ਦਾ ਨੀ। ਬੁੰਦੇ ਕੰਧਲੀ ਨਥਲੀ ਹੱਸ ਕੜੀਆਂ, ਬੈਸੇਂ ਰੂਪ ਬਣਾਇਕੇ ਮੋਰ ਦਾ ਨੀ। ਅਨੀ ਨੱਢੀਏ ਰਿਕਤਾਂ ਛੇੜ ਨਾਹੀਂ, ਇਹ ਕੰਮ ਨਾਹੀਂ ਧੁੰਮ ਸ਼ੋਰ ਦਾ ਨੀ। ਵਾਰਿਸ ਸ਼ਾਹ ਫ਼ਕੀਰ ਗ਼ਰੀਬ ਉਤੇ, ਵੈਰ ਕੱਢਿਉਈ ਕਿਸੇ ਖੋਰ ਦਾ ਨੀ। (ਅਪਰਾਧਨੇ=ਜ਼ਾਲਮੇ, ਬੁੰਦੇ, ਨਥਲੀ, ਹਸ ਕੜੀਆਂ=ਗਹਿਨਿਆਂ ਦੇ ਨਾਂ, ਖੋਰ=ਖੋਰੀ)

340. ਸਹਿਤੀ

ਕਲ੍ਹ ਜਾਇਕੇ ਨਾਲ ਚਵਾਇ ਚਾਵੜ, ਸਾਨੂੰ ਭੰਨ ਭੰਡਾਰ ਕਢਾਇਉ ਵੇ। ਅੱਜ ਆਣ ਵੜਿਉਂ ਜਿੰਨ ਵਾਂਗ ਵਿਹੜੇ, ਵੈਰ ਕਲ੍ਹ ਦਾ ਆਣ ਜਗਾਇਉ ਵੇ। ਗਦੋਂ ਆਣ ਵੜਿਉਂ ਵਿੱਚ ਛੋਹਰਾਂ ਦੇ, ਕਿਨ੍ਹਾਂ ਸ਼ਾਮਤਾਂ ਆਣ ਫਹਾਇਉ ਵੇ। ਵਾਰਿਸ ਸ਼ਾਹ ਰਜ਼ਾਇ ਦੇ ਕੰਮ ਵੇਖੋ, ਅੱਜ ਰੱਬ ਨੇ ਠੀਕ ਕੁਟਾਇਉ ਵੇ। (ਭੰਨ=ਭੰਡ ਕੇ, ਛੋਹਰਾਂ=ਕੁੜੀਆਂ)

341. ਰਾਂਝਾ

ਕੱਚੀ ਕੁਆਰੀਏ ਲੋੜ੍ਹ ਦੀਏ ਮਾਰੀਏ ਨੀ, ਟੂਣੇ ਹਾਰੀਏ ਆਖ ਕੀ ਆਹਨੀ ਹੈਂ। ਭਲਿਆਂ ਨਾਲ ਬੁਰਿਆਂ ਕਾਹੇ ਹੋਵਣੀ ਹੈਂ, ਕਾਈ ਬੁਰੇ ਹੀ ਫਾਹੁਣੇ ਫਾਹੁਨੀ ਹੈਂ। ਅਸਾਂ ਭੁਖਿਆਂ ਆਣ ਸਵਾਲ ਕੀਤਾ, ਕਹੀਆਂ ਗ਼ੈਬ ਦੀਆਂ ਰਿੱਕਤਾਂ ਡਾਹੁਨੀ ਹੈਂ। ਵਿੱਚੋਂ ਪੱਕੀਏ ਛੈਲ ਉਚੱਕੀਏ ਨੀ, ਰਾਹ ਜਾਂਦੜੇ ਮਿਰਗ ਕਿਉਂ ਫਾਹੁਨੀ ਹੈਂ। ਗੱਲ ਹੋ ਚੁੱਕੀ ਫੇਰ ਛੇੜਨੀ ਹੈਂ, ਹਰੀ ਸਾਖ ਨੂੰ ਮੋੜ ਕਿਉਂ ਵਾਹੁਨੀ ਹੈਂ। ਘਰ ਜਾਣ ਸਰਦਾਰ ਦਾ ਭੀਖ ਮਾਂਗੀ, ਸਾਡਾ ਅਰਸ਼ ਦਾ ਕਿੰਗਰਾ ਢਾਹੁਨੀ ਹੈਂ। ਕੇਹਾ ਨਾਲ ਪਰਦੇਸੀਆਂ ਵੈਰ ਚਾਇਉ, ਚੈਂਚਰ ਹਾਰੀਏ ਆਖ ਕੀ ਆਹਨੀ ਹੈਂ। ਰਾਹ ਜਾਂਦੜੇ ਫ਼ਕਰ ਖਹੇੜਣੀਂ ਹੈਂ, ਆ ਨਹਿਰੀਏ ਸਿੰਗ ਕਿਉਂ ਡਾਹੁਨੀ ਹੈਂ। ਘਰ ਪੇਈਅੜੇ ਧਰੋਹੀਆਂ ਫੇਰੀਆਂ ਨੀ, ਢਗੀ ਵਿਹਰੀਏ ਸਾਨ੍ਹਾਂ ਨੂੰ ਵਾਹੁਨੀ ਹੈਂ। ਆ ਵਾਸਤਾ ਈ ਨੈਣਾਂ ਗੁੰਡਿਆਂ ਦਾ, ਇਹ ਕਲ੍ਹਾ ਕਿਵੇਂ ਪਿੱਛੋਂ ਲਾਹੁਣੀ ਹੈਂ। ਸ਼ਿਕਾਰ ਦਰਿਆ ਵਿੱਚ ਖੇਡ ਮੋਈਏ, ਕੇਹੀਆਂ ਮੂਤ ਵਿੱਚ ਮੱਛੀਆਂ ਫਾਹੁਨੀ ਹੈਂ। ਵਾਰਿਸ ਸ਼ਾਹ ਫ਼ਕੀਰ ਨੂੰ ਛੇੜਨੀ ਹੈਂ, ਅੱਖੀਂ ਨਾਲ ਕਿਉਂ ਖੱਖਰਾਂ ਲਾਹੁਨੀ ਹੈਂ। (ਸਾਖ=ਖੇਤੀ, ਨਹਿਰੀ=ਕੌੜ, ਢੱਗੀ ਵਹਿਰੀ…ਸਾਨ੍ਹਾਂ ਨੂੰ ਵਾਂਹਦੀ=ਮੱਛਰੀ ਹੋਈ ਗਾਂ ਸਾਨ੍ਹਾਂ ਤੇ ਚੜ੍ਹਦੀ ਹੈ, ਕਲ੍ਹਾ=ਝਗੜਾ)

342. ਸਹਿਤੀ

ਅਨੀ ਸੁਣੋ ਭੈਣਾਂ ਕੋਈ ਛਿਟ ਜੋਗੀ, ਵੱਡੀ ਜੂਠ ਭੈੜਾ ਕਿਸੇ ਥਾਉਂ ਦਾ ਹੈ। ਝਗੜੈਲ ਮਰਖਨਾਂ ਘੰਢ ਮੱਚੜ ਰੱਪੜ ਖੰਡ ਇਹ ਕਿਸੇ ਗਿਰਾਉਂ ਦਾ ਹੈ। ਪਰਦੇਸੀਆਂ ਦੀ ਨਹੀਂ ਡੌਲ ਇਸ ਦੀ, ਇਹ ਵਾਕਿਫ਼ ਹੀਰ ਦੇ ਨਾਉਂ ਦਾ ਹੈ। ਗੱਲ ਆਖ ਕੇ ਹੱਥਾਂ ਤੇ ਪਵੇ ਮੁੱਕਰ, ਆਪੇ ਲਾਂਵਦਾ ਆਪ ਬੁਝਾਉਂਦਾ ਹੈ। ਹੁਣੇ ਭੰਨ ਕੇ ਖੱਪਰੀ ਤੋੜ ਸੇਲ੍ਹੀ, ਨਾਲੇ ਜਟਾਂ ਦੀ ਜੂਟ ਖੁਹਾਉਂਦਾ ਹੈ। ਜੇ ਮੈਂ ਉਠ ਕੇ ਪਾਣ ਪੱਤ ਲਾਹ ਸੁੱਟਾਂ, ਪੈਂਚ ਇਹ ਨਾ ਕਿਸੇ ਗਿਰਾਉਂ ਦਾ ਹੈ। ਕੋਈ ਡੂਮ ਮੋਚੀ ਇੱਕੇ ਢੇਡ ਕੰਜਰ, ਇੱਕੇ ਚੂਹੜਾ ਕਿਸੇ ਸਰਾਉਂ ਦਾ ਹੈ। ਵਾਰਿਸ ਸ਼ਾਹ ਮੀਆਂ ਵਾਹ ਲਾ ਰਹੀਆਂ, ਇਹ ਝਗੜਿਉਂ ਬਾਜ਼ ਨਾ ਆਉਂਦਾ ਹੈ। (ਛਿਟ=ਬਹੁਤ ਬੁਰਾ,ਫਸਾਦੀ, ਘੰਡ=ਹੰਢਿਆ ਹੋਇਆ, ਰੱਪੜ ਖੰਡ=ਝਗੜਾਲੂ, ਰੱਪੜ ਜਮੀਨ ਵਰਗਾ, ਮਰਖਨਾ=ਮਾਰਨ ਖੰਡਾ, ਜੂਟ=ਜੂੜਾ, ਢੇਡ=ਢੀਠ,ਬੇਸ਼ਰਮ, ਬਾਜ਼ ਨਹੀਂ ਆਉਂਦਾ=ਹਟਦਾ ਨਹੀਂ,ਟਲਦਾ ਨਹੀਂ)

343. ਰਾਂਝਾ

ਪਕੜ ਢਾਲ ਤਲਵਾਰ ਕਿਉਂ ਗਿਰਦ ਹੋਈ, ਮੱਥਾ ਮੁੰਨੀਏ ਕੜਮੀਏ ਭਾਗੀਏ ਨੀ। ਚੈਂਚਰ ਹਾਰੀਏ ਡਾਰੀਏ ਜੰਗ ਬਾਜ਼ੇ, ਛੱਪਰ ਨੱਕੀਏ ਬੁਰੇ ਤੇ ਲਾਗੀਏ ਨੀ। ਫਸਾਦ ਦੀ ਫ਼ੌਜ ਦੀਏ ਪੇਸ਼ਵਾਏ, ਸ਼ੈਤਾਨ ਦੀ ਲੱਕ ਤੜਾਗੀਏ ਨੀ। ਅਸੀਂ ਜੱਟੀਆਂ ਨਾਲ ਜੇ ਕਰੇ ਝੇੜੇ, ਦੁਖ ਜ਼ੁਹਦ ਤੇ ਫ਼ਕਰ ਕਿਉਂ ਝਾਗੀਏ ਨੀ। ਮੱਥਾ ਡਾਹ ਨਾਹੀਂ ਆਓ ਛੱਡ ਪਿੱਛਾ, ਭੰਨੇ ਜਾਂਦੇ ਮਗਰ ਨਾਹੀਂ ਲਾਗੀਏ ਨੀ। ਵਾਰਿਸ ਸ਼ਾਹ ਫ਼ਕੀਰ ਦੇ ਕਦਮ ਫੜੀਏ, ਛੱਡ ਕਿਬਰ ਹੰਕਾਰ ਤਿਆਗੀਏ ਨੀ। (ਮੱਥਾ ਮੁੰਨੀ=ਸਿਰ ਮੁੰਨੀ, ਕੜਮੀ=ਮੰਦਭਾਗੀ, ਛੱਪਰ ਨੱਕੀ=ਬਦਸੂਰਤ, ਬੁਰੇ ਤੇ ਲਾਗੀਏ=ਮਾੜੇ ਕੰਮਾਂ ਤੇ ਲੱਗੀ ਹੋਈ, ਪੇਸ਼ਵਾ=ਆਗੂ,ਦੱਖਣੀ ਭਾਰਤ ਵਿੱਚ ਮਰਹਟਿਆਂ ਦੇ ਲੀਡਰ ਨੂੰ ਪੇਸ਼ਵਾ ਕਿਹਾ ਜਾਂਦਾ ਸੀ, ਲੱਕ ਤੜਾਗੀ= ਲੱਕ ਦੀ ਤੜਾਗੀ,ਗੂੜ੍ਹਾ ਸਾਥੀ, ਭੰਨੇ=ਦੌੜੇ,ਭੱਜੇ)

344. ਸਹਿਤੀ

ਚੱਕੀ-ਹਾਨਿਆਂ ਵਿੱਚ ਵਿਚਾਰ ਪੌਂਦੀ, ਇਹਦੀ ਧੁੰਮ ਤਨੂਰ ਤੇ ਭੱਠ ਹੈ ਨੀ। ਕਮਜ਼ਾਤ ਕੁਪੱਤੜਾ ਢੀਠ ਬੈਂਡਾ, ਡਿੱਬੀਪੁਰੇ ਦੇ ਨਾਲ ਦੀ ਚੱਠ ਹੈ ਨੀ। ਭੇੜੂਕਾਰ ਘੁਠਾ ਠੱਗ ਮਾਝੜੇ ਦਾ, ਜੈਂਦਾ ਰੰਨ ਯਰੋਲੀ ਦਾ ਹੱਠ ਹੈ ਨੀ। ਮੰਗ ਖਾਣੇ ਹਰਾਮ ਮੁਸ਼ਟੰਡਿਆਂ ਨੂੰ, ਵੱਡਾ ਸਾਰ ਹਸ਼ਧਾਤ ਦੀ ਲੱਠ ਹੈ ਨੀ। ਮੁਸ਼ਟੰਡੜੇ ਤੁਰਤ ਪਛਾਣ ਲਈਦੇ, ਕੰਮ ਡਾਹ ਦਿਉ ਇਹ ਵੀ ਜੱਟ ਹੈ ਨੀ। ਇਹ ਜੱਟ ਹੈ ਪਰ ਝੁੱਘਾ ਪਟ ਹੈ ਨੀ, ਇਹ ਚੌਧਰੀ ਚੌੜ ਚੁਪੱਟ ਹੈ ਨੀ। ਗੱਦੋਂ ਲੱਦਿਆ ਸਣੇ ਇਹ ਛੱਟ ਹੈ ਨੀ, ਭਾਵੇਂ ਵੇਲਣੇ ਦੀ ਇਹ ਲਠ ਹੈ ਨੀ। ਵਾਰਿਸ ਸ਼ਾਹ ਹੈ ਇਹ ਤੇ ਰਸ ਮਿੱਠਾ, ਏਹ ਤਾਂ ਕਾਠੇ ਕਮਾਦ ਦੀ ਗੱਠ ਹੈ ਨੀ। (ਚੱਕੀ ਹਾਣਾ=ਜਿੱਥੇ ਬੰਦੇ ਇਕੱਠੇ ਹੁੰਦੇ ਹਨ, ਭੱਠ=ਦਾਣੇ ਆਦਿ ਭੁੰਨਣ ਦੀ ਵੱਡੀ ਭੱਠੀ, ਬੈਂਡਾ=ਖੁੰਢਾ, ਚਠ=ਚੁੜੇਲ, ਯਰੋਲੀ=ਯਾਰ, ਹਠ=ਜ਼ਿਦ, ਹਸ਼ਧਾਤ=ਹਸ਼ਤਧਾਤ, ਅਠਧਾਤਾ 1. ਸੋਨਾ, 2. ਚਾਂਦੀ, 3. ਲੋਹਾ, 4. ਤਾਂਬਾ, 5. ਜਿਸਤ, 6. ਪਿੱਤਲ, 7. ਸਿੱਕਾ ਅਤੇ 8 ਟੀਨ, ਕਾਠਾ=ਸਖ਼ਤ ਕਮਾਦ)

345. ਗੁਆਂਢਣਾਂ ਦਾ ਉੱਤਰ

ਵਿਹੜੇ ਵਾਲੀਆਂ ਦਾਨੀਆਂ ਆਣ ਖੜ੍ਹੀਆਂ, ਕਿਉਂ ਬੋਲਦੀ ਏਸ ਦੀਵਾਨੜੇ ਨੀ। ਕੁੜੀਏ ਕਾਸ ਨੂੰ ਲੁਝਦੀ ਨਾਲ ਜੋਗੀ, ਇਹ ਜੰਗਲੀ ਖਰੇ ਨਿਮਾਨੜੇ ਨੀ। ਮੰਗ ਖਾਇਕੇ ਸਦਾ ਇਹ ਦੇਸ ਤਿਆਗਣ, ਤੰਬੂ ਆਸ ਦੇ ਇਹ ਨਾ ਤਾਣਦੇ ਨੀ। ਜਾਪ ਜਾਣਦੇ ਰੱਬ ਦੀ ਯਾਦ ਵਾਲਾ, ਐਡੇ ਝਗੜੇ ਇਹ ਨਾ ਜਾਣਦੇ ਨੀ। ਸਦਾ ਰਹਿਣ ਉਦਾਸ ਨਿਰਾਸ ਨੰਗੇ, ਬਿਰਛ ਫੂਕ ਕੇ ਸਿਆਲ ਲੰਘਾਂਵਦੇ ਨੀ। ਵਾਰਿਸ ਸ਼ਾਹ ਪਰ ਅਸਾਂ ਮਾਲੂਮ ਕੀਤਾ, ਜੱਟੀ ਜੋਗੀ ਦੋਵੇਂ ਇਕਸੇ ਹਾਣ ਦੇ ਨੀ। (ਦਾਨੀਆਂ=ਅਕਲ ਵਾਲੀਆਂ, ਲੁਝਦੀ=ਲੜਦੀ)

346. ਸਹਿਤੀ

ਨੈਣਾਂ ਹੀਰ ਦਿਆਂ ਵੇਖ ਕੇ ਆਹ ਭਰਦਾ, ਵਾਂਗ ਆਸ਼ਕਾਂ ਅੱਖੀਆਂ ਮੀਟਦਾ ਈ। ਜਿਵੇਂ ਖ਼ਸਮ ਕੁਪੱਤੜਾ ਰੰਨ ਭੰਡੇ, ਕੀਤੀ ਗੱਲ ਨੂੰ ਪਿਆ ਘਸੀਟਦਾ ਈ। ਰੰਨਾਂ ਗੁੰਡੀਆਂ ਵਾਂਗ ਫ਼ਰਫ਼ੇਜ ਕਰਦਾ, ਤੋੜਣ ਹਾਰੜਾ ਲੱਗੜੀ ਪ੍ਰੀਤ ਦਾ ਈ। ਘਤ ਘਗਰੀ ਬਹੇ ਇਹ ਵੱਡਾ ਠੇਠਰ, ਇਹ ਉਸਤਾਦੜਾ ਕਿਸੇ ਮਸੀਤ ਦਾ ਈ। ਚੂੰਢੀ ਵੱਖੀਆਂ ਦੇ ਵਿੱਚ ਵੱਢ ਲੈਂਦਾ, ਪਿੱਛੋਂ ਆਪਣੀ ਵਾਰ ਮੁੜ ਚੀਕਦਾ ਈ। ਇੱਕੇ ਖ਼ੈਰ-ਹੱਥਾ ਨਹੀਂ ਇਹ ਰਾਵਲ, ਇੱਕੇ ਚੇਲੜਾ ਕਿਸੇ ਪਲੀਤ ਦਾ ਈ। ਨਾ ਇਹ ਜਿੰਨ ਨਾ ਭੂਤ ਨਾ ਰਿਛ ਬਾਂਦਰ, ਨਾ ਇਹ ਚੇਲੜਾ ਕਿਸੇ ਅਤੀਤ ਦਾ ਈ। ਵਾਰਿਸ ਸ਼ਾਹ ਪ੍ਰੇਮ ਦੀ ਜ਼ੀਲ ਨਿਆਰੀ, ਨਿਆਰਾ ਅੰਤਰਾ ਇਸ਼ਕ ਦੇ ਗੀਤ ਦਾ ਈ। (ਫ਼ਰਫ਼ੇਜ=ਫ਼ਰੇਬ, ਘਗਰੀ ਘਤ ਬਹਿਣਾ=ਡੇਰਾ ਲਾ ਲੈਣਾ, ਠੇਠਰ=ਗੰਵਾਰ, ਅਤੀਤ=ਜੋਗੀ, ਅੰਤਰਾ=ਗੀਤ ਦੇ ਦੋ ਹਿੱਸੇ ਹਨ, ਇੱਕ ਮੁੜ ਮੁੜ ਦੁਹਰਾਇਆ ਜਾਣ ਵਾਲਾ ਦੂਜਾ ਅੰਤਰਾ)

347. ਰਾਂਝਾ

ਇਹ ਮਿਸਲ ਮਸ਼ਹੂਰ ਹੈ ਜਗ ਸਾਰੇ ਕਰਮ ਰਬ ਦੇ ਜੇਡ ਨਾ ਮਿਹਰ ਹੈ ਨੀ। ਹੁਨਰ ਝੂਠ ਕਮਾਨ ਲਹੌਰ ਜੇਹੀ, ਅਤੇ ਕਾਂਵਰੂ ਜੇਡ ਨਾ ਸਿਹਰ ਹੈ ਨੀ। ਚੁਗਲੀ ਨਹੀਂ ਦੀਪਾਲਪੁਰ ਕੋਟ ਜੇਹੀ, ਉਹ ਨਮਰੂਦ ਦੀ ਥਾਉਂ ਬੇ ਮਿਹਰ ਹੈ ਨੀ। ਨਕਸ਼ ਚੀਨ ਤੇ ਮੁਸ਼ਕ ਨਾ ਖੁਤਨ ਜੇਹਾ, ਯੂਸਫ਼ ਜੇਡ ਨਾ ਕਿਸੇ ਦਾ ਚਿਹਰ ਹੈ ਨੀ। ਮੈਂ ਤਾਂ ਤੋੜ ਹਸ਼ਧਾਤ ਦੇ ਕੋਟ ਸੁੱਟਾਂ, ਰੈਨੂੰ ਦੱਸ ਖਾਂ ਕਾਸ ਦੀ ਵਿਹਰ ਹੈ ਨੀ। ਬਾਤ ਬਾਤ ਤੇਰੀ ਵਿੱਚ ਹੈਣ ਕਾਮਣ, ਵਾਰਿਸ ਸ਼ਾਹ ਦਾ ਸ਼ਿਅਰ ਕੀ ਸਿਹਰ ਹੈ ਨੀ। (ਕਾਂਵਰੂ=ਕਾਮਰੂਪ,ਪੂਰਬੀ ਬੰਗਾਲ ਦਾ ਇੱਕ ਜ਼ਿਲ੍ਹਾ ਜਿਹੜਾ ਜਾਦੂ ਟੂਣੇ ਲਈ ਮਸ਼ਹੂਰ ਹੈ, ਚਿਹਰ=ਚਿਹਰਾ, ਕਾਮਣ=ਜਾਦੂ, ਟੂਣੇ ਵਾਲੀ, ਵਿਹਰ=ਦੁੱਖ)

348. ਤਥਾ

ਕੋਈ ਅਸਾਂ ਜਿਹਾ ਵਲੀ ਸਿਧ ਨਾਹੀਂ, ਜਗ ਆਂਵਦਾ ਨਜ਼ਰ ਜ਼ਹੂਰ ਜੇਹਾ। ਦਸਤਾਰ ਬਜਵਾੜਿਉਂ ਖ਼ੂਬ ਆਵੇ, ਅਤੇ ਬਾਫ਼ਤਾ ਨਹੀਂ ਕਸੂਰ ਜੇਹਾ। ਕਸ਼ਮੀਰ ਜੇਹਾ ਕੋਈ ਮੁਲਕ ਨਾਹੀਂ, ਨਹੀਂ ਚਾਨਣਾ ਚੰਦ ਦੇ ਨੂਰ ਜੇਹਾ। ਅੱਗੇ ਨਜ਼ਰ ਦੇ ਮਜ਼ਾ ਮਾਸ਼ੂਕ ਦਾ ਹੈ, ਅਤੇ ਢੋਲ ਨਾ ਸੋਂਹਦਾ ਦੂਰ ਜੇਹਾ। ਨਹੀਂ ਰੰਨ ਕੁਲੱਛਣੀ ਤੁਧ ਜੇਹੀ, ਨਹੀਂ ਜ਼ਲਜ਼ਲਾ ਹਸ਼ਰ ਦੇ ਸੂਰ ਜੇਹਾ। ਸਹਿਤੀ ਜੇਡ ਨਾ ਹੋਰ ਝਗੜੈਲ ਕੋਈ, ਅਤੇ ਸੁਹਣਾ ਹੋਰ ਨਾ ਤੂਰ ਜੇਹਾ। ਖੇੜਿਆਂ ਜੇਡ ਨਾ ਨੇਕ ਨਸੀਬ ਕੋਈ, ਕੋਈ ਥਾਉਂ ਨਾ ਬੈਤੁਲ ਮਾਮੂਰ ਜੇਹਾ। ਸਹਿਜ ਵਸਦੀਆਂ ਜੇਡ ਨਾਲ ਭਲਾ ਕੋਈ, ਬੁਰਾ ਨਹੀਂ ਹੈ ਕੰਮ ਫਤੂਰ ਜੇਹਾ। ਹਿੰਗ ਜੇਡ ਨਾ ਹੋਰ ਬਦਬੂ ਕੋਈ, ਬਾਸਦਾਰ ਨਾ ਹੋਰ ਕਚੂਰ ਜੇਹਾ। ਵਾਰਿਸ ਸ਼ਾਹ ਜੇਹਾ ਗੁਨਾਹਗਾਰ ਨਾਹੀਂ, ਕੋਈ ਤਾਓ ਨਾ ਤਪਤ ਤੰਦੂਰ ਜੇਹਾ। (ਦਸਤਾਰ=ਪਗੜੀ, ਬਾਫ਼ਤਾ=ਰੇਸ਼ਮ ਦਾ ਕੱਪੜਾ, ਕੁਲੱਛਣੀ=ਭੈੜੇ ਲੱਛਣਾਂ ਵਾਲੀ, ਜ਼ਲਜ਼ਲਾ=ਭੁਚਾਲ, ਹਸ਼ਰ=ਕਿਆਮਤ, ਸੂਰ=ਬਿਗਲ, ਬੈਤੁਲ ਮਾਮੂਰ= ਚੌਥੇ ਅਸਮਾਨ ਉਪਰੇ ਜ਼ਮੁਰਦ ਦੀ ਬਣੀ ਇੱਕ ਮਸਜਿਦ।ਕਹਿੰਦੇ ਹਨ ਕਿ ਜੇ ਕਰ ਕੋਈ ਚੀਜ਼ ਓਥੋਂ ਡਿਗ ਪਵੇ ਤਾਂ ਉਹ ਕਾਅਬੇ ਦੀ ਛਤ 'ਤੇ ਆ ਟਿਕਦੀ ਹੈ। ਫਤੂਰ=ਫਸਾਦ,ਖ਼ਰਾਬੀ, ਕਚੂਰ=ਕਾਫ਼ੂਰ)

349. ਸਹਿਤੀ

ਜੋਗ ਦੱਸ ਖਾਂ ਕਿੱਧਰੋਂ ਹੋਇਆ ਪੈਦਾ, ਕਿੱਥੋਂ ਹੋਇਆ ਸੰਦਾਸ ਬੈਰਾਗ ਹੈ ਵੇ। ਕੇਤੀ ਰਾਹ ਹੈਂ ਜੋਗ ਦੇ ਦੱਸ ਖਾਂ ਵੇ, ਕਿੱਥੋਂ ਨਿਕਲਿਆ ਜੋਗ ਦਾ ਰਾਗ ਹੈ ਵੇ। ਇਹ ਖੱਪਰੀ ਸੇਲ੍ਹੀਆਂ ਨਾਦ ਕਿੱਥੋਂ, ਕਿਸ ਬੱਧਿਆ ਜਟਾਂ ਦੀ ਪਾਗ ਹੈ ਵੇ। ਵਾਰਿਸ ਸ਼ਾਹ ਭਿਬੂਤ ਕਿਸ ਕੱਢਿਆ ਈ, ਕਿੱਥੋਂ ਨਿਕਲੀ ਪੂਜਣੀ ਆਗ ਹੈ ਵੇ। (ਸੰਦਾਸ=ਸਨਿਆਸ, ਕੇਤੀ=ਕਿੰਨੇ, ਪਾਗ=ਪਗੜੀ, ਭਿਬੂਤ=ਸਰੀਰ ਉਤੇ ਮਲੀ ਜਾਣ ਵਾਲੀ ਸੁਆਹ)

350. ਰਾਂਝਾ

ਮਹਾਂਦੇਵ ਥੋਂ ਜੋਗ ਦਾ ਪੰਥ ਬਣਿਆਂ, ਦੇਵਦਤ ਹੈ ਗੁਰੂ ਸੰਦਾਸੀਆਂ ਦਾ। ਰਾਮਾਨੰਦ ਥੋਂ ਸਭ ਵੈਰਾਗ ਹੋਇਆ, ਪਰਮ ਜੋਤ ਹੈ ਗੁਰੂ ਉਦਾਸੀਆਂ ਦਾ। ਬ੍ਰਹਮਾ ਬਰਾਹਮਣਾ ਦਾ ਰਾਮ ਹਿੰਦੂਆਂ ਦਾ, ਬਿਸ਼ਨ ਅਤੇ ਮਹੇਸ਼ ਸਭ ਰਾਸੀਆਂ ਦਾ। ਸੁਥਰਾ ਸੁਥਰਿਆਂ ਦਾ ਨਾਨਕ ਉਦਾਸੀਆਂ ਦਾ, ਸ਼ਾਹ ਮੱਖਣ ਹੈ ਮੁੰਡੇ ਉਪਾਸੀਆਂ ਦਾ। ਜਿਵੇਂ ਸਈਅੱਦ ਜਲਾਲ ਜਲਾਲੀਆਂ ਦਾ, ਤੇ ਅਵੈਸ ਕਰਨੀ ਖੱਗਾਂ ਕਾਸੀਆਂ ਦਾ। ਜਿਵੇਂ ਸ਼ਾਹ ਮਦਾਰ ਮਦਾਰੀਆਂ ਦਾ, ਤੇ ਅੰਸਾਰ ਅੰਸਾਰੀਆਂ ਤਾਸੀਆਂ ਦਾ। ਹੈ ਵਸ਼ਿਸ਼ਟ ਨਿਰਬਾਣ ਵੈਰਾਗੀਆਂ ਦਾ, ਸ੍ਰੀ ਕ੍ਰਿਸ਼ਨ ਭਗਵਾਨ ਉਪਾਸੀਆਂ ਦਾ। ਹਾਜੀ ਨੌਸ਼ਾਹ ਜਿਵੇਂ ਨੌਸ਼ਾਹੀਆਂ ਦਾ, ਅਤੇ ਭਗਤ ਕਬੀਰ ਜੌਲਾਸੀਆਂ ਦਾ। ਦਸਤਗੀਰ ਦਾ ਕਾਦਰੀ ਸਿਲਸਲਾ ਹੈ, ਤੇ ਫ਼ਰੀਦ ਹੈ ਚਿਸ਼ਤ ਅੱਬਾਸੀਆਂ ਦਾ। ਜਿਵੇਂ ਸ਼ੈਖ਼ ਤਾਹਿਰ ਪੀਰ ਹੈ ਮੋਚੀਆਂ ਦਾ, ਸ਼ਮਸ ਪੀਰ ਸੁਨਿਆਰਿਆਂ ਚਾਸੀਆਂ ਦਾ। ਨਾਮ ਦੇਵ ਹੈ ਗੁਰੂ ਛੀਂਬਿਆਂ ਦਾ, ਲੁਕਮਾਨ ਲੁਹਾਰ ਤਰਖਾਸੀਆਂ ਦਾ। ਖ਼ੁਆਜਾ ਖਿਜ਼ਰ ਹੈ ਮੇਆਂ ਮੁਹਾਣਿਆਂ ਦਾ, ਨਕਸ਼ਬੰਦ ਮੁਗ਼ਲਾਂ ਚੁਗ਼ਤਾਸੀਆਂ ਦਾ। ਸਰਵਰ ਸਖੀ ਭਰਾਈਆਂ ਸੇਵਕਾਂ ਦਾ, ਲਾਲ ਬੇਗ਼ ਹੈ ਚੂਹੜਿਆਂ ਖਾਸੀਆਂ ਦਾ। ਨਲ ਰਾਜਾ ਹੈ ਗੁਰੂ ਜਵਾਰੀਆਂ ਦਾ, ਸ਼ਾਹ ਸ਼ੱਮਸ ਨਿਆਰੀਆਂ ਹਾਸੀਆਂ ਦਾ। ਹਜ਼ਰਤ ਸ਼ੀਸ਼ ਹੈ ਪੀਰ ਜੁਲਾਹਿਆਂ ਦਾ, ਸ਼ੈਤਾਨ ਹੈ ਪੀਰ ਮਰਾਸੀਆਂ ਦਾ। ਜਿਵੇਂ ਹਾਜੀ ਗਿਲਗੋ ਨੂੰ ਘੁਮਿਆਰ ਮੰਨਣ, ਹਜ਼ਰਤ ਅਲੀ ਹੈ ਸ਼ੀਆਂ ਖਾਸੀਆਂ ਦਾ। ਸੁਲੇਮਾਨ ਪਾਰਸ ਪੀਰ ਨਾਈਆਂ ਦਾ, ਅਲੀ ਰੰਗਰੇਜ਼ ਅਦਰੀਸ ਦਰਜ਼ਾਸੀਆਂ ਦਾ। ਇਸ਼ਕ ਪੀਰ ਹੈ ਆਸ਼ਕਾਂ ਸਾਰਿਆਂ ਦਾ, ਭੁਖ ਪੀਰ ਹੈ ਮਸਤਿਆਂ ਪਾਸੀਆਂ ਦਾ। ਹੱਸੂ ਤੇਲੀ ਜਿਉਂ ਪੀਰ ਹੈ ਤੇਲੀਆਂ ਦਾ, ਸੁਲੇਮਾਨ ਹੈ ਜਿੰਨ ਭੂਤਾਸੀਆਂ ਦਾ। ਸੋਟਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ, ਤੇ ਦਾਊਦ ਹੈ ਜ਼ਰ੍ਹਾ-ਨਵਾਸੀਆਂ ਦਾ। ਵਾਰਿਸ ਸ਼ਾਹ ਜਿਉਂ ਰਾਮ ਹੈ ਹਿੰਦੂਆਂ ਦਾ, ਅਤੇ ਰਹਿਮਾਨ ਹੈ ਮੋਮਨਾਂ ਖ਼ਾਸੀਆਂ ਦਾ। (ਚਾਸੀ=ਕਿਸਾਨ, ਖਾਸੀ=ਕੂੜਾ ਕਰਕਟ ਚੁੱਕਣ ਵਾਲੇ, ਤਾਸੀ=ਸੋਨੇ ਦੇ ਗਹਿਣੇ ਬਨਾਉਣ ਵਾਲੇ, ਪਾਸੀ=ਤਾੜ ਦੇ ਦਰਖੱਤ ਤੋਂ ਤਾੜੀ ਕੱਢਣ ਵਾਲਾ, ਪੀਰ=ਗੁਰੂ, ਜ਼ਰ੍ਹਾ-ਨਵਾਸੀ=ਹਰ ਵੇਲੇ ਜ਼ੱਰਹਿ ਬਖ਼ਤਰ ਪਹਿਨਣ ਵਾਲਾ)

351. ਸਹਿਤੀ

ਮਾਯਾ ਉਠਾਈ ਫਿਰਨ ਏਸ ਜੱਗ ਉਤੇ, ਜਿਨ੍ਹਾਂ ਭੌਣ ਤੇ ਕੁਲ ਬਿਹਾਰ ਹੈ ਵੇ। ਏਨ੍ਹਾਂ ਫਿਰਨ ਜ਼ਰੂਰ ਹੈ ਦਿਹੁੰ ਰਾਤੀਂ, ਧੁਰੋਂ ਫਿਰਨ ਏਨ੍ਹਾਂਦੜੀ ਕਾਰ ਹੈ ਵੇ। ਸੂਰਜ ਚੰਦ ਘੋੜਾ ਅਤੇ ਰੂਹ ਚਕਲ, ਨਜ਼ਰ ਸ਼ੇਰ ਪਾਣੀ ਵਣਜਾਰ ਹੈ ਵੇ। ਤਾਣਾ ਤਣਨ ਵਾਲੀ ਇੱਲ ਗਧਾ ਕੁੱਤਾ, ਤੀਰ ਛੱਜ ਤੇ ਛੋਕਰਾ ਯਾਰ ਹੈ ਵੇ। ਟੋਪਾ ਛਾਣਨੀ ਤੱਕੜੀ ਤੇਜ਼ ਮਰੱਕਬ, ਕਿਲਾ ਤਰੱਕਲਾ ਫਿਰਨ ਵਫ਼ਾਰ ਹੈ ਵੇ। ਬਿੱਲੀ ਰੰਨ ਫ਼ਕੀਰ ਤੇ ਅੱਗ ਬਾਂਦੀ, ਏਨ੍ਹਾਂ ਫਿਰਨ ਘਰੋ ਘਰੀ ਕਾਰ ਹੈ ਵੇ। ਵਾਰਿਸ ਸ਼ਾਹ ਵੈਲੀ ਭੇਖੇ ਲਖ ਫਿਰਦੇ, ਸਬਰ ਫ਼ਕਰ ਦਾ ਕੌਲ ਕਰਾਰ ਹੈ ਵੇ। (ਮਾਯਾ =ਮਾਇਆ, ਭੌਣ=ਘੁੰਮਣ ਘਿਰਨ, ਬਿਹਾਰ=ਕੰਮ, ਚਕਲ=ਚੱਕਰ, ਮਰੱਕਬ=ਸਵਾਰੀ ਦੇ ਜਾਨਵਰ ਜਾਂ ਗੱਡੀ, ਵੈਲੀ=ਵੈਲ ਵਾਲੇ)

352. ਤਥਾ

ਫਿਰਨ ਬੁਰਾ ਹੈ ਜਗ ਤੇ ਏਨ੍ਹਾਂ ਤਾਈਂ, ਜੇ ਇਹ ਫਿਰਨ ਤਾਂ ਕੰਮ ਦੇ ਮੂਲ ਨਾਹੀਂ। ਫਿਰੇ ਕੌਲ ਜ਼ਬਾਨ ਜਵਾਨ ਰਣ ਥੀਂ, ਸਤਰਦਾਰ ਘਰ ਛੋੜ ਮਾਕੂਲ ਨਾਹੀਂ। ਰਜ਼ਾ ਅੱਲਾਹ ਦੀ ਹੁਕਮ ਕਤੱਈ ਜਾਣੋ, ਕੁਤਬ ਕੋਹ ਕਾਅਬਾ ਹੈ ਮਾਮੂਲ ਨਾਹੀਂ। ਰੰਨ ਆਏ ਵਿਗਾੜ ਤੇ ਚਿਹ ਚੜ੍ਹੀ, ਫ਼ੱਕਰ ਆਏ ਜਾਂ ਕਹਿਰ ਕਲੂਲ ਨਾਹੀਂ। ਜ਼ਿੰਮੀਂਦਾਰ ਕਨਕੂਤੀਆਂ ਖ਼ੁਸ਼ੀ ਨਾਹੀਂ, ਅਤੇ ਅਹਿਮਕ ਕਦੇ ਮਲੂਲ ਨਾਹੀਂ। ਵਾਰਿਸ ਸ਼ਾਹ ਦੀ ਬੰਦਗੀ ਲਿਲ੍ਹ ਨਾਹੀਂ, ਵੇਖਾਂ ਮੰਨ ਲਏ ਕਿ ਕਬੂਲ ਨਾਹੀਂ। (ਰਣ=ਜੰਗ, ਕਨਕੂਤੀਆਂ=ਮਹਿਕਮਾ ਮਾਲ ਦੇ ਉਹ ਨੌਕਰ ਜਿਹੜੇ ਖੜੀ ਫ਼ਸਲ ਦਾ ਅੰਦਾਜ਼ਾ ਲਾਉਂਦੇ ਸਨ, ਲਿਲ੍ਹ=ਬਿਨਾ ਮਤਲਬ)

353. ਤਥਾ

ਅਦਲ ਬਿਨਾਂ ਸਰਦਾਰ ਹੈ ਰੁਖ ਅੱਫਲ, ਰੰਨ ਗਧੀ ਹੈ ਜੋ ਵਫ਼ਾਦਾਰ ਨਾਹੀਂ। ਨਿਆਜ਼ ਬਿਨਾਂ ਹੈ ਕੰਚਨੀ ਬਾਂਝ ਭਾਵੇਂ, ਮਰਦ ਗਧਾ ਜੋ ਅਕਲ ਦਾ ਯਾਰ ਨਾਹੀਂ। ਬਿਨਾ ਆਦਮੀਅਤ ਨਾਹੀਂ ਇਨਸ ਜਾਪੇ, ਬਿਨਾ ਆਬ ਕੱਤਾਲ ਤਲਵਾਰ ਨਾਹੀਂ। ਸਬਜ ਜ਼ਿਕਰ ਇਬਾਦਤਾਂ ਬਾਝ ਜੋਗੀ, ਦਮਾਂ ਬਾਝ ਜੀਵਨ ਦਰਕਾਰ ਨਾਹੀਂ। ਹਿੰਮਤ ਬਾਝ ਜਵਾਨ ਬਿਨ ਹੁਸਨ ਦਿਲਬਰ, ਲੂਣ ਬਾਝ ਤੁਆਮ ਸਵਾਰ ਨਾਹੀਂ। ਸ਼ਰਮ ਬਾਝ ਮੁੱਛਾਂ ਬਿਨਾਂ ਅਮਲ ਦਾੜ੍ਹੀ, ਤਲਬ ਬਾਝ ਫ਼ੌਜਾਂ ਭਰ ਭਾਰ ਨਾਹੀਂ। ਅਕਲ ਬਾਝ ਵਜ਼ੀਰ ਸਲਵਾਤ ਮੋਮਨ, ਬਿਨ ਦੀਵਾਨ ਹਿਸਾਬ ਸ਼ੁਮਾਰ ਨਾਹੀਂ। ਵਾਰਿਸ, ਰੰਨ, ਫ਼ਕੀਰ, ਤਲਵਾਰ, ਘੋੜਾ, ਚਾਰੇ ਥੋਕ ਇਹ ਕਿਸੇ ਦੇ ਯਾਰ ਨਾਹੀਂ। (ਅਫਲ=ਜਿਹਨੂੰ ਫਲ ਨਾ ਲੱਗੇ, ਕੰਚਨੀ=ਨਾਚੀ, ਇਨਸ=ਇੱਕ ਆਦਮੀ, ਆਬ= ਧਾਰ,ਤੇਜ਼ ਸ਼ਾਸ਼ਤਰ ਦੀ, ਕੱਤਾਲ=ਤਲਵਾਰ, ਇਬਾਦਤ=ਭਜਨ ਬੰਦਗੀ, ਦਮਾਂ=ਸਾਹਾਂ, ਦਰਕਾਰ ਨਾਹੀਂ=ਨਹੀਂ ਚਾਹੀਦਾ, ਤੁਆਮ=ਖਾਣਾ, ਸਵਾਰ=ਸੁਆਦ, ਤਲਬ=ਤਨਖਾਹ, ਸਲਵਾਤ=ਨਮਾਜ਼, ਦੀਵਾਨ=ਵਜ਼ੀਰੇ ਮਾਲ)

354. ਰਾਂਝਾ

ਮਰਦ ਕਰਮ ਦੇ ਨਕਦ ਹਨ ਸਹਿਤੀਏ ਨੀ, ਰੰਨਾਂ ਦੁਸ਼ਮਣਾਂ ਨੇਕ ਕਮਾਈਆਂ ਦੀਆਂ। ਤੁਸੀਂ ਏਸ ਜਹਾਨ ਵਿੱਚ ਹੋ ਰਹੀਆਂ, ਪੰਜ ਸੇਰੀਆਂ ਘਟ ਧੜਵਾਈਆਂ ਦੀਆਂ। ਮਰਦ ਹੈਣ ਜਹਾਜ਼ ਨੇ ਕੋਕੀਆਂ ਦੇ, ਰੰਨਾਂ ਬੇੜੀਆਂ ਹੈਣ ਬੁਰਾਈਆਂ ਦੀਆਂ। ਮਾਉਂ ਬਾਪ ਦਾ ਨਾਉਂ ਨਾਮੂਸ ਡੋਬਣ, ਪੱਤਾ ਲਾਹ ਸੁੱਟਣ ਭਲਿਆਂ ਭਾਈਆਂ ਦੀਆਂ। ਹੱਡ ਮਾਸ ਹਲਾਲ ਹਰਾਮ ਕੱਪਣ, ਏਹ ਕੁਹਾੜੀਆਂ ਹੈਣ ਕਸਾਈਆਂ ਦੀਆਂ। ਲਬਾਂ ਲਾਹੁੰਦੀਆਂ ਸਾਫ਼ ਕਰ ਦੇਣ ਦਾੜ੍ਹੀ, ਜਿਵੇਂ ਕੈਂਚੀਆਂ ਅਹਿਮਕਾਂ ਨਾਈਆਂ ਦੀਆਂ। ਸਿਰ ਜਾਏ, ਨਾ ਯਾਰ ਦਾ ਸਿਰ ਦੀਚੇ, ਸ਼ਰਮਾਂ ਰੱਖੀਏ ਅੱਖੀਆਂ ਲਾਈਆਂ ਦੀਆਂ। ਨੀ ਤੂੰ ਕੇਹੜੀ ਗੱਲ ਤੇ ਐਡ ਸ਼ੂਕੇਂ, ਗੱਲਾਂ ਦੱਸ ਖਾਂ ਪੂਰੀਆਂ ਪਾਈਆਂ ਦੀਆਂ। ਆਢਾ ਨਾਲ ਫ਼ਕੀਰਾਂ ਦੇ ਲਾਉਂਦੀਆਂ ਨੇ, ਖ਼ੂਬੀਆਂ ਵੇਖ ਨਨਾਣ ਭਰਜਾਈਆਂ ਦੀਆਂ। ਵਾਰਿਸ ਸ਼ਾਹ ਤੇਰੇ ਮੂੰਹ ਨਾਲ ਮਾਰਾਂ, ਪੰਡਾਂ ਬੰਨ੍ਹ ਕੇ ਸਭ ਭਲਿਆਈਆਂ ਦੀਆਂ। (ਕਰਮ ਦੇ ਨਕਦ=ਨੇਕ ਭਾਵ ਭਲੇ ਕੰਮ ਨੂੰ ਦੇਰ ਨਹੀਂ ਲਾਉਂਦੇ, ਕੱਪਣ=ਕੱਟਣ, ਸਿਰ=ਭੇਦ, ਮੂੰਹ ਨਾਲ ਮਾਰਨ=ਨਾਮੰਜ਼ੂਰ ਕਰਨ)

355. ਸਹਿਤੀ

ਰੀਸ ਜੋਗੀਆਂ ਦੀ ਤੈਥੋਂ ਨਹੀਂ ਹੁੰਦੀ, ਹੌਂਸਾਂ ਕੇਹੀਆਂ ਜਟਾਂ ਰਖਾਈਆਂ ਦੀਆਂ। ਬੇਸ਼ਰਮ ਦੀ ਮੁਛ ਜਿਉਂ ਪੂਛ ਪਿੱਦੀ, ਜਿਹੀਆਂ ਮੁੰਜਰਾਂ ਬੇਟ ਦੇ ਧਾਈਆਂ ਦੀਆਂ। ਤਾਨਸੈਨ ਜੇਹਾ ਰਾਗ ਨਹੀਂ ਬਣਦਾ, ਲਖ ਸਫ਼ਾਂ ਜੇ ਹੋਣ ਅਤਾਈਆਂ ਦੀਆਂ। ਅਖੀਂ ਡਿੱਠੀਆਂ ਨਹੀਂ ਤੂੰ ਚੋਬਰਾ ਵੇ, ਪਿਰਮ ਕੁੱਠੀਆਂ ਬਿਰਹੋਂ ਸਤਾਈਆਂ ਦੀਆਂ। ਸਿਰ ਮੁੰਨ ਦਾੜ੍ਹੀ ਖੇਹ ਲਾਈਆ ਈ, ਕਦਰਾਂ ਡਿੱਠੀਉਂ ਏਡੀਆਂ ਚਾਈਆਂ ਦੀਆਂ। ਤੇਰੀ ਚਰਾਚਰ ਬਿਰਕਦੀ ਜੀਭ ਏਵੇਂ, ਜਿਉਂ ਮੁਰਕਦੀਆਂ ਜੁੱਤੀਆਂ ਸਾਈਆਂ ਦੀਆਂ। ਲੰਡਿਆਂ ਨਾਲ ਘੁਲਣਾ ਮੰਦੇ ਬੋਲ ਬੋਲਣ, ਨਹੀਂ ਚਾਲੀਆਂ ਏਹ ਭਲਿਆਈਆਂ ਦੀਆਂ। ਨਹੀਂ ਕਾਅਬਿਉਂ ਚੂਹੜਾ ਹੋਇ ਵਾਕਿਫ, ਖ਼ਬਰਾਂ ਜਾਣਦੇ ਚੂਹੜੇ ਗੁਹਾਈਆਂ ਦੀਆਂ। ਨਹੀਂ ਫ਼ਕਰ ਦੇ ਭੇਤ ਦਾ ਜ਼ਰਾ ਵਾਕਿਫ, ਖ਼ਬਰਾਂ ਤੁਧ ਨੂੰ ਮਹੀਂ ਚਰਾਈਆਂ ਦੀਆਂ। ਚੁਤੜ ਸਵਾਹ ਭਰੇ ਵੇਖ ਮਗਰ ਲੱਗੋਂ, ਜਿਵੇਂ ਕੁੱਤੀਆਂ ਹੋਣ ਗੁਸਾਈਆਂ ਦੀਆਂ। ਜਿਹੜੀਆਂ ਸੂਣ ਉਜਾੜ ਵਿੱਚ ਵਾਂਗ ਖੱਚਰ, ਕਦਰਾਂ ਉਹ ਕੀ ਜਾਣਦੀਆਂ ਦਾਈਆਂ ਦੀਆਂ। ਗੱਦੋਂ ਵਾਂਗ ਜਾਂ ਰਜਿਉਂ ਕਰੇਂ ਮਸਤੀ, ਕੱਛਾਂ ਸੁੰਘਨੈਂ ਰੰਨਾਂ ਪਰਾਈਆਂ ਦੀਆਂ। ਬਾਪੂ ਨਹੀਂ ਪੂਰਾ ਤੈਨੂੰ ਕੋਈ ਮਿਲਿਆ, ਅਜੇ ਟੋਹੀਉਂ ਬੁੱਕਲਾਂ ਮਾਈਆਂ ਦੀਆਂ। ਪੂਛਾਂ ਗਾਈ ਨੂੰ ਮਹੀਂ ਦੀਆਂ ਜੋੜਨਾ ਏਂ, ਖੁਰੀਆਂ ਮਹੀਂ ਨੂੰ ਲਾਉਨੈਂ ਗਾਈਆਂ ਦੀਆਂ। ਹਾਸਾ ਵੇਖ ਕੇ ਆਉਂਦਾ ਸਿਫ਼ਲਵਾਈ, ਗੱਲਾਂ ਤਬ੍ਹਾ ਦੀਆਂ ਵੇਖ ਸਫ਼ਾਈਆਂ ਦੀਆਂ। ਮੀਆਂ ਕੌਣ ਛੁਡਾਵਸੀ ਆਣ ਤੈਨੂੰ, ਧਮਕਾਂ ਪੌਣਗੀਆਂ ਜਦੋਂ ਕੁਟਾਈਆਂ ਦੀਆਂ। ਗੱਲਾਂ ਇਸ਼ਕ ਦੇ ਵਾਲੀਆਂ ਨੇਈਂ ਰੁਲੀਆਂ, ਕੱਚੇ ਘੜੇ ਤੇ ਵਹਿਣ ਲੁੜ੍ਹਾਈਆਂ ਦੀਆਂ। ਪਰੀਆਂ ਨਾਲ ਕੀ ਦੇਵਾਂ ਨੂੰ ਆਖ ਲੱਗੇ, ਜਿਨ੍ਹਾਂ ਵੱਖੀਆਂ ਭੰਨੀਆਂ ਭਾਈਆਂ ਦੀਆਂ। ਇਹ ਇਸ਼ਕ ਕੀ ਜਾਣਦੈ ਚਾਕ ਚੋਬਰ, ਖ਼ਬਰਾਂ ਜਾਣਦੈ ਰੋਟੀਆਂ ਢਾਈਆਂ ਦੀਆਂ। ਵਾਰਿਸ ਸ਼ਾਹ ਨਾ ਬੇਟੀਆਂ ਜਿਨ੍ਹਾਂ ਜਣੀਆਂ, ਕਦਰਾਂ ਜਾਣਦੇ ਨਹੀਂ ਜਵਾਈਆਂ ਦੀਆਂ। (ਹੋਸ=ਹਵਸ,ਲਾਲਚ ਬੇਟ ਦੇ ਧਈਆਂ=ਬੇਟ ਦੇ ਚੌਲ, ਮੁੰਜਰਾਂ=ਬੱਲੀਆਂ, ਸਿੱਟੇ, ਅਤਾਈਆਂ=ਬੇਸੁਆਦ ਗਵੱਈਆ, ਬਿਰਕਦੀ=ਚਲਦੀ, ਚਾਲੀਆਂ=ਚਾਲੇ,ਤੌਰ ਤਰੀਕੇ, ਮਰਕਦੀਆਂ=ਚੀਕਦੀਆਂ, ਗੁਹਾਈਆਂ=ਗੋਹੇ,ਗੁਸਈਂ=ਹਿੰਦੂ ਫ਼ਕੀਰ, ਬਾਪੂ=ਪੂਰਾ ਉਸਤਾਦ ਸਿਫ਼ਲਵਾਈ=ਘਟੀਆਪਣ, ਖ਼ਫ਼ਾਈ=ਆਪਣੇ ਭੇਦ ਨੂੰ ਲੁਕਾਉਣ ਵਾਲਾ, ਨੇਈਂ=ਨਦੀ)

356. ਰਾਂਝਾ

ਅਸੀਂ ਸਹਿਤੀਏ ਮੂਲ ਨਾਲ ਡਰਾਂ ਤੈਥੋਂ, ਤਿੱਖੇ ਦੀਦੜੇ ਤੈਂਦੜੇ ਸਾਰ ਦੇ ਨੀ। ਹਾਥੀ ਨਹੀਂ ਤਸਵੀਰ ਦਾ ਕਿਲਾ ਢਾਹੇ ਸ਼ੇਰ ਮੱਖੀਆਂ ਨੂੰ ਨਾਹੀਂ ਮਾਰਦੇ ਨੀ। ਕਹੇ ਕਾਂਵਾਂ ਦੇ ਢੋਰ ਨਾ ਕਦੇ ਮੋਏ, ਸ਼ੇਰ ਫੂਈਆਂ ਤੋਂ ਨਾਹੀਂ ਹਾਰਦੇ ਨੀ। ਫਟ ਹੈਂ ਲੜਾਈ ਦੇ ਅਸਲ ਢਾਈ, ਹੋਰ ਐਵੇਂ ਪਸਾਰ ਪਸਾਰਦੇ ਨੀ। ਇੱਕੇ ਮਾਰਨਾ ਇੱਕੇ ਤਾਂ ਆਪ ਮਰਨਾ, ਇੱਕੇ ਨੱਸ ਜਾਣਾ ਅੱਗੇ ਸਾਰ ਦੇ ਨੀ। ਹਿੰਮਤ ਸੁਸਤ ਬਰੂਤ ਸਰੀਨ ਭਾਰੇ, ਇਹ ਗਭਰੂ ਕਿਸੇ ਨਾ ਕਾਰ ਦੇ ਨੀ। ਬੰਨ੍ਹ ਟੋਰੀਏ ਜੰਗ ਨੂੰ ਢਿੱਗ ਕਰਕੇ, ਸਗੋਂ ਅਗਲਿਆਂ ਨੂੰ ਪਿੱਛੋਂ ਮਾਰਦੇ ਨੀ। ਸੜਣ ਕੱਪੜੇ ਹੋਣ ਤਹਿਕੀਕ ਕਾਲੇ, ਜਿਹੜੇ ਗੋਸ਼ਟੀ ਹੋਣ ਲੋਹਾਰ ਦੇ ਨੀ। ਝੂਠੇ ਮਿਹਣਿਆਂ ਨਾਲ ਨਾ ਜੋਗ ਜਾਂਦਾ, ਸੰਗ ਗਲੇ ਨਾ ਨਾਲ ਫੁਹਾਰ ਦੇ ਨੀ। ਖੈਰ ਦਿੱਤਿਆਂ ਮਾਲ ਨਾ ਹੋਏ ਥੋੜ੍ਹਾ, ਬੋਹਲ ਥੁੜੇ ਨਾ ਚੁਣੇ ਗੁਟਾਰ ਦੇ ਨੀ। ਜਦੋਂ ਚੂਹੜੇ ਨੂੰ ਜਿੰਨ ਕਰੇ ਦਖਲਾ, ਝਾੜਾ ਕਰੀਦਾ ਨਾਲ ਪੈਜ਼ਾਰ ਦੇ ਨੀ। ਤੈਂ ਤਾਂ ਫ਼ਿਕਰ ਕੀਤਾ ਸਾਨੂੰ ਮਾਰਨੇ ਦਾ, ਤੈਨੂੰ ਵੇਖ ਲੈ ਯਾਰ ਹੁਣ ਮਾਰਦੇ ਨੀ। ਜੇਹਾ ਕਰੇ ਕੋਈ ਤੇਹਾ ਪਾਂਵਦਾ ਹੈ, ਸੱਚੇ ਵਾਇਦੇ ਪਰਵਰਦਗਾਰ ਦੇ ਨੀ। ਵਾਰਿਸ ਸ਼ਾਹ ਮੀਆਂ ਰੰਨ ਭੌਂਕਣੀ ਨੂੰ, ਫ਼ਕਰ ਪਾਇ ਜੜੀਆਂ ਚਾਇ ਮਾਰਦੇ ਨੀ। (ਫੂਈਆਂ=ਬਹਾਰੇ ਆਈ ਗਿਦੜੀਆਂ, ਸਰੀਨ=ਚੁੱਤੜ, ਬਰੂਤ=ਠੰਡ, ਲੁਹਾਰ ਦੇ ਗੋਸ਼ਟੀ=ਲੁਹਾਰ ਕੋਲ ਬੈਠਣ ਉਠਣ ਵਾਲੇ, ਸੰਗ=ਪੱਥਰ, ਚੁਣੇ=ਚੁਗੇ, ਪੈਜ਼ਾਰ=ਜੁੱਤੀ, ਪਰਵਰਦਗਾਰ=ਪਾਲਣਹਾਰ, ਜੜੀਆਂ=ਜਾਦੂ ਟੂਣੇ ਨਾਲ ਲੱਗਾ ਇੱਕ ਰੋਗ ਜਿਹੜਾ ਅਖੀਰ ਵਿੱਚ ਜਾਨ ਲੇਵਾ ਸਾਬਤ ਹੁੰਦਾ ਹੈ)

357. ਸਹਿਤੀ

ਤੇਰੀਆਂ ਸੇਲ੍ਹੀਆਂ ਥੋਂ ਅਸੀਂ ਨਹੀਂ ਡਰਦੇ, ਕੋਈ ਡਰੇ ਨਾ ਭੀਲ ਦੇ ਸਾਂਗ ਕੋਲੋਂ। ਐਵੇਂ ਮਾਰੀਦਾ ਜਾਵਸੇਂ ਏਸ ਪਿੰਡੋਂ, ਜਿਵੇਂ ਖਿਸਕਦਾ ਕੁਫ਼ਰ ਹੈ ਬਾਂਗ ਕੋਲੋਂ। ਸਿਰੀ ਕੱਜ ਕੇ ਟੁਰੇਂਗਾ ਜਹਿਲ ਜੱਟਾ, ਜਿਵੇਂ ਧਾੜਵੀ ਸਰਕਦਾ ਕਾਂਗ ਕੋਲੋਂ। ਮੇਰੇ ਡਿੱਠਿਆਂ ਕੰਬਸੀ ਜਾਨ ਤੇਰੀ, ਜਿਵੇਂ ਚੋਰ ਦੀ ਜਾਨ ਝਲਾਂਗ ਕੋਲੋਂ। ਤੇਰੀ ਟੂਟਣੀ ਫਿਰੇ ਹੈ ਸੱਪ ਵਾਂਗੂੰ, ਆਇ ਰੰਨਾਂ ਦੇ ਡਰੀਂ ਉਪਾਂਗ ਕੋਲੋਂ। ਐਵੇਂ ਖ਼ੌਫ਼ ਪੌਸੀ ਤੈਨੂੰ ਮਾਰਨੇ ਦਾ, ਜਿਵੇਂ ਢੱਕ ਦਾ ਪੈਰ ਉਲਾਂਘ ਕੋਲੋਂ। ਵਾਰਿਸ ਸ਼ਾਹ ਇਹ ਜੋਗੀੜਾ ਮੋਇਆ ਪਿਆਸਾ, ਪਾਣੀ ਦੇਣਗੀਆਂ ਜਦੋਂ ਪੁੜਸਾਂਗ ਕੋਲੋਂ। (ਭੀਲ=ਭੀਲ ਕੌਮ ਜਿਹੜੀ ਵਿੰਧੀਆਚਲ ਪਰਬਤ ਕੋਲ ਬਸੀ ਹੋਈ ਹੈ, ਕਜ ਕੇ= ਢਕ ਕੇ, ਜਹਿਲ=ਜਾਹਿਲ,ਗੰਵਾਰ, ਝਲਾਂਗ=ਸਵੇਰਾ, ਉਪਾਂਗ=ਉਪ ਅੰਗ,ਕਿਸੇ ਅੰਗ)

358. ਰਾਂਝਾ

ਕੇਹੀਆਂ ਆਣ ਪੰਚਾਇਤਾਂ ਜੋੜੀਆਂ ਨੀ, ਅਸੀਂ ਰੰਨ ਨੂੰ ਰੇਵੜੀ ਜਾਣਨੇ ਹਾਂ। ਫੜੀਏ ਚਿੱਥ ਕੇ ਲਈਏ ਲੰਘਾ ਪਲ ਵਿੱਚ, ਤੰਬੂ ਵੈਰ ਦੇ ਨਿਤ ਨਾ ਤਾਣਨੇ ਹਾਂ। ਲੋਕ ਜਾਗਦੇ ਮਹਿਰੀਆਂ ਨਾਲ ਪਰਚਣ, ਅਸੀਂ ਖ਼ੁਆਬ ਅੰਦਰ ਮੌਜਾਂ ਮਾਣਨੇ ਹਾਂ। ਲੋਕ ਛਾਣਦੇ ਭੰਗ ਤੇ ਸ਼ਰਬਤਾਂ ਨੂੰ, ਅਸੀਂ ਆਦਮੀ ਨਜ਼ਰ ਵਿੱਚ ਛਾਣਨੇ ਹਾਂ। ਫੂਈ ਮਗਰ ਲੱਗੀ ਇਸ ਦੀ ਮੌਤ ਆਹੀ, ਵਾਰਿਸ ਸ਼ਾਹ ਹੁਣ ਮਾਰ ਕੇ ਰਾਣਨੇ ਹਾਂ। (ਰੇਵੜੀ=ਰਿਉੜੀ, ਨਜ਼ਰ ਵਿੱਚ ਛਾਣਨਾ=ਜਾਚਣਾ, ਰਾਣਨੇ=ਪੈਰਾਂ ਥੱਲੇ ਮਿਧਣਾਂ)

359. ਰਾਂਝਾ-ਇਹ ਨਾ ਭਲੇ

ਜੇਠ ਮੀਂਹ ਤੇ ਸਿਆਲ ਨੂੰ ਵਾਉ ਮੰਦੀ, ਕਟਕ ਮਾਘ ਵਿੱਚ ਮਨ੍ਹਾ ਹਨ੍ਹੇਰੀਆਂ ਨੀ। ਰੋਵਣ ਵਿਆਹ ਵਿੱਚ ਗਾਵਣਾ ਵਿੱਚ ਸਿਆਪੇ, ਸਤਰ ਮਜਲਸਾਂ ਕਰਨ ਮੰਦੇਰੀਆਂ ਨੀ। ਚੁਗਲੀ ਖਾਵੰਦਾਂ ਦੀ ਬਦੀ ਨਾਲ ਮੀਏਂ, ਖਾਇ ਲੂਣ ਹਰਾਮ ਬਦ-ਖ਼ੈਰੀਆਂ ਨੀ। ਹੁਕਮ ਹੱਥ ਕਮਜ਼ਾਤ ਦੇ ਸੌਂਪ ਦੇਣਾ, ਨਾਲ ਦੋਸਤਾਂ ਕਰਨੀਆਂ ਵੈਰੀਆਂ ਨੀ। ਚੋਰੀ ਨਾਲ ਰਫ਼ੀਕ ਦੇ ਦਗ਼ਾ ਪੀਰਾਂ, ਪਰ ਨਾਰ ਪਰ ਮਾਲ ਉਸੀਰੀਆਂ ਨੀ। ਗ਼ੀਬਤ ਤਰਕ ਸਲਵਾਤ ਤੇ ਝੂਠ ਮਸਤੀ, ਦੂਰ ਕਰਨ ਫਰਿਸ਼ਤਿਆਂ ਤੀਰੀਆਂ ਨੀ। ਲੜਣ ਨਾਲ ਫ਼ਕੀਰ ਸਰਦਾਰ ਯਾਰੀ, ਕੱਢ ਘੱਤਣਾ ਮਾਲ ਵਸੇਰੀਆਂ ਨੀ। ਮੁੜਣ ਕੌਲ ਜ਼ਬਾਨ ਦਾ ਫਿਰਨ ਪੀਰਾਂ, ਬੁਰਿਆਂ ਦਿਨਾਂ ਦਿਆਂ ਇਹ ਭੀ ਫੇਰੀਆਂ ਨੀ। ਮੇਰੇ ਨਾਲ ਜੋ ਖੇੜਿਆਂ ਵਿੱਚ ਹੋਈ, ਖ਼ਚਰਵਾਦੀਆਂ ਇਹ ਸਭ ਤੇਰੀਆਂ ਨੀ। ਭਲੇ ਨਾਲ ਭਲਿਆਂਈਆਂ ਬਦੀ ਬੁਰਿਆਂ, ਯਾਦ ਰੱਖ ਨਸੀਹਤਾਂ ਮੇਰੀਆਂ ਨੀ। ਬਿਨਾਂ ਹੁਕਮ ਦੇ ਮਰਨ ਨਾ ਉਹ ਬੰਦੇ, ਸਾਬਤ ਜਿੰਨ੍ਹਾਂ ਦੇ ਰਿਜ਼ਕ ਦੀਆਂ ਢੇਰੀਆਂ ਨੀ। ਬਦਰੰਗ ਨੂੰ ਰੰਗ ਕੇ ਰੰਗ ਲਾਇਉ, ਵਾਹ ਵਾਹ ਇਹ ਕੁਦਰਤਾਂ ਤੇਰੀਆਂ ਨੀ। ਏਹਾ ਘੱਤ ਕੇ ਜਾਦੂੜਾ ਕਰੂੰ ਕਮਲੀ, ਪਈ ਗਿਰਦ ਮੇਰੇ ਘੱਤੀਂ ਫੇਰੀਆਂ ਨੀ। ਵਾਰਿਸ ਸ਼ਾਹ ਅਸਾਂ ਨਾਲ ਜਾਦੂਆਂ ਦੇ, ਕਈ ਰਾਣੀਆਂ ਕੀਤੀਆਂ ਚੇਰੀਆਂ ਨੀ। (ਮਜਲਿਸ=ਮਹਿਫ਼ਲ, ਖਾ ਲੂਣ ਕਰੇ ਬਦਖ਼ੈਰੀਆਂ=ਨਮਕਹਰਾਮੀ, ਰਫ਼ੀਕ=ਸਾਥੀ, ਪਰ ਨਾਰ=ਪਰਾਈ ਇਸਤਰੀ, ਪਰ ਮਾਲ=ਪਰਾਇਆ ਮਾਲ, ਉਸੀਰੀ=ਕਿਸੇ ਚੀਜ਼ ਨੂੰ ਪ੍ਰਾਪਤ ਕਰਨ ਲਈ ਹਰ ਵੇਲੇ ਕੁੜ੍ਹਨਾ,ਸੜਣਾਂ, ਗ਼ੀਬਤ=ਚੁਗ਼ਲੀ, ਤੀਰੀ=ਉੜਾਨ, ਚੇਰੀ=ਚੇਲੀ)

360. ਸਹਿਤੀ

ਅਸਾਂ ਜਾਦੂੜੇ ਘੋਲ ਕੇ ਸਭ ਪੀਤੇ, ਕਰਾਂ ਬਾਵਰੇ ਜਾਦੂਆਂ ਵਾਲਿਆਂ ਨੂੰ। ਰਾਜੇ ਭੋਜ ਜਿਹੇ ਕੀਤੇ ਚਾ ਘੋੜੇ, ਨਹੀਂ ਜਾਣਦਾ ਸਾਡਿਆਂ ਚਾਲਿਆਂ ਨੂੰ। ਸਕੇ ਭਾਈਆਂ ਨੂੰ ਕਰਨ ਨਫ਼ਰ ਰਾਜੇ, ਅਤੇ ਰਾਜ ਬਹਾਂਵਦੇ ਸਾਲਿਆਂ ਨੂੰ। ਸਿਰਕੱਪ ਰਸਾਲੂ ਨੂੰ ਵਖ਼ਤ ਪਾਇਆ, ਘਤ ਮਕਰ ਦੇ ਰੌਲਿਆਂ ਰਾਲਿਆਂ ਨੂੰ। ਰਾਵਣ ਲੰਕ ਲੁਟਾਇਕੇ ਗਰਦ ਹੋਇਆ, ਸੀਤਾ ਵਾਸਤੇ ਭੇਖ ਵਿਖਾਲਿਆਂ ਨੂੰ। ਯੂਸਫ਼ ਬੰਦ ਵਿੱਚ ਪਾ ਜ਼ਹੀਰ ਕੀਤਾ, ਸੱਸੀ ਵਖ਼ਤ ਪਾਇਆ ਊਠਾਂ ਵਾਲਿਆਂ ਨੂੰ। ਰਾਂਝਾ ਚਾਰ ਕੇ ਮਹੀਂ ਫ਼ਕੀਰ ਹੋਇਆ, ਹੀਰ ਮਿਲੀ ਜੇ ਖੇੜਿਆਂ ਸਾਲਿਆਂ ਨੂੰ। ਰੋਡਾ ਵੱਢ ਕੇ ਡੱਕਰੇ ਨਦੀ ਪਾਇਆ, ਤੇ ਜਲਾਲੀ ਦੇ ਵੇਖ ਲੈ ਚਾਲਿਆਂ ਨੂੰ। ਫੋਗੂ ਉਮਰ ਬਾਦਸ਼ਾਹ ਖ਼ੁਆਰ ਹੋਇਆ, ਮਿਲੀ ਮਾਰਵਣ ਢੋਲ ਦੇ ਰਾਲਿਆਂ ਨੂੰ। ਵਲੀ ਬਲਮ ਬਾਊਰ ਈਮਾਨ ਦਿੱਤਾ, ਵੇਖ ਡੋਬਿਆ ਬੰਦਗੀ ਵਾਲਿਆਂ ਨੂੰ। ਮਹੀਂਵਾਲ ਤੋਂ ਸੋਹਣੀ ਰਹੀ ਏਵੇਂ, ਹੋਰ ਪੁਛ ਲੈ ਇਸ਼ਕ ਦੇ ਭਾਲਿਆਂ ਨੂੰ। ਅਠਾਰਾਂ ਖੂਹਣੀ ਕਟਕ ਲੜ ਮੋਏ ਪਾਂਡੋ, ਡੋਬ ਡਾਬ ਕੇ ਖੱਟਿਆ ਘਾਲਿਆਂ ਨੂੰ। ਰੰਨਾ ਮਾਰ ਲੜਾਏ ਇਮਾਮ-ਜ਼ਾਦੇ, ਮਾਰ ਘੱਤਿਆ ਪੀਰੀਆਂ ਵਾਲਿਆਂ ਨੂੰ। ਵਾਰਿਸ ਸ਼ਾਹ ਤੂੰ ਜੋਗੀਆ ਕੌਣ ਹੁੰਨੈਂ, ਓੜਕ ਭਰੇਂਗਾ ਸਾਡਿਆਂ ਹਾਲਿਆਂ ਨੂੰ। (ਘੋਲ ਕੇ ਪੀਤੇ=ਖ਼ਤਮ ਕਰ ਦਿੱਤੇ, ਨਫ਼ਰ=ਗੁਲਾਮ,ਦਾਸ, ਜ਼ਹੀਰ=ਦੁਖੀ, ਸਿਰਕੱਪ=ਗੱਖਰਫ਼ਤਿ ਹੂਡੀ ਰਾਜਾ ਜੋ ਵੈਰੀਆਂ ਦੇ ਸਿਰ ਕਪ (ਵਢ) ਲੈਂਦਾ ਸੀ। ਰਸਾਲੂ=ਸਲਵਾਨ ਦਾ ਪੁੱਤਰ ਅਤੇ ਪੂਰਨ ਭਗਤ ਦਾ ਭਰਾ, ਰਾਲਿਆਂ=ਮਿਲਾਪ, ਫੋਗੂ ਉਮਰ=ਊਮਰ ਸੂਮਰ ਸਿੰਧ ਦਾ ਇੱਕ ਅਮੀਰ ਜੋ ਅਰਬੀ ਨਸਲ ਦਾ ਸੀ। ਜਦ ਢੋਲਾ ਮਾਰਵਣ ਨੂੰ ਲੈ ਕੇ ਪੁਗਲ ਤੋਂ ਗਿਆ ਤਾਂ ਰਾਹ ਵਿੱਚ ਇਸ ਅਮੀਰ ਨੇ ਮਾਰਵਣ ਨੂੰ ਖੋਹਣ ਦਾ ਯਤਨ ਕੀਤਾ ਪਰ ਮਾਰਵਣ ਦੇ ਇਸ਼ਾਰੇ ਨਾਲ ਢੋਲੇ ਨੇ ਓਥੋਂ ਅਪਣਾ ਉਠ, ਜਿਸ ਦੀ ਇੱਕ ਲੱਤ ਬੱਧੀ ਸੀ, ਉਸੇ ਤਰ੍ਹਾਂ ਭਜਾ ਲਿਆ ਅਤੇ ਰਾਣੀ ਨੂੰ ਬਚਾ ਕੇ ਲੈ ਗਿਆ, ਵਲੀ ਬਲਮ ਬਾਊਰ=ਕੁਰਬਾਨੀਆਂ ਦਾ ਇੱਕ ਮਸ਼ਹੂਰ ਵਲੀ। ਜਦ ਹਜ਼ਰਤ ਮੂਸਾ ਨੇ ਮਦਾਇਨ ਵਾਲਿਆਂ ਉਪਰ ਹਮਲਾ ਕੀਤਾ ਤਾਂ ਓਥੋਂ ਦੇ ਬਾਦਸ਼ਾਹ ਨੇ ਬਲਮ ਬਾਊਰ ਨੂੰ ਕਿਹਾ ਕਿ ਉਹ ਮੂਸਾ ਨੂੰ ਬਦ ਦੁਆਂ ਦੇਵੇ।ਉਹਨੇ ਬਦਦੁਆ ਲਈ ਹੱਥ ਉਪਰ ਨੂੰ ਚੁੱਕੇ ਪਰ ਮੂੰਹੋਂ ਬਦਦੁਆ ਨਾ ਨਿਕਲੀ, ਅਠਾਰਾਂ ਖੂਹਣੀ=ਮਹਾਂਭਾਰਤ ਦੇ ਯੁੱਧ ਵਿੱਚ, ਆਖਿਆ ਜਾਂਦਾ ਹੈ ਕਿ ਦੋਵੇਂ ਪਾਸਿਆਂ ਦੀਆਂ ਫ਼ੌਜਾਂ ਦੀ ਗਿਣਤੀ ਅਠਾਰਾਂ ਖੂਹਣੀਆਂ ਸੀ।ਪਾਂਡੋਆਂ ਦਾ ਲਸ਼ਕਰ ਸਤ ਖੂਹਣੀਆਂ ਅਤੇ ਕੌਰਵਾਂ ਦਾ ਗਿਆਰਾਂ ਖੂਹਣੀਆਂ, ਹਾਲੇ ਭਰਨੇ=ਖਰਾਜ ਭਰਨਾ,ਮਾਲੀਆ ਜਾਂ ਮਾਮਲਾ, ਇਮਾਮ-ਜ਼ਾਦੇ= ਇਮਾਮ ਹਸਨ ਹਜਰਤ ਅਲੀ ਦੇ ਵੱਡੇ ਪੁੱਤਰ (24. 670 ਈ), ਹਜ਼ਰਤ ਅਲੀ ਦੇ ਸ਼ਹੀਦ ਹੋਣ ਪਿੱਛੋਂ ਕੂਫਾ ਦੇ ਲੋਕਾਂ ਇਨ੍ਹਾਂ ਨੂੰ ਛੇ ਕੁ ਮਹੀਨੇ ਖਲੀਫਾ ਮੰਨ ਲਿਆ। ਅਮੀਰ ਮੁਆਵੀਆ ਨਾਲ ਕੁਝ ਇੱਕ ਸ਼ਰਤਾਂ ਤੇ ਆਪ ਨੇ ਉਸ ਦੇ ਹੱਕ ਵਿੱਚ ਖਿਲਾਫ਼ਤ ਛੱਡ ਦਿੱਤੀ।ਮੁਆਵੀਆਂ ਦੇ ਮਰਨ ਪਿੱਛੋਂ ਉਹਦਾ ਪੁੱਤਰ ਤਖ਼ਤ ਤੇ ਬੈਠਾ।ਉਸ ਨੇ ਜੈਨਬ ਨਾਮੀ ਬੀਵੀ ਰਾਹੀਂ ਇਮਾਮ ਹਸਨ ਨੂੰ ਜ਼ਹਿਰ ਦਵਾ ਦਿੱਤੀ)

361. ਰਾਂਝਾ

ਆ ਨੱਢੀਏ ਗ਼ੈਬ ਕਿਉਂ ਵਿੱਢਿਆ ਈ, ਸਾਡੇ ਨਾਲ ਕੀ ਰਿੱਕਤਾਂ ਚਾਈਆਂ ਨੀ। ਕਰੇਂ ਨਰਾਂ ਦੇ ਨਾਲ ਬਰਾਬਰੀ ਕਿਉਂ, ਆਖ ਤੁਸਾਂ ਵਿੱਚ ਕੀ ਭਲਿਆਈਆਂ ਨੀ। ਬੇਕਸਾਂ ਦਾ ਕੋਈ ਨਾ ਰੱਬ ਬਾਝੋਂ, ਤੁਸੀਂ ਦੋਵੇਂ ਨਿਨਾਣ ਭਰਜਾਈਆਂ ਨੀ। ਜਿਹੜਾ ਰੱਬ ਦੇ ਨਾਂਉਂ ਤੇ ਭਲਾ ਕਰਸੀ, ਅੱਗੇ ਮਿਲਣਗੀਆਂ ਉਸ ਭਲਿਆਈਆਂ ਨੀ। ਅੱਗੇ ਤਿਨ੍ਹਾਂ ਦਾ ਹਾਲ ਜ਼ਬੂਨ ਹੋਸੀ, ਵਾਰਿਸ ਸ਼ਾਹ ਜੋ ਕਰਨ ਬੁਰਿਆਈਆਂ ਨੀ। (ਗ਼ੈਬ ਵਿਢਨਾ=ਵਾਧੂ ਦੀ ਲੜਾਈ ਛੇੜਣੀ, ਬੇਕਸ=ਕਮਜ਼ੋਰ,ਨਿਮਾਣਾ, ਜ਼ਬੂਨ =ਬੁਰਾ)

362. ਤਥਾ

ਮਰਦ ਸਾਦ ਹਨ ਚਿਹਰੇ ਨੇਕੀਆਂ ਦੇ, ਸੂਰਤ ਰੰਨ ਦੀ ਮੀਮ ਮੌਕੂਫ਼ ਹੈ ਨੀ। ਮਰਦ ਆਲਮ ਫਾਜ਼ਲ ਅੱਜਲ ਕਾਬਲ, ਕਿਸੇ ਰੰਨ ਨੂੰ ਕੌਣ ਵਕੂਫ਼ ਹੈ ਨੀ। ਸਬਰ ਫ਼ਰ੍ਹਾ ਹੈ ਮੰਨਿਆ ਨੇਕ ਮਰਦਾਂ, ਏਥੇ ਸਬਰ ਦੀ ਵਾਗ ਮਾਤੂਫ਼ ਹੈ ਨੀ। ਦਫਤਰ ਮਕਰ ਫ਼ਰੇਬ ਤੇ ਖ਼ਚਰਵਾਈਆਂ, ਏਹਨਾਂ ਪਿਸਤਿਆਂ ਵਿੱਚ ਮਲਫ਼ੂਫ਼ ਹੈ ਨੀ। ਰੰਨ ਰੇਸ਼ਮੀ ਕੱਪੜਾ ਮਨ੍ਹਾ ਮੁਸਲੇ, ਮਰਦ ਜੌਜ਼ਕੀਦਾਰ ਮਸ਼ਰੂਫ਼ ਹੈ ਨੀ। ਵਾਰਿਸ ਸ਼ਾਹ ਵਲਾਇਤੀ ਮਰਦ ਮੇਵੇ, ਅਤੇ ਰੰਨ ਮਸਵਾਕ ਦਾ ਸੂਫ਼ ਹੈ ਨੀ। (ਸਾਦ=ਸਾਦੇ,ਨਿਰਾਸਰੇ, ਮੌਕੂਫ਼=ਰੱਦ ਕੀਤੀ ਹੋਈ, ਵਕੂਫ਼=ਅਕਲ,ਸਮਝ, ਫਰ੍ਹਾ=ਲਗਾਮ, ਮਾਤੂਫ਼=ਮੁੜੀ ਹੋਈ, ਮਲਫ਼ੂਫ਼=ਲਪੇਟਿਆ ਹੋਇਆ, ਮਸ਼ਰੂਫ਼= ਮਾਣਯੋਗ, ਮਸਵਾਕ=ਦਾਤਣ, ਸੂਫ਼=ਚਿਥਿਆ ਹੋਇਆ ਬੁਰਸ਼ ਵਰਗਾ)

363. ਸਹਿਤੀ-ਇਹ ਜਹਾਨ ਤੇ ਭਲੇ

ਦੋਸਤ ਸੋਈ ਜੋ ਬਿਪਤ ਵਿੱਚ ਭੀੜ ਕੱਟੇ, ਯਾਰ ਸੋਈ ਜੋ ਜਾਨ ਕੁਰਬਾਨ ਹੋਵੇ। ਸ਼ਾਹ ਸੋਈ ਜੋ ਕਾਲ ਵਿੱਚ ਭੀੜ ਕੱਟੇ, ਕੁਲ ਪਾਤ ਦਾ ਜੋ ਨਿਗਾਹਬਾਨ ਹੋਵੇ। ਗਾਉਂ ਸੋਈ ਜੋ ਸਿਆਲ ਵਿਚ ਦੁੱਧ ਦੇਵੇ, ਬਾਦਸ਼ਾਹ ਜੋ ਨਿੱਤ ਸ਼ੱਬਾਨ ਹੋਵੇ। ਨਾਰ ਸੋਈ ਜੋ ਮਾਲ ਬਿਨ ਬੈਠ ਜਾਲੇ, ਪਿਆਦਾ ਸੋਈ ਜੋ ਭੂਤ ਮਸਾਣ ਹੋਵੇ। ਇਮਸਾਕ ਹੈ ਅਸਲ ਅਫ਼ੀਮ ਬਾਝੋਂ, ਗ਼ੁੱਸੇ ਬਿਨਾ ਫ਼ਕੀਰ ਦੀ ਜਾਨ ਹੋਵੇ। ਰੋਗ ਸੋਈ ਜੋ ਨਾਲ ਇਲਾਜ ਹੋਵੇ, ਤੀਰ ਸੋਈ ਜੋ ਨਾਲ ਕਮਾਨ ਹੋਵੇ। ਕੰਜਰ ਸੋਈ ਜੋ ਗ਼ੈਰਤਾਂ ਬਾਝ ਹੋਵਣ, ਜਿਵੇਂ ਭਾਂਬੜਾ ਬਿਨਾਂ ਇਸ਼ਨਾਨ ਹੋਵੇ। ਕਸਬਾ ਸੋਈ ਜੋ ਵੈਰ ਬਿਨ ਪਿਆ ਵੱਸੇ, ਜੱਲਾਦ ਜੋ ਮਿਹਰ ਬਿਨ ਖ਼ਾਨ ਹੋਵੇ। ਕਵਾਰੀ ਸੋਈ ਜੋ ਕਰੇ ਹਿਆ ਬਹੁਤੀ, ਨੀਵੀਂ ਨਜ਼ਰ ਤੇ ਬਾਝ ਜ਼ਬਾਨ ਹੋਵੇ। ਬਿਨਾ ਚੋਰ ਤੇ ਜੰਗ ਦੇ ਦੇਸ ਵਸੇ, ਪਟ ਸੂਈ ਬਿਨ ਅੰਨ ਦੀ ਪਾਣ ਹੋਵੇ। ਸਈਅਦ ਸੋਈ ਜੋ ਸੂਮ ਨਾ ਹੋਵੇ ਕਾਇਰ, ਜ਼ਾਨੀ ਸਿਆਹ ਤੇ ਨਾ ਕਹਿਰਵਾਨ ਹੋਵੇ। ਚਾਕਰ ਔਰਤਾਂ ਸਦਾ ਬੇਉਜ਼ਰ ਹੋਵਣ, ਅਤੇ ਆਦਮੀ ਬੇਨੁਕਸਾਨ ਹੋਵੇ। ਪਰ੍ਹਾਂ ਜਾ ਵੇ ਭੇਸੀਆ ਚੋਬਰਾ ਵੇ, ਮਤਾਂ ਮੰਗਣੋਂ ਕੋਈ ਵਧਾਣ ਹੋਵੇ। ਵਾਰਿਸ ਸ਼ਾਹ ਫ਼ਕੀਰ ਬਿਨ ਹਿਰਸ ਗ਼ਫ਼ਲਤ, ਯਾਦ ਰੱਬ ਦੀ ਵਿੱਚ ਮਸਤਾਨ ਹੋਵੇ। (ਕੁਲ ਪਾਤ=ਖ਼ਾਨਦਾਨ ਦੀ ਇੱਜ਼ਤ, ਸ਼ਬਾਨ=ਰਖਿਅਕ ਆਜੜੀ, ਇਮਸਾਕ= ਬੰਧੇਜ, ਬਾਝ ਜ਼ਬਾਨ=ਘਟ ਬੋਲੇ, ਜ਼ਾਨੀ=ਭੋਗੀ, ਸੂਮ=ਕੰਜੂਸ, ਵਧਾਣ=ਵਾਧਾ)

364. ਰਾਂਝਾ

ਕਾਰ ਸਾਜ਼ ਹੈ ਰੱਬ ਤੇ ਫੇਰ ਦੌਲਤ, ਸੱਭੋ ਮਿਹਨਤਾਂ ਪੇਟ ਦੇ ਕਾਰਨੇ ਨੀ। ਪੇਟ ਵਾਸਤੇ ਫਿਰਨ ਅਮੀਰ ਦਰ ਦਰ, ਸੱਯਦ-ਜ਼ਾਦਿਆਂ ਨੇ ਗਧੇ ਚਾਰਨੇ ਨੀ। ਪੇਟ ਵਾਸਤੇ ਪਰੀ ਤੇ ਹੂਰ-ਜ਼ਾਦਾਂ, ਜਾਣ ਜਿੰਨ ਤੇ ਭੂਤ ਦੇ ਵਾਰਨੇ ਨੀ। ਪੇਟ ਵਾਸਤੇ ਰਾਤ ਨੂੰ ਛੋਡ ਘਰ ਦਰ, ਹੋਇ ਪਾਹਰੂ ਹੋਕਰੇ ਮਾਰਨੇ ਨੀ। ਪੇਟ ਵਾਸਤੇ ਸਭ ਖ਼ਰਾਬੀਆਂ ਨੇ, ਪੇਟ ਵਾਸਤੇ ਖ਼ੂਨ ਗੁਜ਼ਾਰਨੇ ਨੀ। ਪੇਟ ਵਾਸਤੇ ਫ਼ੱਕਰ ਤਸਲੀਮ ਤੋੜਣ, ਸਭੇ ਸਮਝ ਲੈ ਰੰਨੇ ਗਵਾਰਨੇ ਨੀ। ਏਸ ਜ਼ਿਮੀਂ ਨੂੰ ਵਾਹੁੰਦਾ ਮੁਲਕ ਮੁੱਕਾ, ਅਤੇ ਹੋ ਚੁੱਕੇ ਵੱਡੇ ਕਾਰਨੇ ਨੀ। ਗਾਹਵਣ ਹੋਰ ਤੇ ਰਾਹਕ ਨੇ ਹੋਰ ਇਸ ਦੇ, ਖ਼ਾਵੰਦ ਹੋਰ ਦਮ ਹੋਰਨਾਂ ਮਾਰਨੇ ਨੀ। ਮਿਹਰਬਾਨ ਜੇ ਹੋਵੇ ਫ਼ਕੀਰ ਇੱਕ ਪਲ, ਤੁਸਾਂ ਜਿਹੇ ਕਰੋੜ ਲੱਖ ਤਾਰਨੇ ਨੇ। ਨੇਕ ਮਰਦ ਤੇ ਨੇਕ ਹੀ ਹੋਵੇ ਔਰਤ, ਉਹਨਾਂ ਦੋਹਾਂ ਨੇ ਕੰਮ ਸਵਾਰਨੇ ਨੀ। ਵਾਰਿਸ ਸ਼ਾਹ ਜੇ ਰੰਨ ਨੇ ਮਿਹਰ ਕੀਤੀ, ਭਾਂਡੇ ਬੋਲ ਕੇ ਹੀ ਮੂਹਰੇ ਮਾਰਨੇ ਨੀ। (ਕਾਰ ਸਾਜ਼=ਕੰਮ ਬਣਾਉਣ ਵਾਲਾ, ਹੋਕਰੇ=ਲਲਕਾਰੇ, ਰਾਹਕ=ਕਾਸ਼ਤਕਾਰ)

365. ਸਹਿਤੀ

ਰੱਬ ਜੇਡ ਨਾ ਕੋਈ ਹੈ ਜੱਗ ਦਾਤਾ, ਜ਼ਿਮੀਂ ਜੇਡ ਨਾ ਕਿਸੇ ਦੀ ਸਾਬਰੀ ਵੇ। ਮਝੀਂ ਜੇਡ ਨਾ ਕਿਸੇ ਦੇ ਹੋਣ ਜੇਰੇ, ਰਾਜ ਹਿੰਦ ਪੰਜਾਬ ਦਾ ਬਾਬਰੀ ਵੇ। ਚੰਦ ਜੇਡ ਚਾਲਾਕ ਨਾ ਸਰਦ ਕੋਈ, ਹੁਕਮ ਜੇਡ ਨਾ ਕਿਸੇ ਅਕਾਬਰੀ ਵੇ। ਬੁਰਾ ਕਸਬ ਨਾ ਨੌਕਰੀ ਜੇਡ ਕੋਈ, ਯਾਦ ਹੱਕ ਦੀ ਜੇਡ ਅਕਾਬਰੀ ਵੇ। ਮੌਤ ਜੇਡ ਨਾ ਸਖ਼ਤ ਹੈ ਕੋਈ ਚਿੱਠੀ, ਓਥੇ ਕਿਸੇ ਦੀ ਨਹੀਉਂ ਨਾਬਰੀ ਵੇ। ਮਾਲਜ਼ਾਦੀਆਂ ਜੇਡ ਨਾ ਕਸਬ ਭੈੜਾ, ਕਮਜ਼ਾਤ ਨੂੰ ਹੁਕਮ ਹੈ ਖ਼ਾਬਰੀ ਵੇ। ਰੰਨ ਵੇਖਣੀ ਐਬ ਫ਼ਕੀਰ ਤਾਈਂ, ਭੂਤ ਵਾਂਗ ਹੈ ਸਿਰਾਂ ਤੇ ਟਾਬਰੀ ਵੇ। ਵਾਰਿਸ ਸ਼ਾਹ ਸ਼ੈਤਾਨ ਦੇ ਅਮਲ ਤੇਰੇ, ਦਾੜ੍ਹੀ ਸ਼ੇਖ਼ ਦੀ ਹੋ ਗਈ ਝਾਬਰੀ ਵੇ। (ਸਾਬਰੀ=ਸਬਰ, ਬਾਬਰੀ=ਬਾਬਰ ਦਾ ਰਾਜ, ਅਕਾਬਰੀ=ਵਡਿਆਈ, ਨਾਬਰੀ=ਨਾਂਹ,ਇਨਕਾਰ, ਖ਼ਾਬਰੀ=ਟੁੱਟੀ ਸੜ੍ਹਕ, ਝਾਬਰੀ=ਐਬ ਢਕਣ ਦਾ ਇੱਕ ਵਸੀਲਾ)

366. ਰਾਂਝਾ

ਰੰਨ ਵੇਖਣੀ ਐਬ ਹੈ ਅੰਨ੍ਹਿਆਂ ਨੂੰ, ਰੱਬ ਅੱਖੀਆਂ ਦਿੱਤੀਆਂ ਵੇਖਣੇ ਨੂੰ। ਸਭ ਖ਼ਲਕ ਦਾ ਵੇਖ ਕੇ ਲਉ ਮੁਜਰਾ, ਕਰੋ ਦੀਦ ਇਸ ਜਗ ਦੇ ਪੇਖਣੇ ਨੂੰ। ਰਾਉ ਰਾਜਿਆਂ ਸਿਰਾਂ ਦੇ ਦਾਉ ਲਾਏ, ਜ਼ਰਾ ਜਾਇ ਕੇ ਅੱਖੀਆਂ ਸੇਕਣੇ ਨੂੰ। ਸੱਭਾ ਦੀਦ ਮੁਆਫ਼ ਹੈ ਆਸ਼ਕਾਂ ਨੂੰ, ਰੱਬ ਨੈਣ ਦਿੱਤੇ ਜਗ ਵੇਖਣੇ ਨੂੰ। ਮਹਾਂ ਦੇਵ ਜਹਿਆਂ ਪਾਰਬਤੀ ਅੱਗੇ, ਕਾਮ ਲਿਆਉਂਦਾ ਸੀ ਮਥਾ ਟੇਖਣੇ ਨੂੰ। ਇਜ਼ਰਾਈਲ ਹੱਥ ਕਲਮ ਲੈ ਵੇਖਦਾ ਈ, ਤੇਰਾ ਨਾਮ ਇਸ ਜਗ ਤੋਂ ਛੇਕਣੇ ਨੂੰ। ਵਾਰਿਸ ਸ਼ਾਹ ਮੀਆਂ ਰੋਜ਼ ਹਸ਼ਰ ਦੇ ਨੂੰ, ਅੰਤ ਸੱਦੀਏਂਗਾ ਲੇਖਾ ਲੇਖਣੇ ਨੂੰ। (ਲਉ ਮੁਜਰਾ=ਸਲਾਮ ਕਬੂਲ ਕਰੋ, ਛੇਕਣਾ=ਰਦ ਕਰ ਦੇਣਾ, ਲੇਖਾ ਲੇਖਣੇ ਨੂੰ =ਕੀਤੇ ਕੰਮਾਂ ਦਾ ਲੇਖਾ ਦੇਣ ਲਈ)

367. ਸਹਿਤੀ

ਜੇਹੀ ਨੀਤ ਹਈ ਤੇਹੀ ਮੁਰਾਦ ਮਿਲੀਆ, ਘਰੋ ਘਰੀ ਛਾਈ ਸਿਰ ਪਾਵਨਾ ਹਂੈ। ਫਿਰੇਂ ਮੰਗਦਾ ਭੌਂਕਦਾ ਖ਼ੁਆਰ ਹੁੰਦਾ, ਲਖ ਦਗ਼ੇ ਪਖੰਡ ਕਮਾਵਣਾ ਹੈਂ। ਸਾਨੂੰ ਰੱਬ ਨੇ ਦੁੱਧ ਤੇ ਦਹੀਂ ਦਿੱਤਾ, ਹੱਥਾ ਖਾਵਣਾ ਅਤੇ ਹੰਢਾਵਣਾ ਹੈਂ। ਸੋਇਨਾ ਰੁੱਪੜਾ ਪਹਿਨ ਕੇ ਅਸੀਂ ਬਹੀਏ, ਵਾਰਿਸ ਸ਼ਾਹ ਕਿਉਂ ਜੀਊ ਭਰਮਾਵਣਾ ਹੈਂ। (ਛਾਈ=ਸੁਆਹ, ਸੋਇਨਾ ਰੁਪੜਾ=ਸੋਨਾ ਚਾਂਦੀ)

368. ਰਾਂਝਾ

ਸੋਇਨਾ ਰੁਪੜਾ ਸ਼ਾਨ ਸਵਾਣੀਆਂ ਦਾ, ਤੂੰ ਤਾਂ ਨਹੀਂ ਅਸੀਲ ਨੀ ਗੋਲੀਏ ਨੀ। ਗਧਾ ਉੜਦਕਾਂ ਨਾਲ ਨਾ ਹੋਇ ਘੋੜਾ, ਬਾਂਝ ਪਰੀ ਨਾ ਹੋਏ ਯਰੋਲੀਏ ਨੀ। ਰੰਗ ਗੋਰੜੇ ਨਾਲ ਤੂੰ ਜਗ ਮੁੱਠਾ, ਵਿੱਚੋਂ ਗੁਣਾਂ ਦੇ ਕਾਰਨੇ ਪੋਲੀਏ ਨੀ। ਵਿਹੜੇ ਵਿੱਚ ਤੂੰ ਕੰਜਰੀ ਵਾਂਗ ਨੱਚੇਂ, ਚੋਰਾਂ ਯਾਰਾਂ ਦੇ ਵਿੱਚ ਵਿਚੋਲੀਏ ਨੀ। ਅਸਾਂ ਪੀਰ ਕਿਹਾ ਤੂੰ ਹੀਰ ਆਖੇਂ, ਭੁਲ ਗਈ ਹੈਂ ਸੁਣਨ ਵਿੱਚ ਭੋਲੀਏ ਨੀ। ਅੰਤ ਇਹ ਜਹਾਨ ਹੈ ਛੱਡ ਜਾਣਾ, ਐਡੇ ਕੁਫ਼ਰ ਅਪਰਾਧ ਕਿਉਂ ਤੋਲੀਏ ਨੀ। ਫ਼ਕਰ ਅਸਲ ਅੱਲਾਹ ਦੀ ਹੈਣ ਮੂਰਤ, ਅੱਗੇ ਰੱਬ ਦੇ ਝੂਠ ਨਾ ਬੋਲੀਏ ਨੀ। ਹੁਸਨ ਮੱਤੀਏ ਬੂਬਕੇ ਸੋਇਨ ਚਿੜੀਏ, ਨੈਣਾਂ ਵਾਲੀਏ ਸ਼ੋਖ਼ ਮਮੋਲੀਏ ਨੀ। ਤੈਂਡਾ ਭਲਾ ਥੀਵੇ ਸਾਡਾ ਛੱਡ ਪਿੱਛਾ, ਅੱਬਾ ਜਿਊਣੀਏ ਆਲੀਏ ਭੋਲੀਏ ਨੀ। ਵਾਰਿਸ ਸ਼ਾਹ ਕੀਤੀ ਗੱਲ ਹੋਇ ਚੁੱਕੀ, ਮੂਤ ਵਿੱਚ ਨਾ ਮੱਛੀਆਂ ਟੋਲੀਏ ਨੀ। (ਅਸੀਲ=ਭਲੀ ਮਾਨਸ, ਯਰੋਲੀਏ=ਰਾਂਝਾ ਨਫ਼ਰਤ ਨਾਲ ਸਹਿਤੀ ਨੂੰ ਕਹਿੰਦਾ ਹੈ ਕਿ ਉਹ ਉਹਦੀ ਯਾਰੀ ਬਾਰੇ ਜਾਣਦਾ ਹੈ, ਬੂਬਕੇ=ਬੇਸਮਝ ਕੁਆਰੀ ਕੁੜੀ)

369. ਸਹਿਤੀ

ਛੇੜ ਖ਼ੁੰਦਰਾਂ ਭੇੜ ਮਚਾਵਣਾ ਏਂ, ਸੇਕਾਂ ਲਿੰਗ ਤੇਰੇ ਨਾਲ ਸੋਟਿਆਂ ਦੇ। ਅਸੀਂ ਜੱਟੀਆਂ ਮੁਸ਼ਕ ਲਪੇਟੀਆਂ ਹਾਂ, ਨੱਕ ਪਾੜ ਸੁੱਟੇ ਜਿਨ੍ਹਾਂ ਝੋਟਿਆਂ ਦੇ। ਜਦੋਂ ਮੋਲ੍ਹੀਆਂ ਪਕੜ ਕੇ ਗਿਰਦ ਹੋਈਏ ਪਿਸਤੇ ਕਢੀਏ ਚੀਨਿਆਂ ਕੋਟਿਆਂ ਦੇ। ਜੁੱਤ ਘੇਰਨੀ ਕੁਤਕੇ ਅਤੇ ਸੋਟੇ, ਇਹ ਇਲਾਜ ਨੇ ਚਿਤੜਾਂ ਮੋਟਿਆਂ ਦੇ। ਲਪੜ ਸ਼ਾਹ ਦਾ ਬਾਲਕਾ ਸ਼ਾਹ ਝੱਖੜ, ਤੈਂਥੇ ਵੱਲ ਹਨ ਵੱਡੇ ਲਪੋਟਿਆਂ ਦੇ। ਵਾਰਿਸ ਸ਼ਾਹ ਰੋਡਾ ਸਿਰ ਕੰਨ ਪਾਟੇ, ਇਹ ਹਾਲ ਚੋਰਾਂ ਯਾਰਾਂ ਖੋਟਿਆਂ ਦੇ। (ਖੁੰਦਰਾਂ=ਛੇੜਾਂ ਛੇੜਣੀਆਂ, ਮੋਲ੍ਹੀ=ਨਿੱਕਾ ਮੋਲ੍ਹਾ, ਪਿਸਤਾ=ਕਿਸੇ ਬੀਜ ਦਾ ਮਗ਼ਜ਼, ਘੇਰਨੀ=ਚਰਖੇ ਦੀ ਹੱਥੀ, ਲੱਪੜ=ਝਗੜਾਲੂ, ਲਪੋਟਾ=ਵੱਡੀਆਂ ਗੱਪਾਂ ਮਾਰਨ ਵਾਲਾ)

370. ਰਾਂਝਾ

ਫ਼ਕਰ ਸ਼ੇਰ ਦਾ ਆਖਦੇ ਹੈਣ ਬੁਰਕਾ, ਭੇਤ ਫ਼ੱਕਰ ਦਾ ਮੂਲ ਨਾ ਖੋਲ੍ਹੀਏ ਨੀ। ਦੁੱਧ ਸਾਫ਼ ਹੈ ਵੇਖਣਾ ਆਸ਼ਕਾਂ ਦਾ, ਸ਼ੱਕਰ ਵਿੱਚ ਪਿਆਜ਼ ਨਾ ਘੋਲੀਏ ਨੀ। ਸਰੇ ਖ਼ੈਰ ਸੋ ਹੱਸ ਕੇ ਆਣ ਦੀਚੇ, ਲਈਏ ਦੁਆ ਤੇ ਮਿੱਠੜਾ ਬੋਲੀਏ ਨੀ। ਲਈਏ ਅੱਘ ਚੜ੍ਹਾਇਕੇ ਵੱਧ ਪੈਸਾ, ਪਰ ਤੋਲ ਥੀਂ ਘੱਟ ਨਾ ਤੋਲੀਏ ਨੀ। ਬੁਰਾ ਬੋਲ ਨਾ ਰੱਬ ਦੇ ਪੂਰਿਆਂ ਨੂੰ, ਨੀ ਬੇਸ਼ਰਮ ਕੁਪੱਤੀਏ ਲੋਲ੍ਹੀਏ ਨੀ। ਮਸਤੀ ਨਾਲ ਫ਼ਕੀਰਾਂ ਨੂੰ ਦਏਂ ਗਾਲੀਂ, ਵਾਰਿਸ ਸ਼ਾਹ ਦੋ ਠੋਕ ਨਾ ਬੋਲੀਏ ਨੀ। (ਫ਼ਕਰ ਸ਼ੇਰ ਦਾ ਬੁਰਕਾ=ਫ਼ਕੀਰ ਅਸਲ ਵਿੱਚ ਰੱਬ ਦੇ ਸ਼ੇਰ ਹਨ ਜਿਨ੍ਹਾਂ ਨੇ ਫ਼ਕੀਰੀ ਦਾ ਬੁਰਕਾ ਪਾਇਆ ਹੋਇਆ ਹੈ, ਸ਼ੱਕਰ ਵਿੱਚ ਪਿਆਜ਼ ਘੋਲਣਾ= ਕੰਮ ਵਿਗਾੜਣਾ, ਸਰੇ ਖ਼ੈਰ=ਜੇ ਖ਼ੈਰ (ਭਿਖਿਆ) ਸਰਦੀ ਹੈ, ਦੋ ਠੋਕ=ਕਣਕ ਦੇ ਦੋ ਮੋਟੇ ਰੋਟ ਖਾ ਕੇ)

371. ਸਹਿਤੀ

ਅਸੀਂ ਭੂਤ ਦੀ ਅਕਲ ਗਵਾ ਦੇਈਏ, ਸਾਨੂੰ ਲਾ ਬਿਭੂਤ ਡਰਾਉਨਾ ਹੈਂ। ਤ੍ਰਿੰਞਣ ਵੇਖ ਕੇ ਵਹੁਟੀਆਂ ਛੈਲ ਕੁੜੀਆਂ, ਓਥੇ ਕਿੰਗ ਦੀ ਤਾਰ ਵਜਾਉਨਾ ਹੈਂ। ਮੇਰੀ ਭਾਬੀ ਦੇ ਨਾਲ ਤੂੰ ਰਮਜ਼ ਮਾਰੇਂ, ਭਲਾ ਆਪ ਤੂੰ ਕੌਣ ਸਦਾਉਨਾ ਹੈਂ। ਉਹ ਪਈ ਹੈਰਾਨ ਹੈ ਨਾਲ ਜ਼ਹਿਮਤ, ਘੜੀ ਘੜੀ ਕਿਉਂ ਪਿਆ ਅਕਾਉਨਾ ਹੈਂ। ਨਾ ਤੂੰ ਵੈਦ ਨਾ ਮਾਂਦਰੀ ਨਾ ਮੁੱਲਾਂ, ਝਾੜੇ ਗ਼ੈਬ ਦੇ ਕਾਸ ਨੂੰ ਪਾਉਨਾ ਹੈਂ। ਚੋਰ ਚੂਹੜੇ ਵਾਂਗ ਹੈ ਟੇਢ ਤੇਰੀ, ਪਿਆਜਾਪਦਾ ਸਿਰੀ ਭਨਾਉਨਾ ਹੈਂ। ਕਦੀ ਭੂਤਨਾ ਹੋਇਕੇ ਝੁੰਡ ਖੋਲੇਂ, ਕਦੀ ਜੋਗ ਧਾਰੀ ਬਣ ਆਉਨਾ ਹੈਂ। ਇੱਟ ਸਿੱਟ ਫਗਵਾੜ ਤੇ ਕੁਆਰ ਗੰਦਲ, ਇਹ ਬੂਟੀਆਂ ਖੋਲ੍ਹ ਵਿਖਾਉਨਾ ਹੈਂ। ਦਾਰੂ ਨਾ ਖ਼ਿਤਾਬ ਨਾ ਹੱਥ ਸ਼ੀਸ਼ੀ, ਆਖ ਕਾਸ ਦਾ ਵੈਦ ਸਦਾਉਨਾ ਹੈਂ। ਜਾ ਘਰੋਂ ਅਸਾਡਿਉਂ ਨਿਕਲ ਭੁੱਖੇ, ਹੁਣੇ ਜਟਾਂ ਦੀ ਜੂਟ ਖੋਹਾਉਨਾ ਹੈਂ। ਖੋਹ ਬਾਬਰੀਆਂ ਖਪਰੀ ਭੰਨ ਤੋੜੂੰ, ਹੁਣ ਹੋਰ ਕੀ ਮੂੰਹੋਂ ਅਖਾਉਨਾ ਹੈਂ। ਰੰਨਾ ਬਲਮ ਬਾਉਰ ਦਾ ਦੀਨ ਖੋਹਿਆ, ਵਾਰਿਸ ਸ਼ਾਹ ਤੂੰ ਕੌਣ ਸਦਾਉਨਾ ਹੈਂ। (ਰਮਜ਼=ਇਸ਼ਾਰੇ, ਜ਼ਹਿਮਤ=ਬੀਮਾਰੀ,ਤਕਲੀਫ਼, ਅਕਾਉਣਾ=ਦੁਖੀ ਕਰਨਾ, ਇਟ ਸਿਟ, ਫਗਵਾੜ, ਕਵਾਰ ਗੰਦਲ=ਤਿੰਨ ਬੂਟੀਆਂ ਹਨ, ਖੋਹ ਬਾਬਰੀਆ= ਵਾਲ ਪੁਟ ਕੇ)

372. ਰਾਂਝਾ

ਅਸਾਂ ਮਿਹਨਤਾਂ ਡਾਢੀਆਂ ਕੀਤੀਆਂ ਨੇ, ਅਨੀ ਗੁੰਡੀਏ ਠੇਠਰੇ ਜੱਟੀਏ ਨੀ। ਕਰਾਮਾਤ ਫ਼ਕੀਰ ਦੀ ਵੇਖ ਨਾਹੀਂ, ਖ਼ੈਰ ਰਬ ਤੋਂ ਮੰਗ ਕੁਪੱਤੀਏ ਨੀ। ਕੰਨ ਪਾਟਿਆਂ ਨਾਲ ਨਾ ਜ਼ਿਦ ਕੀਚੈ, ਅੰਨ੍ਹੇ ਖੂਹ ਵਿੱਚ ਝਾਤ ਨਾ ਘੱਤੀਏ ਨੀ। ਮਸਤੀ ਨਾਲ ਤਕੱਬਰੀ ਰਾਤ ਦਿਨੇ, ਕਦੀ ਹੋਸ਼ ਦੀ ਅੱਖ ਪਰੱਤੀਏ ਨੀ। ਕੋਈ ਦੁਖ ਤੇ ਦਰਦ ਨਾ ਰਹੇ ਭੋਰਾ, ਝਾੜਾ ਮਿਹਰ ਦਾ ਜਿਨ੍ਹਾਂ ਨੂੰ ਘੱਤੀਏ ਨੀ। ਪੜ੍ਹ ਫੂਕੀਏ ਇੱਕ ਅਜ਼ਮਤ ਸੈਫ਼ੀ, ਜੜ ਜਿੰਨ ਤੇ ਭੂਤ ਦੀ ਪੱਟੀਏ ਨੀ। ਤੇਰੀ ਭਾਬੀ ਦੇ ਦੁਖੜੇ ਦੂਰ ਹੋਵਣ, ਅਸੀਂ ਮਿਹਰ ਜੇ ਚਾਇ ਪਲੱਟੀਏ ਨੀ। ਮੂੰਹੋਂ ਮਿਠੜਾ ਬੋਲ ਤੇ ਮੋਮ ਹੋ ਜਾ, ਤਿੱਖੀ ਹੋ ਨਾ ਕਮਲੀਏ ਜੱਟੀਏ ਨੀ। ਜਾਂਦੇ ਸਭ ਆਜ਼ਾਰ ਯਕੀਨ ਕਰਕੇ, ਵਾਰਿਸ ਸ਼ਾਹ ਦੇ ਪੈਰ ਜੇ ਚੱਟੀਏ ਨੀ। (ਅਜ਼ਮਤ=ਤਲਿਸਮੀ ਦੁਆ ਦਾ ਅਸਰ, ਸੈਫ਼ੀ=ਦੁਸ਼ਮਣ ਦਾ ਵਾਰ ਉਤਾਰਨ ਲਈ ਅਟਲ ਤਾਸੀਰ ਵਾਲੀ ਦੁਆ, ਕਿਹਾ ਜਾਂਦਾ ਹੈ ਕਿ ਸੈਫ਼ੀ ਵਾਲੇ ਪੁਰਸ਼ ਦੇ ਕਬਜ਼ੇ ਵਿੱਚ ਸੱਤਰ ਹਜ਼ਾਰ ਜਿੰਨ ਅਤੇ ਸੱਤਰ ਹਜ਼ਾਰ ਫ਼ਰਿਸ਼ਤੇ ਹੁੰਦੇ ਹਨ, ਆਜ਼ਾਰ=ਦੁਖ)

373. ਸਹਿਤੀ

ਫ਼ਰਫ਼ੇਜੀਆ ਬੀਰ ਬੈਤਾਲਿਆ ਵੇ, ਔਖੇ ਇਸ਼ਕ ਦੇ ਝਾੜਣੇ ਪਾਵਣੇ ਵੇ। ਨੈਣਾਂ ਵੇਖ ਕੇ ਮਾਰਨੀ ਫੂਕ ਸਾਹਵੇਂ, ਸੁੱਤੇ ਪਰੇਮ ਦੇ ਨਾਗ ਜਗਾਵਣੇ ਵੇ। ਕਦੋਂ 'ਯੂਸਫ਼ੀ ਤਿਬ ਮੀਜ਼ਾਨ' ਪੜ੍ਹਿਉਂ, 'ਦਸਤੂਰ ਇਲਾਜ' ਸਿਖਾਵਣੇ ਵੇ। 'ਕੁਰਤਾਸ ਸਕੰਦਰੀ' 'ਤਿੱਬ ਅਕਬਰ', ਜ਼ਖੀਰਿਉਂ ਬਾਬ ਸੁਣਾਵਣੇ ਵੇ। 'ਕਾਨੂੰਨ ਮੌਜਜ਼' 'ਤੁਹਫ਼ਾ ਮੋਮਨੀਨ' ਵੀ, 'ਕਿਫ਼ਾਇਆ ਮਨਸੂਰੀ' ਥੀਂ ਪਾਵਣੇ ਵੇ। 'ਪਰਾਨ ਸੰਗਲੀ' ਵੇਦ ਮਨੌਤ ਸਿਮ੍ਰਿਤਿ, 'ਨਿਰਘੰਟ' ਦੇ ਧਿਆਇ ਫੁਲਾਵਣੇ ਵੇ। 'ਕਰਾਬਾਦੀਨ' 'ਸ਼ਿਫ਼ਾਈ' ਤੇ 'ਕਾਦਰੀ' ਵੀ, 'ਮੁਤਫ਼ਰਿਕ ਤਿੱਬਾ' ਪੜ੍ਹ ਜਾਵਣੇ ਵੇ। 'ਰਤਨ ਜੋਤ' 'ਬਲਮੀਕ ਤੇ ਸਾਂਕ' 'ਸੌਛਨ' 'ਸੁਖਦੇਉ ਗੰਗਾ' ਤੈਂਥੇ ਆਵਣੇ ਵੇ। ਫ਼ੈਲਸੂਫ਼ ਜਹਾਨ ਦੀਆਂ ਅਸੀਂ ਰੰਨਾਂ, ਸਾਡੇ ਮਕਰ ਦੇ ਭੇਤ ਕਿਸ ਪਾਵਣੇ ਵੇ। ਅਫ਼ਲਾਤੂਨ ਸ਼ਾਗਿਰਦ ਗ਼ਲਾਮ ਅਰੱਸਤੂ, ਲੁਕਮਾਨ ਥੀਂ ਪੈਰ ਧੁਆਵਣੇ ਵੇ। ਗੱਲਾਂ ਚਾਇ ਚਵਾਇ ਦੀਆਂ ਬਹੁਤ ਕਰਨੈਂ, ਇਹ ਰੋਗ ਨਾ ਤੁਧ ਥੀਂ ਜਾਵਣੇ ਵੇ। ਏਨ੍ਹਾ ਮਕਰਿਆਂ ਥੋਂ ਕੌਣ ਹੋਵੇ ਚੰਗਾ, ਠੱਗ ਫਿਰਦੇ ਨੇ ਰੰਨਾਂ ਵਿਲਾਵਣੇ ਵੇ। ਜਿਹੜੇ ਮਕਰ ਦੇ ਪੈਰ ਖਿਲਾਰ ਬੈਠੇ, ਬਿਨਾਂ ਫਾਟ ਖਾਧੇ ਨਹੀਂ ਜਾਵਣੇ ਵੇ। ਮੂੰਹ ਨਾਲ ਕਹਿਆਂ ਜਿਹੜੇ ਜਾਣ ਨਾਹੀਂ, ਹੱਡ ਗੋਡੜੇ ਤਿਨ੍ਹਾਂ ਭੰਨਾਵਣੇ ਵੇ। ਵਾਰਿਸ ਸ਼ਾਹ ਇਹ ਮਾਰ ਹੈ ਵਸਤ ਐਸੀ, ਜਿੰਨ ਭੂਤ ਤੇ ਦੇਵ ਨਿਵਾਵਣੇ ਵੇ। (ਬੀਰ ਬੈਤਾਲਾ=ਜਿੰਨ, ਭੂਤ ਅਤੇ ਮਸਾਣ ਆਦਿ ਦਾ ਇਲਾਜ ਕਰਨ ਵਾਲਾ, ਤਿੱਬ,ਹਿਕਮਤ ਦੀਆਂ ਕਿਤਾਬਾਂ=ਤਿੱਬ ਯੂਸਫ਼ੀ, ਮੀਜ਼ਾਨੁਲ ਤਿੱਬ, ਦਸਤੂਰੁਲ ਇਲਾਜ, ਕੁਰਤਾਸ ਸਕੰਦਰੀ, ਤਿੱਬ ਅਕਬਰ ਜ਼ਖੀਰਾ,ਤੁਹਫਾ=-ਏ-ਮੋਮਨੀਨ, ਕਿਫ਼ਾਇਆ ਮਨਸੂਰੀ, ਪਰਾਨ ਸੰਗਲੀ, ਵੇਦ ਮਨੌਤ, ਸਿਮਰਿਤ ਨਿਰਘੰਟ, ਕਰਾਬਾਦੀਨ ਸਫ਼ਾਈ, ਕਰਾਬਾਦੀਨ ਕਾਦਰੀ, ਮੁਤਫ਼ਰਿਕ ਤਿੱਬ, ਰਤਨ ਜੋਤ=ਮਸਾਲੇ ਵਿੱਚ ਪਾਉਣ ਲਈ ਇੱਕ ਵਸਤ ਖਾਣਾ ਬਨਾਉਣ ਵਿੱਚ ਵਰਤੀ ਜਾਂਦੀ ਹੈ ਅਤੇ ਦਵਾਈ ਦੇ ਤੌਰ ਤੇ ਵੀ ਵਰਤੀ ਜਾਂਦੀ ਹੈ ਤੇ ਇਹਦਾ ਰੰਗ ਗੂੜ੍ਹਾ ਲਾਲ ਹੁੰਦਾ ਹੈ, ਸਾਂਕ ਬਲਮੀਕ=ਇੱਕ ਗਰਭ ਸਹਾਇਕ ਬੂਟੀ, ਫ਼ੈਲਸੂਫ਼=ਚਾਲਾਕ,ਹੁਸ਼ਿਆਰ, ਅਫ਼ਲਾਤੂਨ ਯੂਨਾਨ ਦਾ ਜਗਤ ਪ੍ਰਸਿੱਧ ਫ਼ਿਲਾਸਫ਼ਰ, ਜਿਹੜਾ ਸੁਕਰਾਤ ਦਾ ਸ਼ਾਗਿਰਦ ਸੀ। ਸੁਕਰਾਤ ਨੂੰ ਉਹਦੇ ਨੌਜਵਾਨਾਂ ਨੂੰ ਕੀਤੇ ਪ੍ਰਵਚਨਾਂ ਕਰਕੇ ਜ਼ਹਿਰ ਦਾ ਪਿਆਲਾ ਪੀਣਾ ਪਿਆ ਸੀ)

374. ਰਾਂਝਾ

ਏਹਾ ਰਸਮ ਕਦੀਮ ਹੈ ਜੋਗੀਆਂ ਦੀ, ਉਹਨੂੰ ਮਾਰਦੇ ਹੈਂ ਜਿਹੜੀ ਟਰਕਦੀ ਹੈ। ਖ਼ੈਰ ਮੰਗਨੇ ਗਏ ਫ਼ਕੀਰ ਤਾਈਂ, ਅੱਗੋ ਕੁੱਤਿਆ ਵਾਂਗਰਾਂ ਘੁਰਕਦੀ ਹੈ। ਇਹ ਖਸਮ ਦੇ ਖਾਣ ਨੂੰ ਕਿਵੇਂ ਦੇਸੀ, ਜਿਹੜੀ ਖ਼ੈਰ ਦੇ ਦੇਣ ਤੋਂ ਝੁਰਕਦੀ ਹੈ। ਐਡੀ ਪੀਰਨੀ ਇੱਕੇ ਪਹਿਲਵਾਨਣੀ ਹੈ, ਇੱਕੇ ਕੰਜਰੀ ਇਹ ਕਿਸੇ ਤੁਰਕ ਦੀ ਹੈ। ਪਹਿਲੇ ਫੂਕ ਕੇ ਅੱਗ ਮਹਿਤਾਬੀਆਂ ਨੂੰ, ਪਿੱਛੋਂ ਸਰਦ ਪਾਣੀ ਵੇਖੋ ਬੁਰਕਦੀ ਹੈ। ਰੰਨ ਘੰਡ ਨੂੰ ਜਦੋਂ ਪੈਜ਼ਾਰ ਵੱਜਣ, ਓਥੋਂ ਚੁਪ ਚੁਪਾਤੜੀ ਛੁਰਕਦੀ ਹੈ। ਇੱਕ ਝੁਟ ਦੇ ਨਾਲ ਮੈਂ ਪੱਟ ਲੈਣੀ, ਜਿਹੜੀ ਜ਼ੁਲਫ਼ ਗੱਲ੍ਹਾਂ ਉਤੇ ਲੁੜਕਦੀ ਹੈ। ਸਿਆਣੇ ਜਾਣਦੇ ਹਨ ਧਣੀ ਜਾਏ ਝੋਟੀ, ਜਿਹੜੀ ਸਾਨ੍ਹਾਂ ਦੇ ਮੂਤਰੇ ਖੁਰਕਦੀ ਹੈ। ਫ਼ਕਰ ਜਾਣ ਮੰਗਨ ਖ਼ੈਰ ਭੁਖ ਮਰਦੇ, ਅੱਗੋਂ ਸਗਾਂ ਵਾਂਗੂੰ ਸਗੋਂ ਦੁਰਕਦੀ ਹੈ। ਲੰਡੀ ਪਾਹੜੀ ਨੂੰ ਖੇਤ ਹੱਥ ਆਇਆ, ਪਈ ਉਪਰੋਂ ਉਪਰੋਂ ਮੁਰਕਦੀ ਹੈ। ਵਾਰਿਸੇ ਮੌਰ ਫੁਰਦੇ ਅਤੇ ਲਣ ਚੁੱਤੜ, ਸਵਾ ਮਣੀ ਮੁਤਹਿਰ ਵੀ ਫੁਰਕਦੀ ਹੈ। (ਟਰਕਦੀ=ਵਾਧੂ ਬੋਲਦੀ, ਝੁਰਕਦੀ=ਪਿੱਛੇ ਹਟਦੀ, ਬੁਰਕਦੀ=ਛਿੜਕਦੀ, ਛੁੜਕਦੀ=ਦੌੜ ਜਾਂਦੀ, ਧਣੀ ਜਾਏ=ਨਵੀਂ ਹੋ ਜਾਏ, ਸਗ=ਕੁਤਾ, ਮੁਰਕਦੀ=ਖਾਂਦੀ)

375. ਸਹਿਤੀ

ਜਿਹੜੀਆਂ ਲੈਣ ਉਡਾਰੀਆਂ ਨਾਲ ਬਾਜ਼ਾਂ, ਉਹ ਬੁਲਬੁਲਾਂ ਠੀਕ ਮਰੀਂਦੀਆਂ ਨੀ। ਉਹਨਾਂ ਹਰਨੀਆਂ ਦੀ ਉਮਰ ਹੋ ਚੁੱਕੀ, ਪਾਣੀ ਸ਼ੇਰ ਦੀ ਜੂਹ ਜੋ ਪੀਂਦੀਆਂ ਨੀ। ਉਹ ਵਾਹਨਾਂ ਜਾਣ ਕਬਾਬ ਹੋਈਆਂ, ਜਿੜੀਆਂ ਹੱਈੜੀਆਂ ਨਾਲ ਖਹੀਂਦੀਆਂ ਨੀ। ਇੱਕ ਦਿਨ ਉਹ ਫੇਰਸਨ ਆਣ ਘੋੜੇ, ਕਿੜਾਂ ਜਿਨ੍ਹਾਂ ਦੀਆਂ ਨਿੱਤ ਸੁਣੀਦੀਆਂ ਨੀ। ਥੋੜ੍ਹੀਆਂ ਕਰਨ ਸੁਹਾਗ ਦੀਆਂ ਉਹ ਆਸਾਂ, ਜਿਹੜੀਆਂ ਧਾੜਵੀਆਂ ਨਾਲ ਮੰਗੀਦੀਆਂ ਨੀ। ਜੋਕਾਂ ਇੱਕ ਦਿਨ ਪਕੜ ਨਚੂਹਣਗੀਆਂ, ਅਣਪੁਣੇ ਲਹੂ ਨਿਤ ਪੀਂਦੀਆਂ ਨੀ। ਦਿਲ ਮਾਲ ਦੀਚੇ ਲੱਖ ਕੰਜਰੀ ਨੂੰ, ਕਦੀ ਦਿਲੋਂ ਮਹਿਬੂਬ ਨਾ ਥੀਂਦੀਆਂ ਨੀ। ਇੱਕ ਦਿਹੁੰ ਪਕੜੀਆਂ ਜਾਣਗੀਆਂ ਹਾਕਮਾ ਥੇ, ਪਰ ਸੇਜ ਜੋ ਨਿਤ ਚੜ੍ਹੀਂਦੀਆਂ ਨੀ। ਇੱਕ ਦਿਨ ਗੜੇ ਵਸਾਇ ਸਨ ਉਹ ਘਟਾਂ, ਹਾਠਾਂ ਜੋੜ ਕੇ ਨਿਤ ਘਰੀਂਦੀਆਂ ਨੀ। ਤੇਰੇ ਲੌਣ ਮੋਢੇ ਸਾਡੇ ਲੌਣ ਨਾੜੇ, ਮੁਸ਼ਕਾਂ ਕਿਸੇ ਦੀਆਂ ਅੱਜ ਬਝੀਂਦੀਆਂ ਨੀ। (ਵਾਹਨਾਂ=ਹਿਰਨੀਆਂ, ਹਈੜਿਆਂ=ਸ਼ਿਕਾਰੀਆਂ, ਕਿੜਾਂ=ਭਿਣਕ,ਨਚੂਹਣਾ= ਨਿਚੋੜਣਾ, ਪਰ ਸੇਜ=ਪਰਾਈ ਸੇਜ, ਹਾਠਾਂ ਜੋੜ=ਇਕੱਠੀਆਂ ਹੋ ਕੇ,ਜੁੜ ਕੇ)

376. ਰਾਂਝਾ

ਸੁਣ ਸਹਿਤੀਏ ਅਸੀਂ ਹਾਂ ਨਾਗ ਕਾਲੇ, ਪੜ੍ਹ ਸੈਫ਼ੀਆਂ ਜ਼ੁਹਦ ਕਮਾਵਨੇ ਹਾਂ। ਮਕਰ ਫ਼ਨ ਨੂੰ ਭੰਨ ਕੇ ਸਾਫ਼ ਕਰਦੇ, ਜਿਨ ਭੂਤ ਨੂੰ ਸਾੜ ਵਿਖਾਵਨੇ ਹਾਂ। ਨਕਸ਼ ਲਿਖ ਕੇ ਫੂਕ ਯਾਸੀਨ ਦੇਈਏ, ਸਾਏ ਸੂਲ ਦੀ ਜ਼ਾਤ ਗਵਾਵਨੇ ਹਾਂ। ਦੁਖ ਦਰਦ ਬਲਾਇ ਤੇ ਜਾਏ ਤੰਗੀ, ਕਦਮ ਜਿਨ੍ਹਾਂ ਦੇ ਵਿਹੜਿਆਂ ਪਾਵਨੇ ਹਾਂ। ਸਣੇ ਤਸਮੀਆਂ ਪੜ੍ਹਾਂ ਇਖ਼ਲਾਸ ਸੂਰਾ, ਜੜ੍ਹਾਂ ਵੈਰ ਦੀਆਂ ਪੁੱਟ ਵਗਾਹਵਨੇ ਹਾਂ। ਦਿਲੋਂ ਹੁੱਬ ਦੇ ਚਾਇ ਤਾਵੀਜ਼ ਲਿਖੀਏ, ਅਸੀਂ ਰੁਠੜੇ ਯਾਰ ਮਿਲਾਵਨੇ ਹਾਂ। ਜਿਹੜਾ ਮਾਰਨਾ ਹੋਵੇ ਤਾਂ ਕੀਲ ਕਰਕੇ, ਐਤਵਾਰ ਮਸਾਣ ਜਗਾਵਨੇ ਹਾਂ। ਜਿਹੜੀ ਗੱਭਰੂ ਤੋਂ ਰੰਨ ਰਹੇ ਵਿਟਰ, ਲੌਂਗ ਮੰਦਰੇ ਚਾ ਖਵਾਵਨੇ ਹਾਂ। ਜਿਹੜੇ ਯਾਰ ਨੂੰ ਯਾਰਨੀ ਮਿਲੇ ਨਾਹੀਂ, ਫੁਲ ਮੰਦਰ ਕੇ ਚਾਇ ਸੁੰਘਾਵਨੇ ਹਾਂ। ਉਹਨਾਂ ਵਹੁਟੀਆਂ ਦੇ ਦੁਖ ਦੂਰ ਦਰਦ ਜਾਂਦੇ, ਪੜ੍ਹ ਹਿੱਕ ਤੇ ਹੱਥ ਫਿਰਾਵਨੇ ਹਾਂ। ਕੀਲ ਡਇਣਾਂ ਕੱਚੀਆਂ ਪੱਕੀਆਂ ਨੂੰ, ਦੰਦ ਭੰਨ ਕੇ ਲਿਟਾਂ ਮੁਨਾਵਨੇ ਹਾਂ। ਜਾਂ ਸਿਹਰ ਜਾਦੂ ਚੜ੍ਹੇ ਭੂਤ ਕੁੱਦੇ, ਗੰਡਾ ਕੀਲ ਦਵਾਲੇ ਦਾ ਪਾਵਨੇ ਹਾਂ। ਕਿਸੇ ਨਾਲ ਜੇ ਵੈਰ ਵਰੋਧ ਹੋਵੇ, ਉਹਨੂੰ ਭੂਤ ਮਸਾਣ ਚਿਮੜਾਵਨੇ ਹਾਂ। ਬੁਰਾ ਬੋਲਦੀ ਜਿਹੜੀ ਜੋਗੀਆਂ ਨੂੰ, ਸਿਰ ਮੁੰਨ ਕੇ ਗਧੇ ਚੜ੍ਹਾਵਨੇ ਹਾਂ। ਜੈਂਦੇ ਨਾਲ ਮੁਦੱਪੜਾ ਠੀਕ ਹੋਵੇ, ਉਹਨੂੰ ਬੀਰ ਬੈਤਾਲ ਪਹੁੰਚਾਵਨੇ ਹਾਂ। ਅਸੀਂ ਖੇੜਿਆਂ ਦੇ ਘਰੋਂ ਇੱਕ ਬੂਟਾ, ਹੁਕਮ ਰੱਬ ਦੇ ਨਾਲ ਪੁਟਾਵਨੇ ਹਾਂ। ਵਾਰਿਸ ਸ਼ਾਹ ਜੇ ਹੋਰ ਨਾ ਦਾਉ ਲੱਗੇ, ਸਿਰ ਪ੍ਰੇਮ ਦੀਆਂ ਜੜੀਆਂ ਪਾਵਨੇ ਹਾਂ। (ਸੂਰਾ ਯਾਸੀਨ=ਜਿਹੜੀ ਆਮ ਕਰਕੇ ਮੁਸ਼ਕਿਲ ਵੇਲੇ ਪੜ੍ਹੀ ਦਾ ਹੈ ਅਤੇ ਹਰ ਕੰਮ ਵਿੱਚ ਸੌਖ ਪੈਦਾ ਕਰਦਾ ਹੈ, ਸਾਏ=ਪਰਛਾਵੇਂ, ਹੁੱਬ=ਪਿਆਰ, ਤਸਮੀਆ= ਬਿਸਮਿੱਲਾ ਉਲ ਰਹਿਮਾਨ ਉਲ ਰਹੀਮ, ਵਿਟਰ=ਨਾਰਾਜ਼, ਗੰਡਾ=ਧਾਗਾ, ਮੁਦੱਪੜਾ=ਦੁਸ਼ਮਣੀ)

377. ਸਹਿਤੀ

ਮਹਿਬੂਬ ਅੱਲਾਹ ਦੇ ਲਾਡਲੇ ਹੋ, ਏਸ ਵਹੁਟੜੀ ਨੂੰ ਕੋਈ ਸੂਲ ਹੈ ਜੀ। ਕੋਈ ਗੁਝੜਾ ਰੋਗ ਹੈ ਏਸ ਧਾਣਾ, ਪਈ ਨਿੱਤ ਇਹ ਰਹੇ ਰੰਜੂਲ ਹੈ ਜੀ। ਹੱਥੋਂ ਲੁੜ੍ਹੀ ਵੰਿਹਦੀ ਲਾਹੂ ਲੱਥੜੀ ਵੀ, ਦੇਹੀ ਹੋ ਜਾਂਦੀ ਮਖ਼ਤੂਲ ਹੈ ਜੀ। ਮੂੰਹੋਂ ਮਿਠੜੀ ਲਾਡ ਦੇ ਨਾਲ ਬੋਲੇ, ਹਰ ਕਿਸੇ ਦੇ ਨਾਲ ਮਾਕੂਲ ਹੈ ਜੀ। ਮੂਧਾ ਪਿਆ ਹੈ ਝੁਗੜਾ ਨਿਤ ਸਾਡਾ, ਇਹ ਵਹੁਟੜੀ ਘਰੇ ਦਾ ਮੂਲ ਹੈ ਜੀ। ਮੇਰੇ ਵੀਰ ਦੇ ਨਾਲ ਹੈ ਵੈਰ ਇਸ ਦਾ, ਜੇਹਾ ਕਾਫ਼ਰਾਂ ਨਾਲ ਰਸੂਲ ਹੈ ਜੀ। ਅੱਗੇ ਏਸ ਦੇ ਸਾਹੁਰੇ ਹੱਥ ਬੱਧੇ, ਜੋ ਕੁੱਝ ਆਖਦੀ ਸਭ ਕਬੂਲ ਹੈ ਜੀ। ਵਾਰਿਸ ਪਲੰਘ ਤੇ ਕਦੇ ਨਾ ਉਠ ਬੈਠੇ, ਸਾਡੇ ਢਿੱਡ ਵਿੱਚ ਫਿਰੇ ਡੰਡੂਲ ਹੈ ਜੀ। (ਧਾਉਣਾ=ਹਮਲਾ ਕਰਨਾ, ਲਾਹੂਲੱਥੜੀ=ਭੁਸ ਜਾਂ ਸਾਹ ਦਾ ਰੋਗੀ, ਮਖ਼ਤੂਲ=ਪਾਗ਼ਲ, ਡੰਡੂਲ=ਪੇਟ ਦਰਦ)

378. ਰਾਂਝਾ

ਨਬਜ਼ ਵੇਖ ਕੇ ਏਸ ਦੀ ਕਰਾਂ ਕਾਰੀ, ਦੇਇ ਵੇਦਨਾ ਸਭ ਬਤਾਇ ਮੈਨੂੰ। ਨਾੜ ਵੇਖ ਕੇ ਕਰਾਂ ਇਲਾਜ ਇਸਦਾ, ਜੇ ਇਹ ਉਠ ਕੇ ਸੱਤ ਵਿਖਾਏ ਮੈਨੂੰ। ਰੋਗ ਕਾਸ ਤੋਂ ਚੱਲਿਆ ਕਰੇ ਜ਼ਾਹਿਰ, ਮਜ਼ਾ ਮੂੰਹ ਦਾ ਦੇਇ ਬਤਾਏ ਮੈਨੂੰ। ਵਾਰਿਸ ਸ਼ਾਹ ਮੀਆਂ ਛੱਤੀ ਰੋਗ ਕੱਟਾਂ, ਬਿਲਕ ਮੌਤ ਥੀਂ ਲਵਾਂ ਬਚਾਇ ਇਹਨੂੰ। (ਕਾਰ=ਇਲਾਜ, ਵੇਦਨਾ=ਦੁਖ,ਰੋਗ, ਨਾੜ=ਨਬਜ਼, ਸਤ=ਹਿੰਮਤ,ਤਾਕਤ, ਬਿਲਕ=ਪਕੜ)

379. ਤਥਾ

ਖੰਘ ਖੁਰਕ ਤੇ ਸਾਹ ਤੇ ਅੱਖ ਆਈ, ਸੂਲ ਦੰਦ ਦੀ ਪੀੜ ਗਵਾਵਨੇ ਹਾਂ। ਕੌਲੰਜ ਤਪਦਿਕ ਤੇ ਮੁਹਰਕਾ ਤੱਪ ਹੋਵੇ, ਉਹਨੂੰ ਕਾੜ੍ਹਿਆਂ ਨਾਲ ਗਵਾਵਨੇ ਹਾਂ। ਸਰਸਾਮ ਸੌਦਾਇ ਜ਼ੁਕਾਮ ਨਜ਼ਲਾ, ਇਹ ਸ਼ਰਬਤਾਂ ਨਾਲ ਪਟਾਵਨੇ ਹਾਂ। ਸੰਨ ਨਫ਼ਖ਼ ਇਸਤਸਕਾ ਹੋਵੇ, ਲਹਿਮ ਤਬਲ ਤੇ ਵਾਉ ਵੰਜਾਵਨੇ ਹਾਂ। ਲੂਤ ਫੋੜਿਆਂ ਅਤੇ ਗੰਭੀਰ ਚੰਬਲ, ਤੇਲ ਲਾਇਕੇ ਜੜ੍ਹਾਂ ਪਟਾਵਨੇ ਹਾਂ। ਹੋਵੇ ਪੁੜਪੁੜੀ ਪੀੜ ਕਿ ਅੱਧ ਸੀਸੀ, ਖੱਟਾ ਦਹੀਂ ਉੱਤੇ ਉਹਦੇ ਪਾਵਨੇ ਹਾਂ। ਅਧਰੰਗ ਮੁਖ-ਭੈਂਗੀਆ ਹੋਵੇ ਜਿਸ ਨੂੰ, ਸ਼ੀਸ਼ਾ ਹਲਬ ਦਾ ਕਢ ਵਿਖਾਵਨੇ ਹਾਂ। ਮਿਰਗੀ ਹੋਵਸ ਤਾਂ ਲਾਹ ਕੇ ਪੈਰ ਛਿੱਤਰ, ਉਹ ਨੱਕ ਤੇ ਚਾਇ ਸੁੰਘਾਵਨੇ ਹਾਂ। ਝੋਲਾ ਮਾਰ ਜਾਏ ਟੰਗ ਸੁੰਨ ਹੋਵੇ, ਤਦੋਂ ਪੈਨ ਦਾ ਤੇਲ ਮਲਾਵਨੇ ਹਾਂ। ਰੰਨ ਮਰਦ ਨੂੰ ਕਾਮ ਜੇ ਕਰੇ ਗ਼ਲਬਾ, ਧਨੀਆਂ ਭਿਉਂ ਕੇ ਚਾ ਪਿਲਾਵਨੇ ਹਾਂ। ਨਾਮਰਦ ਨੂੰ ਚੀਚ ਵਹੁਟੀਆਂ ਦਾ, ਤੇਲ ਕੱਢ ਕੇ ਨਿੱਤ ਮਲਾਵਨੇ ਹਾਂ। ਜੇ ਕਿਸੇ ਨੂੰ ਬਾਦ ਫ਼ਰੰਗ ਹੋਵੇ, ਰਸਕਪੂਰ ਤੇ ਲੌਂਗ ਦਿਵਾਵਨੇ ਹਾਂ। ਪਰਮੇਉ ਸੁਜ਼ਾਕ ਤੇ ਛਾਹ ਮੂਤੀ, ਉਹਨੂੰ ਇੰਦਰੀ ਝਾੜ ਦਿਵਾਵਨੇ ਹਾਂ। ਅਤੀਸਾਰ ਨਬਾਹੀਆਂ ਸੂਲ ਜਿਹੜੇ, ਈਸਬਗੋਲ ਹੀ ਘੋਲ ਪਿਵਾਵਨੇ ਹਾਂ। ਵਾਰਿਸ ਸ਼ਾਹ ਜਿਹੜੀ ਉਠ ਬਹੇ ਨਾਹੀ,ਂ ਉਹਨੂੰ ਹੱਥ ਈ ਮੂਲ ਨਾ ਲਾਵਨੇ ਹਾਂ। (ਖੁਰਕ=ਖਾਜ, ਅੱਖ ਆਈ=ਅੱਖ ਦੁਖਣਾ, ਕੌਲੰਜ=ਪੇਟ ਦਾ ਸਖ਼ਤ ਦਰਦ, ਤਪ ਮੁਹਰਕਾ=ਟਾਈਫਾਇਡ, ਨਫ਼ਖ਼=ਅਫਾਰਾ, ਇਸਤਸਕਾ,ਲਹਿਮ ਤਬਲ= ਪੇਟ ਦਾ ਰੋਗ, ਇਹ ਦੋ ਭਾਂਤ ਦਾ ਹੁੰਦੇ 1. ਲਹਿਮ ਦੇ ਰੋਗ ਵਿੱਚ ਪੇਟ ਵਧ ਜਾਂਦਾ ਹੈ।2. ਤਬਲ ਦੇ ਰੋਗ ਵਿੱਚ ਪੇਟ ਤਬਲੇ ਵਾਂਗੂੰ ਕਸ ਹੋ ਜਾਂਦਾ ਹੈ, ਲੂਤ, ਫੋੜੇ, ਗੰਭੀਰ, ਚੰਬਲ=ਚਮੜੀ ਦੇ ਰੋਗ, ਪੁੜਪੁੜੀ ਪੀੜ=ਪੁੜਪੁੜੀ ਦਾ ਦਰਦ, ਅਧ ਸੀਸੀ=ਅੱਧਾ ਸਿਰ ਦੁਖਣਾ ਭੈਂਗੀਆ=ਮੂੰਹ ਵਿੰਗਾ ਹੋ ਜਾਣਾ,ਲਕਵਾ, ਸ਼ੀਸ਼ਾ ਹਲਬ=ਸ਼ਾਮ ਦੇਸ ਦੇ ਹਲਥ ਸ਼ਹਿਰ ਦਾ ਸ਼ੀਸ਼ਾ, ਜਿਹੜਾ ਜਾਦੂ ਲਈ ਮਸ਼ਹੂਰ ਹੈ, ਪੈਨ=ਇੱਕ ਪੰਛੀ ਜਿਹਦਾ ਤੇਲ ਮਾਲਿਸ਼ ਲਈ ਵਰਤਿਆ ਜਾਂਦਾ ਹੈ, ਚੀਚ ਵਹੁਟੀ=ਚੀਜ ਵਹੁਟੀ,ਵੀਰ ਵਹੁਟੀ, ਬਾਦ ਫ਼ਰਮਗ=ਆਤਸ਼ਕ, ਪਰਮੇਉ=ਪੇਸ਼ਾਬ ਜਲ ਕੇ ਆਉਣਾ, ਇੰਦਰੀ ਝਾੜ=ਮਸਾਨੇ ਦੀ ਸਫ਼ਾਈ ਲਈ ਪੇਸ਼ਾਬ ਲਿਆਉਣ ਵਾਲੀ ਦਵਾਈ, ਅਤੀਸਾਰ=ਬਾਰ ਬਾਰ ਟੱਟੀ ਜਾਣਾ, ਨਬਾਹੀਆਂ=ਦਰਦ ਨਾਲ ਟੱਟੀਆਂ ਲਗਣਾ)

380. ਸਹਿਤੀ

ਲਖ ਵੈਦਗੀ ਵੈਦ ਲਗਾ ਥੱਕੇ, ਧੁਰੋਂ ਟੁਟੜੀ ਕਿਸੇ ਨਾ ਜੋੜਨੀ ਵੇ। ਜਿੱਥੇ ਕਲਮ ਤਕਦੀਰ ਦੀ ਵਗ ਚੁੱਕੀ, ਕਿਸੇ ਵੈਦਗੀ ਨਾਲ ਨਾ ਮੋੜਨੀ ਵੇ। ਜਿਸ ਕੰਮ ਵਿੱਚ ਵਹੁਟੜੀ ਹੋਵੇ ਚੰਗੀ, ਸੋਈ ਖ਼ੈਰ ਹੈ ਅਸਾਂ ਨਾ ਲੋੜਨੀ ਵੇ। ਵਾਰਿਸ ਸ਼ਾਹ ਆਜ਼ਾਰ ਹੋਰ ਸਭ ਮੁੜਦੇ, ਇਹ ਕਤੱਈ ਨਾ ਕਿਸੇ ਨੇ ਮੋੜਨੀ ਵੇ। 381. ਰਾਂਝਾ